ਦੇਸ਼-ਵੰਡ : ਪੰਜਾਬੀਅਤ ਦਾ ਕਤਲ

ਅਗੱਸਤ 1947 ਵਿਚ ਫਿਰਕੂ ਆਧਾਰ ‘ਤੇ ਹੋਈ ਦੇਸ਼ ਦੀ ਵੰਡ ਭਾਰਤੀ ਉਪ-ਮਹਾਂਦੀਪ ਦਾ ਵੀਹਵੀਂ ਸਦੀ ਦਾ ਸੱਭ ਤੋਂ ਵੱਡਾ ਦੁਖਾਂਤ ਹੈ।

ਭਾਰਤੀ ਲੀਡਰ ਦੇਸ਼ ਦੀ ਵੰਡ ਲਈ ਮੁਹੰਮਦ ਅਲੀ ਜਿਨਾਹ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ ਅਤੇ ਪਾਕਿਸਤਾਨੀ ਲੀਡਰ ਪੰਡਤ ਨਹਿਰੂ, ਸਰਦਾਰ ਪਟੇਲ ਵਰਗੇ ਕਾਂਗਰਸੀ ਲੀਡਰਾਂ ਨੂੰ ਦੋਸ਼ ਦੇ ਰਹੇ ਹਨ। ਮਹਾਤਮਾ ਗਾਂਧੀ ਕਿਹਾ ਕਰਦੇ ਸਨ,“ਪਾਕਿਸਤਾਨ ਮੇਰੀ ਲਾਸ਼ ਤੇ ਬਣੇ ਗਾ।” ਪਰ ਉਨ੍ਹਾਂ ਦੀ ਗੱਲ ਅਣਸੁਣੀ ਕੀਤੀ ਗਈ ਜਾਪਦੀ ਹੈ। ਹਿਮਾਲੀਆ ਪਰਬਤ ਤੋਂ ਵੀ ਵੱਡੀ ਇਸ ਗ਼ਲਤੀ ਲਈ ਪੂਰੀ ਤਰ੍ਹਾਂ ਕੌਣ ਜ਼ਿੰਮੇਵਾਰ ਹੈ, ਇਸ ਦਾ ਫੈਸਲਾ ਤਾਂ ਇਤਿਹਾਸ ਹੀ ਕਰੇ ਗਾ।

ਇਸ ਚੰਦਰੀ ਵੰਡ ਨੇ ਪੰਜ ਦਰਿਆਵਾਂ ਦੀ ਸਰਸਬਜ਼ ਧਰਤੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਬੁਰੀ ਤਰ੍ਹਾਂ ਕਤਲ ਕਕੇ ਰਖ ਦਿਤਾ, ਜੋ ਕੁਝ ਬਚ ਗਿਆ, ਉਸ  ਨੂੰ ਲਹੂ ਲੁਹਾਣ ਕਰਕੇ ਰਖ ਦਿਤਾ।ਇਸ ਦੇਸ਼-ਵੰਡ ਤੋਂ ਪਹਿਲਾਂ ਪੰਜਾਬ ਜੋ ਪਿਸ਼ਾਵਰ ਤੋਂ ਲੈ ਕੇ ਪਲਵਲ ਤਕ ਸੀ। ਸਾਰੇ ਪੰਜਾਬੀ- ਹਿੰਦੂ, ਸਿੱਖ, ਮੁਸਲਮਾਨ ਤੇ ਇਸਾਈ ਰਿਲ ਮਿਲ ਕੇ ਇਕ ਸਾਂਝੇ ਭਾਈਚਾਰੇ ਵਾਗ ਰਹਿ ਰਹੇ ਸਨ, ਖਾਸ ਕਰ ਪਿੰਡਾਂ ਵਿਚ। ਕੋਈ ਫਿਰਕੂ ਤਣਾਓ ਨਹੀਂ ਸੀ। ਲੋਹੜੀ, ਹੋਲੀ, ਵਿਸਾਖੀ, ਦੁਸਹਿਰਾ, ਦੀਵਾਲੀ, ਗੁਰਪੁਰਬ, ਈਦ ਵਰਗੇ ਸਾਰੇ ਤਿਓਹਾਰ ਰਲ ਮਿਲ ਕੇ ਮਨਾਉਂਦੇ ਸਨ, ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸ਼ਾਮਿਲ ਹੁੰਦੇ ਸਨ।

ਚਿਤ੍ਰਕਾਰ ਸੋਭਾ ਸਿੰਘ, ਐਸ.ਜੀ.ਠਾਕਰ ਸਿੰਘ, ਕ੍ਰਿਪਾਲ ਸਿੰਘ ਤੇ ਹੋਰ ਸਿੱਖ ਚਿਤ੍ਰਕਾਰਾਂ ਬਹੁਤ ਦੇਰ ਪਹਿਲਾਂ ਚਿਤ੍ਰਕਾਰ ਅਲ੍ਹਾ ਬਖ਼ਸ਼ ਸਿੱਖ ਗੁਰੂਆਂ ਦੇ ਚਿੱਤਰ ਬਣਾਇਆ ਕਰਦੇ ਸਨ। ਅਲ੍ਹਾ ਬਖ਼ਸ਼ ਨੇ ਰਾਮਾਇਣ ਤੇ ਮਹਾਂਭਾਰਤ ਬਾਰੇ ਵੀ ਅਨੇਕਾਂ ਚਿੱਤਰ ਬਣਾਏ। ਨਾਮਵਰ ਚਿੱਤਰਕਾਰ ਅਬਦੁਲ ਰਹਿਮਾਨ ਚੁਗਤਾਰੀ, ਸਿਸ ਨੂੰ ਪਿਛੋਂ  ਪਾਕਿਸਤਾਨ ਸਰਕਾਰਟੇਟ ਅਰਟਿਸਟ” ਦੀ ਪਦਵੀ ਨਾਲ ਸਨਮਨਿਤਨ ਕੀਤਾ, ਹਿੰਦੂ ਦੇਵੀ ਦੇਵਤਿਆਂ ਦੇ ਚਿੱਤਰ ਬੜੀ ਸ਼ਰਧਾ ਨਾਲ ਬਣਾਇਆ ਕਰਦੇ ਸਨ। ਇਸਲਾਮੀਆ ਕਾਲਜ ਲਾਹੌਰ ਦੇ ਪ੍ਰੋਫੈਸਰ ਖਵਾਜਾ ਦਿਲ ਮੁਹੰਮਦ ਨੇ ਜਪੁ ਜੀ ਸਾਹਿਬ ਤੇ ਸੁਖਮਣੀ ਸਾਹਿਬ ਦਾ ਉਰਦੂ ਨਜ਼ਮ (ਕਵਿਤਾ) ਵਿਚ ਅਨੁਵਾਦ ਕੀਤਾ ਸੀ, ਉਨ੍ਹਾਂ ਨੇ ਪਵਿੱਤਰ ਗੀਤਾ ਦਾ ਵੀ ਉਰਦੂ ਨਜ਼ਮ ਵਿਚ ਅਨੁਵਾਦ ਕੀਤਾ। ਪ੍ਰਸਿੱਧ ਉਰਦੂ ਸ਼ਾਇਰ ਅਲ੍ਹਾ ਯਾਰ ਖਾਨ ਨੇ ਦਸ਼ਮੇਸ਼ ਪਿਤਾ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਬਾਰੇ ਉਰਦੂ ਨਜ਼ਮ ਵਿਚ ਜੋ ਸਾਕੇ ਲਿਖੇ ਹਨ, ਉਤਨੀ ਸ਼ਰਧਾ ਤੇ ਖੁਬਸੂਰਤੀ ਨਾਲ ਸ਼ਾਇਦ ਕੋਈ ਸਿੱਖ ਸ਼ਾਇਰ ਵੀ ਨਾ ਲਿਖ ਸਕੇ, ਦਸੰਬਰ ਮਹੀਨੇ ਸ਼ਹੀਦੀ ਜੋੜ ਮੇਲਿਆ ਸਮੇਂ ਇਹ ਸਾਕੇ ਅਕਸਰ ਅਖ਼ਬਾਰਾਂ ਵਿਚ ਛੱਪਦੇ ਹਨ। ਬਾਬੂ ਰਜਬ ਅਲੀ ਕਵੀਸ਼ਰੀ ਕਰਦੇ ਰਹੇ ਹਨ।

