ਗੁਰਦਾਸਪੁਰ ਉਪ ਚੋਣ ਜਿੱਤਣ ਨਾਲ ਕੈ.ਅਮਰਿੰਦਰ ਸਿੰਘ ਦੀ ਸਰਦਾਰੀ ਬਰਕਰਾਰ

ਗੁਰਦਾਸਪੁਰ ਲੋਕ ਸਭਾ ਦੀ ਉਪ ਚੋਣ ਜਿੱਤਣ ਨਾਲ ਸੁਨੀਲ ਕੁਮਾਰ ਜਾਖੜ ਦਾ ਸਿਆਸੀ ਕੈਰੀਅਰ ਮੁੜ ਚਮਕ ਗਿਆ ਹੈ। ਭਾਵੇਂ ਗੁਰਦਾਸਪੁਰ ਜਿਲ੍ਹੇ ਦੇ ਕੁਝ ਕੁ ਨੇਤਾਵਾਂ ਨੂੰ ਇਸ ਗੱਲ ਦੀ ਤਕਲੀਫ ਵੀ ਹੋਵੇਗੀ ਕਿ ਬਾਹਰਲੇ ਜਿਲ੍ਹੇ ਤੋਂ ਆ ਕੇ ਉਹ ਸਫਲ ਹੋ ਗਿਆ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਹੋਣ ਦੇ ਨਾਤੇ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਡਰ ਕਰਕੇ ਕੋਈ ਵੀ ਨੇਤਾ ਉਸਦਾ ਵਿਰੋਧ ਨਹੀਂ ਕਰ ਸਕਿਆ। ਕੈਪਟਨ ਅਮਰਿੰਦਰ ਸਿੰਘ ਨਾਲ ਉਸਦੀ ਦੋਸਤੀ ਰੰਗ ਲਿਆਈ ਹੈ। ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਮੈਂਬਰ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਖਾਲੀ ਹੋਈ ਗੁਰਦਾਸਪੁਰ ਲੋਕ ਸਭਾ ਸੀਟ ਲਈ ਹੋਈ ਉਪ ਚੋਣ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਕੁਮਾਰ ਜਾਖੜ ਦੇ ਭਾਰੀ ਬਹੁਮਤ ਨਾਲ ਜਿੱਤਣ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਪਾਰਟੀ ਵਿਚ ਸਰਦਾਰੀ ਬਰਕਰਾਰ ਤਾਂ ਰਹਿ ਹੀ ਗਈ ਹੈ ਬਲਕਿ ਕੈਪਟਨ ਅਮਰਿੰਦਰ ਸਿੰਘ ਦਾ ਸਿਆਸੀ ਕੱਦ ਬੁੱਤ ਹੋਰ ਉਚਾ ਹੋ ਗਿਆ ਹੈ ਕਿਉਂਕਿ ਵਰਤਮਾਨ ਸਰਕਾਰ ਬਣਨ ਤੋਂ ਬਾਅਦ ਇਹ ਪਹਿਲੀ ਚੋਣ ਸੀ।

