ਕਿਉਂ ਲੋਕ ਫਸ ਰਹੇ ਨੇ ਡੇਰਾ ਮੁੱਖੀਆਂ ਦੀਆਂ ਚਾਲਾਂ ‘ਚ ?

ਅਜੋਕੀ ਤਕਨਾਲੋਜੀ ਅਤੇ ਵਿਗਿਆਨਕ ਯੁੱਗ ਵਿਚ ਵੀ ਵਹਿਮਾਂ ਭਰਮਾਂ ਦੀ ਦਲਦਲ ਵਿਚ ਲੋਕਾਂ ਨੂੰ ਅਖੌਤੀ ਸਾਧੂਆਂ ਸੰਤਾਂ ਵੱਲੋਂ ਧਰਮਾਂ ਦੇ ਨਾਮ ਤੇ ਫਸਾਇਆ ਜਾ ਰਿਹਾ ਹੈ ਹਰ ਰੋਜ਼ ਕੋਈ ਨਵੀਂ ਕਰਾਮਾਤ ਕਰਨ ਵਾਲੇ ਸਾਧੂਆਂ ਦੀਆਂ ਵਡਿਆਈਆਂ ਦਾ ਫੋਕਾ ਜ਼ਿਕਰ ਭੋਲੀ ਅਣਭੋਲ ਜਨਤਾ ਵਿਚ ਖ਼ਾਸਕਰ ਅਜੋਕੇ ਸਮੇਂ ਵਿਚ ਸੋਸ਼ਲ ਮੀਡੀਏ ਤੇ ਪੈਰ ਪਸਾਰਦਾ ਜਾ ਰਿਹਾ ਹੈ। ਦਿਨ ਪਰ ਦਿਨ ਹਰ ਚੜ੍ਹਦੇ ਸੂਰਜ ਨਾਲ ਭਾਵਨਾਵਾਂ ਨਾਲ ਲਗਾਤਾਰ ਖਿਲਵਾੜ ਕੀਤਾ ਜਾ ਰਿਹਾ ਹੈ ਜਿਸ ਦੀ ਆੜ ਵਿਚ ਸ਼ਾਤਿਰ ਅਨਸਰ ਆਪਣੇ ਵਿਉਪਾਰ ਤੇ ਆਮਦਨ ਦੇ ਸਰੋਤਾਂ ਨੂੰ ਵਧਾਉਂਦੇ ਹੀ ਜਾ ਰਹੇ ਹਨ। ਆਖ਼ਰ ਇਸ ਹੋ ਰਹੇ ਗੁਨਾਹ ਦਾ ਅਸਲ ਗੁਨਾਹਗਾਰ ਕੌਣ ਹੈ? ਕਿਉਂ ਇਸ ਵੱਧ ਰਹੇ ਮੱਕੜੀ ਦੇ ਜਾਲ ਨੂੰ ਰੋਕਣ ਵਿਚ ਪੜ੍ਹੇ ਲਿਖੇ ਲੋਕ ਵੀ ਫਸਦੇ ਜਾ ਰਹੇ ਹਨ?
