ਨਿਤਿਸ਼ ‘ਤੇ ਬੀਜੇਪੀ ਦੀ ਭਰੋਸੇਯੋਗਤਾ ’ਤੇ ਸਵਾਲੀਆ ਚਿੰਨ੍ਹ

ਭਾਰਤ ਦੇ ਸਿਆਸਤਦਾਨ ਮੁਖੌਟੇ ਪਾ ਕੇ ਆਪੋ ਆਪਣੇ ਚਿਹਰਿਆਂ ਨੂੰ ਲੁਕਾਈ ਬੈਠੇ ਹਨ। ਉਨ੍ਹਾਂ ਦੇ ਅੰਦਰ ਵੋਟਰ ਝਾਕ ਹੀ ਨਹੀਂ ਸਕਦਾ ਕਿਉਂਕਿ ਬਹੁਤੇ ਵੋਟਰ ਨੇਤਾਵਾਂ ਦੀਆਂ ਲੂੰਬੜਚਾਲਾਂ ਵਿਚ ਫਸ ਜਾਂਦੇ ਹਨ। ਵੋਟਰ ਉਨ੍ਹਾਂ ਨੂੰ ਉਨ੍ਹਾਂ ਦੀਆਂ ਪਾਰਟੀਆਂ ਦੇ ਨਾਂ ਉਪਰ  ਵੋਟਾਂ ਪਾ ਦਿੰਦੇ ਹਨ ਪ੍ਰੰਤੂ ਉਹ ਗਿਰਗਟ ਦੀ ਤਰ੍ਹਾਂ ਰੰਗ ਬਦਲ ਲੈਂਦੇ ਹਨ। ਰਾਸ਼ਟਰੀ ਪਾਰਟੀਆਂ ਦੇ ਵੱਡੇ ਲੀਡਰਾਂ ਦਾ ਵੀ ਇਹੋ ਹਾਲ ਹੈ। ਮੁੱਖ ਮੰਤਰੀ ਦੀ ਕੁਰਸੀ ਲਈ ਤਾਂ ਉਹ ਤਰਲੋ ਮੱਛੀ ਹੋ ਜਾਂਦੇ ਹਨ। ਸਿਆਸੀ ਤਾਕਤ ਮਿਲਣੀ ਚਾਹੀਦੀ ਹੈ, ਪਾਰਟੀ ਡਿਠੇ ਢੱਠੇ ਖੂਹ ਵਿਚ। ਵੋਟਰ ਵੇਖਦੇ ਹੀ ਰਹਿ ਜਾਂਦੇ ਹਨ ਜਦੋਂ ਉਹ ਪਾਲਾ ਬਦਲਣ ਵਿਚ ਭੋਰਾ ਭਰ ਵੀ ਗੁਰੇਜ ਨਹੀਂ ਕਰਦੇ। ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਵੱਲੋਂ ਅਸਤੀਫ਼ਾ ਦੇ ਕੇ ਦੁਬਾਰਾ ਭਾਰਤੀ ਜਨਤਾ ਪਾਰਟੀ ਨਾਲ ਮਿਲੀ ਜੁਲੀ ਸਰਕਾਰ ਬਣਾਕੇ ਆਪਣੇ ਸਿਆਸੀ ਕੈਰੀਅਰ ਉਪਰ ਸਵਾਲੀਆ ਚਿੰਨ੍ਹ ਲਗਵਾ ਲਿਆ ਹੈ। ਨਿਤਿਸ਼ ਕੁਮਾਰ ਨੇ ਇਸ ਕਾਰਵਾਈ ਨਾਲ ਕੀ ਖੱਟਿਆ ਇਹ ਸਮਝ ਤੋਂ ਬਾਹਰ ਦੀ ਗੱਲ ਹੈ, ਹਾਂ ਉਸਨੇ ਬਦਨਾਮੀ ਜ਼ਰੂਰ ਖੱਟ ਲਈ ਕਿਉਂਕਿ ਮੁੱਖ ਮੰਤਰੀ ਤਾਂ ਉਹ ਪਹਿਲਾਂ ਵੀ ਸੀ। ਖ਼ੁਦਗਰਜ ਸਿਆਸਤਦਾਨ ਬਣਨ ਵਿਚ ਵੀ ਮੋਹਰੀ ਬਣ ਗਿਆ। ਜੇਕਰ ਉਹ ਭਰਿਸ਼ਟਾਚਾਰ ਦੇ ਵਿਰੁਧ ਸੀ ਤਾਂ ਮੁੱਖ ਮੰਤਰੀ ਦੀ ਕੁਰਸੀ ਨੂੰ ਲੱਤ ਮਾਰਕੇ ਵਿਧਾਨ ਸਭਾ ਭੰਗ ਕਰਕੇ ਦੁਬਾਰਾ ਚੋਣਾਂ ਕਰਵਾ ਲੈਂਦਾ ਤਾਂ ਫਿਰ ਉਹ ਦੇਸ਼ ਦਾ ਸਰਵੋਤਮ ਸਿਆਸਤਦਾਨ ਬਣ ਜਾਂਦਾ। ਪ੍ਰੰਤੂ ਅਫ਼ਸੋਸ ਕਿ ਨਿਤਿਸ਼ ਕੁਮਾਰ ਸਿਆਸੀ ਭਾਈਵਾਲ ਇਉਂ ਬਦਲ ਦਿੰਦਾ ਹੈ ਜਿਵੇਂ ਫਟੀ ਹੋਈ ਕਮੀਜ਼ ਬਦਲ ਦਿੱਤੀ ਜਾਂਦੀ ਹੈ। ਇਹ ਭਾਰਤੀ ਸਿਆਸਤ  ਦੀ ਤ੍ਰਾਸਦੀ ਦਾ ਜਿਉਂਦਾ ਜਾਗਦਾ ਨਮੂਨਾ ਹੈ। ਚੌਧਰੀ ਭਜਨ ਲਾਲ ਤੋਂ ਬਾਅਦ ਨਿਤਿਸ਼ ਕੁਮਾਰ ਭਾਰਤ ਦਾ ਦੂਜਾ ਬਿਹਤਰੀਨ ਮੌਕਾ ਪ੍ਰਸਤ  ਸਿਆਸਤਦਾਨ ਸਾਬਤ ਹੋਇਆ ਹੈ, ਜਿਸਨੇ ਲੋਕਤੰਤਰਿਕ ਪਰੰਪਰਾਵਾਂ ਦਾ ਬੇਕਿਰਕੀ ਨਾਲ ਘਾਣ ਕੀਤਾ ਹੈ।

ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਵਿਰੁਧ ਲੜਦਿਆਂ ਉਨ੍ਹਾਂ ਨੂੰ ਫਿਰਕੂ ਪਾਰਟੀ ਕਹਿਣ ਵਾਲਾ ਨਿਤਿਸ਼ ਕੁਮਾਰ ਹੁਣ ਕਿਹੜੇ ਮੂੰਹ ਨਾਲ ਭਾਈਵਾਲੀ ਕਰ ਰਿਹਾ ਹੈ। ਵਿਧਾਨ ਸਭਾ ਚੋਣਾਂ ਮੌਕੇ ਤਾਂ ਉਹ ਮੋਦੀ ਮੁਕਤ ਭਾਰਤ ਦੀ ਰੱਟ ਲਾਉਂਦਾ ਰਿਹਾ। ਹੁਣ ਕਾਂਗਰਸ ਮੁਕਤ ਕਾਫ਼ਲੇ ਵਿਚ ਸ਼ਾਮਲ ਹੋ ਗਿਆ। ਬਿਹਾਰ ਦੇ ਲੋਕਾਂ ਨਾਲ ਧੋਖਾ ਹੈ। ਦਗ਼ਾਬਾਜ਼ੀ  ਅਤੇ ਬੇਇਤਬਾਰੀ ਦੀ ਇਸ ਤੋਂ ਵਧੀਆ ਉਦਾਹਰਣ ਹੋਰ ਕੋਈ ਹੋ ਨਹੀਂ ਸਕਦੀ।  ਭਾਰਤੀ ਜਨਤਾ ਪਾਰਟੀ ਨੇ ਦੂਜੀ ਵਾਰ ਭਾਰਤ ਦੇ ਲੋਕਾਂ ਨਾਲ ਉਨ੍ਹਾਂ ਦੇ ਲੋਕ ਫਤਵੇ ਦਾ ਨਿਰਾਦਰ ਕੀਤਾ ਹੈ। ਸਭ ਤੋਂ ਪਹਿਲਾਂ ਜੰਮੂ ਕਸ਼ਮੀਰ ਵਿਚ ਪੀ.ਡੀ.ਪੀ.ਨੂੰ ਦੇਸ਼ ਧਰੋਹੀ ਕਹਿਕੇ ਉਨ੍ਹਾਂ ਵਿਰੁਧ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ। ਬਾਅਦ ਵਿਚ ਉਨ੍ਹਾਂ ਨਾਲ ਗਲਵਕੜੀ ਪਾ ਕੇ ਸਰਕਾਰ ਬਣਾ ਲਈ, ਜਿਸ ਵਜਾਹ ਕਰਕੇ ਜੰਮੂ ਕਸ਼ਮੀਰ ਵਿਚ ਅਫ਼ਰਾ ਤਫ਼ਰੀ ਦੇ ਹਾਲਾਤ ਹਨ ਕਿਉਂਕਿ ਅਸੂਲਾਂ ਦੀ ਸਿਆਸਤ ਨਹੀਂ ਮੌਕਾ ਪ੍ਰਸਤੀ ਦੀ ਸਿਆਸਤ ਹੈ। ਦੋਹਾਂ ਪਾਰਟੀਆਂ ਵਿਚ ਖਿਚੋਤਾਣ ਕਰਕੇ ਜੰਮੂੰ ਕਸ਼ਮੀਰ ਵਿਚ ਅਮਨ ਅਤੇ ਸ਼ਾਂਤੀ ਸਥਾਪਤ ਨਹੀਂ ਹੋ ਰਹੀ। ਬਿਹਾਰ ਦੇ ਹਾਲਾਤ ਵੀ ਇਹੋ ਜਹੇ ਹੋ ਜਾਣਗੇ। ਲੋਕ ਅਜਿਹੇ ਸਿਆਸਤਦਾਨਾ ਤੋਂ ਵਿਸ਼ਵਾਸ ਕਰਨੋ ਹਟ ਜਾਣਗੇ। ਲੋਕ ਰਾਇ ਦੀ ਉਲੰਘਣਾ ਹੈ। ਨਿਤਿਸ਼ ਕੁਮਾਰ ਦੇ ਅਸਤੀਫ਼ੇ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵੀਟ ਕਰਕੇ ਸਵਾਗਤ ਕਰਨਾ  ਪ੍ਰਧਾਨ ਮੰਤਰੀ ਦੇ ਅਹੁਦੇ ਦੀ ਮਾਣ ਮਰਿਆਦਾ ਨੂੰ ਸ਼ੋਭਾ ਨਹੀਂ ਦਿੰਦਾ। ਭਾਰਤੀ ਜਨਤਾ ਪਾਰਟੀ ਦਾ ਮੁੱਖੀ ਅਮਿਤ ਸ਼ਾਹ ਅਜਿਹੀ ਗੱਲ ਕਰਦਾ ਤਾਂ ਕੋਈ ਇਤਰਜ਼ ਨਹੀਂ ਸੀ। ਪ੍ਰਧਾਨ ਮੰਤਰੀ ਨੇ ਅਹੁਦੇ ਦੀ ਅਹਿਮੀਅਤ ਘਟਾਈ ਹੈ। ਮੋਦੀ ਭਾਰਤ ਦਾ ਪ੍ਰਧਾਨ ਮੰਤਰੀ ਹੈ ਭਾਰਤੀ ਜਨਤਾ ਪਾਰਟੀ ਦਾ ਨਹੀਂ। ਨਿਤਿਸ਼ ਕੁਮਾਰ ਅਸਤੀਫ਼ਾ ਦੇਣ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਮਿਲਕੇ ਉਸ ਕੋਲੋਂ 2019 ਦੀਆਂ ਲੋਕ ਸਭਾ ਚੋਣਾ ਸਮੇਂ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਵਿਸ਼ਵਾਸ ਮੰਗਦਾ ਸੀ, ਕਿਹਾ ਜਾਂਦਾ ਹੈ ਕਿ ਰਾਹੁਲ ਗਾਂਧੀ ਨੇ ਵਿਸ਼ਵਾਸ ਨਹੀਂ ਦਿੱਤਾ ਜਿਸ ਕਰਕੇ ਉਸਨੇ ਬੀ.ਜੇ.ਪੀ.ਨਾਲ ਕੀਤੀ ਗੰਢ ਤਰੁਪ ਨੂੰ ਅਮਲੀ ਰੂਪ ਦੇ ਦਿੱਤਾ। ਇਸ ਤੋਂ ਪਹਿਲਾਂ ਉਸਨੇ ਲਾਲੂ ਪ੍ਰਸ਼ਾਦਿ ਯਾਦਵ ਦੇ ਰਾਸ਼ਟਰੀਆ ਜਨਤਾ ਦਲ ਨਾਲ ਮਿਲੀ ਜੁਲੀ ਜੁਲੀ ਸਰਕਾਰ ਬਣਾਈ ਹੋਈ ਸੀ। ਨਿਤਿਸ਼ ਕੁਮਾਰ ਦਾ ਅਕਸ ਹੁਣ ਤੱਕ ਇਕ ਧਰਮ ਨਿਰਪੱਖ ਸਿਆਸਤਦਾਨ ਦੇ ਤੌਰ ਤੇ ਸਥਾਪਤ ਹੋ ਚੁੱਕਿਆ ਸੀ ਭਾਵੇਂ ਉਹ ਇਸ ਤੋਂ ਪਹਿਲਾਂ ਵੀ ਦੋ ਵਾਰ ਭਾਰਤੀ ਜਨਤਾ ਪਾਰਟੀ ਦੇ ਸਹਿਯੋਗ ਨਾਲ ਬਿਹਾਰ ਦਾ ਮੁੱਖ ਮੰਤਰੀ ਰਿਹਾ ਹੈ। ਇਹ ਵੀ ਹੈਰਾਨੀ ਦੀ ਗੱਲ ਹੈ ਕਿ ਭਾਵੇਂ ਉਹ 6ਵੀਂ ਵਾਰ ਮੁੱਖ ਮੰਤਰੀ ਬਣਿਆਂ ਹੈ ਪ੍ਰੰਤੂ ਕਦੀਂ ਵੀ ਉਸਦੀ ਇਕੱਲੀ ਪਾਰਟੀ ਦੀ ਸਰਕਾਰ ਨਹੀਂ ਰਹੀ। ਉਹ ਹਮੇਸ਼ਾ ਮਿਲੀ ਜੁਲੀ ਸਰਕਾਰ ਦਾ ਹੀ ਮੁੱਖ ਮੰਤਰੀ ਰਿਹਾ ਹੈ ਪ੍ਰੰਤੂ ਉਸਦਾ ਕਿਰਦਾਰ ਅਤੇ ਅਕਸ ਇਕ ਸੁਲਝੇ ਹੋਏ ਸਫਲ ਸਿਆਸਤਦਾਨ ਦਾ ਰਿਹਾ ਹੈ। ਸਿਆਸਤ ਤਿਕੜਮਬਾਜ਼ੀ ਦੀ ਖੇਡ ਹੁੰਦੀ ਹੈ। ਤਿਕੜਮਬਾਜ਼ੀ ਵਿਚ ਨਿਤਿਸ਼ ਕੁਮਾਰ ਹਮੇਸ਼ਾ ਸਫਲ ਰਹਿੰਦਾ ਰਿਹਾ ਹੈ। ਇਹ ਤਿਕੜਮਬਾਜ਼ੀ ਉਸਨੇ ਜੈਪ੍ਰਕਾਸ਼ ਨਰਾਇਣ ਦੀ ਸ਼ੋਸਲਿਸਟ ਪਾਰਟੀ ਵਿਚ ਰਹਿੰਦਿਆਂ ਸਤਿਆ ਨਰਾਇਣ ਸਿਨਹਾ ਤੋਂ ਸਿਖੀ ਸੀ। ਉਹ ਅਤੇ ਰਾਮ ਵਿਲਾਸ ਪਾਸਵਾਨ ਹਰ ਹਾਲਤ ਵਿਚ ਹਰ ਸਰਕਾਰ ਵਿਚ ਸਿਆਸੀ ਤਾਕਤ ਹਾਸਲ ਕਰਦੇ ਰਹਿੰਦੇ ਹਨ ਭਾਵੇਂ ਸਰਕਾਰ ਯੂ.ਪੀ.ਏ ਜਾਂ ਐਨ.ਡੀ.ਏ.ਪਾਰਟੀ ਦੀ ਹੋਵੇ।  ਰਾਮ ਵਿਲਾਸ ਪਾਸਵਾਨ ਦੀ ਤਾਂ ਗੁਜਰਾਤ ਦੰਗਿਆਂ ਤੋਂ ਬਾਅਦ ਜਮੀਰ ਜਾਗ ਪਈ ਸੀ ਅਤੇ ਉਹ ਭਾਰਤੀ ਜਨਤਾ ਪਾਰਟੀ ਦਾ ਸਾਥ ਛੱਡ ਗਿਆ ਸੀ ਪ੍ਰੰਤੂ ਨਿਤਿਸ਼ ਕੁਮਾਰ ਤਾਂ ਉਦੋਂ ਵੀ ਕੇਂਦਰੀ ਮੰਤਰੀ ਰਿਹਾ। ਉਸਦੀ ਜਮੀਰ ਨੇ ਤਾਂ ਉਦੋਂ ਵੀ ਉਸਨੂੰ ਹਲੂਣਾ ਨਹੀਂ ਦਿੱਤਾ। ਇਸੇ ਕਰਕੇ ਉਨ੍ਹਾਂ ਨੂੰ ਸਫ਼ਲ ਤਿਕੜਮਬਾਜ਼ ਕਿਹਾ ਜਾ ਸਕਦਾ ਹੈ। ਉਹ ਮੌਕਾਪ੍ਰਸਤੀ ਦੀ ਸਿਆਸਤ ਕਰਦੇ ਹਨ।

