ਕਰਜ਼ੇ ਮੁਆਫ਼ ਕਰਨਾ ਖ਼ੁਦਕਸ਼ੀਆਂ ਦਾ ਸਥਾਈ ਹੱਲ ਨਹੀਂ

ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਇੱਕਲੇ ਕਰਜ਼ੇ ਮੁਆਫ਼ ਕਰਨਾ ਖ਼ੁਦਕਸ਼ੀਆਂ ਦਾ ਸਥਾਈ ਹੱਲ ਨਹੀਂ। ਕਿਸਾਨਾਂ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਖ਼ੁਦਕਸ਼ੀਆਂ ਦੇ ਹੋਰ ਵੀ ਬਹੁਤ ਸਾਰੇ ਕਾਰਨ ਹਨ, ਜਿਵੇਂ  ਵਿਆਹਾਂ, ਭੋਗਾਂ, ਕਾਰਾਂ, ਕੋਠੀਆਂ ਅਤੇ ਐਸ਼ੋ ਇਸ਼ਰਤ ਦੇ ਕੰਮਾਂ ਤੇ ਫ਼ਜ਼ੂਲ ਖ਼ਰਚੀ ਆਦਿ। ਕਿਸਾਨਾਂ ਦੇ ਪੁੱਤਰ ਵਿਹਲੇ ਮੋਟਰ ਸਾਈਕਲਾਂ ਅਤੇ ਕਾਰਾਂ ਤੇ ਦਗੜ-ਦਗੜ ਕਰਦੇ ਫਿਰਦੇ ਹਨ। ਮਾਂ ਬਾਪ ਦੇ ਗਲ ਅੰਗੂਠਾ ਦੇ ਕੇ ਫ਼ਜ਼ੂਲ ਖ਼ਰਚੀ ਕਰਦੇ ਹਨ। ਕਿਸਾਨਾਂ ਦੀ ਆਰਥਿਕ ਹਾਲਤ ਸੁਧਾਰਨ ਵਿਚ ਉਨ੍ਹਾਂ ਦੇ ਲੜਕੇ ਮਹੱਤਵਪੂਰਨ ਯੋਗਦਾਨ ਪਾ ਸਕਦੇ ਹਨ। ਉਹ ਆਧੁਨਿਕ ਢੰਗਾਂ ਨਾਲ ਪੋਲੀ ਹਾਊਸ ਬਣਾਕੇ ਪਰਿਵਾਰਾਂ ਲਈ ਆਮਦਨ ਵਧਾ ਸਕਦੇ ਹਨ। ਪੰਜਾਬ ਦੇ ਮਾੜੇ ਦਿਨਾਂ ਵਿਚ ਹੋ ਰਹੀਆਂ ਘਟਨਾਵਾਂ ਵਿਚ ਸ਼ਰਾਰਤੀ ਅਨਸਰ ਸ਼ਾਮਲ ਹੋ ਕੇ ਲੁੱਟਾਂ ਖੋਹਾਂ ਅਤੇ ਜਬਰ ਜਨਾਹ ਦੀਆਂ  ਘਟਨਾਵਾਂ ਕਰ ਰਹੇ ਸਨ, ਉਸੇ ਤਰ੍ਹਾਂ  ਇਸ ਸਮੇਂ ਕਿਸਾਨਾਂ ਦੀ ਦੁਰਦਸ਼ਾ ਦਾ ਲਾਭ ਉਠਾਉਂਦਿਆਂ ਕੁਝ ਲੋਕ ਕਿਸਾਨ ਜਥੇਬੰਦੀਆਂ ਵਿਚ ਘੁਸਪੈਠ ਕਰ ਗਏ ਹਨ ਅਤੇ  ਕਿਸਾਨਾ ਦੀਆਂ ਭਾਵਨਾਵਾਂ ਨਾਲ ਖੇਡਣ ਦਾ ਯਤਨ ਕਰ ਰਹੇ ਹਨ।

ਕਿਸਾਨ ਬੇਬਸ ਹਨ, ਜਥੇਬੰਦੀਆਂ ਦਾ ਇਹ ਵੀ ਕੰਮ ਹੈ ਕਿ ਉਹ ਕਿਸਾਨਾਂ ਨੂੰ ਸਹੀ ਦਿਸ਼ਾ ਨਿਰਦੇਸ਼ ਦੇ ਕੇ ਫ਼ਜੂਲ ਖ਼ਰਚੀ ਕਰਨ ਤੋਂ ਰੋਕਣ। ਆਪਣੇ ਹੱਕਾਂ ਲਈ ਲੜਨਾ ਕੋਈ ਮਾੜੀ ਗੱਲ ਨਹੀਂ ਪ੍ਰੰਤੂ ਆਪਣੇ ਪਰਿਵਾਰਾਂ ਅਤੇ ਸਮਾਜ ਪ੍ਰਤੀ ਫਰਜਾਂ ਬਾਰੇ  ਜਾਗਰੂਕ ਹੋਣਾ ਵੀ ਜ਼ਰੂਰੀ ਹੈ। ਖ਼ੁਦਕਸ਼ੀਆਂ ਤੋਂ ਬਾਅਦ ਪਰਿਵਾਰ ਰੁਲਦੇ ਰਹਿੰਦੇ ਹਨ। ਸਰਕਾਰਾਂ ਵਿਰੁਧ ਧਰਨੇ ਅਤੇ ਅੰਦੋਲਨ ਕਿਸੇ ਸਮੱਸਿਆ ਦਾ ਹੱਲ ਨਹੀਂ ਹਨ। ਅੰਦੋਲਨਾਂ ਅਤੇ ਧਰਨਿਆਂ ਉਪਰ ਹੋਣ ਵਾਲਾ ਖ਼ਰਚਾ ਵੀ ਕਿਸਾਨ ਦਾ ਕਚੂੰਮਰ ਕੱਢਦਾ ਹੈ। ਨਤੀਜਾ ਕੋਈ ਨਹੀਂ ਨਿਕਲਦਾ। ਇਸ ਲਈ ਕਿਸਾਨਾਂ ਨੂੰ ਆਪਣੇ ਅੰਦਰ ਝਾਤ ਮਾਰਕੇ ਸੋਚਣਾ ਚਾਹੀਦਾ ਹੈ। ਕਿਸਾਨ ਅਤੇ ਜਥੇਬੰਦੀਆਂ ਆਪਣੀ ਪੀੜ੍ਹੀ ਹੇਠ ਸੋਟਾ ਕਿਉਂ ਨਹੀਂ ਫੇਰਦੀਆਂ। ਸਰਕਾਰਾਂ ਕਿਸਾਨਾਂ ਨੂੰ ਕਰਜ਼ਿਆਂ ਦੀਆਂ ਸਹੂਲਤਾਂ ਦਿੰਦੀਆਂ ਹਨ, ਉਹ ਕਰਜ਼ੇ ਲੈਣ ਲਈ ਮਜ਼ਬੂਰ ਨਹੀਂ ਕਰਦੀਆਂ। ਬੈਂਕਾਂ ਦਾ ਰੋਲ ਵੀ ਚੰਗਾ ਨਹੀਂ, ਉਹ ਨਿਸ਼ਚਤ ਮਾਪ ਦੰਡਾਂ ਤੋਂ ਜ਼ਿਆਦਾ ਕਰਜ਼ੇ ਕਿਉਂ ਦਿੰਦੀਆਂ ਹਨ  ਜਦੋਂ ਉਨ੍ਹਾਂ ਨੂੰ ਪਤਾ ਹੈ ਕਿ ਕਿਸਾਨ ਉਨ੍ਹਾਂ ਨੂੰ ਮੋੜ ਨਹੀਂ ਸਕਦਾ। ਕਿਸਾਨ ਸਮੁੱਚੇ ਦੇਸ਼ ਵਿਚ ਖ਼ੁਦਕਸ਼ੀਆਂ ਦੇ ਰਾਹ ਪੈ ਗਏ ਹਨ। ਇਹ ਤਾਂ ਠੀਕ ਹੈ ਕਿ ਕਿਸਾਨਾਂ ਦੀਆਂ ਫਸਲਾਂ ਦੇ ਉਨ੍ਹਾਂ ਨੂੰ ਯੋਗ ਮੁਲ ਨਾ ਮਿਲਣ ਕਰਕੇ ਉਨ੍ਹਾਂ ਦੀ ਆਰਥਿਕ ਹਾਲਤ ਗੰਭੀਰ ਹੈ ਪ੍ਰੰਤੂ ਖ਼ੁਦਕਸ਼ੀ ਅਜਿਹੀ ਸਥਿਤੀ ਦਾ ਕੋਈ ਹੱਲ ਨਹੀਂ ਕਰਦੀ। ਸਵਾਮਨਾਥਨ ਰਿਪੋਰਟ ਲਾਗੂ ਕਰਨ ਤੋਂ ਸਰਕਾਰ ਆਨਾਕਾਨੀ ਕਰ ਰਹੀ ਹੈ। ਸਗੋਂ ਕਿਸਾਨ ਆਪਣੇ ਪਰਿਵਾਰਾਂ ਨੂੰ ਜ਼ੋਖ਼ਮ ਵਿਚ ਪਾ ਜਾਂਦੇ ਹਨ, ਜਿਹੜੇ ਮਗਰੋਂ ਜ਼ਿੰਦਗੀ ਜਿਓਣ ਲਈ ਜਦੋਜਹਿਦ ਕਰਦੇ ਰਹਿੰਦੇ ਹਨ। ਖ਼ੁਦਕਸ਼ੀਆਂ, ਕਰਜ਼ੇ ਅਤੇ ਫ਼ਜੂਲ ਖ਼ਰਚੀ ਪੰਜਾਬੀ ਵਿਰਾਸਤ ਦਾ ਹਿੱਸਾ ਨਹੀਂ  ਹਨ। ਪੰਜਾਬੀਆਂ ਨੂੰ ਜੁਝਾਰੂਆਂ ਦੇ ਤੌਰ ਤੇ ਜਾਣਿਆਂ ਜਾਂਦਾ ਹੈ।

ਰਾਸ਼ਟਰੀ ਅਤੇ ਅੰਤਰਾਸ਼ਟਰੀ ਪੱਧਰ ‘ਤੇ ਪੰਜਾਬੀਆਂ ਦਾ ਅਕਸ ਇਕ ਅਣਖ਼ੀ, ਗ਼ੈਰਤਮੰਦ, ਮਿਹਨਤੀ, ਸਿਰੜ੍ਹੀ, ਦਲੇਰ ਅਤੇ ਸਰਬੱਤ ਦੇ ਭਲੇ ਦੇ ਮੁਦਈ ਦੇ ਤੌਰ ਤੇ ਬਣਿਆਂ ਹੋਇਆ ਹੈ। ਕੋਈ ਸਮਾਂ ਹੁੰਦਾ ਸੀ ਜਦੋਂ ਇਨਸਾਨ ਤੇ ਭੀੜ ਪਈ ਹੁੰਦੀ  ਸੀ ਜਾਂ ਕੋਈ ਖ਼ਤਰੇ ਵਾਲੀ ਗੱਲ ਹੋਵੇ ਉਸ ਸਮੇਂ  ਪੰਜਾਬੀ ਆ ਜਾਂਦਾ ਸੀ ਤਾਂ ਸਾਰੇ ਇਹ ਸਮਝਦੇ ਸਨ ਕਿ ਹੁਣ ਉਹ ਸੁਰੱਖਿਅਤ ਹਨ। ਗਊ ਗ਼ਰੀਬ ਦੇ ਰਾਖੇ ਦੇ ਤੌਰ ਤੇ ਵੀ ਪੰਜਾਬੀਆਂ ਦੀ ਭੱਲ ਬਣੀ ਹੋਈ ਹੈ। ਦੇਸ ਦੀਆਂ ਸਰਹੱਦਾਂ ਪਾਰ ਕਰਕੇ ਜਦੋਂ ਵਿਦੇਸੀ ਧਾੜਵੀਆਂ ਨੇ ਧੀਆਂ ਭੈਣਾਂ ਨੂੰ ਅਗਵਾ ਕਰਕੇ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬੀਆਂ ਨੇ ਧੀਆਂ ਦੀ ਬਾਂਹ ਫੜੀ ਅਤੇ ਜ਼ਾਲਮਾਂ ਕੋਲੋਂ ਛੁਡਵਾਇਆ ਅਤੇ ਨਾਮਣਾ ਖੱਟਿਆ। ਅਜ਼ਾਦੀ ਦੀ ਜਦੋਜਹਿਦ ਵਿਚ ਵੀ ਬੰਗਾਲੀਆਂ ਦੇ ਨਾਲ ਮੋਹਰੀ ਦੀ ਭੂਮਿਕਾ ਨਿਭਾਈ ਪ੍ਰੰਤੂ ਸਾਦਗੀ ਦਾ ਪੱਲਾ ਨਹੀਂ ਛੱਡਿਆ। ਪੰਜਾਬੀ ਕਿਸਾਨ ਰੁੱਖੀ ਮਿਸੀ ਰੋਟੀ ਖਾ ਕੇ ਸਬਰ ਅਤੇ ਸੰਤੋਖ ਨਾਲ ਆਪਣੇ ਪਰਿਵਾਰ ਪਾਲਦਾ ਰਿਹਾ। ਜੇ ਸਰਹੱਦਾਂ ਤੇ ਲੋੜ ਪਈ ਤਾਂ ਪਾਸਾ ਨਹੀਂ ਵੱਟਿਆ ਸਗੋਂ ਹਰ ਫਰੰਟ ਤੇ ਮਹੱਤਵਪੂਰਨ ਯੋਗਦਾਨ ਪਾਇਆ। ਜਦੋਂ ਦੇਸ ਉਪਰ ਅਨਾਜ ਦੀ ਥੁੜ੍ਹ ਦੀ ਸਮੱਸਿਆ ਆਈ ਤਾਂ ਪੰਜਾਬੀ ਕਿਸਾਨ ਨੇ ਦੇਸ਼ ਨੂੰ ਆਤਮ ਨਿਰਭਰ ਬਣਾਇਆ। ਫਿਰ ਇਹ ਪੰਜਾਬੀ ਕਿਸਾਨ ਕਰਜ਼ੇ ਦੇ ਚਕਰ ਵਿਚ ਕਿਉਂ ਅਤੇ ਕਿਵੇਂ ਪੈ ਗਿਆ। ਇਸਦੇ ਕਾਰਨਾ ਦਾ ਪਤਾ ਲਗਾਉਣਾ ਪਵੇਗਾ। ਕਿਉਂਕਿ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਨਾਲ ਖ਼ੁਦਕਸ਼ੀਆਂ ਬੰਦ ਨਹੀਂ ਹੋ ਸਕਦੀਆਂ। ਖ਼ੁਦਕਸ਼ੀਆਂ ਤਾਂ ਬੰਦ ਹੋਣਗੀਆਂ ਜੇਕਰ ਕਿਸਾਨ ਆਪਣੇ ਖ਼ਰਚੇ ਘਟਾਉਣਗੇ। ਫ਼ਜੂਲ ਖ਼ਰਚੀ ਬੰਦ ਕਰਨਗੇ। ਜੇਕਰ ਇਕ ਵਾਰ ਕਰਜ਼ੇ ਮੁਆਫ਼ ਕਰ ਦਿੱਤੇ ਜਾਂਦੇ ਹਨ ਤਾਂ ਕਿਸਾਨ ਫਿਰ ਕਰਜ਼ੇ ਲੈਣਗੇ ਅਤੇ ਹਰੇਕ ਸਰਕਾਰ ਤੋਂ ਇਹ ਆਸ ਰੱਖਣਗੇ ਕਿ ਉਹ ਉਨ੍ਹਾਂ ਦੇ ਕਰਜ਼ੇ ਮੁਆਫ਼ ਕਰ ਦੇਵੇਗੀ। ਇਸ ਲਈ ਕਰਜ਼ੇ ਮੁਆਫ ਕਰਨ ਨਾਲ ਕਿਸਾਨਾਂ ਦੀ ਸਮੱਸਿਆ ਦਾ ਹਲ ਨਹੀਂ ਹੋਵੇਗਾ।

ਸਬਰ ਸੰਤੋਖ, ਸਾਦਗੀ ਅਤੇ ਹੱਡ ਭੰਨਵੀਂ ਮਿਹਨਤ ਕਰਨ ਵਾਲਾ ਕਿਸਾਨ ਸਰਕਾਰੀ ਸਹੂਲਤਾਂ ਦੇ ਚੱਕਰ ਵਿਚ ਪੈ ਕੇ ਪਤਾ ਨਹੀਂ ਕਿਉਂ ਆਪਣੀ ਵਿਰਾਸਤ ਨੂੰ ਭੁੱਲਕੇ ਫ਼ੂੰ ਫ਼ਾਂ ਦੇ ਗੇੜ ਵਿਚ ਗੁਮਰਾਹ ਹੋ ਗਿਆ। ਜਿਹੜਾ ਕਿਸਾਨ ਪੈਦਲ ਤੁਰਕੇ ਸੈਂਕੜੇ ਮੀਲਾਂ ਦਾ ਪੈਂਡਾ ਤਹਿ ਕਰ ਲੈਂਦਾ ਸੀ ਅੱਜ ਆਪਣੇ ਖੇਤਾਂ ਨੂੰ ਵੀ ਮੋਟਰ ਸਾਈਕਲ, ਕਾਰ, ਟਰੈਕਟਰ ਜਾਂ ਸਕੂਟਰ ਤੋਂ ਬਿਨਾ ਨਹੀਂ ਜਾ ਰਿਹਾ। ਜਿਹੜਾ ਪੂਰੇ ਦੇਸ਼ ਨੂੰ ਆਪਣੇ ਤੇ ਨਿਰਭਰ ਕਰ ਰਿਹਾ ਸੀ, ਉਹ ਅੱਜ ਪਰਵਾਸੀ ਮਜ਼ਦੂਰਾਂ ਉਪਰ ਨਿਰਭਰ ਹੋ ਗਿਆ। ਕਿਸਾਨ ਦਾ ਪੁੱਤਰ ਆਪ ਪਰਵਾਸੀ ਬਣਕੇ ਵਿਦੇਸ਼ਾਂ ਦੀ ਆਰਥਿਤਾ ਮਜ਼ਬੂਤ ਕਰ ਰਿਹਾ ਹੈ। ਕਿਸਾਨ ਦਾ ਪੁੱਤਰ ਜਿਹੜਾ ਵਿਦਿਆ ਪ੍ਰਾਪਤ ਕਰਕੇ ਆਪਣੇ ਬਜ਼ੁਰਗਾਂ ਦੀ ਸਹਾਇਤਾ ਕਰਨ ਵਿਚ ਕਾਰਜ਼ਸ਼ੀਲ ਹੋਣਾ ਚਾਹੀਦਾ ਸੀ, ਉਹ ਵਾਈਟ ਕਾਲਰ ਨੌਕਰੀਆਂ ਦੇ ਝਾਂਸੇ ਵਿਚ ਪੈ ਕੇ ਉਨ੍ਹਾਂ ਦਾ ਸਹਾਇਕ ਬਣਨ ਦੀ ਥਾਂ ਉਲਟ ਫ਼ਜੂਲ ਖ਼ਰਚੀ ਦੇ ਚਕਰ ਵਿਚ ਪੈ ਗਿਆ ਅਤੇ ਆਪਣੇ ਮਾਪਿਆਂ ਨੂੰ ਕਰਜ਼ੇ ਦੇ ਜਾਲ ਵਿਚ ਫਸਾ ਰਿਹਾ ਹੈ। ਜਿਹੜਾ ਕਿਸਾਨ ਆਪ ਨੌਕਰ ਰੱਖਦਾ ਸੀ ਅੱਜ ਉਸਦਾ ਪੁੱਤਰ ਨੌਕਰ ਬਣਨ ਵਿਚ ਖ਼ੁਸ਼ੀ ਮਹਿਸੂਸ ਕਰ ਰਿਹਾ ਹੈ। ਅੰਤਰਰਾਸ਼ਟਰੀ ਪੈਟਰਨ ਉਪਰ ਹੁਣ ਸਰਕਾਰੀ ਨੌਕਰੀਆਂ ਪਹਿਲਾਂ ਵਰਗੀਆਂ ਨਹੀਂ ਹਨ। ਹੁਣ ਤਾਂ ਸਾਰਾ ਕੰਮ ਹੀ ਠੇਕੇਦਾਰੀ ਪ੍ਰਬੰਧ ਰਾਹੀਂ ਹੋ ਰਿਹਾ ਹੈ। ਨੌਕਰੀਆਂ ਵੀ ਕੰਟਰੈਕਟ ਤੇ ਹੋ ਗਈਆਂ ਹਨ। ਠੇਕੇਦਾਰ ਜਾਂ ਸਰਕਾਰੀ ਅਧਿਕਾਰੀ ਠੋਕ ਕੇ ਕੰਮ ਲੈਂਦੇ ਹਨ, ਇਸ ਲਈ ਜੱਟਾਂ ਦੇ ਪੁੱਤਰਾਂ ਨੂੰ ਕਿਸੇ ਦਾ ਨੌਕਰ ਬਣਨ ਦੀ ਥਾਂ ਆਪ ਆਪਣੇ ਹੱਥੀਂ ਆਪਣਾ ਕੰਮ ਕਰਨਾ ਚਾਹੀਦਾ ਹੈ। ਜੇਕਰ ਉਹ ਆਪਣਾ ਭਵਿੱਖ ਸੁਨਹਿਰਾ ਬਣਾਉਣਾ ਚਾਹੁੰਦੇ ਹਨ ਤਾਂ ਕੰਮ ਦੀ ਕਦਰ ਕਰਨੀ ਸਿਖਣੀ ਚਾਹੀਦੀ ਹੈ। ਬਾਹਰਲੇ ਸੂਬਿਆਂ ਵਿਚੋਂ ਪਰਵਾਸੀ ਆ ਕੇ ਸਾਰੇ ਕੰਮ ਕਰਦੇ ਹਨ। ਸਾਡੇ ਬੱਚੇ ਹੱਥ ਤੇ ਹੱਥ ਧਰੀ ਬੈਠੇ ਹਨ। ਕੋਈ ਅਜਿਹਾ ਕੰਮ ਨਾ ਕਰੋ ਜਿਸ ਨਾਲ ਫਜੂਲ ਖ਼ਰਚੀ ਹੋਵੇ। ਵਾਹਵਾ ਸ਼ਾਹਵਾ ਅਤੇ ਵਿਖਾਵੇ ਵਿਚ ਕੁਝ ਨਹੀਂ ਪਿਆ।

ਕਿਸਾਨ ਨੇ ਅਜ਼ਾਦੀ ਦੀਆਂ ਬਰਕਤਾਂ ਵਿਚੋਂ ਕੀ ਖੱਟਿਆ? ਕਰਜ਼ੇ ਲੈਣੇ ਸ਼ੁਰੂ ਕਰ ਦਿੱਤੇ ਕਿਉਂਕਿ ਆਪਣੀਆਂ ਲੋੜਾਂ ਵਧਾ ਲਈਆਂ। ਲੋੜਾਂ ਸੀਮਤ ਕਰੋ। ਸਰਕਾਰ ਕਿਸਾਨਾਂ ਦੀਆਂ ਫ਼ਸਲਾਂ ਦੇ ਮੰਡੀਕਰਨ ਦਾ ਪ੍ਰਬੰਧ ਕਰਕੇ ਆਪਣੀ ਜ਼ਿੰਮੇਵਾਰੀ ਨਿਭਾਵੇ। ਸਰਕਾਰ ਫ਼ਸਲਾਂ ਦੀਆਂ ਵਾਜਬ ਕੀਮਤਾਂ ਦੇਵੇ। ਫਸਲਾਂ ਦੀ ਕਾਸ਼ਤ ਉਪਰ ਲਾਗਤ ਘਟਾਈ ਜਾਵੇ। ਖਾਦਾਂ, ਡੀਜ਼ਲ ਅਤੇ ਕੀਟਨਾਸ਼ਕ ਦਵਾਈਆਂ ਦੀਆਂ ਕੀਮਤਾਂ ਘਟਾਈਆਂ ਜਾਣ ਅਤੇ ਇਨ੍ਹਾਂ ਦੀ ਘੱਟ ਤੋਂ ਘੱਟ ਵਰਤੋਂ ਕੀਤੀ ਜਾਵੇ। ਖੇਤੀ ਨਾਲ ਸੰਬੰਧਤ ਸੰਦਾਂ ਦੀਆਂ ਕੀਮਤਾਂ ਵੀ ਨਿਸ਼ਚਤ ਕੀਤੀਆਂ ਜਾਣ। ਸਰਕਾਰ ਖੇਤੀਬਾੜੀ ਨੂੰ ਉਦਯੋਗ ਦੇ ਬਰਾਬਰ ਸਹੂਲਤਾਂ ਦੇਵੇ। ਜੇ ਸਨਅਤਕਾਰਾਂ ਦੇ ਕਰਜ਼ੇ ਥੋਕ ਵਿਚ ਮੁਆਫ਼ ਹੋ ਸਕਦੇ ਹਨ ਤਾਂ ਕਿਸਾਨਾਂ ਦੇ ਕਿਉਂ ਨਹੀਂ? ਵੈਸੇ ਕਰਜ਼ੇ ਲੈਣ ਤੋਂ ਗੁਰੇਜ਼ ਕੀਤਾ ਜਾਵੇ, ਜੇ ਕਰਜ਼ਾ ਲੈਣਾ ਜ਼ਰੂਰੀ ਹੋਵੇ ਤਾਂ ਆੜ੍ਹਤੀਏ ਤੋਂ ਕਰਜ਼ਾ ਨਾ ਲਿਆ ਜਾਵੇ ਕਿਉਂਕਿ ਉਸਦੇ ਵਿਆਜ ਦੀ ਦਰ ਜ਼ਿਆਦਾ ਹੁੰਦੀ ਹੈ। ਬੈਂਕਾਂ ਤੋਂ ਕਰਜ਼ਾ ਲਿਆ ਜਾਵੇ ਪ੍ਰੰਤੂ ਜਿਸ ਮੰਤਵ ਲਈ ਕਰਜ਼ਾ ਲਿਆ ਹੈ, ਉਸ ਉਪਰ ਹੀ ਖ਼ਰਚਿਆ ਜਾਵੇ। ਵਿਆਹ ਅਤੇ ਭੋਗਾਂ ਉਪਰ ਖ਼ਰਚ ਕਰਜ਼ਾ ਲੈ ਕੇ ਨਾ ਕੀਤਾ ਜਾਵੇ। ਵਿਆਹ ਸਾਦੇ ਕੀਤੇ ਜਾਣ। ਕਰਜ਼ਾ ਲੈ ਕੇ ਸਕੂਟਰ, ਮੋਟਰ ਸਾਈਕਲ, ਅਤੇ ਕਾਰ ਨਾ ਖ਼੍ਰੀਦੀ ਜਾਵੇ ਕਿਉਂਕਿ ਉਸ ਤੋਂ ਤਾਂ ਕੋਈ ਆਮਦਨ ਨਹੀਂ ਹੋਣੀ। ਕਰਜ਼ਾ ਕਿਵੇਂ ਮੋੜਿਆ ਜਾਵੇਗਾ। ਫ਼ਸਲਾਂ ਲਈ ਲਿਆ ਕਰਜ਼ਾ ਫ਼ਸਲਾਂ ਉਪਰ ਹੀ ਖਰਚਿਆ ਜਾਵੇ। ਐਸ਼ੋ ਆਰਾਮ ਵਾਲੀ ਕਿਸੇ ਵਸਤੂ ਲਈ ਕਰਜ਼ਾ ਨਾ ਲਿਆ ਜਾਵੇ।

ਇਸ ਪ੍ਰਕਾਰ ਕਰਨ ਨਾਲ ਇਕ ਵਾਰ ਗੱਡੀ ਲੀਹ ਤੇ ਲਿਆਂਦੀ ਜਾਵੇ, ਫਿਰ ਜੇਕਰ ਕਿਸਾਨ ਆਰਥਿਕ ਤੌਰ ਤੇ ਮਜ਼ਬੂਤ ਹੋ ਜਾਵੇ, ਹੋਵੇਗਾ ਵੀ ਜ਼ਰੂਰ ਤਾਂ ਅਜਿਹੀਆਂ ਵਸਤਾਂ ਖ੍ਰੀਦੀਆਂ ਜਾਣ। ਇਕ ਦੂਜੇ ਨੂੰ ਵੇਖ ਕੇ ਐਸ਼ੋ ਆਰਾਮ ਦੀਆਂ ਵਸਤਾਂ ਨਾ ਖ੍ਰੀਦੀਆਂ ਜਾਣ ਕਿਉਂਕਿ ਮਨੁਖੀ ਜੀਵਨ ਬੜਾ ਕੀਮਤੀ ਹੈ, ਇਸਨੂੰ ਅਜਾਈਂ ਖ਼ੁਦਕਸ਼ੀਆਂ ਨਾਲ ਬਰਬਾਦ ਨਾ ਕੀਤਾ ਜਾਵੇ। ਸਰਕਾਰਾਂ ਨੂੰ ਵੀ ਖ਼ੁਦਕਸ਼ੀਆਂ ਕਰਨ ਵਾਲੇ ਕਿਸਾਨਾ ਦੇ ਵਾਰਸਾਂ ਨੂੰ ਸਹੂਲਤਾਂ ਦੇ ਕੇ ਉਤਸ਼ਾਹਤ ਨਹੀਂ ਕਰਨਾ ਚਾਹੀਦਾ। ਰਾਜਨੀਤਕ ਪਾਰਟੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਚੋਣ ਮਨੋਰਥ ਪੱਤਰਾਂ ਵਿਚ ਅਜਿਹੇ ਵਾਅਦੇ ਕਰਕੇ ਕਿਸਾਨਾ ਦਾ ਭਵਿਖ ਉਲਝਾਇਆ ਨਾ ਜਾਵੇ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>