ਬੇਸ਼ੱਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਾਤ-ਪਾਤ ਨੂੰ ਭੰਗ ਕਰਦਿਆਂ ਸਾਰੇ ਮਨੁੱਖਾਂ ਨੂੰ ਇੱਕ ਹੀ ਅਕਾਲ ਪੁਰਖ ਦੀ ਸੰਤਾਨ ਦਾ ਹੋਕਾ ਦਿੱਤਾ ਸੀ “ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥”, ਤੇ  ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਸਰਬੰਸ ਵਾਰ ਕੇ ਇੱਕ ਵੱਖਰੀ ਸਿੱਖ ਨਿਵੇਕਲੀ ਅਤੇ ਅਣਖੀਲੀ ਕੌਮ ਦੀ ਸਥਾਪਨਾ ਕੀਤੀ ਸੀ ਤੇ ‘ਏਕ ਪਿਤਾ ਏਕਸ ਕੇ ਹਮ ਬਾਰਿਕ’ ਦੇ ਮਹਾਂਵਾਕ ਤੇ ਪਹਿਰਾ ਦੇਣ ਦਾ ਹੁਕਮ ਦਿੱਤਾ ਸੀ ।………. ਪਰ ਅਫ਼ਸੋਸ ਬਾਕੀ ਧਰਮਾਂ ਵਾਂਗ ਸਾਡੇ ਮਨਾਂ ਵਿਚੋਂ ਵੀ ਜਾਤ-ਪਾਤ ਨਹੀਂ ਗਈ।  ਪਿੰਡਾਂ, ਕਸਬਿਆਂ, ਸ਼ਹਿਰਾਂ ਵਿਚ ਦਲਿਤਾਂ ਦੇ ਗੁਰਦੁਆਰੇ, ਧਰਮਸ਼ਾਲਾ ਤੇ ਇੱਥੋਂ ਤੱਕ ਸ਼ਮਸ਼ਾਨਘਾਟ ਵੀ ਵੱਖੋ ਵੱਖਰੇ ਹਨ। ਹਾਲੇ ਵੀ ਊਚ ਨੀਚ ਦਾ ਵਿਤਕਰਾ ਪਾਇਆ ਜਾਂਦਾ ਹੈ। ਇਹ ਵੀ ਇੱਕ ਅਹਿਮ ਕਾਰਨ ਬਣਦਾ ਜਾ ਰਿਹਾ ਹੈ ਦਲਿਤ ਵਰਗ ਦੇ ਪਰਿਵਾਰਾਂ ਦਾ ਡੇਰਿਆਂ ਵੱਲ ਨੂੰ ਝੁਕਣਾ ।

* ਹੁਣ ਗੱਲ ਕਰਦੇ ਹਾਂ ਡੇਰਿਆਂ ਦੀ ਪ੍ਰਫੁੱਲਤਾ ਦੇ ਅਹਿਮ ਇੱਕ ਹੋਰ ਤੱਥ ਦੀ……….

