ਗੁਰੂਆਂ ਦੇ ਨਾਮ ‘ਤੇ ਵਸਦੇ ਪੰਜਾਬ ਦਾ ਸੁੱਚਾ ਮੋਤੀ ਸੀ ਅਫ਼ਜ਼ਲ ਅਹਿਸਨ ਰੰਧਾਵਾ

ਦਸੰਬਰ 2004 ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲੇ ਪੜ੍ਹਦਿਆ ਹੋਈ ਪੰਜਾਬੀ ਕਾਨਫਰੰਸ ਵਿਚ ਇਕ ਲੰਮ-ਸਲੰਮਾ, ਤਕੜੇ ਜੁੱਸੇ ਵਾਲਾ ਮਨੁੱਖ ਫਿਰਦਾ ਨਜ਼ਰੀ ਪਿਆ ਤਾਂ ਉਸ ਪ੍ਰਤੀ ਖਿੱਚ ਪਈ, ਜਦੋਂ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਉਸਦਾ ਨਾਮ ਅਫ਼ਜ਼ਲ ਅਹਿਸਨ ਰੰਧਾਵਾ ਹੈ ਅਤੇ ਵਿਛੋੜੇ ਗਏ ਪੰਜਾਬ ਦਾ ਕਵੀ ਹੈ ਤਾਂ ਮਨ ਵਿਚ ਇਕ ਹੂਕ ਆਈ ਕਿ ਇਹ ਤਾਂ ਉਹੀ ਹੈ ਜਿਸ ਵਲੋਂ ਸਾਡੇ ਦਰਦਾਂ ਦੀ ਸਹੀ ਤਰਜ਼ਮਾਨੀ ਕਰਦਿਆਂ ਇਕ ਕਵਿਤਾ ਲਿਖੀ ਗਈ ਹੈ ਅਤੇ ਕਵਿਤਾ ਦੇ ਕੁਝ ਯਾਦ ਬੋਲ ਆਪਣੇ ਆਪ ਬੁੱਲਾਂ ਉਪਰ ਆ ਗਏ ਕਿ

ਮੇਰਾ ਸ਼ੇਰ ਬਹਾਦਰ ਸੂਰਮਾ
ਜਰਨੈਲਾਂ ਦਾ ਜਰਨੈਲ
ਉਸ ਮੌਤ ਵਿਆਹੀ ਹੱਸ ਕੇ
ਓਹਦੇ ਦਿਲ ‘ਤੇ ਰਤਾ ਨਾ ਮੈਲ
… ਅੱਜ ਵੈਰੀਆਂ ਕੱਢ ਵਿਖਾਲਿਆ
ਹੈ ਪੰਜ ਸਦੀਆਂ ਦਾ ਵੈਰ।

ਉਸਨੂੰ ਮਿਲਣ ਦੀ ਸਿੱਕ ਹੋਰ ਵੱਧ ਗਈ ਅਤੇ ਨਾਲ ਹੀ ਅਜਿਹੀ ਅਜ਼ੀਮ ਸਖਸ਼ੀਅਤ ਦਾ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਸਤਿਕਾਰ ਕਰਨ ਦਾ ਪ੍ਰੋਗਰਾਮ ਬਣਾ ਲਿਆ।ਉਹਨਾਂ ਨਾਲ ਗੱਲਬਾਤ ਤੋਂ ਪਤਾ ਲੱਗਿਆ ਕਿ ਉਹ ਵਕੀਲ ਹਨ ਅਤੇ ਫੈਸਲਾਬਾਦ ਵਿਚ ਵਕਾਲਤ ਕਰਦੇ ਹਨ, ਉਹਨਾਂ ਦੱਸਿਆ ਕਿ ਓਸ ਕਵਿਤਾ ਦਾ ਨਾਮ “ਨਵਾਂ ਘੱਲੂਘਾਰਾ” ਹੈ ਅਤੇ ਇਹ ਉਹਨਾਂ ਨੇ 9 ਜੂਨ 1984 ਨੂੰ ਲਿਖੀ ਸੀ। ਅਸੀਂ ਉਸ ਕਵਿਤਾ ਨੂੰ ਪਹਿਲਾਂ “ਪੰਜ ਸਦੀਆਂ ਦਾ ਵੈਰ” ਨਾਮ ਨਾਲ ਜਾਣਦੇ ਸਾਂ। ਕਿੰਨੀਆਂ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਉਹਨਾਂ ਦਾ ਸਤਿਕਾਰ ਕਰਨ ਦੀ ਇਜ਼ਾਜ਼ਤ ਲਈ ਅਤੇ ਅਗਲੇ ਦਿਨ ਦੁਪਹਿਰ ਬਾਅਦ ਉਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪਹਿਚਾਣ ਗੁਰੂ ਗੋਬਿੰਦ ਸਿੰਘ ਭਵਨ ਵਿਚ ਉਹਨਾਂ ਨਾਲ ਵਿਚਾਰ ਤੇ ਉਹਨਾਂ ਦਾ ਸਤਿਕਾਰ ਕਰਨ ਦਾ ਪ੍ਰੋਗਰਾਮ ਬਣਾਇਆ। ਅਗਲੇ ਦਿਨ ਵਾਰਸ ਭਵਨ ਵਿਚ ਦੁਪਹਿਰ ਦਾ ਪਰਸ਼ਾਦਾ ਛਕਦਿਆਂ ਨੂੰ ਅਸੀਂ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਭਵਨ ਵਿਚ ਲਿਆਉਂਣ ਲਈ ਗਏ। ਉਹਨਾਂ ਨਾਲ ਚਲਦਿਆਂ ਉਹ ਮੈਨੂੰ ਕਦੇ ਆਪਣਾ ਤਾਇਆ ਜਾਂ ਮੇਰਾ ਦਾਦਾ ਲੱਗੇ ਅਤੇ ਲੰਮੇ-ਲੰਮੇ ਕਦਮੀਂ ਅਸੀਂ ਗੁਰੂ ਗੋਬਿੰਦ ਸਿੰਘ ਭਵਨ ਪੁੱਜ ਗਏ। ਸਭ ਉਹਨਾਂ ਦੇ ਸਤਿਕਾਰ ਵਿਚ ਉੱਠ ਖਲੋਤੇ। ਇਸ ਸਭ ਵਿਚ ਪੰਜਾਬ ਦੇ ਦਰਵੇਸ਼ ਕਵੀ ਪ੍ਰੋ. ਹਰਿੰਦਰ ਸਿੰਘ ਮਹਿਬੂਬ ਵੀ ਸਨ ਅਤੇ ਦੋਹਨਾਂ ਦੀ ਗਲਵੱਕੜੀ ਇੰਝ ਲੱਗੀ ਕਿ ਵਿਛੜੇ ਪੰਜਾਬਾਂ ਦਾ ਮੇਲ ਹੋ ਗਿਆ, ਸਾਰਾ ਮਹੌਲ ਗੰਭੀਰ ਤੇ ਅਨੰਦ ਦੀ ਅਵਸਥਾ ਵਿਚ ਚਲਾ ਗਿਆ ਸੀ। ਸਾਂਝੇ ਪੰਜਾਬ ਦੀਆਂ ਰਿਸ਼ਮਾਂ ਗੁਰੂ ਗੋਬਿੰਦ ਸਿੰਘ ਭਵਨ ਵਿਚੋਂ ਬਾਹਰ ਜਾ ਰਹੀਆਂ ਸਨ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਪ੍ਰੋ. ਪੂਰਨ ਸਿੰਘ ਦੇ ਬੋਲ ਕਿ “ਪੰਜਾਬ ਸਾਰਾ ਜੀਂਦਾ ਗੁਰਾਂ ਨੇ ਨਾਮ ‘ਤੇ” ਅੱਜ ਸੱਚ ਹੁੰਦੇ ਦਿਖਾਈ ਦੇ ਰਹੇ ਹਨ।

