ਜੀ. ਕੇ. ਤੇ ਸਿਰਸਾ ਨੇ ਕੀਤਾ ਕੜਾਹ ਪ੍ਰਸ਼ਾਦਿ ਲਈ ਖਰੀਦੇ ਦੇਸੀ ਘਿਉ ਵਿਚ ਵੱਡਾ ਘੋਟਾਲਾ –ਸਰਨਾ

ਨਵੀਂ ਦਿੱਲੀ – ਸ਼ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ, ਪਰਮਜੀਤ ਸਿੰਘ ਸਰਨਾ ਨੇ ਅੱਜ ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦਸਿਆ ਕਿ ਮਨਜੀਤ ਸਿੰਘ ਜੀ. ਕੇ. ਤੇ ਮਨਜਿੰਦਰ ਸਿੰਘ ਸਿਰਸਾ ਨੇ  ਕੜਾਹ ਪ੍ਰਸ਼ਾਦਿ ਲਈ ਖਰੀਦੇ ਦੇਸੀ ਘਿਉ ਵਿਚ ਵੱਡਾ ਘੋਟਾਲਾ ਕਰਕੇ ਗੋਲਕ ਦੀ ਲੁੱਟ ਦੇ ਨਾਲ -ਨਾਲ ਸੰਗਤਾਂ ਦੀ ਸਿਹਤ ਨੂੰ ਵੀ ਦਾਅ ਤੇ ਲਾ ਦਿੱਤਾ ਹੈ। ਉਨ੍ਹਾਂ ਨੇ ਦਸਿਆ ਕਿ  ਦਿੱਲੀ ਕਮੇਟੀ ਵਿਚ ਜੂਨ 2017 ਤੋਂ ਨਵੰਬਰ-2017 ਤੱਕ ਦੇਸੀ ਘਿਉ ਖਰੀਦਣ ਲਈ ਜੀ. ਕੇ. ਤੇ ਸਿਰਸਾ ਨੇ ਜੋ ਕੰਪਨੀਆਂ ਚੁਣੀਆਂ ਉਨ੍ਹਾਂ ਵਿਚ ਇਕ ਭਾਰਤ ਆਰਗੈਨਿਕ ਐਂਡ ਡੇਰੀ ਪ੍ਰੋਡਕਟਸ, 1882, ਐਚ. ਐਸ. ਆਈ. ਆਈ. ਡੀ. ਸੀ. ਇੰਡਸਟਰੀਅਲ ਇਸਟੇਟ, ਰਾਈ, ਸੋਨੀਪਤ,  ਹਰਿਆਣਾ  ਜਿਸਨੇ ਰੁਪਏ 5630/- ਪ੍ਰਤੀ ਟੀਨ ਅਤੇ ਦੂਸਰੀ ਕੰਪਨੀ ਸਮ੍ਰਿਤੀ ਪ੍ਰੋਡਕਟਸ, ਡੀ-218-ਏ, ਵਿਵੇਕ ਵਿਹਾਰ, ਨਵੀਂ ਦਿਲੀ110095 ਨੇ ਰੁਪਏ 5400/- ਪ੍ਰਤੀ ਟੀਨ ਦੀ ਕੋਟੇਸ਼ਨ ਦਿਤੀ ਸੀ।
ਸ. ਸਰਨਾ ਨੇ ਕਿਹਾ ਕਿ ਦਿੱਲੀ ਕਮੇਟੀ ਦੇ ਪਬਲਿਕ ਇਨਫਾਰਮੇਸ਼ਨ ਅਫਸਰ ਵਲੋਂ ਆਰ. ਟੀ. ਆਈ. ਵਿਚ ਮੰਗੀ ਜਾਣਕਾਰੀ ਦੇ ਉੱਤਰ ‘ਚ ਦਿੱਤੇ ਦਸਤਾਵੇਜ਼ਾਂ ਨੇ ਜੀ. ਕੇ. ਤੇ ਸਿਰਸਾ ਦਵਾਰਾ ਕੜਾਹ ਪ੍ਰਸ਼ਾਦਿ ਲਈ ਖਰੀਦੇ ਦੇਸੀ ਘਿਉ  ਦੇ ਘੁਟਾਲੇ ਦੀ ਪੋਲ ਖੋਲੀ ਹੈ। ਦਸਤਾਵੇਜਾਂ ਵਿਚ ਕਮੇਟੀ ਦੇ ਮੀਤ ਮੈਨੇਜਰ ਪ੍ਰਚੇਜ਼ ਦੀ ਚਿੱਠੀ ਜੋ ਉਸਨੇ ਕਮੇਟੀ ਦੇ ਜਨਰਲ ਮੈਨੇਜਰ ਨੂੰ ਮੁਖਾਤਬ ਕੀਤੀ ਹੈ ਵਿਚ ਵੱਧ ਰੇਟ ਤੇ ਖਰੀਦੇ ਦੇਸੀ ਘਿਉ ਦਾ ਖੁਲਾਸਾ ਹੈ  ਤੇ ਉਸਤੋਂ ਬਾਅਦ ਕੀਤੀ ਗਈ ਪੜਤਾਲ ਨੇ ਜੀ. ਕੇ. ਤੇ ਸਿਰਸਾ ਦੇ ਗੋਲਕ ਲੁੱਟ ਨੂੰ ਸਾਬਤ ਕੀਤਾ ।

ਸ. ਸਰਨਾ ਨੇ ਦੱਸਿਆ ਕਿ ਜੀ. ਕੇ. ਤੇ ਸਿਰਸਾ ਨੇ 5400/- ਪ੍ਰਤੀ ਟੀਨ ਵਾਲੀ ਕੰਪਨੀ  ਦੀ ਥਾਂ 5630/- ਪ੍ਰਤੀ ਟੀਨ ਵਾਲੀ ਕੰਪਨੀ ਤੋਂ 4500 ਟੀਨ ਘਿਉ ਖਰੀਦਿਆ ਜਦਕਿ 5400/- ਪ੍ਰਤੀ ਟੀਨ ਦੀ ਕੋਟੇਸ਼ਨ ਮੌਜ਼ੂਦ ਸੀ। ਇਸਤੋਂ ਵਧਕੇ ਜਿਸ  ਕੰਪਨੀਆਂ ਭਾਰਤ ਆਰਗੈਨਿਕ ਐਂਡ ਡੇਰੀ ਪ੍ਰੋਡਕਟਸ, 1882, ਐਚ. ਐਸ. ਆਈ. ਆਈ. ਡੀ. ਸੀ. ਇੰਡਸਟਰੀਅਲ ਇਸਟੇਟ, ਰਾਈ, ਸੋਨੀਪਤ,  ਹਰਿਆਣਾ  ਤੋਂ ਵੱਧ ਰੇਟ ਤੇ ਘਿਉ ਦੀ ਖਰੀਦ ਕੀਤੀ ਗਈ ਹੈ ਉਹ ਕੰਪਨੀ ਇਸ ਪੱਤੇ ਤੇ ਮੌਜ਼ੂਦ ਨਹੀਂ ਹੈ ਤੇ ਨਾ ਹੀ ਇਸ ਪੱਤੇ ਤੇ ਕੋਈ ਦੇਸੀ ਘਿਉ ਦੀ ਫੈਕਟਰੀ ਜਾ ਉਸਦਾ ਦਫਤਰ ਹੀ ਹੈ ਬਲਕਿ ਉਥੇ ਕਿਸੇ ਅਵਿਨਾਸ਼ ਅੱਗਰਵਾਲ ਨਾਂਅ ਦੇ ਐਡਵੋਕੇਟ ਕਾ ਬੋਰਡ ਲਗਾ ਹੋਇਆ ਹੈ  ਤੇ ਦੂਸਰੀ ਕੰਪਨੀ ਸਮ੍ਰਿਤੀ ਪ੍ਰੋਡਕਟਸ, ਡੀ-218-ਏ, ਵਿਵੇਕ ਵਿਹਾਰ, ਨਵੀਂ ਦਿਲੀ110095 ਦੇ ਪੱਤੇ ਤੇ ਫੈਕਟਰੀ ਜਾ ਦਫਤਰ ਨਹੀਂ ਬਲਕਿ ਇਕ ਕੋਠੀ ਹੈ ਜੋਕਿ ਇਸ ਗੱਲ ਦਾ ਪ੍ਰਮਾਣ ਹੈ ਕਿ ਜੀ. ਕੇ. ਤੇ ਸਿਰਸਾ ਨੇ ਗੁਰੂ ਦੀ ਗੋਲਕ ਵਿਚ ਵੱਡੀ ਸੰਨ ਤਾਂ ਲਈ ਹੀ ਹੈ ਆਪਣੇ ਨਿਜ  ਲਾਲਚ ਦੀ ਪੂਰਤੀ ਲਈ ਸੰਗਤਾਂ ਦੀ ਸਿਹਤ ਵੀ ਦਾਅ ਤੇ ਲਾ ਦਿੱਤੀ ਹੈ।

ਸ. ਸਰਨਾ ਕਿਹਾ ਕਿ ਜੀ. ਕੇ. ਤੇ ਸਿਰਸਾ ਦਵਾਰਾ ਟੈਂਟਾਂ ਵਾਲਿਆਂ  ਤੇ  ਔਡੀਟੋਰਾਂ ਦੇ ਵੱਧ ਬਿਲ ਬਣਾ ਕੇ ਆਪਣੇ ਹਿਸੇ – ਪੱਤੀ ਰੱਖਣ, ਫਰਜ਼ੀ ਨਾਵਾਂ ਤੇ ਸਹਾਇਤਾ ਦੇ ਕੇ ਆਪਣੀਆਂ ਜੇਬਾਂ ਭਰਨ ਦੇ ਘੋਟਾਲੇ ਤਾਂ ਸਬੂਤਾਂ ਸਾਹਿਤ ਅਸੀਂ ਕਈ ਵਾਰ ਸੰਗਤਾਂ ਸਾਹਮਣੇ ਰਖੇ ਹਨ ਪ੍ਰੰਤੂ ਗੁਰੂ ਮਹਾਰਾਜ ਦੇ ਪਾਵਨ ਕੜਾਹ ਪ੍ਰਸ਼ਾਦਿ ਲਈ ਘਿਉ ਦੀ ਖਰੀਦ ਵਿਚ ਵੀ ਇਹ ਆਪਣਾ ਕਮਿਸ਼ਨ ਰੱਖਣ ਤਕ ਗਿਰ ਜਾਣਗੇ ਅਜਿਹਾ ਕੋਈ ਸਿੱਖ ਸੋਚ  ਵੀ ਨਹੀਂ ਸੀ ਸਕਦਾ ਜੋ ਕਾਰਨਾਮਾ ਇਹਨਾਂ ਨੇ ਕਰ ਦਿਖਾਇਆ ਹੈ।
ਸ. ਸਰਨਾ ਨੇ ਕਿਹਾ ਕਿ ਬਾਦਲ ਦਲੀਆਂ ਦੇ ਮੌਜ਼ੂਦਾ ਸਮੇ ‘ਚ ਗੁਰੂ ਦੀ ਗੋਲਕ ਦੀ ਲੁੱਟ ਇਸ ਪੱਦਰ ਤੇ ਪਹੁੰਚ ਚੁੱਕੀ ਹੈ ਕਿ ਕਮੇਟੀ ਦੇ ਮੁਲਾਜ਼ਮਾਂ ਨੂੰ ਤਨਖਾ ਵੀ ਸਮੇਂ ਸਿਰ ਨਹੀਂ ਮਿਲ ਰਹੀ, ਪਰੰਤੂ ਇਹਨਾਂ ਦੇ  ਜ਼ੁਲਮ ਤੇ ਜ਼ਬਰ ਤੋਂ ਡਰਦੇ ਉਹ ਆਪਣਾ ਮੂੰਹ ਨਹੀਂ ਖੋਲਦੇ।

ਸ. ਸਰਨਾ ਨੇ ਕਿਹਾ ਕਿ ਹੁਣ ਇਨ੍ਹਾਂ ਦੋਹਾਂ ਜੀ. ਕੇ. ਤੇ ਸਿਰਸਾ ਨੂੰ ਆਪਣੇ ਕੀਤੇ ਬਜ਼ਰ ਗੁਨਾਹ ਤੋਂ ਬਾਅਦ ਦਿੱਲੀ ਕਮੇਟੀ ਦੇ ਉਹਦੇ ਤੇ ਰਹਿਣ ਦਾ ਕੋਈ ਹਕ਼ ਨਹੀਂ ਹੈ ਤੇ ਇਨ੍ਹਾਂ ਨੂੰ ਤੁਰੰਤ ਆਪਣੇ ਇਸਤੀਫੇ ਦੇਕੇ ਕਮੇਟੀ ਤੋਂ ਲਾਂਭੇ  ਹੋ ਜਾਣਾ ਚਾਹੀਦਾ ਹੈ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>