ਪ੍ਰੰਤੂ ਕਾਂਗਰਸ ਪਾਰਟੀ ਨੂੰ ਜਸ਼ਨ ਮਨਾਉਣ ਦੀ ਥਾਂ ਆਤਮ ਮੰਥਨ ਕਰਨ ਦੀ ਲੋੜ ਹੈ। ਜਿੱਤ ਦੀ ਖ਼ੁਸ਼ੀ ਵਿਚ ਕੱਛਾਂ ਵਜਾਉਣ ਅਤੇ ਆਪਣੇ ਮੂੰਹ ਮੀਆਂ ਮਿੱਠੂ ਬਣਨ ਦੀ ਲੋੜ ਨਹੀਂ ਸਗੋਂ ਆਪਣੀ ਕਾਰਗੁਜ਼ਾਰੀ ਵਿਖਾਉਣ ਦੀ ਲੋੜ ਹੈ ਤਾਂ ਜੋ 2019 ਦੀਆਂ ਲੋਕ ਸਭਾ ਚੋਣਾਂ ਜਿੱਤੀਆਂ ਜਾ ਸਕਣ। ਜਿਹੜੇ ਵਾਅਦੇ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਆਈ ਹੈ, ਉਹ ਵਾਅਦੇ ਪੂਰੇ ਕਰਨੇ ਔਖੇ ਹਨ ਕਿਉਂਕਿ ਖ਼ਜਾਨਾ ਖਾਲੀ ਹੈ ਪ੍ਰੰਤੂ ਉਹ ਵਾਅਦੇ ਪੂਰੇ ਕਰਨੇ ਪੈਣਗੇ। ਜੇਕਰ ਸਰਕਾਰ ਨੇ ਆਪਣੀ ਕਾਰਗੁਜ਼ਾਰੀ ਵਿਚ ਸਫਲਤਾ ਪ੍ਰਾਪਤ ਨਾ ਕੀਤੀ ਤਾਂ ਫਿਰ ਲੈਣੇ ਦੇ ਦੇਣੇ ਪੈ ਜਾਣਗੇ। ਨਵਜੋਤ ਸਿੰਘ ਸਿੱਧੂ ਦੀ ਤਰ੍ਹਾਂ ਗੱਲਾਂ ਬਾਤਾਂ ਜਾਂ ਚੁੱਟਕਲਿਆਂ ਨਾਲ ਲੋਕ ਪਰਚਣ ਵਾਲੇ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਨੂੰ ਭਗਵੰਤ ਮਾਨ ਦੇ ਚੁੱਟਕਲੇ ਵੀ ਇਕ ਵਾਰ ਹੀ ਰਾਸ ਆਏ ਹਨ।  ਲੋਕ ਕੈਪਟਨ ਅਮਰਿੰਦਰ ਕੋਲੋਂ ਧੜੱਲੇਦਾਰ ਫ਼ੈਸਲਿਆਂ ਦੀ ਆਸ ਲਾਈ ਬੈਠੇ ਹਨ। ਇਹ ਆਸ ਨੂੰ ਬੂਰ ਪੈਣਾ ਚਾਹੀਦਾ ਹੈ। ਜਿਹੜੇ ਲੋਕ ਪੌੜੀ ਚੜ੍ਹਾਉਂਦੇ ਹਨ, ਉਹ ਖਿਚਣਾ ਵੀ ਜਾਣਦੇ ਹਨ। ਭਾਵੇਂ ਇਹ ਚੋਣ ਜਿੱਤਣਾ ਕਾਂਗਰਸ ਪਾਰਟੀ ਲਈ ਸ਼ੁਭ ਸ਼ਗਨ ਹੈ ਪ੍ਰੰਤੂ ਇਹ ਉਪ ਚੋਣ ਜਿੱਤਣ ਦੇ ਕਾਰਨਾ ਉਪਰ ਵਿਚਾਰ ਕਰਨ ਦੀ ਲੋੜ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਦੀ ਚੋਣ ਸਹੀ ਕੀਤੀ ਗਈ, ਸੁਨੀਲ ਕੁਮਾਰ ਜਾਖੜ ਦਾ ਅਕਸ, ਵਿਰਾਸਤ ਦੋਵੇਂ ਸਾਫ ਅਤੇ ਨਿਰਵਿਵਾਦ ਹਨ। ਦੂਜੇ ਅਕਾਲੀ ਦਲ ਦੇ ਮਾਝੇ ਦੇ ਜਰਨੈਲ ਕਹੇ ਜਾਣ ਵਾਲੇ ਸੁੱਚਾ ਸਿੰਘ ਲੰਗਾਹ ਅਤੇ ਸਵਰਨ ਸਲਾਰੀਆ ਦੀਆਂ ਵਿਵਾਦਿਤ ਵੀਡੀਓਜ਼ ਵਾਇਰਲ ਹੋਣ ਨਾਲ ਉਨ੍ਹਾਂ ਦੀ ਨੈਤਿਕਤਾ ਉਪਰ ਸਵਾਲ ਖੜ੍ਹੇ ਹੋ ਗਏ, ਜਿਸ ਕਰਕੇ ਵੋਟਰਾਂ ਨੇ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਤੋਂ ਮੁੱਖ ਮੋੜ ਲਿਆ। ਤੀਜਾ ਕਾਰਨ ਨੋਟਬੰਦੀ ਅਤੇ ਜੀ.