ਹਰ ਮਨੁੱਖ ਲਈ ਮਾਨ ਸਮਾਨ ਤੋਂ ਵੱਡੀ ਕੋਈ ਚੀਜ਼ ਨਹੀਂ ਹੁੰਦੀ ਇਹ ਗੱਲ ਚਾਹੇ ਆਪਣੀ ਸਮਝ ਵਿਚ ਨਹੀਂ ਆਈ ਹੋਣੀ ਪਰ ਇੰਨਾ ਅਖੌਤੀ ਡੇਰਿਆਂ ਦੇ ਸ਼ਾਤਿਰ ਦਿਮਾਗ਼ ਵਾਲੇ ਸਾਧੂਆਂ ਦੀ ਸਮਝ ਵਿਚ ਹੈ ਇਸੇ ਕਰ ਕੇ ਤਾਂ ਇਹਨਾਂ ਡੇਰਿਆਂ ਦੇ ਮੁੱਖੀਆਂ ਵੱਲੋਂ ਆਮ ਲੋਕਾਂ, ਖ਼ਾਸਕਰ ਦਲਿਤ ਵਰਗ ਦੇ ਲੋਕਾਂ ਨੂੰ ਮਾਨ ਸਨਮਾਨ ਦਿੱਤਾ ਗਿਆ ਹੈ, ਦਿੱਤਾ ਜਾਂਦਾ ਰਹੇਗਾ। ਇਨ੍ਹਾਂ ਬੇਸ਼ੁਮਾਰ ਡੇਰਿਆਂ ਦੇ ਮੁੱਖੀਆਂ ਵੱਲੋਂ ਆਪਣੇ ਹੀ ਰੀਤੀ ਰਿਵਾਜ਼ਾਂ ਦੇ ਆਧਾਰ ਤੇ ਆਪਣੇ ਸੇਵਕਾਂ ਨੂੰ ਪ੍ਰਭੂ ਨੂੰ ਮਿਲਣੇ ਦੀ ਵਿਧ ਅਨੁਸਾਰ ਰਾਹ ਦੱਸੇ ਜਾ ਰਹੇ ਹਨ ਕੋਈ ਚਰਨਾਂ ਦੀ ਧੂੜ ਦੇ ਰਿਹਾ ਹੈ, ਕੋਈ ਆਪਣੇ ਪੈਰਾਂ ਨਾਲ ਧੋਤੇ ਪਾਣੀ ਨੂੰ ਅੰਮ੍ਰਿਤ ਦੱਸ ਕੇ ਛਕਾਈ ਜਾ ਰਿਹਾ ਹੈ, ਕੋਈ ਨਾਮ ਪਿੱਛੇ ਕੋਈ ਸ਼ਬਦ ਜੋੜ ਰਿਹਾ ਹੈ, ਕੋਈ ਕੁੱਝ ਤੇ ਕੋਈ ਕੁੱਝ ਅਤੇ ਇਹਨਾਂ ਡੇਰਿਆਂ ਦੇ ਮੁੱਖੀ ਹਮੇਸ਼ਾਂ ਮਨੁੱਖਤਾ ਦੇ ਸੰਦੇਸ਼ ਅਕਸਰ ਪਰੈਸ ਰਾਹੀ ਮੈਟੀਰੀਅਲ ਛਪਵਾ ਕੇ ਮੁਫ਼ਤ ਵੰਡ ਰਹੇ ਹਨ, ਅਤੇ ਕੀਤੇ ਜਾ ਰਹੇ ਕਾਰਜਾਂ ਦੇ ਪ੍ਰਤੱਖ ਪ੍ਰਮਾਣ ਵੀ ਸਾਬਤ ਕਰਦੇ ਰਹਿੰਦੇ ਹਨ। ਡੇਰਿਆਂ ਦੇ ਪ੍ਰਬੰਧ ਲਈ ਵੱਖ-ਵੱਖ ਟੁਕੜੀਆਂ ਬਣਾਈਆਂ ਹਨ, ਜਿਨ੍ਹਾਂ ਦੀ ਅਗਵਾਈ ਕਰਨ ਵਾਲੇ ਨੂੰ ਨੀਵੀਂ ਜਾਤ ਨਾਲ ਸਬੰਧਿਤ ਇੱਕ ਨਾਮ ਦਾ ਦਰਜਾ ਦਿੱਤਾ ਜਾਂਦਾ ਹੈ ਜਿਸ ਨਾਲ ਭੋਲੀ ਜਨਤਾ ਨੂੰ ਬਰਾਬਰਤਾ ਦਾ ਸੰਦੇਸ਼ ਦਿੱਤਾ ਜਾਂਦਾ ਹੈ। ਡੇਰਿਆਂ ਨਾਲ ਵਪਾਰੀ ਜਮਾਤ ਨੂੰ ਵੀ ਜੋੜਿਆ ਜਾਂਦਾ ਹੈ ਜਿਹੜਾ ਲੋਕਾਂ ਦੀ ਅਗਵਾਈ ਕਰਦਾ ਹੈ। ਇਸ ਜਮਾਤ ਨੂੰ ਸੰਗਤਾਂ ਦੇ ਰੂਪ ਵਿਚ ਖਪਤਕਾਰ ਮਿਲ ਜਾਂਦੇ ਹਨ। ਜਿਸ ਨਾਲ ਉਨ੍ਹਾਂ ਦੇ ਵਪਾਰ ਨੂੰ ਫ਼ਾਇਦਾ ਮਿਲਦਾ ਹੈ। ਇਸੇ ਵਜ੍ਹਾ ਕਾਰਨ ਇਹਨਾਂ ਨੇ ਆਪਣੀਆਂ ਦੁਕਾਨਾਂ ਜਾ ਬਿਜ਼ਨੈਸ ਅੱਗੇ ਉਪਰੋਕਤ ਕੋਈ ਵੀ ਡੇਰੇ ਵੱਲੋਂ ਦਿੱਤਾ ਗਿਆ ਸਾਂਝਾ ਸ਼ਬਦ ਜਾਂ ਨਾਮ ਲਿਖਿਆ ਹੁੰਦਾ ਹੈ।  ਸਾਰੀਆਂ ਸੰਗਤਾਂ ਨੂੰ ਰਿਆਇਤੀ ਭੋਜਨ ਤੇ ਮੁਫ਼ਤ ਦਵਾਈਆਂ , ਸਿਹਤ ਸਹੂਲਤਾਂ, ਕੈਂਸਰ ਦਾ ਇਲਾਜ, ਗ਼ਰੀਬ ਬੱਚਿਆਂ ਦੀ ਪੜਾਈ ਦਾ ਪ੍ਰਬੰਧ ਕੀਤਾ ਜਾਂਦਾ ਹੈ । ਏਨਾ ਹੀ ਨਹੀਂ ਨਸ਼ਾ ਬਹੁਤ ਵੱਡੀ ਸਮੱਸਿਆ ਹੈ ਜਿਸ ਲਈ  ਨਸ਼ਾ ਖ਼ਤਮ ਕਰਨ ਲਈ ਖ਼ਾਸ ਪ੍ਰੋਗਰਾਮ ਸ਼ੁਰੂ ਕੀਤੇ ਜਾਂਦੇ ਹਨ।  ਗ਼ਰੀਬ ਕੁੜੀਆਂ ਦੇ ਵਿਆਹ ਦੇ ਨਾਲ ਇਸ ਤੋਂ ਇਲਾਵਾ ਵਾਤਾਵਰਨ ਤੇ ਸਮਾਜਕ ਕਾਰਜਾਂ ਵਿਚ ਵੀ ਅੱਗੇ ਰਹਿੰਦੇ ਹਨ। ਉਹ ਭਾਵੇਂ ਪੌਦੇ ਲਾਉਣੇ ਹੋਣ, ਵੇਸਵਾ ਗਿਰੀ ਵਿਚ ਧੱਕੀਆਂ ਔਰਤਾਂ ਦੇ ਮੁੜ ਵਿਆਹ ਕਰਵਾਉਣੇ ਹੋਣ ਜਾਂ ਕਿਸੇ ਗ਼ਰੀਬ ਤੇ ਵਿਧਵਾ ਔਰਤ ਲਈ ਸਾਰਿਆਂ ਦੇ ਸਹਿਯੋਗ ਨਾਲ ਘਰ ਤਿਆਰ ਕਰਨਾ ਹੋਵੇ। ਅਜਿਹੇ ਕਾਰਜ ਆਮ ਇਨਸਾਨਾਂ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ। ਤਾਂ ਤੁਸੀਂ ਦੱਸੋ ਅਜਿਹੀ ਹਾਲਤ ਵਿਚ ਕਿਉਂ ਨਾ ਕੋਈ ਵਿਅਕਤੀ ਇਨ੍ਹਾਂ ਡੇਰਿਆਂ ਨਾਲ ਜੁੜੇਗਾ।

