ਸਿਰਮੌਰ ਸਿੱਖ ਵਿਦਵਾਨ : ਭਾਈ ਕਾਹਨ ਸਿੰਘ ਨਾਭਾ

ਵਿਦਵਾਨ ਹਮੇਸ਼ਾ ਕੌਮਾਂ ਦੀ ਜਿੰਦਜਾਨ ਹੋਇਆ ਕਰਦੇ ਹਨ। ਉਹ ਬੀਤੇ ਦੀਆਂ ਘਟਨਾਵਾਂ ਦਾ ਵਿਸ਼ਲੇਸਣ ਕਰਦੇ ਹੋਏ ਉਹਨਾਂ ਨੂੰ ਵਰਤਮਾਨ ਦੀ ਕਸਵੱਟੀ ਤੇ ਲਾ ਕੇ ਭਵਿੱਖ ਦੀ ਬਿਹਤਰੀ ਲਈ ਲੋਕਾਈ ਅੱਗੇ ਪੇਸ਼ ਕਰਦੇ ਹਨ। ਵਿਦਵਾਨ ਦਾ ਦ੍ਰਿਸ਼ਟੀਕੋਣ ਉਹ ਧਰੂ ਤਾਰਾ ਹੈ,ਜਿਸ ਦੇ ਦੁਆਲੇ ਯੁੱਗਾਂ ਦੀ ਸੂਈ ਘੁੰਮਦੀ ਹੈ। ਸਿੱਖ ਕੌਮ ਦੇ ਇਤਿਹਾਸ ਅਤੇ ਵਿਰਾਸਤ ਨੂੰ ਆਪਣੀ ਕਲਮ ਰਾਹੀ ਚਿਤਰਣ ਵਾਲੇ ਮਹਾਨ ਵਿਦਵਾਨਾਂ ਵਿੱਚੋਂ ਇੱਕ ਹਨ ਭਾਈ ਕਾਹਨ ਸਿੰਘ ਨਾਭਾ। ਜਿੰਨਾਂ ਨੇ ਨਾ ਸਿਰਫ਼ ਸਿੱਖ ਇਤਿਹਾਸ ਨੂੰ ਇੱਕ ਵੱਖਰੇ ਨਜ਼ਰੀਏ ਤੋਂ ਪੇਸ਼ ਕੀਤਾ ਸਗੋਂ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ‘ਇਨਸਾਈਕਲੋਪੀਡੀਆ ਆਫ਼ ਸਿੱਖਇਜ਼ਮ’ (ਗੁਰਸ਼ਬਦ ਰਤਨਾਕਰ ਮਹਾਨ ਕੋਸ਼) ਰਚ ਕੇ ਵਡਮੁੱਲਾ ਇਤਿਹਾਸਕ ਕਾਰਜ ਕੀਤਾ।

ਜਨਮ ਅਤੇ ਵਿੱਦਿਆ-  ਸ: ਕਾਹਨ ਸਿੰਘ ਨਾਭਾ ਦਾ ਜਨਮ 30 ਅਗਸਤ 1861 ਨੂੰ ਆਪਣੇ ਨਾਨਕੇ, ਪਟਿਆਲਾ ਰਿਆਸਤ ਦੇ ਪਿੰਡ ਸਬਜ਼ ਬਨੇਰਾ ਵਿਖੇ ਪਿਤਾ ਸ:ਨਰਾਇਣ ਸਿੰਘ ਅਤੇ ਮਾਤਾ ਹਰਿ ਕੌਰ ਜੀ ਦੇ ਘਰ ਹੋਇਆ। ਆਪ ਜੀ ਦਾ ਪਰਿਵਾਰਕ ਪਿਛੋਕੜ ਮਾਹਾਰਾਜਾ ਰਣਜੀਤ ਸਿੰਘ ਦੇ ਮੁਸਾਹਿਬ ਬਾਬਾ ਨੌਧ ਸਿੰਘ ਜੀ ਨਾਲ ਮਿਲਦਾ ਹੈ ਜੋ ਕਿ ਪਿੰਡ ਪਿੱਥੋ ਦੇ ਚੌਧਰੀ ਸਨ। ਆਪ ਦੇ ਪਿਤਾ ਗੁਰਬਾਣੀ ਤੇ ਨਾਮ ਦੇ ਰਸੀਏ ਸਨ ਜਿੰਨਾਂ ਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਜ਼ੁਬਾਨੀ ਯਾਦ ਸੀ। ਆਪ ਦੇ ਪਿਤਾ ਜੀ ਨੇ ਆਪਣੇ ਜੀਵਨ ਵਿੱਚ ਤਿੰਨ ਵਾਰ ਗੁਰ ਗ੍ਰੰਥ ਸਾਹਿਬ ਦਾ ਅਖੰਡ ਪਾਠ ਇੱਕੋ ਚੌਂਕੜੀ ਵਿੱਚ ਕੀਤਾ। ਇੱਕ ਪਾਠ ਨਾਭਾ ਰਿਆਸਤ ਦੇ ਮਹਾਰਾਜਾ ਹੀਰਾ ਸਿੰਘ ਨੇ ਆਪ ਬੈਠ ਕੇ ਸੁਣਿਆਂ। ਸੋ ਅਜਿਹੇ ਗੁਰਬਾਣੀ ਰੰਗਤ ਵਾਲੇ ਮਹੌਲ  ਵਿੱਚ ਆਪ ਦੀ ਪ੍ਰਵਰਿਸ਼ ਹੋਈ।

ਵਿਆਹ ਤੇ ਨੌਕਰੀ- ਲਾਹੌਰ ਤੋਂ ਵਾਪਸ ਆਉਣ ਤੇ 24 ਸਾਲ ਦੀ ਉਮਰ ਵਿੱਚ ਆਪ ਦਾ ਵਿਆਹ ਪਹਿਲਾਂ ਪਿੰਡ ਧੂਰੇ ਰਿਆਸਤ ਪਟਿਆਲਾ ਵਿੱਚ ਅਤੇ ਦੂਜਾ ਵਿਆਹ ਮੁਕਤਸਰ ਕੀਤਾ ਗਿਆ।ਇਹਨਾਂ ਦੋਹਾਂ ਹੀ ਪਤਨੀਆਂ ਦੇ ਅਕਾਲ ਚਲਾਣੇ ਤੋਂ ਬਾਅਦ ਆਪ ਨੇ ਤੀਜਾ ਵਿਆਹ ਪਿੰਡ ਰਾਮਗੜ੍ਹ ਪਟਿਆਲਾ ਦੀ ਬੀਬੀ ਬਸੰਤ ਕੌਰ ਨਾਲ ਕਰਵਾਇਆ ਜਿਸ ਦੀ ਕੁੱਖੋਂ ਇੱਕ ਪੁੱਤਰ ਭਾਈ ਭਗਵੰਤ ਸਿੰਘ ਜਨਮ 1892 ਵਿੱਚ ਹੋਇਆ। ਮਾਹਾਰਾਜਾ ਹੀਰਾ ਸਿੰਘ ਨੇ ਆਪਦੀ ਪ੍ਰਤਿਭਾ ਨੂੰ ਪਛਾਣ ਕੇ ਆਪਣੇ ਕੋਲ ਨੌਕਰੀ ਤੇ ਰੱਖ ਲਿਆ। ਆਪ ਦੀ ਡਿਊਟੀ ਟਿੱਕਾ ਰਿਪੁਦਮਨ ਸਿੰਘ ਨੂੰ ਪੜਾਉਣ ਤੇ ਲਾਈ ਗਈ। 1893 ਵਿੱਚ ਮਹਾਰਾਜਾ ਨੇ ਆਪ ਨੂੰ ਆਪਣਾ ਪ੍ਰਾਈਵੇਟ ਸਕੱਤਰ ਬਣਾ ਲਿਆ। ਫਿਰ ਆਪ ਜੀ ਸਿਟੀ ਮੈਜਿਸਟਰੇਟ, ਨਹਿਰ ਨਾਜ਼ਮ ਤੇ ਨਾਜ਼ਮ (ਡਿਪਟੀ ਕਮਸ਼ਿਨਰ), ਮੀਰ-ਮੁਨਸ਼ੀ, ਫਾਰੇਨ ਮਨਿਸਟਰ, ਅਤੇ ਜੁਡੀਸ਼ੀਅਲ ਕੌਂਸਲ ਦੇ ਮੈਂਬਰ ਰਹੇ। ਨਾਭਾ ਰਿਆਸਤ ਅਤੇ ਅੰਗਰੇਜ਼ੀ ਰਾਜ ਵਿਚਕਾਰ ਚੱਲ ਰਹੇ ਦੋ ਮੁਕੱਦਮਿਆਂ ਦੀ ਪੈਰਵਾਈ ਕਰਨ ਲਈ ਆਪ ਤਿੰਨ ਵਾਰ ਵਕੀਲ ਬਣ ਕੇ ਵਲਾਇਤ ਵੀ ਗਏ। ਆਪ ਜੀ 1886 ਤੋਂ 1923 ਤੱਕ ਰਿਆਸਤ ਦੇ ਵੱਖ ਵੱਖ ਅਹੁਦਿਆਂ ਤੇ ਰਹੇ। ਆਪਣੇ ਲੇਖਣ ਕਾਰਜਾਂ ਲਈ ਸਵੈ ਇੱਛਾ ਨਾਲ  ਨੌਕਰੀ ਛੱਡ ਕੇ ਕਸ਼ਮੀਰ ਜਾ ਕੇ ਮਹਾਨ ਕੋਸ਼ ਲਿਖਣ ਲੱਗੇ। ਪਰ ਕੁਝ ਹੀ ਸਮੇਂ ਬਾਅਦ ਆਪਣੀਆਂ ਆਰਥਿਕ ਜ਼ਰੂਰਤਾਂ ਕਾਰਨ ਪਟਿਆਲਾ ਪਟਿਆਲਾ ਭੁਪਿੰਦਰ ਸਿੰਘ ਵੱਲੋਂ ਪੇਸ਼ ਪੁਲੀਟੀਕਲ ਏਜੰਸੀ ਦੀ ਵਕਾਲਤ ਦਾ ਅਹੁਦਾ ਸਵੀਕਾਰ ਕਰਕੇ ਫਿਰ ਤੋਂ ਪਟਿਆਲਾ ਆ ਗਏ। ਅਗਸਤ 1917 ਨੂੰ ਦੋਹਾਂ ਰਿਆਸਤਾਂ ਵਿੱਚ ਹੋਏ ਇੱਕ ਸਮਝੌਤੇ ਤਹਿਤ ਆਪ ਦੁਬਾਰਾ ਨਾਭਾ ਰਿਅਸਤ ਵਾਪਸ ਆ ਗਏ। ਭਾਈ ਸਾਹਿਬ ਨੂੰ ਆਪਣੇ ਰਚਨਾਤਮਿਕ ਕੰਮਾਂ ਲਈ ਮਸੂਰੀ ਵਿਖੇ ਇੱਕ ਕੋਠੀ ਰਿਆਸਤ ਨਾਭਾ ਵਲੋਂ ਖਰੀਦ ਕੇ ਦਿੱਤੀ ਗਈ।

ਪੰਥਕ ਕਾਰਜ- ਸਿੱਖ ਵਿਦਵਾਨਾਂ ਵਿੱਚੋਂ ਆਪ ਦਾ ਨਾਂ ਸਭ ਤੋਂ ਪਹਿਲੀ ਕਤਾਰ ਵਿੱਚ ਸ਼ਾਮਿਲ ਹੈ। ਜਿੰਨੀ ਵਡਿਆਈ ਆਪ ਦੀ ਰਿਆਸਤ ਦੇ ਅੰਦਰ ਸੀ ਉਸ ਤੋਂ ਵੀ ਕਿਤੇ ਵਧੇਰੇ ਸਿੱਖ ਜਗਤ ਅੰਦਰ ਸੀ। ਅੰਗਰੇਜ਼ੀ ਰਾਜ ਦੌਰਾਨ ਇੱਕ ਸਮਾਂ ਅਜਿਹਾ ਆਇਆ ਜਦੋਂ ਇਸਾਈ ਮਿਸ਼ਨਰੀਆਂ ਅਤੇ ਆਰੀਆ ਸਮਾਜ ਦੇ ਵਧ ਰਹੇ ਪ੍ਰਭਾਵ ਕਾਰਨ ਸਿੱਖ ਕੌਮ ਨਿਰਾਸ਼ਾ ਅਤੇ ਵਹਿਮ ਭਰਮ ਦੇ ਸਮੁੰਦਰ ਵਿੱਚ ਗੋਤੇ ਖਾਣ ਲੱਗੀ। ਕੌਮ ਨੂੰ ਮੁੜ ਤੋਂ ਨਵੀਂ ਦਿਸ਼ਾ ਦੇਣ ਲਈ ਸਿੰਘ ਸਭਾ ਲਹਿਰ ਦਾ ਜਨਮ ਹੋਇਆ। ਇਸ ਲਹਿਰ ਦੇ ਮੋਢੀ ਗਿਆਨੀ ਦਿੱਤ ਸਿੰਘ ਤੇ ਪ੍ਰੋ: ਗੁਰਮੁੱਖ ਸਿੰਘ ਆਦਿ ਸਨ। ਇਸੇ ਦੌਰਾਨ ਆਪ ਦਾ ਮੇਲ ਪ੍ਰੋ: ਗੁਰਮੁੱਖ ਸਿੰਘ ਜੀ ਨਾਲ ਹੋਇਆ ਜਿੰਨਾਂ ਤੋਂ ਆਪ ਨੂੰ ਗੁਰਮਤ ਦਾ ਕਰਨਾ ਪ੍ਰਚਾਰ ਕਰਨ ਲਈ ਪ੍ਰੁਰਿਆ। ਆਪ ਇਸ ਲਹਿਰ ਨਾਲ ਜੁੜ ਕੇ ਸਾਰੀ ਉਮਰ ਆਪਣੀ ਕਲਮ ਰਾਹੀਂ ਗੁਰਮਤਿ ਸਿਧਾਂਤਾਂ ਨੂੰ ਗੁਰੂ ਆਸ਼ੇ ਅਨੁਸਾਰ ਨਵੀਂ ਰੌਸ਼ਨੀ ਵਿੱਚ ਪੇਸ਼ ਕਰਦੇ ਰਹੇ। 1903 ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਦਾ ਪੱਕਾ ਪ੍ਰਬੰਧ ਕਰਨ ਲਈ 21 ਲੱਖ ਰੁਪਏ ਦਾ ਫੰਡ ਇਕੱਠਾ ਕਰਵਾਉਣ ਦਾ ਸਿਹਰਾ ਆਪ ਨੂੰ ਜਾਂਦਾ ਹੈ। 1905 ਵਿੱਚ ਦਰਬਾਰ ਸਾਹਿਬ ਦੀ ਪਰਿਕਰਮਾਂ ਵਿੱਚੋਂ ਬੁੱਤ ਪ੍ਰਸਤੀ ਬੰਦ ਕਰਨ ਲਈ ਚੱਲ ਰਹੇ ਵਿਵਾਦ ਤੇ ਅੰਮ੍ਰਿਤਸਰ ਦੇ ਡੀ.ਸੀ. ਮਿਸਟਰ ਕਿੰਗ ਨੇ ਆਪ ਦੀ ਰਾਇ ਪੁੱਛ ਕੇ ਬੁੱਤ ਪ੍ਰਸਤੀ ਬੰਦ ਕਰਨ ਦਾ ਹੁਕਮ ਦਿੱਤਾ ਸੀ। ਆਪ ਨੇ ਅੰਗਰੇਜ਼ ਲਿਖਾਰੀ ਮਿਸਟਰ ਮੈਕਸ ਆਰਥਰ ਮੈਕਾਲਫ਼ ਨੂੰ ਪ੍ਰੇਰਨਾ ਦੇ ਕੇ ਸਿੱਖ ਇਤਿਹਾਸ ਅਤੇ ਸਿੱਖ ਧਰਮ ਬਾਰੇ ਪੜਾਇਆ ਤੇ ਉਹਨਾਂ ਪਾਸੋਂ ‘ਸਿੱਖ ਰਿਲੀਜ਼ਨ’ ਨਾਂ ਦੀ ਪੁਸਤਕ ਲਿਖਵਾਈ।ਇਹ ਕਿਤਾਬ ਆਕਸਫੋਰਡ ਯੂਨੀਵਰਸਿਟੀ ਵੱਲੋਂ ਛਾਪੀ ਗਈ ਸੀ।ਚੀਫ਼ ਖਾਲਸਾ ਦਿਵਾਨ ਵੱਲੌਂ ਆਪ ਦੀਆਂ ਪੰਥਕ ਸੇਵਾਵਾਂ ਕਰਕੇ ਆਪ ਨੂੰ 21 ਵੀਂ ਸਿੱਖ ਐਜੂਕੇਸ਼ਨਲ ਕਾਨਫਰੰਸ ਦਾ ਪ੍ਰਧਾਨ ਥਾਪਿਆ ਗਿਆ। 