ਇਸ ਤੋਂ ਪਹਿਲਾਂ ਵੀ ਆਪਣੇ ਧਰਮ ਤੋਂ ਉਪਰ ਉਠ ਕੇ ਕਈ ਲੇਖਕ ਰਚਨਾਵਾਂ ਲਿਖਦੇ ਰਹੇ ਹਨ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸ਼ਾਹ ਮੁਹੰਮਦ ਨੇ ਸਿੱਖਾਂ ਤੇ ਅੰਗਰੇਜ਼ ਦੀ ਲੜਾਈ ਵੇਲੇ ਜੋ ਜੰਗਨਾਮਾ ਲਿਖਿਆ,ਉਹ ਉਸ ਸਮੇਂ ਦੀ ਤਸਵੀਰ ਹੈ ਜਿਸ ਵਿਚ ਅੰਗਰੇਜ਼ੀ ਦੀ ਮਕਾਰੀ, ਡੋਗਰਿਆ ਦੀ ਗੱਦਾਰੀ ਤੇ ਕੁਝ ਸਿੱਖ ਸੈਨਿਕਾਂ ਦੀ ਨਮਕ ਹਰਾਮੀ ਨੂ ਦਰਸਾਇਆ ਗਿਆ ਹੈ। ਇਹ ਤਾਂ ਕੁਝ ਉਦਾਹਰਣਾਂ ਹਨ।

ਇਸ ਕਲਮੂੰਹੀ ਵੰਡ ਨੇ ਪੰਜ ਦਰਿਆਵਾਂ ਦੇ ਪਾਣੀਆਂ ਵਿਚ ਜ਼ਹਿਰ ਘੋਲ ਦਿਤਾ, ਗਰਮ ਹਵਾ ਵਗਣ ਲਗੀ। ਆਮ ਪੰਜਾਬੀ ਹਿੰਦੂ, ਸਿੱਖ ਜਾਂ ਮੁਸਲਮਾਨ ਬਣ ਗਏ ਤੇ ਇੱਕ ਦੂਜੇ ਦੇ ਬੇਗਾਨੇ ਬਣ ਗਏ। ਇਕ ਭਰਾ ਦੂਜੇ ਭਰਾ ਦਾ ਵੈਰੀ ਹੋ ਗਿਆ’। ਹਿੰਦੂ ਤੇ ਸਿੱਖ ਮੁਸਮਾਨਾਂ ਦਾ ਅਤੇ ਮੁਸਲਮਾਨ ਹਿੰਦੂਆਂ ਤੇ ਸਿੱਖਾਂ ਦੀ ਲੁਟ ਮਾਰ ਕਰਨ ਲਗੇ, ਕੋਹ ਕੋਹ ਕੇ ਮਾਰਨ ਲਗੇ, ਘਰਾਂ, ਮੰਦਰਾਂ ਤੇ ਗੁਰਦੁਆਰਿਆਂ  ਤੇ ਮਸਜਿਦਾਂ ਦੀ ਤੋੜ ਫੋੜ ਕਰਨ ਤੇ ਅੱਗਾਂ ਲਗਾਉਣ ਲਗੇ। ਹਜ਼ਾਰਾਂ ਹੀ ਨਹੀਂ ਸਗੋਂ ਲਖਾਂ ਹੀ ਪਰਿਵਾਰਾਂ ਨੂੰ ਅਪਣੇ ਜੱਦੀ ਪੁਸ਼ਤੀ ਘਰ, ਹਵੇਲੀਆਂ, ਜ਼ਮੀਨਾਂ ਜਾਇਦਾਦਾਂ, ਕਾਰੋਬਾਰ ਆਦਿ ਛੱਡ ਕੇ ਖਾਲੀ ਹੱਥ  ਉਜੜ ਕੇ  ਦੋ ਟੋਟੇ ਕਰਨ ਵਾਲੀ ਲਕੀਰ ਦੇ ਇਸ ਪਾਰ ਆਉਣਾ ਪਿਆ ਜਾਂ ਉਸ ਪਾਰ ਜਾਣਾ ਪਿਆ। ਲੱਖਾਂ ਹੀ ਨਿਰਦੋਸ਼ ਪੰਜਾਬੀ ਇਸ ਚੰਦਰੀ ਲਕੀਰ ਦੇ ਦੋਨੋ ਪਾਸੇ ਫਿਰਕੂ ਅੰਸਰਾਂ ਦੇ ਹੱਥੋਂ ਕੋਹ ਕੋਹ ਕੇ ਮਾਰੇ ਗਏ, ਮਾਵਾਂ, ਭੈਣਾਂ, ਧੀਆਂ ਦੀ ਬੇਪਤੀ ਕੀਤੀ ਗਈ, ਅਪਣੀ ਇਜ਼ਤ ਬਚਾਉਂਦੀਆਂ ਹਜ਼ਾਰਾਂ ਹੀ ਬੀਬੀਆਂ ਨੇ ਖੂਹਾਂ ਜਾਂ ਨਹਿਰਾਂ ਵਿਚ ਛਾਲਾਂ ਮਾਰ  ਕੇ ਅਪਣੀਆਂ ਜਾਨਾਂ ਦੇ ਦਿੱਤੀਆਂ। ਹਜ਼ਾਰਾਂ ਹੀ ਬੱਚੇ ਯਤੀਮ ਹੋ ਗਏ, ਸੱਜ-ਵਿਆਹੀਆਂ ਦੇ ਸੁਹਾਗ ਲੁਟੇ ਗਏ, ਬੁੱਢੇ ਮਾਪਿਆਂ ਦੀ ਡੰਗੋਰੀ ਟੁੱਟ ਗਈ। ਹਜ਼ਾਰਾਂ ਪਰਿਵਾਰ ਪੂਰੀ ਤਰ੍ਹਾਂ ਤਬਾਹ ਹੋ ਗਏ। ਮੈਂ ਕਿਸੇ ਥਾ ਪੜ੍ਹਿਆਂ ਸੀ ਕਿ ਆਬਾਦੀ ਦੇ ਤਬਾਦਲੇ ਕਾਰਨ ਲਗਭਗ ਇਕ ਕਰੋੜ ਪੰਜਾਬੀ ਉਖੜੇ, ਦਸ ਲੱਖ ਦੇ ਕਰੀਬ ਪੰਜਾਬੀ ਮਾਰੇ ਗਏ।ਇਸ ਦੇਸ਼-ਵੰਡ ਦੇ 70 ਸਾਲ ਬੀਤ ਜਾਣ ‘ਤੇ ਵੀ ਬਹੁਤਿਆਂ ਦੇ ਜ਼ਖ਼ਮ ਹਾਲੇ ਵੀ ਹਰੇ ਹਨ।ਇਹ ਇਕ ਹਕੀਕਤ ਹੈ ਕਿ ਉਜੜ ਪੁਜੜ ਕੇ ਕਿਸੇ ਪੰਜਾਬੀ ਨੇ ਭੀਖ ਨਹੀਂ ਮੰਗੀ, ਸਗੋਂ ਆਪਣੀ ਮਿਹਨਤ ਨਾਲ ਜੋ ਵੀ ਕੰਮ ਮਿਲਿਆ, ਕਰਕੇ ਆਪਣੇ ਪੈਰਾਂ ਤੇ ਮੁੜ ਖੜੇ ਹੋਏ।

ਪੰਜਾਬ ਤੇ ਪੰਜਾਬੀਅਤ ਦੇ ਨਾਲ ਪੰਜਾਬੀ ਭਾਸ਼ਾ ਵੀ ਲਹੂ ਲੁਹਾਣ ਹੋਈ। ਪਾਕਿਸਤਾਨੀ ਪੰਜਾਬ ਵਿਚ ਬਹੁ-ਵਸੋਂ ਮੁਸਲਾਨ ਸੀ,ਉਨ੍ਹਾਂ ਦੀ ਬੁਹ-ਗਿਣਤੀ ਨੇ ਉਰਦੂ ਨੂੰ ਆਪਣੀ ਭਾਸ਼ਾ ਮੰਨਿਅਾ, ਭਾਰੀ ਪੰਜਾਬ ਵਿਚ ਹਿੰਦੂਆਂ ਦਾ ਇਕ ਵਰਗ ਮਾ-ਬੋਲੀ ਪੰਜਾਬੀ ਤੋਂ ਮੁਨੱਕਰ ਹੋ ਕੇ ਹਿੰਦੀ ਨੂੰ , ਤੇ ਪੰਜਾਬੀ ਭਾਸ਼ਾ ਕੇਵਲ ਸਿੱਖਾਂ ਦੀ ਭਾਸ਼ਾ ਬਣ ਕੇ ਰਹਿ ਗਈ, ਜਿਸ ਨਾਲ ਇਧਰ ਤਣਾਓ ਵੀ ਪੈਦਾ ਹੋਣ ਲਗਾ।