ਇੱਥੇ ਮੈਂ ਦੱਸਣਾ ਚਾਹਾਂਗਾ ਕਿ ਮੈ ਇਹਨਾਂ ਭਲਾਈ ਕਾਰਜਾਂ ਦੀ ਪੁਰਜ਼ੋਰ ਸ਼ਲਾਘਾ ਵੀ ਕਰਦਾ ਹੈ ਪਰ ਇਨ੍ਹਾਂ ਕਾਰਜਾਂ ਦੇ ਓਹਲੇ ਵਿੱਚ ਜ਼ਿਆਦਾਤਰ ਡੇਰਿਆਂ ਦੇ ਅਖੌਤੀ ਮੁੱਖੀਆਂ ਵੱਲੋਂ ਅਣਭੋਲ ਜਨਤਾ ਦੀਆਂ ਭਾਵਨਾਵਾਂ ਨਾਲ ਧਾਰਮਿਕ ਗੁਰੂ ਬਣ ਕੇ, ਜਾਂ ਆਪਣੇ ਆਪ ਨੂੰ ਈਸ਼ਵਰ ਦਾ ਅਵਤਾਰ ਦੱਸਣ ਵਾਲੇ ਅਖੌਤੀਆਂ ਵੱਲੋਂ ਵਹਿਮਾਂ ਭਰਮਾਂ ਦੇ ਆੜ ਵਿਚ ਕੀਤੀ ਜਾ ਰਹੀ ਲੁੱਟ ਜਾਂ ਖਿਲਵਾੜ ਦੀ ਘੋਰ ਨਿੰਦਿਆਂ ਕਰਨਾ ਹੀ ਮੇਰੇ ਇਸ ਲੇਖ ਲਿਖਣ ਦੀ ਮੁੱਖ ਭਾਵਨਾ ਹੈ ਤਾਂ ਕਿ ਸੇਵਾ ਭਾਵਨਾ ਦੇ ਮੂਲ ਸਿਧਾਂਤਾਂ ਦੀ ਪਹਿਚਾਣ ਪਾਠਕਾਂ ਨੂੰ ਕਰਵਾਈ ਜਾਵੇ। ਤਾਂ ਕਿ ਜੋ ਨਿਸ਼ਕਾਮ ਹੋ ਕੇ ਸੇਵਾ ਨਿਭਾ ਵੀ ਰਹੇ ਹਨ ਉਨ੍ਹਾਂ ਦੀ ਅਸਲ ਪਹਿਚਾਣ ਵੀ ਹੋ ਸਕੇ।

ਇੱਕ ਹੋਰ ਪਹਿਲੂ ਜੋ ਕਿ ਸਭ ਤੋਂ ਵੱਧ ਅਹਿਮ ਭੂਮਿਕਾ ਨਿਭਾ ਰਿਹਾ ਹੈ ਇਹਨਾਂ ਡੇਰਿਆਂ ਅਤੇ ਇਹਨਾਂ ਦੇ ਮੁੱਖੀਆਂ ਨੂੰ ਚਾਰ ਚੰਦ ਲਾਉਣ ਵਿਚ ਉਹ ਹੈ ਸਿਆਸਤ ਦੀ ਗੰਦੀ ਉਪਜ ਵਿਚੋਂ ਉਪਜ ਰਹੇ ਵੋਟਾਂ ਤੇ ਫੋਕੀ ਸ਼ੁਹਰਤ ਦੇ ਲਾਲਚੀ ਲੀਡਰ………….। ਡੇਰੇ ਜਦੋਂ ਸ਼ੁਰੂ ਹੁੰਦੇ ਹਨ ਤਾਂ ਬਹੁਤ ਛੋਟੇ ਹੁੰਦੇ ਹਨ ਪਰ ਇਹ ਵੱਡੇ ਸਿਆਸਤ ਨਾਲ ਹੁੰਦੇ ਹਨ। ਸਿਆਸਤ ਡੇਰੇ ਦੀ ਖੁੱਲ ਕੇ ਵਰਤੋਂ ਕਰਦੀ ਹੈ। ਸਾਰੀਆਂ ਰਾਜਨੀਤਿਕ ਪਾਰਟੀਆਂ ਹਮੇਸ਼ਾ ਡੇਰਿਆਂ ਦੇ ਮੁੱਖੀਆਂ ਨਾਲ ਸਬੰਧ ਕਾਇਮ ਰੱਖਦੀਆਂ ਹਨ। ਕਿਹੜਾ ਇਹੋ ਜਿਹਾ ਲੀਡਰ ਹੈ ਜੋ ਕਿਸੇ ਨਾ ਕਿਸੇ ਡੇਰੇ ਮੁੱਖੀ ਦੇ ਪੈਰਾਂ ਵਿਚ ਨਾ ਡਿੱਗਿਆ ਹੋਵੇ। ਸਿਆਸਤ ਹੀ ਡੇਰੇ ਨੂੰ ਪੈਦਾ ਹੋਣ ਵਿਚ ਰਾਹ ਬਣਾਉਂਦੀ ਹੈ। ਜਿੱਥੇ ਲੋਕਾਂ ਨੇ ਸਿਆਸਤ ਦੇ ਖ਼ਿਲਾਫ਼ ਗ਼ਰੀਬੀ ਭੁੱਖਮਰੀ ਬੇਰੁਜ਼ਗਾਰੀ ਤੇ ਨਿਆਂ ਦੇ ਖ਼ਿਲਾਫ਼ ਲੜਨਾ ਹੁੰਦਾ ਹੈ ਉਥੇ ਉਹ ਆਪਣੇ ਮੁੱਦਿਆਂ ਤੋਂ ਭੜਕੇ ਡੇਰੇ ਵੱਲ ਨੂੰ ਖਿੱਚੇ ਜਾਂਦੇ ਹਨ। ਇਸ ਨਾਲ ਜਿੱਥੇ ਸਮੇਂ ਦੇ ਹਾਕਮਾਂ ਨੂੰ ਫ਼ਾਇਦਾ ਹੁੰਦਾ ਹੈ ਉਥੇ ਹੀ ਡੇਰਾ ਮੁੱਖੀ ਤੇ ਉਸ ਨਾਲ ਜੁੜੀਆਂ ਤਾਕਤਾਂ ਰਾਜ ਕਰਦੀਆਂ ਹਨ। ਇਹ ਡੇਰੇ ਮੌਜੂਦਾ ਸਮੇਂ ਰਾਜ ਸ਼ਾਹੀ ਦਾ ਹੀ ਰੂਪ ਹਨ ਜਿੱਥੇ ਮੁੱਖੀਆਂ ਲਈ ਸੁੱਖ ਸਹੂਲਤਾਂ ਤੇ ਵਿਲਾਸਤਾ ਦੇ ਤਮਾਮ ਸਾਧਨ ਮੌਜੂਦ ਹੁੰਦੇ ਹਨ। ਹੋਰ ਤਾਂ ਹੋਰ ਇਹਨਾਂ ਨੂੰ ਕੋਈ ਚੁਣੌਤੀ ਵੀ ਨਹੀਂ ਦੇ ਸਕਦਾ। ਦੇਸ਼ ਵਿਚ ਖੁੰਬਾਂ ਵਾਂਗ ਅਜਿਹੇ ਬਾਬੇ ਪੈਦਾ ਹੋ ਰਹੇ ਹਨ ਤੇ ਸਰਕਾਰ ਦੇ ਬਰਾਬਰ ਆਪਣੀਆਂ ਫ਼ੌਜਾਂ ਬਣਾ ਕੇ ਸਤਾ ਚਲਾ ਰਹੇ ਹਨ।

ਜੇ ਥੋੜ੍ਹਾ ਜਿਹਾ ਵਿਸਥਾਰ ਤੇ ਡੁੰਘਾਈ ਵਿਚ ਇੱਕ ਹੋਰ ਪਹਿਲੂ ਤੇ ਗੱਲ ਕੀਤੀ ਜਾਵੇ ਤਾਂ…….. 70 ਸਾਲ ਦੀ ਆਜ਼ਾਦੀ ਤੋਂ ਬਾਅਦ ਵੀ  ਸਮਾਜਿਕ, ਆਰਥਿਕ ਤੇ ਰਾਜਨੀਤਕ ਵਿਕਾਸ ਵਿਚ ਸਰਕਾਰਾਂ ਜਾ ਹੋਰ ਕਿਸੇ ਵੀ ਜਥੇਬੰਦੀਆਂ ਵੱਲੋਂ ਸੁਚੱਜੇ ਵਿਕਾਸ ਨਾਮ ਦਾ ਕੋਈ ਕਾਰਜ ਨਹੀਂ ਕੀਤਾ ਪ੍ਰਤੀਤ ਹੋ ਰਿਹਾ ਹੈ ਜੋ ਕੀਤਾ ਵੀ ਜਾ ਰਿਹਾ ਹੈ ਉਸ ਵਿੱਚ ਵੀ ਆਪਣੇ ਧਾਰਮਿਕ ਕਾਰੋਬਾਰਾਂ ਨੂੰ ਪੂਰਾ ਕਰਨ ਹਿੱਤ ਖਾਨਾਪੂਰਤੀ ਹੀ ਹੁੰਦੀ ਜਾਪ ਰਹੀ ਹੈ। ਜਿਸ ਦਾ ਵੱਡਾ ਕਾਰਨ ਧਰਮਾਂ ਦੇ ਨਾਮ ਤੇ ਜਾਂ ਨਾਮ ਬਾਣੀ ਦਾ ਹੋਕਾ ਜਾਂ ਸੇਵਾ ਭਾਵਨਾ ਦਾ ਹੋਕਾ ਲਾਉਣ ਵਾਲੇ ਅੱਜ ਆਪਣੀਆਂ ਹੀ ਅਸ਼ਲੀਲ ਅਤੇ ਕੋਝੀਆਂ ਹਰਕਤਾਂ ਦੇ ਕਾਰਨ  ਆਪਣੀਆਂ ਹੀ ਸਰਕਾਰਾਂ ਤੇ ਫ਼ੌਜਾਂ ਤਿਆਰ ਕਰ ਕੇ ਸਰਕਾਰਾਂ ਨੂੰ ਵੰਗਾਰ ਰਹੇ ਹਨ ਤੇ ਸਰਕਾਰਾਂ ਦੇ ਲੀਡਰ ਨਮੂਨਾ ਬਣ ਕੇ ਇਨਸਾਨੀਅਤ ਦੇ ਹੋ ਰਹੇ ਘਾਣ ਨੂੰ ਮੂਕ ਬਣ ਕੇ ਤਮਾਸ਼ਾ ਦੇਖਦੇ ਪ੍ਰਤੀਤ ਹੋ ਰਹੇ ਹਨ ਅਤੇ……. ਮੌਤ ਦੀ ਭੇਟ ਚੜ੍ਹ ਰਹੀ ਹੈ ਬੇਚਾਰੀ ਅਣਭੋਲ ਜਨਤਾ…… ਤੇ ਦੋਸ਼ ਵੀ ਮੜ੍ਹਿਆ ਜਾ ਰਿਹਾ ਹੈ ਜਨਤਾ ਤੇ। ……..ਆਖ਼ਿਰ ਕਿਉਂ ? ਇਹ ਤਾਂ ਉਹ ਲੋਕ ਹਨ ਜੋ ਪਹਿਲਾਂ ਹੀ ਸਰਕਾਰ ਤੇ ਸਮਾਜ ਵੱਲੋਂ ਲਿਤਾੜੇ ਹੋਏ ਹਨ। ਜੇਕਰ ਪੰਜਾਬ ਵਿਚੋਂ ਸੰਗਰੂਰ, ਬਰਨਾਲਾ, ਮਾਨਸਾ, ਬਠਿੰਡਾ, ਫ਼ਾਜ਼ਿਲਕਾ, ਫ਼ਰੀਦਕੋਟ ਤੇ ਫ਼ਿਰੋਜ਼ਪੁਰ ਜ਼ਿਲ੍ਹੇ ਇਹ ਉਹ ਜ਼ਿਲ੍ਹੇ ਹਨ ਜਿੱਥੇ ਅੱਜ ਪੰਜਾਬ ਦੇ ਕਿਸਾਨ-ਮਜ਼ਦੂਰ ਸਭ ਤੋਂ ਵੱਧ ਖੁਦਕੁਸ਼ੀਆਂ ਕਰ ਰਹੇ ਹਨ। ਸਨਅਤ ਤੇ ਰੋਜ਼ਗਾਰ ਨਾ ਦੀ ਕੋਈ ਚੀਜ਼ ਨਹੀਂ ਹੈ। ਕੈਂਸਰ ਤੇ ਨਸ਼ੇ ਦੀ ਮਾਰ ਨੇ ਲੋਕਾਂ ਦੀ ਆਰਥਿਕ ਰੀੜ੍ਹ ਦੀ ਹੱਡੀ ਤੋੜ ਦਿੱਤੀ ਹੈ। ਲੋਕਾਂ ਨੂੰ ਰੋਜ਼ੀ ਰੋਟੀ ਜੁਟਾਉਣ ਦੇ ਸਾਧਨਾਂ ਦੀ ਬਹੁਤ ਕਮੀ ਹੈ।

