ਸਿਆਣਪ, ਵਫ਼ਾਦਾਰੀ,ਸਮਾਜ ਸੇਵਾ ਅਤੇ ਸਫਲਤਾਵਾਂ ਦਾ ਮੁਜੱਸਮਾ ਏਅਰ ਚੀਫ਼ ਮਾਰਸ਼ਲ ਅਰਜਨ ਸਿੰਘ

ਭਾਰਤੀ ਹਵਾਈ ਫ਼ੌਜ ਦੇ ਪਹਿਲੇ ਅਤੇ ਆਖ਼ਰੀ ਮਾਰਸ਼ਲ ਏਅਰ ਚੀਫ਼ ਮਾਰਸ਼ਲ ਅਰਜਨ ਸਿੰਘ 98 ਸਾਲ ਦੀ ਉਮਰ ਵਿਚ 16 ਸਤੰਬਰ 2017 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਨੂੰ ਆਰਮੀ ਦੇ ਰੀਸਰਚ ਐਂਡ ਰੈਫਰਲ ਹਸਪਤਾਲ ਵਿਚ ਦਿਲ ਦਾ ਦੌਰਾ ਪੈਣ ਤੋਂ ਬਾਅਦ ਸਨਿਚਰਵਾਰ ਸਵੇਰੇ ਹੀ ਦਾਖ਼ਲ ਕਰਵਾਇਆ ਗਿਆ ਸੀ। ਏਅਰ ਮਾਰਸ਼ਲ ਅਰਜਨ ਸਿੰਘ ਦੀਆਂ ਬਿਹਤਰੀਨ ਸੇਵਾਵਾਂ ਕਰਕੇ ਉਨ੍ਹਾਂ ਨੂੰ ਜਨਵਰੀ 2002 ਵਿਚ ਮਾਰਸ਼ਲ ਦਾ ਖ਼ਿਤਾਬ ਦਿੱਤਾ ਗਿਆ ਸੀ। ਪੰਜ ਸਟਾਰਾਂ ਵਾਲੇ ਹਵਾਈ ਫ਼ੌਜ ਦੇ ਇਕੋ ਇਕ ਅਧਿਕਾਰੀ ਸਨ। ਇਸ ਤੋਂ ਪਹਿਲਾਂ ਥਲ ਸੈਨਾ ਦੇ 2 ਅਧਿਕਾਰੀਆਂ ਕੇ.ਐਮ.ਕਰਿਆਪਾ ਅਤੇ ਜਨਰਲ ਸੈਮ.ਮਾਨਿਕਸ਼ਾਅ ਨੂੰ ਮਾਰਸ਼ਲ ਦਾ ਖ਼ਿਤਾਬ ਦਿੱਤਾ ਜਾ ਚੁੱਕਾ ਸੀ। ਭਾਵੇਂ ਰਸਮੀ ਤੌਰ ਤੇ ਏਅਰ ਮਾਰਸ਼ਲ ਅਰਜਨ ਸਿੰਘ 1969 ਵਿਚ ਸੇਵਾ ਮੁਕਤ ਹੋ ਚੁੱਕੇ ਸਨ ਪ੍ਰੰਤੂ ਮਾਰਸ਼ਲ ਦਾ ਰੁਤਬਾ ਮਿਲਣ ਕਰਕੇ ਉਹ ਹਵਾਈ ਫ਼ੌਜ ਵਿਚੋਂ ਆਖਰੀ ਦਮ ਤੱਕ ਸੇਵਾ ਮੁਕਤ ਨਹੀਂ ਹੋਏ।

ਇਨਸਾਨ ਦੀ ਕਾਬਲੀਅਤ, ਕਾਰਗੁਜ਼ਾਰੀ, ਯੋਗਤਾ ਅਤੇ ਦਿਆਨਤਦਾਰੀ ਉਸਦੇ ਵਿਅਕਤਿਤਵ ਦਾ ਪ੍ਰਗਟਾਵਾ ਕਰਦੀ ਹੈ। ਜਿਹੜਾ ਵਿਅਕਤੀ ਆਪਣੀ ਸਰਕਾਰੀ ਨੌਕਰੀ ਦੌਰਾਨ ਆਪਣੇ ਫਰਜਾਂ ਦੀ ਪੂਰਤੀ ਲਗਨ ਅਤੇ ਮਿਹਨਤ ਨਾਲ ਕਰਦਾ ਹੈ, ਖਾਸ ਤੌਰ ਤੇ ਦੇਸ਼ ਦੀਆਂ ਸਰਹੱਦਾਂ ਉਪਰ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਜਿਹੜਾ ਫ਼ੌਜੀ ਜਵਾਨ ਜਾਂ ਅਧਿਕਾਰੀ ਆਪਣੇ ਫਰਜਾਂ ਲਈ ਮਰ ਮਿਟਣ ਲਈ ਤਿਆਰ ਰਹਿੰਦਾ ਹੋਵੇ ਉਹ ਹਮੇਸ਼ਾ ਦੇਸ਼ ਦੀ ਜਨਤਾ ਵੱਲੋਂ ਸਤਿਕਾਰਿਆ ਜਾਂਦਾ ਰਹੇਗਾ। ਅਜਿਹਾ ਹੀ ਇੱਕ ਮਹਾਨ ਜਾਂਬਾਜ ਦੇਸ਼ ਭਗਤ ਏਅਰ ਮਾਰਸ਼ਲ ਅਰਜਨ ਸਿੰਘ ਸੀ, ਜਿਸਨੇ ਆਪਣੇ ਫਰਜ ਦਿਆਨਤਦਾਰੀ ਨਾਲ ਨਿਭਾਉਂਦਿਆਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕੀਤੀ ਸੀ। ਦੇਸ਼ ਪ੍ਰਤੀ ਉਸਦੀ ਸੰਜੀਦਗੀ ਇਸ ਗੱਲ ਤੋਂ ਵੀ ਸ਼ਪਸ਼ਟ ਹੁੰਦੀ ਹੈ ਕਿ ਉਹ 98 ਸਾਲ ਦੀ ਉਮਰ ਤੱਕ ਹਰ ਸਾਲ ਸ਼ਹੀਦ ਫ਼ੌਜੀਆਂ ਦੀ ਕੌਮੀ ਯਾਦਗਾਰ ਉਪਰ ਆ ਕੇ ਫੁਲ ਚੜ੍ਹਾਉਂਦਾ ਰਿਹਾ ਹੈ। ਆਮ ਤੌਰ ਤੇ ਸਾਬਕਾ ਫ਼ੌਜੀ ਸੇਵਾ ਮੁਕਤੀ ਤੋਂ ਬਾਅਦ ਸਿਵਲ ਵਰਦੀ ਵਿਚ ਰਹਿਣਾ ਪਸੰਦ ਕਰਦੇ ਹਨ ਪ੍ਰੰਤੂ ਏਅਰ ਮਾਰਸ਼ਲ ਅਰਜਨ ਸਿੰਘ ਹਮੇਸ਼ਾ ਸੈਰੀਮੋਨੀਅਲ ਸਮਾਗਮਾ ਉਪਰ ਪੂਰਾ ਸਜ ਧਜ ਕੇ ਆਪਣੀ ਵਰਦੀ ਵਿਚ ਪਹੁੰਚਦਾ ਰਿਹਾ ਹੈ। ਇਸ ਤੋਂ ਵੱਡਾ ਉਸਦੀ ਦੇਸ਼ ਪ੍ਰਤੀ ਬਚਨ ਵੱਧਤਾ ਦਾ ਸਬੂਤ ਹੋਰ ਕੋਈ ਹੋ ਨਹੀਂ ਸਕਦਾ।

ਸ੍ਰ. ਅਰਜਨ ਸਿੰਘ ਦਾ ਜਨਮ 15 ਅਪ੍ਰੈਲ 1919 ਫ਼ੌਜੀ ਔਲਖ ਪਰਿਵਾਰ ਵਿੱਚ ਲਾਇਲਪੁਰ ਜਿਲ੍ਹੇ ਦੇ ਕੋਹਾਲੀ ਪਿੰਡ ਵਿਚ ਪਿਤਾ ਕਿਸ਼ਨ ਸਿੰਘ ਅਤੇ ਮਾਤਾ ਕਰਤਾਰ ਕੌਰ ਦੇ ਘਰ ਹੋਇਆ। ਆਪ ਦੇ ਪਿਤਾ ਲਾਂਸ ਦਫ਼ੇਦਾਰ, ਦਾਦਾ ਰਿਸਾਲਦਾਰ ਮੇਜਰ ਹੁਕਮ ਸਿੰਘ ਅਤੇ ਪੜਦਾਦਾ ਨਾਇਬ ਰਿਸਾਲਦਾਰ ਸੁਲਤਾਨਾ ਸਿੰਘ ਸਨ ਜੋ ਅਫ਼ਗਾਨ ਜੰਗ ਵਿਚ ਸ਼ਹੀਦ ਹੋ ਗਏ ਸੀਨ। ਇਸ ਕਰਕੇ ਦੇਸ਼ ਭਗਤੀ ਆਪ ਵਿਚ ਕੁੱਟ ਕੁੱਟ ਕੇ ਭਰੀ ਹੋਈ ਸੀ। ਆਪਨੇ ਮੁੱਢਲੀ ਪੜ੍ਹਾਈ ਮਿੰਟਗੁਮਰੀ ਅਤੇ ਗੌਰਮਿੰਟ ਕਾਲਜ ਲਾਹੌਰ ਤੋਂ ਪ੍ਰਾਪਤ ਕੀਤੀ। ਉੱਚ ਪੜ੍ਹਾਈ ਲਈ ਆਪ ਇੰਗਲੈਂਡ ਚਲੇ ਗਏ ਅਤੇ ਉਥੇ ਆਰ.ਏ.ਐਫ ਕਾਲਜ ਕਰੇਵ ਵੈਲ ਵਿੱਚ ਦਾਖਲਾ ਲੈ ਲਿਆ। ਆਪਨੇ ਇਥੋਂ ਆਪਣੀ ਪੜ੍ਹਾਈ 1938 ਵਿੱਚ ਮੁਕੰਮਲ ਕੀਤੀ। ਇਸ ਤੋਂ ਬਾਅਦ ਆਪ 1938 ਵਿੱਚ ਹੀ ਫੌਜ ਵਿੱਚ ਪਾਇਲਟ ਦੀ ਟ੍ਰੇਨਿੰਗ ਲਈ ਚੁਣੇ ਗਏ ਤੇ ਕਾਲਜ ਦੀ ਉਚੇਰੀ ਪੜ੍ਹਾਈ ਵਿਚਕਾਰ ਹੀ ਛੱਡ ਦਿੱਤੀ। ਆਪ ਨੇ ਦੂਜੀ ਵਿਸ਼ਵ ਯੁਧ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਆਪ ਇੱਕ ਨਿਪੁੰਨ ਫਲਾਇੰਗ ਆਫੀਸਰ ਸਨ। ਆਪਨੇ 1939 ਵਿੱਚ ਕਮਿਸ਼ਨ ਪ੍ਰਾਪਤ ਕੀਤਾ। ਦੂਜੇ ਵਿਸ਼ਵ ਯੁਧ ਵਿੱਚ ਕਰਤਵ ਦਿਖਾਉਂਦੇ ਹੋਏ ਨਿੱਡਰ ਅਤੇ ਅਦੁਤੀ ਪਾਇਲਟ ਮੰਨੇ ਜਾਣ ਕਰਨ ਆਪ ਨੂੰ ਡੀ. ਐਸ.ਸੀ.ਅਰਥਾਤ ‘‘ਡਿੰਗੂਇਸ਼ਡ ਫਲਾਇੰਗ ਕਰਾਸ ’’ ਨਾਲ ਸਨਮਾਨਿਆ ਗਿਆ। ਆਪਨੇ 1945 ਵਿੱਚ ਵਿੰਗ ਕਮਾਂਡਰ ਬਣਕੇ ਇੰਗਲੈਂਡ ਵਿੱਚ ਬ੍ਰੇਕਨਲ ਦੇ ਸਟਾਫ ਕਾਲਜ ਵਿੱਚ ਕੋਰਸ ਕੀਤਾ। ਦੇਸ਼ ਦੀ ਆਜਾਦੀ ਤੋਂ ਬਾਅਦ 1947 ਵਿੱਚ ਤਰੱਕੀ ਉਪਰੰਤ ਗਰੁਪ ਕੈਪਟਨ ਬਣ ਗਏ ਤੇ ਲਗਾਤਾਰ 7 ਸਾਲ ਅਪ੍ਰੇਸ਼ਨ ਸੁਕਐਡ ਦੀ ਕਮਾਂਡ ਸੰਭਾਲੀ।

1948 ਵਿਚ ਉਨ੍ਹਾਂ ਦਾ ਵਿਆਹ ਤੇਜੀ ਨਾਲ ਹੋਇਆ। ਉਨ੍ਹਾਂ ਦਾ ਇੱਕ ਲੜਕਾ ਅਰਵਿੰਦ ਅਮਰੀਕਾ ਦੀ ਯੂਨੀਵਰਸਿਟੀ ਵਿਚ ਪ੍ਰੋਫੈਸਰ ਹੈ। ਇੱਕ ਲੜਕੀ ਦੀ 1999 ਵਿਚ ਮੌਤ ਹੋ ਗਈ ਸੀ। ਸਭ ਤੋਂ ਛੋਟੀ ਲੜਕੀ ਆਸ਼ਾ ਦਿੱਲੀ ਵਿਖੇ ਰਹਿੰਦੇ ਹਨ। ਉਨ੍ਹਾਂ ਦੀ ਪਤਨੀ ਤੇਜੀ ਅਰਜਨ ਸਿੰਘ ਦਾ 2011 ਵਿਚ ਦਿਹਾਂਤ ਹੋ ਗਿਆ ਸੀ। ਜੂਨ 1960 ਵਿੱਚ ਆਪ ਏਅਰ ਵਾਈਸ ਮਾਰਸ਼ਲ ਬਣ ਗਏ। ਏਅਰ ਫੋਰਸ ਵਿੱਚ ਨੌਕਰੀ ਦੌਰਾਨ ਆਪਨੇ 60 ਕਿਸਮਾਂ ਦੇ ਇੱਕ ਤੋਂ ਜਿਆਦਾ ਇੰਜਣਾਂ ਵਾਲੇ ਹਵਾਈ ਜਹਾਜ ਉਡਾਏ। 1962 ਦੀ ਹਿੰਦ ਚੀਨ ਜੰਗ ਦੌਰਾਨ ਖੁਦ ਫਰੰਟ ਤੇ ਮੁਆਇਨਾ ਕਰਦਿਆਂ ਉਡਾਣਾਂ ਵਿੱਚ ਹਿੱਸਾ ਲਿਆ ਅਤੇ ਫ਼ੌਜਾਂ ਦੀ ਅਗਵਾਈ ਕੀਤੀ। ਗਣਤੰਤਰ ਦਿਵਸ ਦੀਆਂ ਹੋਈਆਂ ਉਡਾਣਾ ਦੀ ਸਤ ਸਾਲ ਲਗਾਤਾਰ ਅਗਵਾਈ ਕਰਨ ਦਾ ਸਿਹਰਾ ਵੀ ਆਪਨੂੰ ਹੀ ਜਾਂਦਾ ਹੈ। ਆਪਨੂੰ 1 ਅਗਸਤ 1964 ਵਿੱਚ ਚੀਫ ਏਅਰ ਸਟਾਫ ਨਿਯੁਕਤ ਕੀਤਾ ਗਿਆ, ਇਸ ਅਹੁਦੇ ਤੇ ਆਪ 15 ਜੁਲਾਈ 1969 ਤੱਕ ਰਹੇ। 1965 ਦੀ ਭਾਰਤ ਪਾਕਿ ਜੰਗ ਦੌਰਾਨ ਆਪ ਨੇ ਹਵਾਈ ਫ਼ੌਜ ਨੂੰ ਸ਼ਾਨਦਾਰ ਅਗਵਾਈ ਕੀਤੀ ਜਿਸ ਕਰਕੇ ਅਖ਼ਨੂਰ ਹਲਕੇ ਵਿਚ ਪੇਸ਼ੇਵਰ ਢੰਗ ਦੀ ਕੁਸ਼ਲਤਾ ਕਰਕੇ ਪਾਕਿਸਤਾਨੀ ਫ਼ੌਜਾਂ ਦੇ ਛੱਕੇ ਛੁਡਾ ਦਿੱਤੇ। 44 ਸਾਲ ਦੀ ਭਰ ਜਵਾਨੀ ਵਿਚ ਹਵਾਈ ਸੈਨਾ ਦੀ ਕੁਸ਼ਲਤਾ ਨਾਲ ਅਗਵਾਈ ਕਰਕੇ ਭਾਰਤ ਦਾ ਨਾਮ ਰੌਸ਼ਨ ਕੀਤਾ। ਆਪਣੀ ਨੌਕਰੀ ਦੌਰਾਨ ਉਨ੍ਹਾਂ ਭਾਰਤ ਦੀ ਹਵਾਈ ਫ਼ੌਜ ਨੂੰ ਵਿਸ਼ਵ ਦੀ ਚੌਥੀ ਸਭ ਤੋਂ ਵੱਡੀ ਹਵਾਈ ਫ਼ੌਜ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ।