1994 ਵਿਚ ਨਿਤਿਸ਼ ਕੁਮਾਰ ਨੇ ਲਾਲੂ ਪ੍ਰਸ਼ਾਦ ਤੋਂ ਵੱਖਰਾ ਹੋ ਕੇ ਸਮਤਾ ਪਾਰਟੀ ਬਣਾਈ ਸੀ। ਪਾਰਟੀਆਂ ਬਦਲਣ ਅਤੇ ਬਣਾਉਣ ਵਿਚ ਵੀ ਹੁਣ ਤੱਕ ਉਹ ਮੋਹਰੀ ਦੀ ਭੂਮਿਕਾ ਨਿਭਾਉਂਦਾ ਰਿਹਾ ਹੈ। ਆਮ ਤੌਰ ਤੇ ਸਿਆਸੀ ਪਾਰਟੀਆਂ ਆਪੋ ਆਪਣੇ ਅਸੂਲ ਨਿਰਧਾਰਤ ਕਰ  ਲੈਂਦੀਆਂ ਹਨ, ਉਨ੍ਹਾਂ ਅਸੂਲਾਂ ਤੇ ਅਧਾਰਤ ਸਿਆਸਤ ਕਰਦੀਆਂ ਹਨ ਪ੍ਰੰਤੂ ਨਿਤਿਸ਼ ਕੁਮਾਰ ਦੀ ਹੁਣ ਤੱਕ ਦੀ ਸਿਆਸਤ ਮੌਕਾਪ੍ਰਸਤੀ ਦੀ ਹੈ। ਉਸਨੇ ਹਮੇਸ਼ਾ ਤਾਕਤ ਵਿਚ ਰਹਿਣਾ ਹੈ ਭਾਵੇਂ ਪਾਰਟੀ ਕੋਈ ਵੀ ਹੋਵੇ। ਸਿਆਸੀ ਤਾਕਤ ਪ੍ਰਾਪਤ ਕਰਨਾ ਉਸਦਾ ਮੁੱਖ ਨਿਸ਼ਾਨਾ ਹੈ।1996 ਵਿਚ ਉਹ ਭਾਰਤੀ ਜਨਤਾ ਪਾਰਟੀ ਵਲ ਚਲਿਆ ਗਿਆ ਸੀ। 2002 ਵਿਚ 7 ਦਿਨ ਬਿਹਾਰ ਦਾ ਮੁੱਖ ਮੰਤਰੀ ਰਿਹਾ ਫਿਰ ਕੇਂਦਰ ਵਿਚ ਪਹਿਲਾਂ ਰੇਲਵੇ, ਫਿਰ ਸਰਫੇਸ ਟਰਾਂਸਪੋਰਟ ਅਤੇ ਅਖ਼ੀਰ ਵਿਚ ਖੇਤੀਬਾੜੀ ਵਿਭਾਗ ਦਾ ਮੰਤਰੀ ਰਿਹਾ। ਇਸ ਤੋਂ ਬਾਅਦ 2005 ਤੋਂ 2013 ਤੱਕ ਬਿਹਾਰ ਦਾ ਮੁੱਖ ਮੰਤਰੀ ਰਿਹਾ। 2013 ਵਿਚ ਭਾਰਤੀ ਜਨਤਾ ਪਾਰਟੀ ਦਾ ਸਾਥ ਛੱਡਕੇ ਯੂ.ਪੀ.ਏ ਦੀ ਹਮਾਇਤ ਤੇ ਆ ਗਿਆ।  2014 ਦੀਆਂ ਲੋਕ ਸਭਾ ਚੋਣਾਂ ਸਮੇਂ ਉਹ ਬਿਹਾਰ ਦਾ ਮੁੱਖ ਮੰਤਰੀ ਸੀ, ਉਸਦੀ ਪਾਰਟੀ ਅਤੇ ਯੂ.ਪੀ.ਏ.ਬੁਰੀ ਤਰ੍ਹਾਂ ਹਾਰ ਗਏ ਤਾਂ ਉਸਨੇ ਆਪਣਾ ਅਕਸ ਬਿਹਤਰੀਨ ਬਣਾਉਣ ਲਈ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਆਪਣਾ ਵਿਸ਼ਵਾਸ ਪਾਤਰ ਜਿਤਿਨ ਰਾਮ ਮਾਂਝੀ ਨੂੰ ਮੁੱਖ ਮੰਤਰੀ ਬਣਾ ਲਿਆ ਪ੍ਰੰਤੂ ਮੁੱਖ ਮੰਤਰੀ ਦੀ ਕੁਰਸੀ ਦਾ ਚਸਕਾ ਪਾਰਟੀ ਵਿਚ ਬਗਾਬਤ ਦੇ ਬਾਵਜੂਦ ਉਸਨੂੰ ਦੁਬਾਰਾ ਮੁੱਖ ਮੰਤਰੀ ਦੀ ਕੁਰਸੀ ਤੇ ਲੈ ਆਇਆ। ਇਸ ਵਾਰ ਦੀ ਨਿਤਿਸ਼ ਕੁਮਾਰ ਦੀ ਕਲਾਬਾਜ਼ੀ ਨੇ ਉਸਦਾ ਸਿਆਸੀ ਭਵਿਖ ਖ਼ਤਰੇ ਵਿਚ ਪਾ ਦਿੱਤਾ ਹੈ। ਨਿਤਿਸ਼ ਕੁਮਾਰ ਕਿਸੇ ਸਮੇਂ ਭਾਵੀ ਪ੍ਰਧਾਨ ਮੰਤਰੀ ਦਾ ਉਮੀਦਵਾਰ ਰਿਹਾ ਹੈ।