ਐਸ.ਟੀ ਨੂੰ ਬਿਨਾ ਕਿਸੇ ਤਿਆਰੀ ਤੇ ਲਾਗੂ ਕਰਨ ਨਾਲ ਆਮ ਲੋਕ ਅਤੇ ਵਿਓਪਾਰੀ ਵਰਗ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਵੋਟ ਬੈਂਕ ਸੀ, ਉਹ ਕੇਂਦਰ ਸਰਕਾਰ ਤੋਂ ਨਿਰਾਸ਼ ਹੋ ਗਏ, ਜਿਸ ਕਰਕੇ ਉਨ੍ਹਾਂ ਪਾਰਟੀ ਤੋਂ ਪਾਸਾ ਵੱਟ ਲਿਆ। ਚੌਥੇ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਜਿਹੜੀ ਪਹਿਲਾਂ ਇਕ ਦੂਜੇ ਦੀਆਂ ਲੱਤਾਂ ਖਿਚਦੀ ਰਹਿੰਦੀ ਸੀ, ਇਸ ਵਾਰ ਇਕ ਮੁਠ ਹੋ ਕੇ ਆਪਣੇ ਪ੍ਰਧਾਨ ਦੀ ਪਿੱਠ ਪਿਛੇ ਖੜ੍ਹੀ ਹੋ ਗਈ। ਪਰਤਾਪ ਸਿੰਘ ਬਾਜਵਾ ਜਿਸ ਤੋਂ ਇਹ ਟਿਕਟ ਖੋਹ ਕੇ ਸੁਨੀਲ ਕੁਮਾਰ ਜਾਖੜ ਨੂੰ ਦਿੱਤੀ ਗਈ ਹੈ ਅਤੇ ਰਾਜਿੰਦਰ ਕੌਰ ਭੱਠਲ ਦੋਵਾਂ ਨੇ ਸੁਨੀਲ ਕੁਮਾਰ ਜਾਖੜ ਲਈ ਚੋਣ ਰੈਲੀਆਂ ਵਿਚ ਸ਼ਮੂਲੀਅਤ ਕੀਤੀ ਹੈ। ਪੰਜਵਾਂ ਕਿਸਾਨ ਵਰਗ ਜਿਹੜਾ ਕੈਪਟਨ ਅਮਰਿੰਦਰ ਸਿੰਘ ਉਪਰ ਆਸਾਂ ਲਾਈ ਬੈਠਾ ਹੈ, ਭਾਵੇਂ ਕਰਜ਼ਾ ਮੁਆਫ਼ੀ ਵਿਚ ਦੇਰੀ ਹੋਣ ਕਰਕੇ ਨਿਮੋਝੂਣਾ ਹੋਇਆ ਹੈ ਪ੍ਰੰਤੂ ਉਨ੍ਹਾਂ ਕੋਲ ਚੰਗਾ ਬਦਲ ਨਾ ਹੋਣ ਕਰਕੇ ਉਹ ਵੀ ਕਾਂਗਰਸ ਪਾਰਟੀ ਖਾਸ ਤੌਰ ਤੇ ਕੈਪਟਨ ਅਮਰਿੰਦਰ ਨਾਲੋਂ ਨਾਤਾ ਤੋੜਨਾਂ ਨਹੀਂ ਚਾਹੁੰਦਾ, ਇਸ ਕਰਕੇ ਕਿਸਾਨ ਯੂਨੀਅਨਾਂ ਨੇ ਸਰਕਾਰ ਖਿਲਾਫ  ਮੀਟਿੰਗਾਂ ਕਰਨ ਦੇ ਬਾਵਜੂਦ ਪਾਰਟੀ ਦੀ ਮਦਦ ਉਪਰ ਖੜ੍ਹਾ ਰਿਹਾ। ਕਰਜ਼ਾ ਮੁਆਫ਼ ਕਰਨ ਵਿਚ ਚੋਣ ਕਮਿਸ਼ਨ ਦਾ ਅੜਿਕਾ ਵੀ ਖ਼ਤਮ ਹੋ ਗਿਆ ਹੈ। ਸਰਕਾਰ ਕੋਲ ਹੁਣ ਹੋਰ ਕੋਈ ਬਹਾਨਾ ਬਚਿਆ ਨਹੀਂ।

