ਪੀ.ਏ.ਯੂ ਕਿਸਾਨ ਮੇਲੇ ਤੇ ਸਾਦੇ ਵਿਆਹ ਸਾਦੇ ਭੋਗ ਦੀ ਮੁਹਿੰਮ ਲਈ ਹਜ਼ਾਰਾਂ ਕਿਸਾਨਾਂ ਨੇ ਸਹੀ ਪਾਈ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਦੋ ਰੋਜਾ ਕਿਸਾਨ ਮੇਲੇ ਸਮੇਂ ਇਸ ਸਾਲ ਦੇ ਸੁਨੇਹੇ- ‘ਸਾਦੇ ਵਿਆਹ, ਸਾਦੇ ਭੋਗ- ਨਾ ਕਰਜ਼ਾ, ਨਾ ਚਿੰਤਾ ਰੋਗ‘ ਨੂੰ ਕਿਸਾਨਾਂ ਵਲੋਂ ਭਰਵਾਂ ਹੁੰਗਾਰਾਂ ਮਿਲਿਆ ਹੈ। ਇਸ ਮੌਕੇ ਤੇ ਯੂਨੀਵਰਸਿਟੀ ਦੇ ਖੇਤੀ ਪੱਤਰਕਾਰੀ, ਭਾਸ਼ਾਵਾਂ ਤੇ ਸਭਿਆਚਾਰ ਵਿਭਾਗ ਵਲੋਂ 72 ਪੰਨਿਆਂ ਦੀ ਇੱਕ ਪੁਸਤਕ ‘ਸਾਦੇ ਵਿਆਹ, ਸਾਦੇ ਭੋਗ‘ ਪੰਜਾਬ ਦੇ ਵਿਤ ਮੰਤਰੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੇ ਰਿਲੀਜ ਕੀਤੀ। ਇਸ ਵਿੱਚ 24 ਨਿੱਕੇ-ਨਿੱਕੇ ਲੇਖਾਂ ਰਾਹੀਂ ਸਾਦੇ ਵਿਆਹ ਕਰਨ ਦੇ ਢੰਗ ਦਸੇ ਗਏ ਹਨ ਅਤੇ ਵਿਖਾਵੇ ਤਿਆਗ ਕੇ ਸਾਦਗੀ ਭਰਿਆ ਜੀਵਨ ਜੀਉਣ ਦੀ ਪ੍ਰੇਰਣਾ ਕੀਤੀ ਗਈ ਹੈ।

ਡਾ. ਸਰਬਜੀਤ ਸਿੰਘ, ਪ੍ਰੋਫੈਸਰ ਪੱਤਰਕਾਰੀ ਨੇ ਦਸਿਆ ਕਿ 3000 ਤੋਂ ਵੱਧ ਕਿਸਾਨਾਂ ਨੇ ਵੱਡੇ-ਵੱਡੇ ਬੈਨਰਾਂ ਤੇ ਹਸਤਾਖਰ ਕੀਤੇ ਕਿ ਉਹ ਆਪਣੇ ਪਰਿਵਾਰਾਂ ਵਿੱਚ ਸਾਦੇ ਵਿਆਹ ਦੀ ਰੀਤ ਚਲਾਉਣਗੇ ਨਾਲ ਹੀ ਆਪੋ-ਆਪਣੇ ਪਿੰਡਾਂ ਵਿੱਚ ਵੀ ਇਸ ਲਹਿਰ ਨੂੰ ਪ੍ਰਚੰਡ ਕਰਨਗੇ। ਇਸ ਮੌਕੇ ਤੇ 35 ਸਾਲ ਦੀ ਉਮਰ ਤੋਂ ਘੱਟ ਪੇਂਡੂ ਨੌਜਵਾਨਾਂ ਨੂੰ ਕਿਸਾਨ ਖੁਦਕੁਸ਼ੀਆਂ ਰੋਕਣ ਵਿੱਚ ਸਹਿਯੋਗ ਦੇਣ ਲਈ ਵਲੰਟੀਅਰ ਬਣਨ ਲਈ ਫਾਰਮ ਭਰਵਾਏ ਗਏ। ਇੱਥੇ ਇਹ ਵਰਨਣ ਯੋਗ ਹੈ ਕਿ ਯੂਨੀਵਰਸਿਟੀ ਵਲੋਂ ਪੇਂਡੂ ਨੌਜਵਾਨਾਂ ਨੂੰ ਮਨੋਵਿਗਿਆਨਕ ਮੁੱਢਲੀ ਸਹਾਇਤਾ ਦੀ ਮੁਫਤ ਸਿਖਲਾਈ ਦਿੱਤੀ ਜਾ ਰਹੀ ਹੈ।

ਇਸ ਤੋਂ ਇਲਾਵਾ ਖੇਤੀ ਪੱਤਰਕਾਰੀ ਵਿਭਾਗ ਵਲੋਂ ਇਸ਼ਤਿਹਾਰ ਵੰਡੇ ਗਏ ਜਿਸ ਦਾ ਸੁਨੇਹਾ ਸੀ- ‘ਮੁਸਕਿਲਾਂ ਨਾਲ ਜੂਝਣਾ ਸਿਖੀਏ ਤੇ ਸਿਖਾਈਏ। ਖੁਦਕੁਸ਼ੀਆਂ ਰੋਕੀਏ, ਪੇਰਸ਼ਾਨੀਆਂ ਨਾਲ ਜੂਝੀਏ।‘ ਵਿਭਾਗ ਵਲੋਂ ਕਿਸਾਨਾਂ ਨੂੰ ਪ੍ਰੇਰਨਾ ਕੀਤੀ ਗਈ ਕਿ ਉਹ ਆਪਣੇ ਆਲੇ-ਦੁਆਲੇ ਕਰਜ਼ੇ, ਨਸ਼ੇ, ਘਰੇਲੂ ਲੜਾਈਆਂ ਤੋਂ ਪਰੇਸ਼ਾਨ ਕਿਸਾਨ ਪਰਿਵਾਰ ਦੀ ਸਾਰ ਲੇਣ। ਜੇ ਸੁੱਖ ਸਦਾ ਨਹੀਂ ਰਹਿੰਦਾ ਤਾਂ ਦੁੱਖ ਵੀ ਹਮੇਸ਼ਾ ਨਹੀਂ ਰਹਿਣਾ। ਦੁੱਖ ਵੇਲੇ ਆਪਣੇ ਸੁੱਖਾਂ ਦੇ ਪਲ ਯਾਦ ਕਰੀਏ। ਦੁੱਖਾਂ ਦੀ ਨਹੀਂ ਸਗੋਂ ਸੁੱਖਾਂ ਦੀ ਗਿਣਤੀ ਕਰੀਏ।

ਯੂਨੀਵਰਸਿਟੀ ਦੇ ਐਨ.ਐਸ.ਐਸ ਵਲੰਟੀਅਰਾਂ ਵਲੋਂ ਵੱਖ-ਵੱਖ ਨਾਅਰੇ ਖੁਬਸੂਰਤ ਰੂਪ ਨਾਲ ਸਾਰੇ ਕਿਸਾਨ ਮੇਲੇ ਵਿੱਚ ਲਗਾਏ ਗਏ ਸਨ ਜਿਵੇਂ ‘ਵਿਖਾਵੇ ਵਾਲੇ ਵਿਆਹ ਕਰਦੇ ਘਰ ਤਬਾਹ’, ‘ਵਿਆਹਾਂ ਸਮੇਂ ਵਿਖਾਵਾ ਦਿਨ ਚਾਰ ਦਾ ਕਰਜ਼ਾ ਤੇ ਪਛਤਾਵਾ ਭਰ ਉਮਰ ਦਾ’, ‘ਕਰਜ਼ੇ ਤੋਂ ਜੇ ਬਚ ਕੇ ਰਹਿਣਾ ਦਿਖਾਵਾ ਫਿਰ ਛੱਡਣਾ ਹੀ ਪੈਣਾ’, ‘ਚਾਦਰ ਵੇਖ ਕੇ ਪੈਰ ਪਸਾਰੋ ਲੋਕਾਂ ਦੀ ਰੀਸੇ ਆਪਣੇ ਘਰ ਨਾ ਉਜਾੜੋ’।

ਇਸ ਮੌਕੇ ਤੇ ਵਿਦਿਆਰਥੀਆਂ ਵਲੋਂ ਸਾਦੇ ਵਿਆਹ, ਸਾਦੇ ਭੋਗ ਸੰਬੰਧੀ ਇਕ ਭਰਵਾਂ ਮਾਰਚ ਵੀ ਕੱਢਿਆ ਗਿਆ ਜੋ ਕਿ ਕਿਸਾਨਾਂ ਦੀ ਖਿੱਚ ਦਾ ਕੇਂਦਰ ਬਣਿਆ। ਲੋਕ ਰੁਕ ਰੁਕ ਉਸਦੀ ਵੀਡੀਓ ਬਣਾਅ ਰਹੇ ਸਨ ਤੇ ਫੋਟੋਆਂ ਲੈ ਰਹੇ ਸਨ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ.ਬਲਦੇਵ ਸਿੰਘ ਢਿੱਲੋਂ ਨੇ ਇੱਕ ਉੱਦਮੀ ਕਿਸਾਨ ਸ. ਗੁਲਜ਼ਾਰ ਸਿੰਘ  ਨੂੰ ਇਸ ਮੁਹਿੰਮ ਦੀ ਚਰਚਾ ‘ਚ ਰਹੇ ਕਰਮੀ ਵਜੋਂ ਸਨਮਾਨਿਤ ਵੀ ਕੀਤਾ ਗਿਆ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>