1930ਵਿੱਚ ਗੁ: ਮਾਲ ਟੇਕੜੀ ਸਾਹਿਬ ਨਾਂਦੇੜ ਤੇ ਉੱਥੋਂ ਦੇ ਕੁਝ ਮੁਸਲਮਾਨ ਆਪਣਾ ਕਬਜਾ ਜਮਾਉਣ ਲੱਗੇ ਕਿ ਇਹ ਸਥਾਨ ਉਹਨਾਂ ਦਾ ਕਦੀਮੀ ਕਬਰਸਤਾਨ ਹੈ। ਇਸ ਸਬੰਧੀ ਚੱਲੇ ਕੇਸ ਵਿਚ ਆਪ ਚੀਫ਼ ਖਾਲਸਾ ਦੀਵਾਨ ਵੱਲੋਂ ਪੇਸ਼ ਹੋਏ ਅਤੇ ਇਤਿਹਾਸਕ ਹਵਾਲਿਆਂ ਨਾਲ ਐਸਾ ਮਜ਼ਬੂਤ ਪੱਖ ਅਦਾਲਤ ਵਿੱਚ ਰੱਖਿਆ ਕਿ ਫੈਸਲਾ ਸਿੱਖ ਕੌਮ ਦੇ ਹੱਕ ਵਿੱਚ ਆਇਆ। ਆਪ ਨੇ ਸਿੱਖ ਸਮਾਜ ਦੀ ਧਾਰਮਿਕ, ਸਮਾਜਿਕ ਤੇ ਵਿਦਿੱਅਕ ਖੇਤਰ ਵਿੱਚ ਬਿਹਤਰੀ ਲਈ ਬਹੁਤ ਸਾਰੇ ਕਾਰਜਾਂ ਵਿੱਚ ਯੋਗਦਾਨ ਪਾਇਆ।

ਰਚਨਾ ਸੰਸਾਰ- ਆਪ ਦਾ ਸਭ ਤੋਂ ਵੱਡਾ ਕਾਰਜ ‘ਗੁਰਸ਼ਬਦ ਰਤਨਾਕਰ ਮਹਾਨ ਕੋਸ਼’ ਹੈ, ਜੋ ਆਪ ਨੇ 1912 ਤੋਂ 1926 ਤੱਕ 14 ਸਾਲਾਂ ਦੀ ਕਠਿਨ ਮਿਹਨਤ ਨਾਲ ਤਿਆਰ ਕੀਤਾ।ਇਹ ਗ੍ਰੰਥ  ਵਿੱਚ ਸੰਪੂਰਨ ਹੋਇਆ ਅਤੇ 1930 ਵਿੱਚ ਦਰਬਾਰ ਪਟਿਆਲਾ ਵੱਲੋਂ ਛਪਵਾਇਆ ਗਿਆ। ਇੱਥੇ ਜ਼ਿਕਰਯੋਗ ਹੈ ਕਿ ਨਾਗਰੀ ਪ੍ਰਚਾਰਣੀ ਸਭਾ ਬਨਾਰਸ ਵਲੋਂ ਦਰਜਨਾਂ ਵਿਦਵਾਨ ਇਕੱਠੇ ਕਰਕੇ ‘ਹਿੰਦੀ ਸ਼ਬਦ ਸਾਗਰ’ ਲਿਖਵਾਇਆ ਗਿਆ ਸੀ ਪਰ ਭਾਈ ਸਾਹਿਬ ਨੇ ਇੱਕਲਿਆਂ ਹੀ ਏਨਾ ਵੱਡਾ ਕਾਰਜ ਕੀਤਾ। ਆਪ ਨੇ 30 ਦੇ ਕਰੀਬ ਵਡਮੁੱਲੀਆਂ ਕਿਤਾਬਾਂ ਦੀ ਰਚਨਾ ਕੀਤੀ ਹੈ। ਆਪ ਦੀਆਂ ਅਰੰਭਿਕ ਰਚਨਾਵਾਂ ਉੱਤੇ ਬ੍ਰਜ ਅਤੇ ਦੇਵਨਾਗਰੀ ਭਾਸ਼ਾ ਦਾ ਅਸਰ ਦਿਖਾਈ ਦਿੰਦਾ ਹੈ। ਇਹ ਕਿਤਾਬਾਂ ਹਨ ‘ਰਾਜ ਧਰਮ’, ‘ਟੀਕਾ ਜੈਮਨੀ ਅਸ਼ਵਮੇਧ’, ‘ਨਾਟਕ ਭਾਵਅਰਥ ਦੀਪਕਾ’, ‘ਟੀਕਾ ਵਿਸ਼ਨੂੰ ਪੁਰਾਣ’, ‘ਬਿਜੈ ਸਵਾਮ ਧਰਮ’। ਸਿੰਘ ਸਭਾ ਲਹਿਰ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਆਪ ਦੀ ਕਲਮ ਦਾ ਨਵਾਂ ਦੌਰ ਸ਼ੁਰੂ ਹੁੰਦਾ ਹੈ।