ਰਾਮ ਲਾਲ ਭਗਤ ਦੀ ਪੁਸਤਕ ਨੂੰਹਾਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਕ

ਰਾਮ ਲਾਲ ਭਗਤ ਦੀ ਪੁਸਤਕ ਨੂੰਹਾਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਕ ਹੈ। ਇਸ ਪੁਸਤਕ ਦੀਆਂ ਸਾਰੀਆਂ ਹੀ ਕਵਿਤਾਵਾਂ ਸਮਾਜ ਵਿਚ ਵਾਪਰ ਰਹੀਆਂ ਸਮਾਜਿਕ, ਆਰਥਿਕ, ਚਲੰਤ ਮਸਲਿਆਂ ਅਤੇ ਸਭਿਆਚਾਰਕ ਘਟਨਾਵਾਂ ਦਾ ਪ੍ਰਗਟਾਵਾ ਕਰਨ ਵਾਲੀਆਂ ਹਨ। ਅਣਜੋੜ ਵਿਆਹ, ਗ਼ਰੀਬੀ, ਮਜ਼ਬੂਰੀ, ਰਿਸ਼ਵਤਖ਼ੋਰੀ, ਮਹਿੰਗਾਈ , ਨਸ਼ੇ ਅਤੇ ਬੋਰੋਜ਼ਗਾਰੀ ਵਰਗੇ ਅਹਿਮ ਮੁੱਦਿਆਂ ਨੂੰ ਕਵਿਤਾਵਾਂ ਦੇ ਵਿਸ਼ੇ ਬਣਾਇਆ ਗਿਆ ਹੈ। ਇਸ ਪੁਸਤਕ ਦੇ ਸਮਰਪਣ ਤੋਂ ਹੀ ਕਵੀ ਦੀ ਵਿਚਾਰਧਾਰਾ ਅਤੇ ਸਮਾਜਿਕ ਘਟਨਾਵਾਂ ਸੰਬੰਧੀ ਸੇਵੇਦਨਸ਼ੀਲਤਾ ਦਾ ਪਤਾ ਲੱਗਦਾ ਹੈ ਕਿ ਕਵੀ ਕਿਤਨਾ ਸੰਜੀਦਾ ਅਤੇ ਗੰਭੀਰ ਹੈ, ਜਿਸ ਨੇ ਸਮਾਜ ਵਿਚ ਇਸਤਰੀਆਂ, ਖਾਸ ਤੌਰ ਤੇ ਜਿਹੜੀਆਂ ਬਾਲੜੀਆਂ ਰੋਜ਼ੀ ਰੋਟੀ ਖ਼ਾਤਰ ਮਿਹਨਤ ਮਜ਼ਦੂਰੀ ਕਰਦੀਆਂ ਹਨ, ਨੂੰ ਜੋ ਔਕੜਾਂ ਉਨ੍ਹਾਂ ਦੇ ਰਾਹ ਵਿਚ ਪਹਾੜ ਬਣਕੇ ਖੜ੍ਹਦੀਆਂ ਹਨ ਅਤੇ ਬਲਾਤਕਾਰ ਅਤੇ ਦਾਜ ਦਹੇਜ ਵਰਗੀਆਂ ਘਟਨਾਵਾਂ ਦਾ ਸ਼ਿਕਾਰ ਹੋ ਰਹੀਆਂ ਹਨ ਨੂੰ ਸਮਰਪਤ ਕੀਤੀ ਗਈ ਹੈ। ਇਸ ਤੋਂ ਪਹਿਲਾਂ ਕਵੀ ਤਿੰਨ ਕਵਿਤਾ ਦੀਆਂ ਪੁਸਤਕਾਂ ਸ਼ਾਲੋ, ਮਿੱਟੀ ਦੀ ਖ਼ੁਸ਼ਬੂ ਅਤੇ ਸ਼ੇਰਨੀਆਂ ਪੰਜਾਬੀ ਬੋਲੀ ਦੀ ਝੋਲੀ ਪਾ  ਚੁੱਕਾ ਹੈ। ਨੂੰਹਾਂ ਉਸਦੀ ਕਵਿਤਾਵਾਂ ਦੀ  ਚੌਥੀ ਪੁਸਤਕ ਹੈ। ਇਸ ਤੋਂ ਇਲਾਵਾ ਉਸਦੀ ਇੱਕ ਕਵਿਤਾਵਾਂ ਦੀ ਸਾਂਝੀ ਪੁਸਤਕ ਵੀ ਪ੍ਰਕਾਸ਼ਤ ਹੋ ਚੁੱਕੀ ਹੈ। ਇਕ ਹੋਰ ਪੁਸਤਕ ਪ੍ਰਕਾਸ਼ਨਾ ਅਧੀਨ ਹੈ। ਰਾਮ ਲਾਲ ਭਗਤ ਸਮਾਜਿਕ ਜੀਵਨ ਦੀਆਂ ਜ਼ਮੀਨੀ ਹਕੀਕਤਾਂ ਤੋਂ ਭਲੀ ਭਾਂਤ ਜਾਣੂੰ ਲੱਗਦਾ ਹੈ ਕਿਉਂਕਿ ਉਸਦੀਆਂ ਕਵਿਤਾਵਾਂ ਵਰਤਮਾਨ ਸਮਾਜਿਕ ਜ਼ਿੰਦਗੀ ਦਾ ਦਰਪਣ ਸਾਬਤ ਹੋ ਰਹੀਆਂ ਹਨ। ਜੋ ਸਮਾਜ ਵਿਚ ਵਾਪਰ ਰਿਹਾ ਹੈ, ਉਸਦਾ ਝਲਕਾਰਾ ਉਸਦੀਆਂ ਕਵਿਤਾਵਾਂ ਵਿਚੋਂ ਸਪੱਸ਼ਟ ਮਿਲਦਾ ਹੈ। ਇਸੇ ਕਰਕੇ ਉਸਨੂੰ ਸਮਜਿਕ ਸਰੋਕਾਰਾਂ ਦਾ ਪ੍ਰਤੀਕ ਕਵੀ ਕਿਹਾ ਜਾ ਸਕਦਾ ਹੈ। ਸਮਾਜ ਵਿਚ ਇਸਤਰੀ ਜਾਤੀ ਨਾਲ ਹੋ ਰਹੀਆਂ ਜ਼ਿਆਦਤੀਆਂ ਉਸਦੀ ਕੋਮਲ ਮਾਨਸਿਕਤਾ ਨੂੰ ਕੁਰੇਦਦੀਆਂ ਹਨ, ਜਿਸ ਕਰਕੇ ਉਹ ਆਪਣੀਆਂ ਕਵਿਤਾਵਾਂ ਵਿਚ ਇਸਤਰੀਆਂ ਨਾਲ ਹੋ ਰਹੀਆਂ ਜ਼ਿਆਦਤੀਆਂ ਕਰਕੇ ਊਨ੍ਹਾਂ ਦੀ ਹੋ ਰਹੀ ਦੁਰਦਸ਼ਾ ਦਾ ਪ੍ਰਗਟਾਵਾ ਕਰਦਾ ਹੈ। ਉਸਦੀਆਂ ਕਵਿਤਾਵਾਂ ਪੜ੍ਹਕੇ ਮਹਿਸੂਸ ਹੁੰਦਾ ਹੈ ਕਿ ਹਰ ਸਮਾਜਿਕ ਬਿਮਾਰੀ ਦਾ ਬੁਰਾ ਪ੍ਰਭਾਵ ਇਸਤਰੀ ਜਾਤੀ ਉਪਰ ਪੈਂਦਾ ਹੈ। ਬਲਾਤਕਾਰ, ਨਸ਼ੇ, ਬੇਰੋਜ਼ਗਾਰੀ, ਭਰੂਣ ਹੱਤਿਆ ਅਤੇ ਤੇਜਾਬ ਸੁੱਟਣ ਵਰਗੀਆਂ ਕਰਤੂਤਾਂ ਇਸਤਰੀਆਂ ਦੀ ਨਿੱਜੀ ਜ਼ਿੰਦਗੀ ਨੂੰ ਪ੍ਰਭਾਵਤ ਤਾਂ ਕਰਦੀਆਂ ਹੀ ਹਨ ਪ੍ਰੰਤੂ ਉਨ੍ਹਾਂ ਦੇ ਪਰਿਵਾਰਾਂ ਉਪਰ ਵੀ ਅਸਰ ਪੈਂਦਾ ਹੈ। ਨੂੰਹਾਂ ਨੂੰ ਵੰਸ ਨੂੰ ਅੱਗੇ ਤੋਰਨ ਵਾਲੀਆਂ ਕਿਹਾ ਜਾਂਦਾ ਹੈ।  ਨੂੰਹਾਂ ਆਪਣੀ ਜ਼ਿੰਮੇਵਾਰੀ ਨੂੰ ਸਮਝਦੀਆਂ ਹੋਈਆਂ ਪਰਿਵਾਰਿਕ ਸੰਬੰਧਾਂ ਨੂੰ ਮਜ਼ਬੂਤ ਕਰਦੀਆਂ ਹਨ। ਪਤਾ ਨਹੀਂ ਫਿਰ ਵੀ ਉਨ੍ਹਾਂ ਨਾਲ ਦੁਰਵਿਵਹਾਰ ਕਿਉਂ ਕੀਤਾ ਜਾਂਦਾ ਹੈ? ਕਵੀ ਆਪਣੀ ਇਕ ਕਵਿਤਾ ਵਿਚ ਨੂੰਹਾਂ ਦੀ ਮਹੱਤਤਾ ਦਾ ਜ਼ਿਕਰ ਕਰਦਾ ਲਿਖਦਾ ਹੈ-

ਵੰਸ਼ ਨੂੰ ਮਹਿਕਾਉਂਦੀਆਂ ਨੂੰਹਾਂ, ਦੁੱਖਾਂ ਨੂੰ ਵੰਡਾਉਂਦੀਆਂ ਨੂੰਹਾਂ।
ਮਹਿਲਾਂ ਦੀਆਂ ਨੀਹਾਂ ਬਣਕੇ, ਫਰਜਾਂ ਨੂੰ ਨਿਭਾਉਂਦੀਆਂ ਨੂੰਹਾਂ।
ਪੇਕੇ ਘਰ ਗੁੱਡੀ ਪਟੋਲੇ ਛੱਡ ਕੇ, ਸਹੁਰਾ ਘਰ ਵਸਾਉਂਦੀਆਂ ਨੂੰਹਾਂ।
ਆਓ ਸਭ ਰਲ ਕਰੀਏ ਪ੍ਰੀਤਾਂ, ਜੰਨਤ ਨੂੰ ਸਮਝਾਉਂਦੀਆਂ ਨੂੰਹਾਂ।

ਰਾਮ ਲਾਲ ਭਗਤ ਦੀਆਂ ਕਵਿਤਾਵਾਂ ਦੀ ਭਾਸ਼ਾ ਠੇਠ, ਸਰਲ ਅਤੇ ਆਮ ਜਨਤਾ ਦੇ ਸਮਝ ਵਿਚ ਆਉਣ ਵਾਲੀ ਹੈ। ਕਵੀ ਇਸਤਰੀਆਂ ਦੀ ਮਾਨਸਿਕਤਾ ਤੋਂ ਭਲੀ ਭਾਂਤ ਵਾਕਫ ਹੈ। ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਸਤਰੀਆਂ ਬਾਰੇ ਵਿਚਾਰਧਾਰਾ ਦਾ ਹਮਾਇਤੀ ਬਣਕੇ ਪਹਿਰਾ ਦੇਣ ਦੀ ਕੋਸ਼ਿਸ਼ ਵਿਚ ਹੈ ਕਿਉਂਕਿ ਉਹ ਆਪਣੀਆਂ ਕਵਿਤਾਵਾਂ ਰਾਹੀਂ ਇਸਤਰੀ ਵਰਗ ਦੀ ਵਕਾਲਤ ਕਰਦਾ ਹੋਇਆ ਉਹ ਆਰਤੀ ਨਾਂ ਦੀ ਕਵਿਤਾ ਵਿਚ ਲਿਖਦਾ ਹੈ-

ਮਾਵਾਂ, ਭੈਣਾਂ, ਧੀਆਂ, ਨੂੰਹਾਂ ਨੂੰ, ਕੁਲ ਆਲਮ ‘ਤੇ ਮਾਣ ਮਿਲੇ,
ਨਾਨਕ ਦੀ ਬਾਣੀ ਹੋਵੇ ਪੂਰਨ, ਜੇ ਨਾਰੀ ਨੂੰ ਹਿੰਮਤ ਦਾਨ ਮਿਲੇ।

