ਤਿਹਾੜ ਜੇਲ ’ਚ ਬੰਦੀ ਸਿੰਘਾਂ ’ਤੇ ਹੋਏ ਕਾਤਿਲਾਨਾ ਹਮਲੇ ਦੀ ਜਾਂਚ ਸੀ.ਬੀ.ਆਈ. ਨੂੰ ਦੇਣ ਦੀ ਉਠੀ ਮੰਗ

ਨਵੀਂ ਦਿੱਲੀ : ਤਿਹਾੜ ਜੇਲ ’ਚ ਬੰਦੀ ਸਿੰਘਾਂ ’ਤੇ ਹੋਏ ਕਾਤਿਲਾਨਾ ਹਮਲੇ ਦੀ ਜਾਂਚ ਸੀ.ਬੀ.ਆਈ. ਨੂੰ ਦੇਣ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਕਾਲਤ ਕੀਤੀ ਹੈ। ਕਮੇਟੀ ਦੇ ਕਾਨੂੰਨੀ ਵਿਭਾਗ ਦੇ ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਬੁਲਾਰੇ ਜਸਵਿੰਦਰ ਸਿੰਘ ਜੌਲੀ ਨੇ ਉਕਤ ਘਟਨਾ ਨੂੰ ਮਨੁੱਖੀ ਅਧਿਕਾਰਾਂ ਅਤੇ ਜੇਲ ਦੇ ਨਿਯਮਾਂ ਦੀ ਉਲੰਘਣਾ ਕਰਾਰ ਦਿੱਤਾ ਹੈ।

ਮੀਡੀਆ ਨੂੰ ਜਾਰੀ ਬਿਆਨ ’ਚ ਜੌਲੀ ਨੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਇਸ ਮਸਲੇ ’ਤੇ ਸੀ.ਬੀ.ਆਈ. ਡਾਈਰੈਕਟਰ ਨੂੰ ਮਾਮਲੇ ਦੀ ਜਾਂਚ ਲਈ ਪੱਤਰ ਭੇਜਣ ਦੀ ਜਾਣਕਾਰੀ ਦਿੱਤੀ ਹੈ। ਜੇਲ ’ਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਅਤੇ ਦਇਆ ਸਿੰਘ ਲਾਹੌਰੀਆਂ ’ਤੇ ਹੋਏ ਹਮਲੇ ਨੂੰ ਮੰਦਭਾਗਾ ਦੱਸਦੇ ਹੋਏ ਜੌਲੀ ਨੇ ਪੁਲਿਸ ਤੱਸ਼ਦਦ ਦਾ ਸ਼ਿਕਾਰ ਜਿਆਦਾਤਰ ਘੱਟਗਿਣਤੀ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਕੈਦੀਆਂ ਦੇ ਹੋਣ ਦਾ ਖੁਲਾਸਾ ਕੀਤਾ ਹੈ।

ਜੌਲੀ ਨੇ ਕਿਹਾ ਕਿ ਅਦਾਲਤਾਂ ਵੱਲੋਂ ਅਪਰਾਧ ਕਰਨ ਵਾਲਿਆਂ ਤੋਂ ਸਮਾਜ ਨੂੰ ਬਚਾਉਣ ਲਈ ਉਨ੍ਹਾਂ ਨੂੰ ਜੇਲ ਭੇਜਿਆ ਜਾਂਦਾ ਹੈ ਪਰ ਮੌਜੂਦਾ ਘਟਨਾ ’ਚ ਕੈਦੀਆਂ ਨੂੰ ਹੀ ਜੇਲ ’ਚ ਸੁਰੱਖਿਆ ਨਹੀਂ ਮਿਲ ਪਾ ਰਹੀ ਹੈ। ਇਹ ਘਟਨਾ ਸਮਾਜ ਦੇ ’ਚ ਘੱਟਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਹੀਣ ਭਾਵਨਾ ਦਾ ਅਹਿਸਾਸ ਕਰਾਉਣ ਵੱਲ ਵੀ ਇਸ਼ਾਰਾ ਕਰਦੀ ਹੈ। ਇੱਕ ਪਾਸੇ ਜੇਲਾਂ ਨੂੰ ਸੁਧਾਰ ਗ੍ਰਹਿ ਕਿਹਾ ਜਾਂਦਾ ਹੈ ਪਰ ਸੁਧਾਰ ਗ੍ਰਹਿ ਦੇ ਕਥਿਤ ਕਰਿੰਦਿਆਂ ਨੂੰ ਹੀ ਇਹ ਸੁਧਾਰ ਗ੍ਰਹਿ ਦੀ ਬੈਰਕਾਂ ’ਚ ਰੱਖਣ ਦੀ ਲੋੜ ਜਾਪਦੀ ਹੈ ਕਿਉਂਕਿ ਜੇਲ ’ਚ ਰਹਿ ਰਹੇ ਕੈਦੀ ਇਸ ਤਰੀਕੇ ਨਾਲ ਸੁਧਰਣ ਦੀ ਬਜਾਏ ਸਿਸਟਮ ਦੇ ਖਿਲਾਫ਼ ਆਪਣੇ ਮਨ ’ਚ ਬਗਾਵਤ ਲੈ ਕੇ ਬਾਹਰ ਆਉਣਗੇ।

ਜੌਲੀ ਨੇ ਦੱਸਿਆ ਕਿ ਇੱਕ ਪਾਸੇ ਕਮੇਟੀ ਵੱਲੋਂ ਭਾਈ ਹਵਾਰਾ ਦੀ ਰੀੜ੍ਹ ਦੀ ਹੱਡੀ ’ਚ ਤਕਲੀਫ਼ ਹੋਣ ਕਰਕੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ, ਅਦਾਲਤ ਅਤੇ ਪ੍ਰਸ਼ਾਸਨ ਤਕ ਭਾਈ ਹਵਾਰਾ ਦੇ ਇਲਾਜ਼ ਲਈ ਕਾਨੂੰਨੀ ਚਾਰਾਜੋਈ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਇਲਾਜ ਦੇਣਾ ਤਾਂ ਦੂਰ ਸਿੱਖ ਬੰਦੀਆਂ ਨੂੰ ਜਾਣਬੁੱਝ ਕੇ ਜੇਲ ਪ੍ਰਸ਼ਾਸਨ ਵੱਲੋਂ ਸੀ.ਸੀ.ਟੀ.ਵੀ. ਕੈਮਰੇ ਬੰਦ ਕਰਕੇ ਕੁੱਟਿਆ ਜਾ ਰਿਹਾ ਹੈ।

ਜੌਲੀ ਨੇ ਹੈਰਾਨੀ ਜਤਾਈ ਕਿ ਬਿਨਾਂ ਕਿਸੇ ਕਸੂਰ ਦੇ ਕੁੱਟੇ ਗਏ ਸਿੱਖ ਬੰਦੀਆਂ ਨੂੰ ਇਲਾਜ਼ ਵੀ ਉਪਲਬੱਧ ਕਰਾਉਣ ਤੋਂ ਜੇਲ ਪ੍ਰਸ਼ਾਸਨ ਪਾਸਾ ਵੱਟ ਰਿਹਾ ਹੈ। ਇਸ ਸਬੰਧੀ ਦਿੱਲੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ ਨੂੰ ਧਿਆਨ ਦੇਣ ਦੀ ਅਪੀਲ ਕਰਦੇ ਹੋਏ ਜੌਲੀ ਨੇ ਦਿੱਲੀ ਦੇ ਜੇਲ ਮੰਤਰੀ ਨੂੰ ਇਸ ਸਬੰਧੀ ਖੁੱਦ ਅੱਗੇ ਆ ਕੇ ਦੋਸ਼ੀ ਜੇਲ ਪ੍ਰਸ਼ਾਸਨ ਖਿਲਾਫ਼ ਮੁਕੱਦਮਾ ਦਰਜ਼ ਕਰਾਉਣ ਦੀ ਨਸੀਹਤ ਦਿੱਤੀ। ਸਿੱਖ ਅਤੇ ਮੁਸਲਿਮ ਕੈਦੀਆਂ ਨਾਲ ਹੋਈ ਮਾਰ-ਕੁੱਟ ਨੂੰ ਜੌਲੀ ਨੇ ਦੇਸ਼ ਦੇ ਭਾਈਚਾਰੇ ਨੂੰ ਖਰਾਬ ਕਰਨ ਦੀ ਸ਼ਾਜਿਸ਼ ਵੀ ਦੱਸਿਆ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>