ਜਿਸ ਵਿੱਚ ‘ਰਾਜ ਧਰਮ’, ‘ਹਮ ਹਿੰਦੂ ਨਹੀਂ, ‘ਗੁਰਮਤ ਪ੍ਰਭਾਕਰ’, ‘ਗੁਰਮਤ ਸੁਧਾਕਰ’, ‘ਗੁਰਛੰਦ ਦਿਵਾਕਰ’,  ’ਗੁਰਸ਼ਬਦ ਅਲੰਕਾਰ’, ‘ਗੁਰ ਗਿਰਾ ਕਸੌਟੀ’, ‘ਰੂਪ ਦੀਪ ਪਿੰਗਲ’, ‘ਸਦ ਪ੍ਰਮਾਰਥ’, ਆਦਿ ਪ੍ਰਮੁੱਖ ਹਨ।ਹੋਰ ਰਚਨਾਵਾਂ ਵਿੱਚ ‘ਗੁਰ ਮਹਿਮਾ ਰਤਨਾਵਲੀ’, ‘ਪਹਾੜ ਯਾਤਰਾ’, ‘ਵਲਾਇਤ ਯਾਤਰਾ’, ‘ਸ਼ਰਾਬ ਨਿਸ਼ੇਧ’, ‘ਚੰਡੀ ਦੀ ਵਾਰ (ਸਟੀਕ), ‘ਨਾਮ ਮਾਲਾ ਕੋਸ਼’,'ਅਨੇਕਾਰਥ ਕੋਸ਼’ ਸ਼ਾਮਿਲ ਹਨ। ਉਮਰ ਦੇ ਆਖਰੀ ਪੜਾਅ ਤੇ ਆਪ ਨੇ ‘ਗੁਰਸ਼ਬਦ ਰਤਨਾਕਰ ਮਹਾਨ ਕੋਸ਼’ ਦੀ ਦੁਬਾਰਾ ਸੁਧਾਈ ਕੀਤੀ ਅਤੇ ਕੁਝ ਹੋਰ ਸ਼ਬਦਾਂ ਦਾ ਵਾਧਾ ਕੀਤਾ।

ਅਕਾਲ ਚਲਾਣਾ- ਅਖੀਰ 23 ਨਵੰਬਰ 1938 ਨੂੰ 77 ਸਾਲ ਦੀ ਉਮਰ ਭੋਗ ਕੇ ਬਿਨਾਂ ਕਿਸੇ ਬਿਮਾਰੀ ਦੇ ਅਚਨਚੇਤ ਹੀ ਇਸ ਸੰਸਾਰ ਤੋਂ ਚਲਾਣੇ ਕਰ ਗਏ। ਆਪ ਜੀ ਦੀ ਵਿਦਵਤਾ ਅਤੇ ਸਰਬਪੱਖੀ ਸਖਸ਼ੀਅਤ ਦਾ ਹੀ ਪ੍ਰਭਾਵ ਸੀ ਕਿ ਆਪ ਨੂੰ ਸਿੱਖ ਪੰਥ ਵਿੱਚ ‘ਭਾਈ ਸਾਹਿਬ’ ਜਾਂ ‘ਪੰਥ ਰਤਨ’ ਦਾ ਨਾਂ ਨਾਲ ਯਾਦ ਕੀਤਾ ਜਾਂਦਾ ਹੈ ਤੇ ਇਹ ਸਤਿਕਾਰ ਉਹਨਾਂ ਦੀਆਂ ਅਮਰ ਰਚਨਾਵਾਂ ਕਰਕੇ ਹਮੇਸ਼ਾ ਕਾਇਮ ਰਹੇਗਾ। ਆਪ ਜੀ ਅਜਿਹੇ ਇਤਿਹਾਸਕਾਰ ਸਨ ਜਿੰਨ੍ਹਾਂ ਦੇ ਜੀਵਨ ਅਤੇ ਸਖਸ਼ੀਅਤ ਬਾਰੇ ਸਭ ਤੋਂ ਵੱਧ ਲਿਖਿਆ ਗਿਆ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>