ਕੈਪਟਨ ਅਮਰਿੰਦਰ ਸਿੰਘ ਦੀ ਚੋਣ ਲੜਨ ਦੀ ਵਿਉਂਤਬੰਦੀ ਵੀ ਇਸ ਚੋਣ ਵਿਚ ਸਹਾਈ ਹੋਈ ਹੈ। ਭਾਵੇਂ ਕੈਪਟਨ ਅਮਰਿੰਦਰ ਸਿੰਘ ਸਿਰਫ 2 ਵਾਰ ਹੀ ਭਲਵਾਨੀ ਗੇੜਾ ਮਾਰਨ ਹੀ ਗਿਆ ਹੈ ਪ੍ਰੰਤੂ ਉਸਦੀ ਹਰਮਨ ਪਿਆਰਤਾ ਅਤੇ ਦਲੇਰੀ ਨਾਲ ਫ਼ੈਸਲੇ ਕਰਨ ਦੀ ਸਮਰੱਥਾ ਕਰਕੇ ਗੁਰਦਾਸਪੁਰ ਦੇ ਲੋਕਾਂ ਨੇ ਭਰਪੂਰ ਸਮਰਥਨ ਦਿੱਤਾ ਹੈ। ਮੁੱਖ ਮੰਤਰੀ ਨੇ ਆਪਣਾ ਇਕ ਜਰਨੈਲ ਸੰਦੀਪ ਸੰਧੂ ਜੋ ਕਾਂਗਰਸ ਪਾਰਟੀ ਦਾ ਕੰਮ ਕਾਜ਼ ਵੇਖਦਾ ਹੈ ਨੂੰ ਗੁਰਦਾਸਪੁਰ ਚੋਣ ਦਾ ਇਨਚਾਰਜ ਬਣਾਕੇ ਸਿਆਣਪ ਕੀਤੀ ਕਿਉਂਕਿ ਜੇ ਕਿਸੇ ਮੰਤਰੀ ਨੂੰ ਦਫਤਰ ਦੀ ਵਾਗ ਡੋਰ ਦੇ ਦਿੰਦੇ ਤਾਂ ਕਲੇਸ਼ ਪੈਣਾ ਕੁਦਰਤੀ ਸੀ। ਤਿੰਨ ਹਿੰਦੂ ਵੋਟਰਾਂ ਦੇ ਬਹੁਮਤ ਵਾਲੇ ਹਲਕਿਆਂ ਸੁਜਾਨਪੁਰ, ਭੋਆ ਅਤੇ ਗੁਰਦਾਸਪੁਰ ਦੀ ਕਮਾਂਡ ਸੀਨੀਅਰ ਮੰਤਰੀ ਬ੍ਰਹਮ ਮਹਿੰਦਰਾ ਨੂੰ ਦਿੱਤੀ ਗਈ, ਜਿਥੇ ਸੁਜਾਨਪੁਰ ਤੋਂ ਭਾਰਤੀ ਜਨਤਾ ਪਾਰਟੀ ਦਾ ਤੀਜੀ ਵਾਰ ਬਣਿਆਂ ਵਿਧਾਇਕ ਦਿਨੇਸ਼ ਬੱਬੂ ਹੈ, ਉਥੋਂ ਵੀ ਕਾਂਗਰਸ ਪਾਰਟੀ  6801 ਵੋਟਾਂ ਦੇ ਫ਼ਰਕ ਨਾਲ ਜਿੱਤ ਗਈ। ਬਾਕੀ ਮੰਤਰੀਆਂ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਦੀ ਧੜੱਲੇਦਾਰ ਅਕਾਲੀ ਦਲ ਉਪਰ ਹਮਲਾਵਰ ਚੋਣ ਮੁਹਿੰਮ ਵੀ ਕਾਰਗਰ ਸਾਬਤ ਹੋਈ ਹੈ। ਇਹ ਚੋਣ 11 ਅਕਤੂਬਰ ਨੂੰ ਹੋਈ ਸੀ ਜਿਸ ਦੀਆਂ ਕੁਲ 14 ਲੱਖ 95 ਹਜ਼ਾਰ 276 ਵੋਟਾਂ ਵਿਚੋਂ 8 ਲੱਖ 59 ਹਜ਼ਾਰ 336 ਵੋਟਾਂ ਪੋਲ ਹੋਈਆਂ ਜੋ ਸਿਰਫ 56 ਫ਼ੀ ਸਦੀ ਬਣਦੀਆਂ ਸਨ। 