ਆਖ਼ਿਰ ਵਿਚ ਬੇਨਤੀ ਕਰਦਾ ਹਾਂ ਕਿ ਡੇਰਾਵਾਦ ਲੋਕਤੰਤਰ ਲਈ ਘਾਤਕ ਹੈ। ਜੇਕਰ ਇਸ ਨੂੰ ਖ਼ਤਮ ਕਰਨਾ ਹੈ ਤਾਂ ਸਮਾਜਿਕ ਤੇ ਆਰਥਿਕ ਵਿਕਾਸ ਦੇ ਨਾਲ ਸਮਾਜ ਦੇ ਪੀੜਤ ਲੋਕਾਂ ਨੂੰ ਮਾਨ ਸਨਮਾਨ ਦੇਣਾ ਬਹੁਤ ਜ਼ਰੂਰੀ ਹੈ। ਲੋਕਾਂ ਲਈ ਸਿੱਖਿਆ, ਸਿਹਤ ਤੇ ਰੁਜ਼ਗਾਰ ਦੀਆਂ ਸਹੂਲਤਾਂ ਨੂੰ ਪਹਿਲ ਦੇ ਆਧਾਰ ਤੇ ਮੁਹੱਈਆ ਕਰਾਉਣਾ ਚਾਹੀਦਾ ਹੈ। ਨਹੀਂ ਤਾਂ ਇੱਕ ਬਾਬਾ ਖ਼ਤਮ ਹੋਵੇਗਾ ਤਾਂ ਦੂਜਾ ਖੜ੍ਹਾ ਹੋ ਜਾਵੇਗਾ। ਆਮ ਲੋਕ ਇਸ ਚੱਕਰ ਵਿਚ ਪਿਸਦੇ ਰਹਿਣਗੇ। ਜਿੱਥੇ ਲੋਕਾਂ ਲਈ ਸਰਕਾਰ, ਖ਼ਾਸਕਰ ਆਪਾਂ ਆਪਣੇ ਆਪ ਨੂੰ ਉੱਚੀ ਜਾਤਾਂ ਵਾਲੇ ਸਮਝਣ ਵਾਲੇ ਫ਼ੇਲ੍ਹ ਹੋਏ ਹਾਂ ਉਥੇ ਹੀ ਅਜਿਹੇ ਲੋਕਾਂ ਲਈ ਇਨਕਲਾਬ ਲਿਆਉਣ ਦੀਆਂ ਵੱਡੀਆਂ ਗੱਲਾਂ ਕਰਨ ਵਾਲੀਆਂ ਜਥੇਬੰਦੀਆਂ, ਸਮਾਜਿਕ ਸੰਸਥਾਵਾਂ ਵੀ ਫ਼ੇਲ੍ਹ ਹੀ ਹੋਈਆਂ ਹਨ।

ਜੋ ਮਜ਼ਲੂਮ ਤੇ ਤਕੜੇ ਵਰਗ ਦੇ ਲੋਕਾਂ ਵੱਲੋਂ ਲਿਤਾੜੇ ਲੋਕਾਂ ਦੇ ਸਮਾਜਿਕ ਆਰਥਿਕ ਮੁੱਦੇ ਚੁੱਕਣ ਵਿਚ ਨਾਕਾਮਯਾਬ ਹੋਣ ਵਾਲਿਆਂ ਵਿਚ ਆਪਣਾ ਖ਼ੁਦ ਦਾ ਯੋਗਦਾਨ ਕਿੰਨਾ ਕੁ ਹੈ ਆਪਾਂ ਸਾਰੇ ਹੀ ਭਲੀ ਭਾਤੂੰ ਹੀ ਜਾਣੂੰ ਹਾਂ। ਇਹਨਾਂ ਲੋਕਾਂ ਨੂੰ ਮਾਣ ਸਨਮਾਨ ਤੇ ਯੋਗ ਅਗਵਾਈ ਦੇਣ ਵਿਚ ਵੀ ਪੂਰੀ ਤਰ੍ਹਾਂ ਅਸਫਲ ਹੋਣਾ ਇੱਕ ਬਹੁਤ ਵੱਡਾ ਕਾਰਨ ਹੈ ਵਹਿਮਾਂ ਭਰਮਾਂ ਨੂੰ ਪ੍ਰਫੁਲਿਤ ਕਰ ਰਹੇ ਇਨ੍ਹਾਂ ਡੇਰਿਆਂ ਦੇ ਵਧਾਵਿਆਂ ਵਿੱਚ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>