ਉਹ ਹਰ ਧੀ ਨੂੰ ਆਪਣੀਆਂ ਕਵਿਤਾਵਾਂ ਵਿਚ ਸਲਾਹ ਦਿੰਦਾ ਹੈ ਕਿ ਉਸਨੇ ਇਕ ਦਿਨ ਸੱਸ ਬਣਨਾ ਹੈ, ਇਸ ਲਈ ਨੂੰਹ ਬਣਕੇ ਧੀ ਦਾ ਰੂਪ ਧਾਰਨ ਕਰ ਲਵੇ ਅਤੇ ਸੱਸਾਂ ਨੂੰ ਤਾਕੀਦ ਕਰਦਾ ਹੈ ਕਿ ਤੁਸੀਂ ਨੂੰਹਾਂ ਨੂੰ ਧੀ ਸਮਝਕੇ ਵਿਵਹਾਰ ਕਰੋ ਤਾਂ ਜੋ ਪਰਿਵਾਰ ਵਿਚ ਸਦਭਾਵਨਾ ਦਾ ਮਾਹੌਲ ਬਰਕਰਾਰ ਰੱਖਿਆ ਜਾ ਸਕੇ। ਨੂੰਹਾਂ ਤੇ ਧੀਆਂ ਵਿਚ ਕੋਈ ਫਰਕ ਨਹੀਂ ਹੋਣਾ ਚਾਹੀਦਾ ਕਿਉਂਕਿ ਹਰ ਧੀ ਨੇ ਇਕ ਦਿਨ ਨੂੰਹ ਬਣਨਾ ਹੁੰਦਾ ਹੈ। ਆਪੋ ਆਪਣੇ ਥਾਂ ਦੋਹਾਂ ਦਾ ਦਰਜਾ ਮਹੱਤਵਪੂਰਨ ਅਤੇ ਬਰਾਬਰ ਹੈ। ਸੱਸਾਂ ਨੂੰ ਇਹ ਵੀ ਸਲਾਹ ਦਿੰਦਾ ਹੈ ਕਿ ਆਧੁਨਿਕਤਾ ਦੇ ਵਾਤਾਵਰਨ ਵਿਚ ਪੁਰਾਤਨ ਪਰੰਪਰਾਵਾਂ ਤੋਂ ਥੋੜ੍ਹਾ ਦੂਰੀ ਬਣਾਉਣ ਦਾ ਯਤਨ ਕੀਤਾ ਜਾਵੇ ਕਿਉਂਕਿ ਤਬਦੀਲੀ ਵਿਕਾਸ ਦਾ ਦੂਜਾ ਨਾਂ ਹੈ। ਜਿਥੇ ਹਰ ਖੇਤਰ ਵਿਚ ਵਿਕਾਸ ਹੋਇਆ ਹੈ, ਉਸਦਾ ਸਮਾਜ ਉਪਰ ਵੀ ਗਹਿਰਾ ਪ੍ਰਭਾਵ ਪਿਆ ਹੈ। ਸੱਸਾਂ ਪੁਰਾਤਨ ਪਰੰਪਰਾਵਾਂ ਅਨੁਸਾਰ ਘਰਾਂ ਦੀ ਚਾਰਦੀਵਾਰੀ ਵਿਚ ਕੈਦ ਰਹਿੰਦੀਆਂ ਰਹੀਆਂ ਹਨ ਅਤੇ ਨਾ ਹੀ ਉਹ ਪੜ੍ਹੀਆਂ ਲਿਖੀਆਂ ਸਨ, ਜਿਸ ਕਰਕੇ ਜਨਰੇਸ਼ਨ ਪਾੜਾ ਸੰਬੰਧਾਂ ਵਿਚ ਕੜਵਾਹਟ ਪੈਦਾ ਕਰਦਾ ਹੈ। ਸਮੇਂ ਨਾਲ ਬਦਲਣਾ ਅੱਜ ਦੀ ਲੋੜ ਹੈ।

ਇਸਤਰੀਆਂ ਦਾ ਜ਼ਿਕਰ ਕਰਦਾ ਕਵੀ ਲਿਖਦਾ ਹੈ ਕਿ ਉਹ ਤਿਤਲੀਆਂ ਵੀ ਹਨ, ਸ਼ੇਰਨੀਆਂ ਵੀ ਬਣ ਜਾਂਦੀਆਂ ਹਨ ਅਤੇ ਬਗ਼ਾਬਤ ਕਰਨ ਲੱਗੀਆਂ ਵੀ ਕਮਾਲ ਕਰ ਦਿੰਦੀਆਂ ਹਨ। ਇਸ ਲਈ ਸਮਾਜ ਨੂੰ ਇਸਤਰੀਆਂ ਬਾਰੇ ਸੋਚ ਬਦਲਣ ਦੀ ਲੋੜ ਹੈ। ਸੋਚ ਦੇ ਸਿਰਲੇਖ ਵਾਲੀ ਕਵਿਤਾ ਵਿਚ ਰਾਮ ਲਾਲ ਭਗਤ ਲਿਖਦਾ ਹੈ-