15 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਹੋਈ ਹੈ, ਜਿਸ ਵਿਚ ਕੁਲ ਪੋਲ ਹੋਈਆਂ ਵੋਟਾਂ ਵਿਚੋਂ ਕਾਂਗਰਸ ਪਾਰਟੀ ਦੇ ਸੁਨੀਲ ਕੁਮਾਰ ਜਾਖੜ ਨੂੰ 4 ਲੱਖ 99 ਹਜ਼ਾਰ 752, ਭਾਰਤੀ ਜਨਤਾ ਪਾਰਟੀ ਦੇ ਸਵਰਨ ਸਲਾਰੀਆ ਨੂੰ 3 ਲੱਖ 6 ਹਜ਼ਾਰ 533 ਅਤੇ ਆਮ ਆਦਮੀ ਪਾਰਟੀ ਸੇਵਾ ਮੁਕਤ ਮੇਜਰ ਜਨਰਲ ਸੁਰੇਸ਼  ਕੁਮਾਰ ਖ਼ਜੂਰੀਆ ਨੂੰ 23579 ਵੋਟਾਂ ਪਈਆਂ ਹਨ। ਸੁਨੀਲ ਕੁਮਾਰ ਜਾਖੜ 1 ਲੱਖ 93 ਹਜ਼ਾਰ 219 ਦੇ ਫ਼ਰਕ ਨਾਲ ਜਿੱਤ ਗਿਆ ਹੈ। ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਹੁਣ ਤੱਕ ਦੀਆਂ ਜਿੱਤਾਂ ਵਿਚੋਂ ਇਹ ਸਭ ਤੋਂ ਵੱਡੇ ਫ਼ਰਕ ਨਾਲ ਜਿੱਤਣ ਵਾਲੇ ਪਹਿਲੇ ਉਮੀਦਵਾਰ ਹਨ। 9 ਵਿਧਾਨ ਸਭਾ ਹਲਕਿਆਂ ਵਿਚ 7 ਕਾਂਗਰਸ ,1 ਭਾਰਤੀ ਜਨਤਾ ਪਾਰਟੀ ਸੁਜਾਨਪੁਰ ਅਤੇ ਅਕਾਲੀ ਦਲ ਬਟਾਲਾ ਤੋਂ ਵਿਧਾਨਕਾਰ ਹਨ। ਸੁਨੀਲ ਜਾਖੜ ਸਾਰੇ ਹਲਕਿਆਂ ਵਿਚੋਂ ਜੇਤੂ ਰਿਹਾ।  ਸੁਖਜਿੰਦਰ ਸਿੰਘ ਰੰਧਾਵਾ ਦੇ ਡੇਰਾ ਬਾਬਾ ਨਾਨਕ ਹਲਕੇ ਵਿਚੋਂ ਸਭ ਤੋਂ ਵੱਡਾ ਫਰਕ 44074 ਅਤੇ ਤ੍ਰਿਪਤ ਰਾਜਿੰਦਰ ਸਿੰਘ ਰੰਧਾਵਾ ਦੇ ਫਤਿਹਗੜ੍ਹ ਚੂੜੀਆਂ ਹਲਕੇ ਵਿਚੋਂ 32296 ਵੋਟਾਂ ਦੇ ਫਰਕ ਨਾਲ ਸੁਨੀਲ ਕੁਮਾਰ ਜਾਖੜ ਜੇਤੂ ਰਿਹਾ।

ਮਾਝੇ ਦਾ ਅਕਾਲੀ ਦਲ ਦਾ ਨਵਾਂ ਜਰਨੈਲ ਬਿਕਰਮ ਸਿੰਘ ਮਜੀਠੀਆ ਜਿਸਨੂੰ ਸੁੱਚਾ ਸਿੰਘ ਲੰਗਾਹ ਦੇ ਗ੍ਰਿਫ਼ਤਾਰ ਹੋਣ ਤੋਂ ਬਾਅਦ ਡੇਰਾ ਬਾਬਾ ਨਾਨਕ ਹਲਕੇ ਦਾ ਇਨਚਾਰਜ ਬਣਾਇਆ ਸੀ, ਉਹ ਵੀ ਉਥੋਂ ਵੋਟਾਂ ਪਵਾਉਣ ਵਿਚ ਅਸਫਲ ਰਿਹਾ ਹੈ। ਕਾਂਗਰਸ ਨੇ ਦੀਨਾ ਨਗਰ ਹਲਕੇ ਨੂੰ ਛੱਡ ਕੇ ਬਾਕੀ ਸਾਰੇ ਹਲਕਿਆਂ ਵਿਚ ਵਿਧਾਨ ਸਭਾ ਚੋਣਾਂ ਨਾਲੋਂ ਵੱਧ ਵੋਟਾਂ ਲਈਆਂ ਹਨ। ਦੀਨਾ ਨਗਰ ਵਿਚ ਵੀ ਰਾਜਪੂਤ ਵੋਟਾਂ ਸਵਰਨ ਸਲਾਰੀਆ ਨੂੰ ਪੈਣ ਕਰਕੇ ਫਰਕ ਘਟਿਆ ਹੈ। ਦਿਹਾਤੀ ਹਲਕਿਆਂ ਡੇਰਾ ਬਾਬਾ ਨਾਨਕ ਅਤੇ ਫਤਿਹਗੜ੍ਹ ਚੂੜੀਆਂ ਵਿਚ ਜੱਟ ਸਿੱਖ ਵੋਟਰਾਂ ਨੇ ਕਾਂਗਰਸ ਪਾਰਟੀ ਦਾ ਸਾਥ ਦਿੱਤਾ ਹੈ। ਬਟਾਲਾ ਅਤੇ ਕਾਦੀਆਂ ਹਲਕਿਆਂ ਵਿਚ ਵੀ ਜੱਟ ਸਿੱਖ ਵੋਟਰ ਕਾਂਗਰਸ ਪਾਰਟੀ ਨੂੰ ਭੁਗਤੇ ਹਨ। ਚਾਰ ਹਲਕਿਆਂ ਵਿਚ ਰਾਜਪੂਤ ਵੋਟਰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇ ਹੱਕ ਵਿਚ ਨਿਤਰੇ ਹਨ। 2014 ਦੀਆਂ ਲੋਕ ਸਭਾ ਚੋਣਾਂ ਵਿਚ ਵਿਨੋਦ ਕੁਮਾਰ ਖੰਨਾ ਨੂੰ 4 ਲੱਖ 62000 ਵੋਟਾਂ ਪੋਲ ਹੋਈਆਂ ਸਨ ਅਤੇ ਉਹ 1 ਲੱਖ 36 ਹਜ਼ਾਰ ਵੋਟਾਂ ਦੇ ਫਰਕ ਨਾਲ ਚੋਣ ਜਿੱਤਿਆ ਸੀ। ਇਸ ਦੇ ਮੁਕਾਬਲੇ ਇਸ ਵਾਰ  ਸਵਰਨ ਸਲਾਰੀਆ ਨੂੰ 3 ਲੱਖ 6533 ਵੋਟਾਂ ਪੋਲ ਹੋਈਆਂ ਹਨ, ਕੁਲ ਮਿਲਾਕੇ ਭਾਰਤੀ ਜਨਤਾ ਪਾਰਟੀ ਨੂੰ 35 ਫ਼ੀ ਸਦੀ ਵੋਟਾਂ ਘੱਟ ਪਈਆਂ ਹਨ। ਇਸ ਦਾ ਭਾਵ ਕਿ ਭਾਰਤੀ ਜਨਤਾ ਪਾਰਟੀ ਦੀ ਹਰਮਨ ਪਿਆਰਤਾ ਵਿਚ ਤੀਜਾ ਹਿੱਸਾ ਨਿਘਾਰ ਆਇਆ ਹੈ। ਏਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਸੁੱਚਾ ਸਿੰਘ ਛੋਟੇਪੁਰ ਨੂੰ 2014 ਵਿਚ 1 ਲੱਖ 73 ਹਜ਼ਾਰ 376 ਵੋਟਾਂ ਪੋਲ ਹੋਈਆਂ ਸਨ ਪ੍ਰੰਤੂ ਇਸ ਵਾਰ ਸੁਰੇਸ਼ ਕੁਮਾਰ ਖ਼ਜੂਰੀਆ ਨੂੰ 23579 ਵੋਟਾਂ ਪੋਲ ਹੋਈਆਂ ਹਨ ਜੋ ਕਿ 2.74 ਫ਼ੀ ਸਦੀ ਬਣਦਾ ਹੈ। ਪਿਛਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਜੋ 6 ਮਹੀਨੇ ਪਹਿਲਾਂ ਹੋਈਆਂ ਸਨ ਇਕੱਲੇ ਘੁੱਗੀ ਨੂੰ ਹੀ ਬਟਾਲਾ ਵਿਧਾਨ ਸਭਾ ਹਲਕੇ ਵਿਚੋਂ 24000 ਵੋਟਾਂ ਪੋਲ ਹੋਈਆਂ ਸਨ। ਇਸ ਚੋਣ ਤੋਂ ਇਉਂ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦਾ ਝਾੜੂ ਖਿੰਡਕੇ ਤੀਲਾ-ਤੀਲਾ ਹੋ ਗਿਆ ਹੈ। ਹਾਲਾਂਕਿ ਉਹ ਇਕੱਲਾ ਸਥਾਨਕ ਉਮੀਦਵਾਰ ਸੀ, ਉਸਦੀ ਤਾਂ ਜ਼ਮਾਨਤ ਵੀ ਜ਼ਬਤ ਹੋ ਗਈ।  