ਸਭ ਬੋਲੇ। ਮੈਂ ਬੋਲਿਆ। ਪ੍ਰੋ. ਹਰਿੰਦਰ ਸਿੰਘ ਮਹਿਬੂਬ ਬੋਲੇ। ਪ੍ਰੋ. ਹਰਪਾਲ ਸਿੰਘ ਪੰਨੂੰ ਬੋਲੇ। ਭਾਈ ਮਨਧੀਰ ਸਿੰਘ ਬੋਲੇ।ਭਾਈੂ ਸੁਰਿੰਦਰਪਾਲ ਸਿੰਘ ਠਰੂਆ, ਸ. ਹਰਜਿੰਦਰ ਸਿੰਘ ਮਾਂਗਟ, ਰਜਿਸਟਰਾਰ ਸ. ਪਰਮਬਖਸ਼ੀਸ਼ ਸਿੰਘ ਅਤੇ ਹੋਰ ਵੀ ਕਈ ਸਖਸ਼ੀਅਤਾਾਂ ਹਾਜ਼ਰ ਸਨ। ਸਭ ਦੀਆਂ ਨਜ਼ਰਾਂ ਉਸ ਖਾਸ ਮਹਿਮਾਨ ਵੱਲ ਸਨ ਕਿ ਉਹ ਕੀ ਬੋਲਣਗੇ? ਉਹ ਉੱਠੇ ਤੇ ਦਿਲ ਦੀਆਂ ਗਹਿਰਾਈਆਂ ਤੋਂ ਬੋਲੇ, ਆਪਸੀ ਸਾਂਝ ਦੀਆਂ ਗੱਲਾਂ, ਪੰਜਾਬ ਦੇ ਵਿਛੜਣ ਦਾ ਦਰਦ ਤੇ ਮੁੜ ਮਿਲਣ ਦੀ ਆਸ ਉਹਨਾਂ ਦੇ ਬੋਲਾਂ ਵਿਚ ਸੀ। ਫਿਰ ਉਹਨਾਂ ਆਪ ਹੀ ਕਿਹਾ ਕਿ ਜੇ ਤੁਸੀਂ ਇਜ਼ਾਜ਼ਤ ਦਿਓ ਤਾਂ ਮੈਂ ਉਹ ਕਵਿਤਾ ਪੜ੍ਹਾਂ ? ਮੇਰੇ ਸਮੇਤ ਸਭ ਦਿਲਾਂ ਵਿਚ ਇਕ ਝਣਝਣਾਹਟ ਉੱਠੀ ਤੇ ਸਭ ਨੇ ਸਰਬ ਸੰਮਤੀ ਨਾਲ ਹਾਮੀ ਭਰੀ ਜਿਵੇ ਹਰ ਕੋਈ ਪਹਿਲਾਂ ਹੀ ਇਸਦੀ ਤੜਫ ਰੱਖਦਾ ਸੀ।ਉਹਨਾਂ ਕਵਿਤਾ ਪੜ੍ਹਣੀ ਸ਼ੁਰੂ ਕੀਤੀ, ਸਭ ਸਰੋਤੇ ਜੂਨ 1984 ਵਿਚ ਪੁੱਜ ਗਏ, ਉਸ ਕੌਮੀ ਦਰਦ ਨੂੰ ਅੱਜ ਫਿਰ ਮਹਿਸੂਸ ਕੀਤਾ ਗਿਆ, ਸਭ ਅੱਖਾਂ ਨਮ ਸਨ, ਇਕ ਖਾਸ ਅਹਿਸਾਸ ਤੇ ਜਜਬਾਤ ਦਾ ਮਹੌਲ ਸੀ ਉਹ। ਉਹ ਕਵਿਤਾ ਪੜ੍ਹਦੇ-ਪੜ੍ਹਦੇ ਰੋ ਪਏ, ਸਭ ਰੋ ਪਏ। ਬੱਸ, ਉਹਨਾਂ ਹੁਣ ਆਖਰੀ ਬੋਲ ਬੋਲੇ ਕਿ

ਮੇਰਾ ਡੁੱਬਿਆ ਸੂਰਜ ਚੜ੍ਹੇਗਾ
ਓੜਕ ਮੁੱਕੇਗੀ ਇਹ ਰਾਤ।

ਕੈਸੀ ਕਵਿਤਾ ਸੀ ਇਹ। ਮੈਨੂੰ ਲੱਗਿਆ ਕਿ ਇਹ ਕਵਿਤਾ ਉਹਨਾਂ ਨੇ ਨਹੀਂ ਸੀ ਲਿਖੀ ਸਗੋਂ ਉਹਨਾਂ ਨੂੰ ਨਾਜ਼ਲ ਹੋਈ ਹੈ ਇਹ ਕਵਿਤਾ, ਬੱਸ! ਉਹਨਾਂ ਨੇ ਤਾਂ ਕਲਮ ਚਲਾਈ ਹੈ। ਇਹ ਇਕ ਮੁਕੰਮਲ ਕਵਿਤਾ ਸੀ, ਜੋ ਭੂਤ, ਵਰਤਮਾਨ ਤੇ ਭਵਿੱਖ ਨਾਲ ਓਤ-ਪੋਤ ਸੀ। ਕਵਿਤਾ ਕੇਵਲ ਜੂਨ 1984 ਦੇ ਫੌਜੀ ਹਮਲੇ ਪਿੱਛੇ ਅਸਲ ਕਾਰਨਾਂ, ਉਸ ਸਮੇਂ ਦੇ ਹਲਾਤਾਂ, ਸੰਤਾਂ ਦੀ ਸ਼ਹਾਦਤ, ਸਿੱਖ ਸਿਧਾਂਤਾਂ, ਸਿੱਖ ਕੌਮ ਦੀਆਂ ਕੁਰਬਾਨੀਆਂ ਤੇ ਭਵਿੱਖ ਲਈ ਦਿਸ਼ਾ-ਨਿਰਦੇਸ਼ ਹੀ ਨਹੀਂ ਦੱਸਦੀ ਸਗੋਂ ਇਸਨੂੰ ਪੜ੍ਹਣ-ਸੁਣਨ ਵਾਲੇ ਨੂੰ ਉਸ ਮਹੌਲ ਵਿਚ ਲੈ ਜਾਂਦੀ ਹੈ ਅਤੇ ਉਸਦੇ ਸਾਹਮਣੇ ਨਵੇਂ ਘੱਲੂਘਾਰੇ ਦੇ ਅਸਲ ਚਿੱਤਰ ਪਰਗਟ ਹੋ ਜਾਂਦੇ ਹਨ ਜਿਹਨਾਂ ਨੂੰ ਸਬਦਾਂ ਦੀ ਵਿਆਖਿਆ ਦੇਣੀ ਕਿਸੇ ਹਾਰੀ-ਸਾਰੀ ਦੇ ਵੱਸ ਦੀ ਗੱਲ ਨਹੀਂ।

ਸੋਚਦਾ ਹਾਂ ਕਿ ਕਿੱਦਾਂ ਦੀ ਅਗੰਮੀ ਸਾਂਝ ਹੈ ਅਫ਼ਜ਼ਲ ਅਹਿਸਨ ਰੰਧਾਵਾ ਜੀ ਦੀ ਸਿੱਖਾਂ, ਸਿੱਖੀ  ਤੇ ਸ਼ਹੀਦਾਂ ਨਾਲ, ਬਿਲਕੁਲ ਭਾਈ ਮਰਦਾਨਾ, ਸਾਂਈ ਮੀਆਂ ਮੀਰ ਜੀ ਵਰਗੀ, ਪੀਰ ਭੀਖਣ ਸਾਹ ਤੇ ਪੀਰ ਬੁੱਧੂ ਸ਼ਾਹ ਜਹੀ ਪਾਕ ਪਵਿੱਤਰ ਤੇ ਰੂਹਾਨੀ ਜੋ ਕਿ ਕਈ ਪੀੜ੍ਹੀਆਂ ਵਿਚ ਦੀ ਹੁੰਦੀ ਹੋਈ ਪਰਗਟ ਹੁੰਦੀ ਪਰਤੀਤ ਹੁੰਦੀ ਹੈ।

ਅਫ਼ਜ਼ਲ ਅਹਿਸਨ ਰੰਧਾਵਾ ਜੀ ਨੇ 9 ਜੂਨ 1984 ਨੂੰ ਹੀ ਭਰੇ ਮਨ ਤੇ ਰੋਂਦੇ ਹੋਏ ਇਹ ਕਵਿਤਾ ਉਚਾਰੀ ਸੀ ਅਤੇ ਉਹਨਾਂ ਉਹ ਸਭ ਕੁਝ ਉਸੇ ਸਮੇਂ ਮਹਿਸੂਸ ਕਰ ਲਿਆ ਸੀ ਜੋ ਕਈ ਸਿੱਖ ਉਦੋਂ ਮਹਿਸੂਸ ਨਾ ਕਰ ਸਕੇ ਅਤੇ ਕਈ ਅਜੇ ਤੱਕ ਵੀ ਮਹਿਸੂਸ ਨਹੀਂ ਕਰ ਸਕੇ।

ਅਫ਼ਜ਼ਲ ਅਹਿਸਨ ਰੰਧਾਵਾ ਜਿਹੀਆਂ ਸਖਸ਼ੀਅਤਾਂ ਵਿਛੜੇ ਪੰਜਾਬਾਂ ਦੇ ਮੁੜ ਮੇਲ ਦਾ ਕਾਰਨ ਬਣਨਗੀਆਂ ਅਤੇ ਪ੍ਰੋ. ਪੂਰਨ ਸਿੰਘ ਦੇ ਬੋਲ ਕਿ “ਪੰਜਾਬ ਸਾਰਾ ਜੀਂਦਾ ਗੁਰਾਂ ਨੇ ਨਾਮ ‘ਤੇ” ਦੇ ਸੱਚ ਹੋਣ ਦੀ ਅਰਦਾਸ ਕਰਦਿਆਂ ਅਫ਼ਜ਼ਲ ਅਹਿਸਨ ਰੰਧਾਵਾ ਨਾਲ ਬਿਤਾਏ ਪਲਾਂ ਦੇ ਅਹਿਸਾਸ ਨੂੰ ਸਭ ਨਾਲ ਸਾਂਝਾ ਕਰਦਿਆਂ ਮਾਣ ਮਹਿਸੂਸ ਕਰਦਾ ਹਾਂ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>