ਲੋਕੋ, ਨੂੰਹਾਂ ਕਦੇ ਵੀ ਨਾ ਲੜਣ,
ਲੋਕੋ ਨੂੰਹਾਂ ਕਦੇ ਵੀ ਨਾ ਸੜਣ,
ਜੇ ਨੂੰਹਾਂ ਨੂੰ ਧੀਆਂ ਸਮਝ ਲਈਏ।
ਸੱਸਾਂ ਕਹਾਉਣ ਨਾ ਕਦੇ ਕੁਪੱਤੀਆਂ,
ਜੇ ਨੂੰਹਾਂ ਨੂੰ ਸੁੱਚਾ ਪਿਆਰ ਕਰਨ।

ਰਾਮ ਲਾਲ ਭਗਤ ਆਪਣੀਆਂ ਕਵਿਤਾਵਾਂ ਵਿਚ ਇਹ ਵੀ ਲਿਖਦਾ ਹੈ ਕਿ ਸਾਡਾ ਸਮਾਜਕ ਤਾਣਾ ਬਾਣਾ ਅਜਿਹਾ ਹੈ ਕਿ ਜਦੋਂ ਨੂੰਹ ਵਿਆਹ ਕੇ ਸਹੁਰੇ ਘਰ ਆਉਂਦੀ ਹੈ ਤਾਂ ਉਸਦੀ ਪ੍ਰਸੰਸਾ ਦੇ ਪੁਲ ਗੀਤਾਂ ਅਤੇ ਟੱਪਿਆਂ ਨੂੰ ਗਾ ਕੇ ਬੰਨ੍ਹੇ ਜਾਂਦੇ ਹਨ। ਨੂੰਹ ਉਪਰ ਪਾਣੀ ਵਾਰ ਕੇ ਸੱਸ ਪੀਂਦੀ ਹੈ। ਬੇਹੱਦ ਸਵਾਗਤ ਕੀਤਾ ਜਾਂਦਾ ਹੈ । ਸਾਰਾ ਪਿੰਡ ਨੂੰਹ ਦਾ ਮੂੰਹ ਵੇਖਣ ਲਈ ਆਉਂਦਾ ਹੈ। ਮੂੰਹ ਵਿਖਾਈ ਦਾ ਸ਼ਗਨ ਦਿੱਤਾ ਜਾਂਦਾ ਹੈ। ਇਹ ਸਾਰਾ ਕੁਝ ਮੁਟਿਆਰਾਂ ਦੀ ਸਰੀਰਕ ਸੁੰਦਰਤਾ ਅਤੇ ਦਾਜ ਦਹੇਜ ਨੂੰ ਮੁੱਖ ਰਖਕੇ ਕੀਤਾ ਜਾਂਦਾ ਹੈ ਨਾ ਕਿ ਨੂੰਹਾਂ ਦੀ ਪ੍ਰਤਿਭਾ ਨੂੰ ਵੇਖਕੇ। ਜਿਸ ਕਰਕੇ ਥੋੜ੍ਹੇ ਸਮੇਂ ਬਾਅਦ ਹੀ ਕੜਵਾਹਟ ਪੈਦਾ ਹੋ ਜਾਂਦੀ ਹੈ। ਪੰਜਾਬੀ ਸਭਿਅਚਾਰ ਵਿਚ ਅਜ਼ੀਬ ਕਿਸਮ ਦੇ ਨਖ਼ਰੇ ਅਤੇ ਨਿਹੋਰਿਆਂ ਬਾਰੇ ਗੀਤ ਅਤੇ ਸਿਠਣੀਆਂ ਹਨ, ਜਿਹੜੀਆਂ ਕੁਆਰੀ ਉਮਰ ਵਿਚ ਹੀ ਲੜਕੀਆਂ ਦੇ ਮਨਾਂ ਵਿਚ ਸਹੁਰੇ ਘਰ ਹੋਣ ਵਾਲੇ ਵਤੀਰੇ ਪ੍ਰਤੀ ਨਫਰਤ ਪੈਦਾ ਕਰ ਦਿੰਦੀਆਂ ਹਨ, ਹਾਲਾਂ ਕਿ ਭਾਵੇਂ ਅਸਲੀਅਤ ਵਿਚ ਇੰਜ ਨਾ ਵੀ ਹੋਵੇ। ਇਸੇ ਕਰਕੇ ਨੂੰਹਾਂ ਇਜ਼ਹਾਰ ਨਾਂ ਦੀ ਕਵਿਤਾ ਵਿਚ ਕਹਿੰਦੀਆਂ ਹਨ।