ਕੁਲ 11 ਉਮੀਦਵਾਰਾਂ ਵਿਚੋਂ ਸਿਰਫ 9 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਇਸ ਚੋਣ ਵਿਚ 7578 ਵੋਟਰਾਂ ਨੇ ਨੋਟਾ ਦੀ ਵਰਤੋਂ ਕਰਦਿਆਂ ਕਿਸੇ ਉਮੀਦਵਾਰ ਨੂੰ ਵੀ ਵੋਟ ਨਹੀਂ ਪਾਈ।

ਸੁਨੀਲ ਕੁਮਾਰ ਜਾਖੜ ਪਹਿਲੀ ਵਾਰ 1996 ਵਿਚ ਫੀਰੋਜਪੁਰ ਤੋਂ ਲੋਕ ਸਭਾ ਦੀ ਚੋਣ ਲੜਿਆ ਸੀ, ਉਦੋਂ ਉਹ ਬਹੁਜਨ ਸਮਾਜ ਪਾਰਟੀ ਦੇ ਮੋਹਨ ਸਿੰਘ ਫਲੀਆਂਵਾਲਾ ਕੋਲੋਂ ਹਾਰ ਗਿਆ ਸੀ। ਦੂਜੀ ਵਾਰ ਮਈ 2014 ਵਿਚ ਲੋਕ ਸਭਾ ਦੀ ਚੋਣ ਲੜਿਆ ਸੀ ਅਤੇ ਅਕਾਲੀ ਦਲ ਦੇ ਸ਼ੇਰ ਸਿੰਘ ਘੁਬਾਇਆ ਤੋਂ ਹਾਰ ਗਿਆ ਸੀ। 2017 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਵੀ ਅਬੋਹਰ ਵਿਧਾਨ ਸਭਾ ਹਲਕੇ ਤੋਂ ਜਿਥੋਂ ਉਹ ਪਹਿਲਾਂ 3 ਵਾਰ ਵਿਧਾਨ ਸਭਾ ਦੀ ਚੋਣ ਜਿੱਤਿਆ ਸੀ ਹਾਰ ਗਿਆ ਸੀ। 21 ਸਾਲ ਬਾਅਦ ਉਸਦਾ ਲੋਕ ਸਭਾ ਵਿਚ ਪਹੁੰਚਣ ਦਾ ਸਪਨਾ ਸਾਕਾਰ ਹੋਇਆ ਹੈ। ਇਸ ਲਈ ਉਸ ਲਈ ਇਹ ਚੋਣ ਵਰਦਾਨ ਸਾਬਤ ਹੋਈ ਹੈ। ਇਸ ਚੋਣ ਦੇ ਨਤੀਜੇ ਤੋਂ ਬਾਅਦ ਮੰਤਰੀ ਮੰਡਲ ਦੇ ਵਿਸਤਾਰ ਸਮੇਂ ਆਪਣਾ ਹੱਕ ਜਤਾਉਣ ਵਾਲੇ ਵਿਧਾਨਕਾਰਾਂ ਨੇ ਵੀ ਹੱਥ ਪੱਲੇ ਮਾਰਨੇ ਸ਼ਰੂ ਕਰ ਦੇਣੇ ਹਨ। ਸੁਖਜਿੰਦਰ ਸਿੰਘ ਰੰਧਾਵਾ ਦਾ ਹੱਕ ਬਣਦਾ ਹੈ ਕਿ ਮੰਤਰੀ ਮੰਡਲ ਵਿਚ ਉਸ ਨੂੰ ਸ਼ਾਮਲ ਕੀਤਾ ਜਾਵੇ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>