ਏਅਰ ਮਾਰਸ਼ਲ ਅਰਜਨ ਸਿੰਘ ਦਾ ਭਾਰਤ ਦੇ ਫ਼ੌਜੀ ਇਤਿਹਾਸ ਵਿਚ ਨਾਮ ਧਰੂ ਤਾਰੇ ਦੀ ਤਰ੍ਹਾਂ ਚਮਕਦਾ ਰਹੇਗਾ। ਜੰਗ ਵਿਚ ਉਨ੍ਹਾਂ ਦੀ ਦਲੇਰੀ, ਕਾਰਜਕੁਸ਼ਲਤਾ, ਬਹਾਦਰੀ ਦ੍ਰਿੜ੍ਹਤਾ ਅਤੇ ਫੁਰਤੀਲਾਪਣ ਪੇਸ਼ੇਵਰ ਮੁਹਾਰਤ ਪੈਦਾ ਕਰਨ ਵਿਚ ਮਹੱਤਵਪੂਰਨ ਯੋਗਦਾਨ ਰਿਹਾ ਹੈ। ਜੰਗੀ ਨਾਇਕ ਦੇ ਤੌਰ ਤੇ ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। ਭਾਰਤ ਸਰਕਾਰ ਨੇ ਆਪਨੂੰ 1965 ਵਿੱਚ ਵਧੀਆ ਸੇਵਾਵਾਂ ਬਦਲੇ ਦੇਸ਼ ਦਾ ਦੂਜੇ ਨੰਬਰ ਦਾ ਸਭ ਤੋਂ ਵੱਡਾ ਅਵਾਰਡ ਪਦਮ ਵਿਭੂਸ਼ਨ ਪ੍ਰਦਾਨ ਕੀਤਾ। ਅਪ 1971 ਵਿੱਚ ਜਦੋਂ ਭਾਰਤ ਪਾਕਿ ਯੁਧ ਲੱਗਿਆ ਤਾਂ ਆਪ ਭਾਰਤੀ ਹਵਾਈ ਸੈਨਾ ਦੇ ਏਅਰ ਚੀਫ ਮਾਰਸ਼ਲ ਸਨ ਅਤੇ ਏਅਰ ਮਾਰਸ਼ਲ ਦਾ ਰੈਂਕ ਸੀ। ਇਸ ਯੁਧ ਵਿੱਚ ਆਪ ਅਧੀਨ ਭਾਰਤੀ ਸੈਨਾ ਨੇ ਜੋ ਮੱਲਾਂ ਮਾਰੀਆਂ ਉਹ ਹੁਣ ਇਤਿਹਾਸ ਦਾ ਹਿੱਸਾ ਹਨ। ਆਪਨੇ ਭਾਰਤੀ ਸੈਨਾ ਤੇ ਨੇਵੀ ਨਾਲ ਮਿਲਕੇ ਬੰਗਲਾ ਦੇਸ਼ ਹੀ ਆਜਾਦ ਨਹੀਂ ਕਰਾਇਆ ਸਗੋਂ ਪਾਕਿਸਤਾਨ ਨੂੰ ਕਰਾਰੀ ਹਾਰ ਦਿੱਤੀ। ਇਸੇ ਕਰਕੇ ਆਪਨੂੰ ਭਾਰਤ ਦਾ ਪਹਿਲਾ ਚੀਫ ਮਾਰਸ਼ਲ  ਵੀ ਬਣਾਇਆ ਗਿਆ ਸੀ। ਆਪ ਇੱਕ ਚੰਗੇ ਅਫਸਰ ਦੇ ਨਾਲ ਨਾਲ ਚੰਗੇ ਖਿਡਾਰੀ ਵੀ ਸਨ। ਆਪ ਸਰਕਾਰੀ ਕਾਲਜ ਦੀ ਤੈਰਾਕੀ ਟੀਮ ਦੇ ਕੈਪਟਨ ਵੀ ਸਨ। ਆਪਨੂੰ 1971 ਵਿੱਚ ਭਾਰਤ ਦਾ ਸਵਿਟਰਲੈਂਡ ਵਿੱਚ ਅਮਬੈਸਡਰ ਲਗਾ ਦਿੱਤਾ ਗਿਆ ਸੀ। ਇਸਤੋਂ ਬਾਅਦ 1974 ਵਿੱਚ ਕੀਨੀਆਂ ਦਾ ਹਾਈ ਕਮਿਸ਼ਨਰ ਬਣਾ ਦਿੱਤਾ ਗਿਆ। ਫਿਰ ਆਪ 1975 ਤੋਂ 81 ਤੱਕ ਭਾਰਤ ਦੇ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਰਹੇ। ਇਸਤੋਂ ਬਾਅਦ 1989 ਵਿੱਚ ਆਪ ਨੂੰ ਦਿੱਲੀ ਦਾ ਲੈਫਟੀਨੈਂਟ ਗਵਰਨਰ ਬਣਾ ਦਿੱਤਾ ਗਿਆ, ਜਿਸ ਅਹੁਦੇ ਤੇ ਆਪ ਦਸੰਬਰ 1990 ਤੱਕ ਰਹੇ। 2002 ਵਿੱਚ ਆਪਨੂੰ ਭਾਰਤ ਸਰਕਾਰ ਨੇ 83 ਸਾਲ ਦੀ ਉਮਰ ਵਿੱਚ ਮਾਰਸ਼ਲ ਆਫ ਦਾ ਇੰਡੀਅਨ ਏਅਰ ਫੋਰਸ ਦੇ ਖਿਤਾਬ ਨਾਲ ਸਨਮਾਨਿਆਂ।

ਏਅਰ ਮਾਰਸ਼ਲ ਅਰਜਨ ਸਿੰਘ ਹਵਾਈ ਫ਼ੌਜ ਦੇ ਸਾਬਕਾ ਫ਼ੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਕਰਨ ਲਈ ਹਮੇਸ਼ਾ ਤਤਪਰ ਰਹਿੰਦੇ ਸਨ। ਇਸ ਲਈ ਉਨ੍ਹਾਂ ਆਪਣਾ ਦਿੱਲੀ ਨਜ਼ਦੀਕ ਖੇਤੀਬਾੜੀ ਫਾਰਮ ਵੇਚਕੇ ‘‘ ਦਾ ਮਾਰਸ਼ਲ ਆਫ਼ ਏਅਰ ਫੋਰਸ ਤੇ ਮਿਸਿਜ਼ ਅਰਜਨ ਸਿੰਘ ਟਰੱਸਟ’’ ਬਣਾਇਆ ਜਿਹੜਾ ਉਨ੍ਹਾਂ ਦੇ ਪਰਿਵਾਰਾਂ ਦੀ ਆਰਥਿਕ ਸਹਾਇਤਾ ਕਰਦਾ ਹੈ। ਇਸ ਤੋਂ ਇਲਾਵਾ 2 ਕਰੋੜ ਰੁਪਿਆ ਉਸ ਟਰੱਸਟ ਨੂੰ ਦਾਨ ਵੀ ਕੀਤਾ ਹੈ। ਏਅਰਫੋਰਸ ਦਾ ਮੁਖੀ ਉਸ ਟਰੱਸਟ ਦਾ ਚੇਅਰਮੈਨ ਰਹੇਗਾ। ਸਮਾਜ ਸੇਵਾ ਦੀ ਇਸ ਤੋਂ ਵੱਡੀ ਉਦਾਹਰਣ ਹੋਰ ਹੋ ਨਹੀਂ ਸਕਦੀ। ਪੰਜਾਬ ਸਰਕਾਰ ਨੇ ਉਨ੍ਹਾਂ ਦੇ ਸਤਿਕਾਰ ਵਜੋਂ ਤਿੰਨ ਦਿਨ ਦੇ ਸੋਗ ਦਾ ਐਲਾਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>