ਮੈਂ ਨਹੀਂ ਜਾਣਾ ਸਹੁਰੇ ਮਾਏ, ਸੱਸ ਕੁਪੱਤੀ, ਕਾਲੀ ਸੱਪਣੀ,
ਨਖ਼ਰੇ ਪਿੱਟੀ, ਕੋਠੇ ਟੱਪਣੀ, ਨਿੱਤ ਮੰਗਦੀ ਚਾਹ ਪਕੌੜੇ।
ਨਣਦ ਲੜਾਕੀ, ਰੱਖਦੀ ਓਹਲੇ, ਖੇਡੇ ਅੱਡੀ ਟੱਪਾ ਗੁੱਡੀ ਪਟੋਲੇ।
ਨਿੱਤ ਰੱਖਦੀ ਘਰ ‘ਚ ਫੇਰੇ, ਮੈਂ ਨਹੀਂਓਂ ਜਾਣਾ ਸਹੁਰੇ ਮਾਏ।

ਜਦੋਂ ਲੜਕੀਆਂ ਸਹੁਰੇ ਜਾਣ ਤੋਂ ਆਨਾ ਕਾਨੀ ਕਰਦੀਆਂ ਹਨ ਤਾਂ ਕਵੀ ਉਨ੍ਹਾਂ ਨੂੰ ਬਹਾਦਰ ਬਣਨ ਦੀ ਪ੍ਰੇਰਨਾ ਦਿੰਦਾ ਹੈ। ਲੜਕੀਆਂ ਨੂੰ ਆਪਣੇ ਘਰ ਵਸਾਉਣ ਲਈ ਕਈ ਵਾਰ ਸਮਝੌਤੇ ਵੀ ਕਰਨੇ ਪੈਂਦੇ ਹਨ, ਜਿਸ ਕਰਕੇ ਉਹ ਕਮਜ਼ੋਰ ਪੈ ਜਾਂਦੀਆਂ ਹਨ। ਅਜਿਹੇ ਹਾਲਾਤ ਵਿਚ ਜਦੋਂ ਜ਼ੁਲਮ ਸਾਰੇ ਹੱਦਾਂ ਬੰਨੇ ਪਾਰ ਕਰ ਜਾਵੇ ਤਾਂ ਕਵੀ ਲੜਕੀਆਂ ਨੂੰ ਬਗਾਬਤ ਕਰਨ ਦੀ ਸਲਾਹ ਵੀ ਦਿੰਦਾ ਹੈ, ਫਿਰ ਉਹ ਲੜਕੀਆਂ ਨੂੰ ਆਪਣੇ ਹੱਕਾਂ ਦੀ ਖ਼ਾਤਰ ਜ਼ੋਰ ਜ਼ਬਰਦਸਤੀ ਵਿਰੁਧ ਅਵਾਜ਼ ਬੁ¦ਦ ਕਰਨ ਦੀ ਨਸੀਹਤ ਦਿੰਦਾ ਹੈ। ਕੁੜੀਓ ਨਾਂ ਦੇ ਸਿਰਲੇਖ ਵਾਲੀ ਕਵਿਤਾ ਵਿਚ ਉਹ ਲਿਖਦਾ ਹੈ-

ਆਲਮ ਬਣ ਗਿਆ ਨਾਦਰ ਕੁੜੀਓ, ਤੁਸੀਂ ਬਣੋ ਬਹਾਦਰ ਕੁੜੀਓ।
ਹੱਕ ਆਪਣੇ ਖੋਹਣੇ ਸਿਖ ਲਓ, ਅਣਖ਼ ਦੀ ਲੈ ਚਾਦਰ ਕੁੜੀਓ।
ਚਾਰ ਚੁਫ਼ੇਰੇ ਹਵਸੀ ਹਤਿਆਰੇ, ਜ਼ੁਲਮ ਦੀ ਛਣਕੇ ਗਾਗਰ ਕੁੜੀਓ।

ਕਵੀ ਨੇ ਵਿਸ਼ਿਆਂ ਦੀ ਚੋਣ ਵੀ ਬਹੁਤ ਵਧੀਆ ਕੀਤੀ ਹੈ। ਲੂਣਾ ਦੇ ਅਣਜੋੜ ਵਿਆਹ ਦੀ ਗੱਲ ਕਰਦਾ ਕਵੀ ਅਜੋਕੇ ਪਰਵਾਸ ਵਿਚ ਵਸ ਜਾਣ ਲਈ ਅਣਜੋੜ ਵਿਆਹਾਂ ਦੀ ਤਰਾਸਦੀ ਵੀ ਬੜੇ ਸੁਚੱਜੇ ਢੰਗ ਨਾਲ ਲਿਖਦਾ ਹੈ। ਜਿਸ ਕਰਕੇ ਬੁੱਢਿਆਂ ਨਾਲ ਵਿਆਹੀਆਂ ਲੜਕੀਆਂ ਦੇ ਸੰਤਾਪ ਨੂੰ ਵੀ ਦਰਸਾਇਆ ਗਿਆ ਹੈ।  ਰਾਮ ਲਾਲ ਭਗਤ ਆਪਣੀਆਂ ਕਵਿਤਾਵਾਂ ਵਿਚ ਮਾਪਿਆਂ ਨੂੰ ਸਲਾਹ ਦਿੰਦਾ ਹੈ ਕਿ ਡਾਲਰਾਂ ਦੀ ਚਕਾਚੌਂਧ ਵਿਚ ਆ ਕੇ ਲੜਕੀਆਂ ਦਾ ਭਵਿਖ ਖ਼ਤਰੇ ਵਿਚ ਨਾ ਪਾਇਆ ਜਾਵੇ ਕਿਉਂਕਿ ਪਰਵਾਸ ਵਿਚ ਵਸਣ ਦੇ ਲਾਲਚ ਦਾ ਸ਼ਿਕਾਰ ਨਾ ਬਣਾਇਆ ਜਾਵੇ। ਰਾਜਨੀਤੀ ਵਿਚ ਆਏ ਨਿਘਾਰ, ਹਵਾ ਅਤੇ ਪਾਣੀ ਦਾ ਪ੍ਰਦੂਸ਼ਣ, ਨੇਤਰ ਦਾਨ, ਐਕਸੀਡੈਂਟ, ਪਰਿਵਾਰ ਨਿਯੋਜਨ, ਖੁਦਕਸ਼ੀਆਂ, ਬਜ਼ੁਰਗਾਂ ਨਾਲ ਔਲਾਦ ਦੀ ਕਿਨਾਰਾ ਕਸ਼ੀ, ਰਿਸ਼ਵਤਖ਼ੋਰੀ ਅਤੇ ਮਹਿੰਗਾਈ ਵਰਗੇ ਸਮਾਜਕ ਸਰੋਕਾਰਾਂ ਬਾਰੇ ਵੀ ਉਸਨੇ ਕਵਿਤਾਵਾਂ ਲਿਖੀਆਂ ਹਨ। ਭਰਿਸ਼ਟਾਚਾਰ ਦੇਸ਼ ਨੂੰ ਘੁਣ ਵਾਂਗ ਖਾ ਰਿਹਾ ਹੈ, ਮਿੱਟੀ ਦੇ ਚੋਰ ਸਿਰਲੇਖ ਵਾਲੀ ਕਵਿਤਾ ਵਿਚ ਲਿਖਦਾ ਹੈ-

ਮੇਰੇ ਦੇਸ਼ ਨੂੰ ਰਿਸ਼ਵਤ ਖ਼ੋਰਾਂ ਨੇ ਖਾ ਲਿਆ, ਮੇਰੀ ਹੀ ਮਿੱਟੀ ਦੇ ਚੋਰਾਂ ਨੇ ਖਾ ਲਿਆ।  ਜਾਅਲੀ ਪੈਡ ਜਾਅਲੀ ਦਸਖ਼ਤ ਸਾਹਿਬਾਂ ਦੇ, ਜਾਅਲੀ ਬਿਲਾਂ ‘ਤੇ ਮੋਹਰਾਂ ਨੇ ਢਾਹ ਲਿਆ।