ਸਿੱਖਾਂ ਦੇ ਸੈਂਕੜੇ ਹੀ ਇਤਿਹਾਸਿਕ ਗੁਰਦੁਆਰੇ, ਜਿਨ੍ਹਾਂ ਨੂੰ ਗੁਰੂ ਸਾਹਿਬਾਨ ਦੀ ਪਵਿੱਤਰ ਚਰਨ-ਛੋਹ ਪ੍ਰਾਪਤ ਹੈ, ਪਾਕਿਸਤਾਨ (ਅਤੇ ਬੰਗਲਾ ਦੇਸ਼) ਰਹਿ ਗਏ,ਜਿੰਨ੍ਹਾਂ ਦੇ ਖੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਲਈ ਉਹ ਹਰਰੋਜ਼ ਅਰਦਾਸ ਕਰਦੇ ਹਨ। ਸਮਾਂ ਬੀਤਣ ਨਾਲ ਇਨ੍ਹਾਂ ਚੋਂ ਬਹੁਤੇ ਗੁਰਦੁਆਰੇ ਅਤੇ ਮੰਦਰ ਢਹਿ ਢੇਰੀ ਹੋ ਰਹੇ ਹਨ, ਅਤੇ ਕਿਸੇ ਦਿਨ ਇਨ੍ਹਾਂ ਦਾ ਨਾਂ-ਨਿਸ਼ਾਨ ਮਿਟ ਜਾਏ ਗਾ। ਇਸੇ ਤਰ੍ਹਾਂ ਹਿੰਦੂਆਂ ਦੇ ਸੈਂਕੜੇ ਪਾਵਨ ਮੰਦਰ ਉਧਰ ਰਹਿ ਗਏ, ਮੁਸਲਮਾਨਾਂ ਦੇ ਕਈ ਧਾਰਮਿਕ ਅਸਥਾਨ ਇਧਰ ਭਾਰਤ ਰਹਿ ਗਏ ਹਨ।

ਉਪਰੋਕਤ ਦੁਖਦਾਈ ਪਹਿਲੂਆਂ ਤੋਂ ਬਿਨਾਂ, ਇਸ ਵੰਡ ਕਾਰਨ ਪੈਦਾ ਹੋਈਆਂ ਸਮਸਿਆਵਾਂ ਦਾ ਹਲ ਸ਼ਾਇਦ ਕਦੀ ਵੀ ਨਾ ਨਿਕਲ ਸਕੇ। ਵੰਡ ਵਾਲੇ ਕਾਲੇ ਸਮੇਂ ਦੀ ਸਜ਼ਾ ਇਸ ਉਪ-ਮਹਾਂਦੀਪ ਦੇ ਲੋਕਾਂ ਨੂੰ ਪਤਾ ਨਹੀਂ ਕਿਤਨੀਆਂ ਕੁ ਸਦੀਆਂ ਤੱਕ ਭੁਗਤਣੀ ਪਏਗੀ । ਉਰਦੂ ਦਾ ਇਕ ਸ਼ੇਅਰ ਇਸ ਤਰ੍ਹਾਂ ਦਾ ਹੈ, ਜਿਸ ਦਾ ਭਾਵ ਹੈ ਕਿ ਇਤਿਹਾਸ ਗਵਾਹ ਹੈ ਕਿ ਕੁਝ ਪਲਾਂ ਦੀ ਗ਼ਲਤੀ ਦਾ ਖਮਿਆਜ਼ਾ ਕਈ ਸਦੀਆਂ ਤਕ ਭੁਗਤਣਾ ਪਿਆ:-

ਦੇਖੇ ਹੈਂ ਵੋਹ ਮਨਜ਼ਰ  ਭੀ ਤਾਰੀਖ ਕੀ ਨਜ਼ਰੋਂ ਨੇ,
ਲਮਹੋਂ ਨੇ ਖ਼ਤਾ ਕੀ ਥੀ, ਸਦਿਓਂ ਨੇ  ਸਜ਼ਾ ਪਾਈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>