ਐਨ.ਡੀ.ਏ.ਸਾਂਝੇ ਗਠਜੋੜ ਵਿਚ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਨੂੰ ਪ੍ਰਾਪਤ ਕਰਨ ਵਾਲਿਆਂ ਵਿਚ ਸਭ ਤੋਂ ਮੋਹਰੀ ਸੀ। ਇਸ ਘਟਨਾਕਰਮ ਨਾਲ ਉਹ ਪ੍ਰਧਾਨ ਮੰਤਰੀ ਦੀ ਦੌੜ ਵਿਚੋਂ ਬਾਹਰ ਹੋ ਗਿਆ ਹੈ। ਇਕ ਕਿਸਮ ਨਾਲ ਮੁੱਖ ਮੰਤਰੀ ਬਣੇ ਰਹਿਣ ਲਈ ਉਸਨੇ ਆਪਣੇ ਪੈਰੀਂ ਆਪ ਕੁਹਾੜਾ ਮਾਰ ਲਿਆ ਹੈ। ਹਾਲਾਂ ਕਿ ਮੁੱਖ ਮੰਤਰੀ ਤਾਂ ਉਹ ਹੈ ਹੀ ਸੀ। ਭਰਿਸ਼ਟਾਚਾਰ ਨੂੰ ਉਸਨੇ ਮੁੱਖ ਮੁੱਦਾ ਬਣਾਕੇ ਭਾਰਤੀ ਜਨਤਾ ਪਾਰਟੀ ਨਾਲ ਮਿਲੀ ਜੁਲੀ ਸਰਕਾਰ ਬਣਾਈ ਹੈ।  ਜੇ ਭਰਿਸ਼ਟਾਚਾਰ ਦੀ ਗੱਲ ਸੀ ਤਾਂ ਮੁੱਖ ਮੰਤਰੀ ਦਾ ਅਹੁਦਾ ਤਿਆਗ ਦਿੰਦਾ ਅਤੇ ਵਿਧਾਨ ਸਭਾ ਭੰਗ ਕਰਕੇ ਚੋਣਾਂ ਕਰਵਾੳਂਦਾ ਫਿਰ ਕੌਮ ਦਾ ਹੀਰੋ ਕਹਾਉਂਦਾ। ਭਾਰਤੀ ਜਨਤਾ ਪਾਰਟੀ ਕਿਹੜੀ ਦੁੱਧ ਧੋਤੀ ਹੈ। ਜਦੋਂ 2014 ਦੀਆਂ ਲੋਕ ਸਭਾ ਚੋਣਾ ਲਈ ਐਨ.ਡੀ.ਏ.ਦੇ ਭਾਈਵਾਲ ਬਹੁਤੇ ਨਰਿੰਦਰ ਕੁਮਾਰ ਮੋਦੀ ਦੇ ਹੱਕ ਵਿਚ ਨਹੀਂ ਸਨ, ਨਿਤਿਸ਼ ਕੁਮਾਰ ਵੀ ਨਰਿੰਦਰ ਮੋਦੀ ਦੇ ਹੱਕ ਵਿਚ ਨਹੀਂ ਸੀ, ਸਗੋਂ ਉਹ ਤਾਂ ਇਕ ਕਿਸਮ ਨਾਲ ਐਨ.ਡੀ.ਏ.ਦੇ ਭਾਈਵਾਲਾਂ ਦੇ ਸਿਰ ਤੇ ਖ਼ੁਦ ਪ੍ਰਧਾਨ ਮੰਤਰੀ ਦਾ ਉਮੀਦਵਾਰ ਬਣਨ ਦੀ ਆਸ ਲਾਈ ਬੈਠਾ ਸੀ ਪ੍ਰੰਤੂ ਜਦੋਂ ਭਾਰਤੀ ਜਨਤਾ ਪਾਰਟੀ ਨੇ ਨਰਿੰਦਰ ਮੋਦੀ ਨੂੰ ਆਪਣਾ ਪ੍ਰਧਾਨ ਮੰਤਰੀ ਦਾ ਉਮੀਦਵਾਰ ਦਾ ਐਲਾਨ ਕਰਨਾ ਸੀ ਤਾਂ ਨਿਤਿਸ਼ ਕੁਮਾਰ ਨੇ ਨਰਿੰਦਰ ਮੋਦੀ ਨੂੰ ਲੀਡਰ ਮੰਨਣ ਤੋਂ ਇਨਕਾਰ ਕਰਦਿਆਂ ਭਾਰਤੀ ਜਨਤਾ ਪਾਰਟੀ ਨਾਲੋਂ ਨਾਤਾ ਤੋੜ ਲਿਆ ਸੀ। ਹੁਣ ਉਸੇ ਨਰਿੰਦਰ ਮੋਦੀ ਨਾਲ ਭਾਈਵਾਲੀ ਕਰਨ ਲਈ ਲਾਲੂ ਪ੍ਰਸ਼ਾਦ ਨਾਲੋਂ ਗਠਜੋੜ ਤੋੜ ਲਿਆ ਹੈ। ਇਸਦਾ ਕਾਰਨ ਉਹ ਲਾਲੂ ਪ੍ਰਸ਼ਾਦ ਦੇ ਪਰਿਵਾਰ ਨੂੰ ਭਰਿਸ਼ਟਾਚਾਰ ਨਾਲ ਲੁਪਤ ਦੱਸਦਾ ਹੈ। ਸਵਾਲ ਇਹ ਹੈ ਕਿ ਜਦੋਂ 2015 ਵਿਚ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਲਾਲੂ ਪ੍ਰਸ਼ਾਦ ਅਤੇ ਕਾਂਗਰਸ ਪਾਰਟੀ ਨਾਲ ਰਲਕੇ ਮਹਾਂਗਠਜੋੜ ਬਣਾਕੇ ਲੜੀਆਂ ਤਾਂ ਲਾਲੂ ਪ੍ਰਸ਼ਾਦ ਦੀ ਪਾਰਟੀ ਸਾਰੀਆਂ ਪਾਰਟੀਆਂ ਤੋਂ ਵੱਡੀ ਪਾਰਟੀ ਬਣਕੇ ਉਭਰੀ। ਨਿਤਿਸ਼ ਕੁਮਾਰ ਦੀ ਪਾਰਟੀ ਦੂਜੇ ਨੰਬਰ ਤੇ ਆਈ। ਉਹ ਮੁੱਖ ਮੰਤਰੀ ਲਾਲੂ ਪ੍ਰਸ਼ਾਦ ਦੇ ਸਹਿਯੋਗ ਨਾਲ ਬਣਿਆਂ ਸੀ ਕੀ ਉਦੋਂ ਲਾਲੂ ਪ੍ਰਸ਼ਾਦ ਇਮਾਨਦਾਰ ਸੀ? ਲਾਲੂ ਪ੍ਰਸ਼ਾਦ ਯਾਦਵ ਨੂੰ ਤਾਂ ਬਹੁਤ ਪਹਿਲਾਂ ਸਜਾ ਹੋ ਚੁੱਕੀ ਹੈ। ਹੁਣ ਰਾਤੋ ਰਾਤ ਭਰਿਸ਼ਟ ਬਣ ਗਿਆ। ਇਹ ਸਾਰੀ ਸਿਆਸੀ ਤਿਕੜਮਬਾਜ਼ੀ ਹੈ। ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਵਿਚ ਲਾਲੂ ਪ੍ਰਸ਼ਾਦ ਦੀ ਪਾਰਟੀ ਨੇ ਸਾਰੀਆਂ ਪਾਰਟੀਆਂ ਤੋਂ ਵਧੇਰੇ ਸੀਟਾਂ ਜਿਤੀਆਂ ਸਨ, ਇਥੋਂ ਤੱਕ ਕਿ ਉਹ ਮੁੱਖ ਮੰਤਰੀ ਲਈ ਦਾਅਵਾ ਕਰ ਸਕਦਾ ਸੀ ਪ੍ਰੰਤੂ ਸਾਂਝੇ ਗਠਜੋੜ ਨੂੰ ਬਚਾਉਣ ਲਈ ਉਸਨੇ ਨਿਤਿਸ਼ ਕੁਮਾਰ ਨੂੰ ਮੁੱਖ ਮੰਤਰੀ ਪ੍ਰਵਾਨ ਕਰ ਲਿਆ ਹੈ। ਨਿਤਿਸ਼ ਕੁਮਾਰ ਤਾਂ ਜਿਸ  ਰੁੱਖ ਦੀ ਟਾਹਣੀ ਉਪਰ ਬੈਠਾ ਸੀ ਉਸ ਦੀ ਟਾਹਣੀ ਆਪ ਹੀ ਕੱਟ ਦਿੱਤੀ। ਜਿਥੋਂ ਤੱਕ ਭਰਿਸ਼ਟਾਚਾਰ ਦੀ ਗੱਲ ਹੈ ਜਿਹੜਾ ਕੇਸ ਤੇਜਸਵੀ ਉਪਰ ਬਣਿਆਂ ਹੋਇਆ ਹੈ, ਉਹ ਕੇਸ ਤਾਂ ਸ਼ੁਸੀਲ ਕੁਮਾਰ ਮੋਦੀ ਉਪਰ ਵੀ ਹੈ ਜਿਸਨੂੰ ਨਿਤਿਸ਼ ਕੁਮਾਰ ਨੇ ਉਪ ਮੁੱਖ ਮੰਤਰੀ ਬਣਾਇਆ ਹੈ।