ਕੁਰਸੀ ‘ਤੇ ਬੈਠਾ ਫਨੀਅਰ ਹਿੱਕ ਤਾਣ ਕੇ, ਚੰਦਰੇ ਨਿਓਲੇ ਤੇ ਮੋਰਾਂ ਨੇ ਬਚਾ ਲਿਆ।
ਬਿੱਲੀ ਬੈਠ ਗਈ ਏ ਹੁਣ ਦੁੱਧ ਦੀ ਰਾਖੀ, ਚੂਹਿਆਂ ਨੇ ਰਲ ਮਾਸੀ ਨੂੰ ਮਨਾ ਲਿਆ।

ਰਾਮ ਲਾਲ ਭਗਤ ਕਿਉਂਕਿ ਪੰਜਾਬ ਦੇ ਦਿਹਾਤੀ ਇਲਾਕਿਆਂ ਵਿਚ ਆਪਣੀ ਡਿਊਟੀ ਨਿਭਾ ਰਿਹਾ ਹੈ, ਇਸ ਲਈ ਪੰਜਾਬੀ ਸਭਿਆਚਾਰ ਨੂੰ ਸਾਡੇ ਨੌਜਵਾਨ ਅੱਖੋਂ ਪ੍ਰੋਖੇ ਕਰਕੇ ਪੱਛਮ ਦੀ ਨਕਲ ਕਰ ਰਹੇ ਹਨ। ਇਸ ਗੱਲ ਦਾ ਵੀ ਉਸਨੂੰ ਝੋਰਾ ਹੈ, ਜਿਸ ਕਰਕੇ ਉਹ ਪੁਰਾਤਨ ਵਿਰਾਸਤ ਨੂੰ ਅਣਡਿਠ ਕਰਨ ਬਾਰੇ ਵੀ ਕਵਿਤਾਵਾਂ ਲਿਖਦਾ ਹੈ। ਚਰਖੇ, ਗੋਹੜੇ, ਪੂਣੀਆਂ, ਪੰਘੂੜੇ, ਪੀਘਾਂ, ਤ੍ਰਿਝਣ, ਦੁੱਧ ਰਿੜਕਣਾ, ਮਧਾਣੀ ਆਦਿ ਦੇ ਅਲੋਪ ਹੋਣ ਦਾ ਵੀ ਉਹ ਆਪਦੀਆਂ ਕਵਿਤਾਵਾਂ ਵਿਚ ਜ਼ਿਕਰ ਕਰਦਾ ਹੈ। ਧਰਮ ਦੇ ਠੇਕੇਦਾਰਾਂ ਅਤੇ ਬਾਬਿਆਂ ਤੋਂ ਦੂਰ ਰਹਿਣ ਦੀ ਵੀ ਪ੍ਰੇਰਨਾ ਦਿੰਦਾ ਹੈ।

ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਰਾਮ ਲਾਲ ਭਗਤ ਜ਼ਮੀਨੀ ਹਕੀਕਤਾਂ ਦੀਆਂ ਸਮੱਸਿਆਵਾਂ ਬਾਰੇ ਲੋਕਾਂ ਨੂੰ ਜਾਣੂੰ ਕਰਵਾਉਣ ਵਾਲਾ ਸ਼ਾਇਰ ਹੈ ਤਾਂ ਜੋ ਆਮ ਜਨਤਾ ਭੰਬਲਭੂਸੇ ਤੋਂ ਬਚ ਸਕੇ। ਉਸ ਦੀਆਂ ਕੁਝ ਕਵਿਤਾਵਾਂ ਖਾਨਾਪੂਰਤੀ ਵੀ ਲੱਗਦੀਆਂ ਹਨ ਪ੍ਰੰਤੂ ਫਿਰ ਵੀ ਭਵਿਖ ਵਿਚ ਹੋਰ ਚੰਗੀਆਂ ਕਵਿਤਾਵਾਂ ਲਿਖਣ ਦੀ ਉਮੀਦ ਹੈ ਕਿਉਂਕਿ ਸਮਾਜ ਪ੍ਰਤੀ ਉਹ ਚੇਤੰਨ ਕਵੀ ਹੈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>