ਨਿਤਿਸ਼ ਕੁਮਾਰ ਦਾ ਉਹ ਮੁਖੌਟਾ ਉਤਰ ਗਿਆ ਜਿਸ ਨਾਲ ਉਹ ਧਰਮ ਨਿਰਪੱਖ ਬਣਿਆ ਹੋਇਆ ਸੀ। ਜਦੋਂ ਉਹ ਯੂ.ਪੀ.ਏ. ਦੇ ਗਠਜੋੜ ਵਿਚ ਆਇਆ ਸੀ ਉਦੋਂ ਉਹ ਆਪਣੇ ਆਪ ਨੂੰ ਧਰਮ ਨਿਰਪੱਖ ਧੜੇ ਵਿਚ ਸ਼ਾਮਲ ਸਮਝਦਾ ਸੀ। ਹੁਣ ਸੋਚਣ ਵਾਲੀ ਗੱਲ ਹੈ ਕਿ ਐਨ.ਡੀ.ਏ.ਧਰਮ ਨਿਰਪੱਖ ਤਾਕਤ ਬਣ ਗਈ ਹੈ। ਜਦੋਂ ਬਿਹਾਰ ਦੀਆਂ ਚੋਣਾਂ ਲੜੀਆਂ ਸਨ ਤਾਂ ਮੋਦੀ ਉਸ ਲਈ ਫਿਰਕੂ ਪਾਰਟੀ ਦਾ ਲੀਡਰ ਸੀ। ਨਿਤਿਸ਼ ਕੁਮਾਰ ਦੇ ਇਸ ਫ਼ੈਸਲੇ ਨਾਲ ਉਸਦਾ ਅਕਸ ਅਸਮਾਨ ਤੋਂ ਡਿਗਕੇ ਜ਼ਮੀਨ ਤੇ ਆ ਗਿਆ ਹੈ। ਬਾਕੀ ਇਸਦੇ ਨਤੀਜੇ 2019 ਦੀਆਂ ਲੋਕ ਸਭਾ ਦੀਆਂ ਚੋਣਾ ਦੱਸਣਗੀਆਂ। ਇਹ ਵੀ ਪਤਾ ਨਹੀਂ ਉਦੋਂ ਨਿਤਿਸ਼ ਕੁਮਾਰ ਫਿਰ ਯੂ.ਪੀ.ਏ.ਗਠਜੋੜ ਵਿਚ ਆ ਜਾਵੇ ਕਿਉਂਕਿ ਸਾਰੀਆਂ ਸਿਆਸੀ ਪਾਰਟੀਆਂ ਦਾ ਕੋਈ ਦੀਨ ਇਮਾਨ ਨਹੀਂ ਹੈ। ਗਿਰਗਿਟ ਦੀ ਤਰ੍ਹਾਂ ਰੰਗ ਬਦਲਦੀਆਂ ਹਨ। ਤਾਜ ਘਟਨਾਕਰਮ ਗੁਜਰਾਤ ਵਿਚੋਂ ਲੋਕ ਸਭਾ ਦੀਆਂ 3 ਸੀਟਾਂ ਲਈ ਹੋਈ ਚੋਣ ਦਾ ਹੈ ਜਿਸ ਨਾਲ ਭਾਰਤੀ ਜਨਤਾ ਪਾਰਟੀ ਨੂੰ ਨਮੋਸ਼ੀ ਹੋਈ ਹੈ ਕਿਉਂਕਿ ਉਹ ਕਾਂਗਰਸ ਵਿਚ ਬਗਾਬਤ ਕਰਵਾਕੇ ਅਹਿਮਦ ਪਟੇਲ ਨੂੰ ਹਰਾਕੇ ਇਹ ਸਾਬਤ ਕਰਨਾ ਚਾਹੁੰਦੇ ਸਨ ਕਿ ਕਾਂਗਰਸ ਪਾਰਟੀ ਨੂੰ ਖ਼ੋਰਾ ਲੱਗ ਚੁੱਕਾ ਹੈ ਪ੍ਰੰਤੂ ਉਹ ਅਸਫਲ ਰਹੇ ਹਨ। ਇਸ ਘਟਨਾਕਰਮ ਵਿਚ ਭਾਰਤੀ ਚੋਣ ਕਮਿਸ਼ਨ ਦਾ ਫ਼ੈਸਲਾ ਸ਼ਲਾਘਾਯੋਗ ਹੈ। ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ ਊਠ ਕਿਸ ਕਰਵਟ ਬੈਠਦਾ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>