ਪ੍ਰਦੂਸ਼ਣ ਸਬੰਧੀ ਸੁਚੇਤ ਹੋਣ ਦੀ ਲੋੜ

ਪੰਜਾਬ ਨੂੰ ਦੇਸ਼ ਦੇ ਬਾਕੀ ਰਾਜਾਂ ਨਾਲੋਂ ਵਿਕਸਤ ਰਾਜ ਗਿਣਿਆ ਜਾਂਦਾ ਹੈ। ਪੜ੍ਹਾਈ ਦੇ ਲਿਹਾਜ ਨਾਲ ਵੀ ਬਿਹਤਰ ਸਮਝਿਆ ਜਾਂਦਾ ਹੈ ਪ੍ਰੰਤੂ ਪੰਜਾਬ ਦੇ ਲੋਕ ਵਾਤਵਰਣ ਨੂੰ ਸਾਫ਼ ਸੁਥਰਾ ਰੱਖਣ ਵਿਚ ਆਪਣੀ ਜ਼ਿੰਮੇਵਾਰੀ ਸਮਝਣ ਵਿਚ ਅਸਮਰੱਥ ਸਾਬਤ ਹੋ ਰਹੇ ਹਨ। ਅਸਲ ਵਿਚ ਪੰਜਾਬੀ ਉਦਮੀ ਹੋਣ ਕਰਕੇ ਆਪੋ ਆਪਣੇ ਵਿਓਪਾਰ ਵਿਚ ਮੁਨਾਫ਼ੇ ਲੈਣ ਦੇ ਚੱਕਰ ਵਿਚ ਮੋਹਰੀ ਬਣਦੇ ਜਾ ਰਹੇ ਹਨ। ਆਪਣੀ ਸਮਾਜਿਕ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ। ਜਿਸ ਕਰਕੇ ਪ੍ਰਦੂਸ਼ਣ ਖ਼ਤਮ ਕਰਨ ਵਿਚ ਦਿਲਚਸਪੀ ਨਹੀਂ ਲੈ ਰਹੇ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ ਦੇ ਬਾਵਜੂਦ ਵੀ ਪੰਜਾਬ ਦੇ ਲੋਕ ਆਪਣੇ ਭਵਿੱਖ ਲਈ ਸੰਜੀਦਾ ਨਹੀਂ ਹੋਏ। ਨਿਸਚਿਤ ਸਮੇਂ ਤੋਂ ਬਾਅਦ ਵੀ ਪਟਾਕੇ ਚਲਾਉਂਦੇ ਰਹੇ। ਇਕੱਲੇ ਚੰਡੀਗੜ੍ਹ ਦੇ ਹਸਪਤਾਲਾਂ ਵਿਚ ਪਟਾਕਿਆਂ ਨਾਲ ਜਲਣ ਦੇ 141 ਕੇਸ ਰਿਪੋਰਟ ਹੋਏ ਹਨ। ਦੀਵਾਲੀ ਵਾਲੇ ਦਿਨ ਹਵਾ ਦਾ ਪ੍ਰਦੂਸ਼ਣ ਪਿਛਲੇ ਸਾਲ ਦੇ ਮੁਕਾਬਲੇ 24 ਫ਼ੀ ਸਦੀ ਘੱਟ ਰਿਹਾ ਹੈ, ਜਦੋਂ ਕਿ ਪਿਛਲੇ ਸਾਲ 70 ਫ਼ੀ ਸਦੀ ਸੀ ਪ੍ਰੰਤੂ ਪਿਛਲੇ ਸਾਲ ਦੇ ਦੀਵਾਲੀ ਤੋਂ ਇਕ ਦਿਨ ਪਹਿਲਾਂ ਦੇ ਪ੍ਰਦੂਸ਼ਣ ਨਾਲੋਂ ਇਸ ਸਾਲ ਦੀਵਾਲੀ ਵਾਲੇ ਦਿਨ ਵਧੇਰੇ ਪ੍ਰਦੂਸ਼ਣ ਰਿਹਾ। ਪੰਜਾਬ ਪ੍ਰਦੂਸ਼ਣ ਬੋਰਡ ਦੇ ਕਹਿਣ ਮੁਤਾਬਕ ਹਵਾ ਦਾ ਪ੍ਰਦੂਸ਼ਣ ਏਅਰ ਕੁਆਲਿਟੀ ਇਨਡੈਕਸ ਰੋਟੀਨ ਵਿਚ ਹੀ ਜ਼ਿਆਦਾ ਹੈ। ਸੁਪਰੀਮ ਕੋਰਟ ਦੇ ਫ਼ੈਸਲੇ ਦਾ ਫਿਰ ਵੀ ਚੰਗਾ ਪ੍ਰਭਾਵ ਪਿਆ ਹੈ। ਹੈਰਾਨੀ ਦੀ ਗੱਲ ਹੈ ਕਿ ਸਿਆਸਤਦਾਨਾ ਨਾਲੋਂ ਸੁਪਰੀਮ ਕੋਰਟ ਆਪਣੀ ਜ਼ਿੰਮੇਵਾਰੀ ਜ਼ਿਆਦਾ ਸਮਝ ਰਿਹਾ ਹੈ।

ਸਿਆਸਤਦਾਨ ਵੋਟਾਂ ਦੀ ਰਾਜਨੀਤੀ ਕਰਕੇ ਸਹੀ ਫ਼ੈਸਲੇ ਲੈਣ ਤੋਂ ਕੰਨੀ ਕਤਰਾਉਂਦੇ ਹਨ। ਦੀਵਾਲੀ ਵਾਲੇ ਦਿਨ ਪਰਾਲੀ ਸਾੜਨ ਦੀਆਂ 1188 ਘਟਨਾਵਾਂ ਹੋਈਆਂ ਹਨ। ਲਾਨਸੈਟ ਮੈਡੀਕਲ ਜਨਰਲ ਦੀ ਰਿਪੋਰਟ ਅਨੁਸਾਰ 2015 ਵਿਚ ਦੁਨੀਆਂ ਵਿਚ ਪ੍ਰਦੂਸ਼ਣ ਨਾਲ 90 ਲੱਖ ਲੋਕ ਮਰੇ ਹਨ, ਇਨ੍ਹਾਂ ਵਿਚੋਂ 25 ਲੱਖ ਭਾਰਤੀ ਹਨ। ਭਾਰਤ ਖਾਸ ਕਰਕੇ ਪੰਜਾਬ ਦੇ ਲੋਕ ਭਾਵੇਂ ਪੰਜਾਬ ਨੂੰ ਦੇਸ਼ ਦਾ ਖ਼ੁਸ਼ਹਾਲ ਰਾਜ ਗਿਣਿਆਂ ਜਾਂਦਾ ਹੈ, ਆਪਣੀ ਅਤੇ ਆਪਣੇ ਬੱਚਿਆਂ ਦੀ ਸਿਹਤ ਬਾਰੇ ਬਹੁਤੇ ਸੁਚੇਤ ਨਹੀਂ ਹਨ। ਲੋਕਾਂ ਦੀਆਂ ਖਾਣ ਪੀਣ ਦੀਆਂ ਆਦਤਾਂ ਵੀ ਸਿਹਤ ਪੱਖੀ ਨਹੀਂ ਹਨ। ਇਸੇ ਕਰਕੇ ਦੇਸ਼ ਵਿਚਲਾ ਹਰ ਤਰ੍ਹਾਂ ਦਾ ਪ੍ਰਦੂਸ਼ਣ ਭਾਰਤ ਦੇ ਭਵਿਖ ਲਈ ਖ਼ਤਰਨਾਕ ਸਾਬਤ ਹੋ ਰਿਹਾ ਹੈ। ਭਾਰਤ ਨੂੰ ਸਵੱਛ ਰੱਖਣ ਲਈ ਸਵੱਛ ਭਾਰਤ ਦੀ ਮੁਹਿੰਮ ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ। ਇਸ ਕਰਕੇ ਆਮ ਲੋਕਾਂ ਨੂੰ ਵਾਤਵਰਨ ਨੂੰ ਸਾਫ਼ ਸੁਥਰਾ ਰੱਖਣ ਦੀ ਪ੍ਰੇਰਨਾ ਦਿੱਤੀ ਜਾ ਰਹੀ ਹੈ। ਪ੍ਰਧਾਨ ਮੰਤਰੀ, ਕੇਂਦਰੀ ਮੰਤਰੀ, ਰਾਜਾਂ ਦੇ ਮੁੱਖ ਮੰਤਰੀ, ਮੰਤਰੀ ਸਾਹਿਬਾਨ ਅਤੇ ਹੋਰ ਪਤਵੰਤੇ ਵਿਅਕਤੀ ਖ਼ੁਦ ਝਾੜੂ ਨਾਲ ਸਫਾਈ ਕਰਕੇ ਇਸ ਮੁਹਿੰਮ ਨੂੰ ਤੇਜ ਕਰ ਰਹੇ ਹਨ। ਭਾਵੇਂ ਇਨ੍ਹਾਂ ਪਤਵੰਤੇ ਵਿਅਕਤੀਆਂ ਨੇ ਆਪੋ ਆਪਣੇ ਘਰਾਂ ਵਿਚ ਕਦੀਂ ਵੀ ਸਫ਼ਾਈ ਨਹੀਂ ਕੀਤੀ ਹੁੰਦੀ ਅਤੇ ਨਾ ਹੀ ਉਨ੍ਹਾਂ ਤੋਂ ਆਸ ਕੀਤੀ ਜਾ ਸਕਦੀ ਹੈ। ਇਹ ਪ੍ਰਚਾਰ ਦਾ ਇਕ ਢੰਗ ਹੈ, ਜਿਸ ਰਾਹੀਂ ਆਮ ਲੋਕਾਂ ਨੂੰ ਜਾਗ੍ਰਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਪ੍ਰੰਤੂ ਨੇਤਾਵਾਂ ਨੂੰ ਆਪਣੇ ਅੰਦਰਲੇ ਪ੍ਰਦੂਸ਼ਣ ਨੂੰ ਖ਼ਤਮ ਕਰਨਾ ਚਾਹੀਦਾ ਹੈ ਫਿਰ ਸਾਰੇ ਪ੍ਰਦੂਸ਼ਣ ਖਤਮ ਹੋ ਜਾਣਗੇ।

ਪ੍ਰਦੂਸ਼ਣ ਕਈ ਪ੍ਰਕਾਰ ਦਾ ਹੁੰਦਾ ਹੈ। ਮਿਲਾਵਟ ਅਤੇ ਭਰਿਸ਼ਟਾਚਾਰ ਦਾ ਦੂਜਾ ਨਾਮ ਹੀ ਪ੍ਰਦੂਸ਼ਣ ਹੋ ਸਕਦਾ ਹੈ।  ਇਹ ਸਮਾਜਿਕ ਬਿਮਾਰੀਆਂ ਸਮਾਜ ਨੂੰ ਘੁਣ ਵਾਂਗ ਚਿੰਬੜੀਆਂ ਹੋਈਆਂ ਹਨ। ਆਮ ਤੌਰ ਤੇ ਪ੍ਰਦੂਸ਼ਣ ਹਵਾ ਅਤੇ ਪਾਣੀ ਦਾ ਹੀ ਸਮਝਿਆ ਜਾਂਦਾ ਹੈ। ਖਾਣ ਪੀਣ ਦੀਆਂ ਵਸਤਾਂ ਵਿਚ ਮਿਲਾਵਟ ਅਤੇ ਕੀਟਨਾਸ਼ਕ ਦਵਾਈਆਂ ਵੀ ਇਕ ਕਿਸਮ ਨਾਲ ਪ੍ਰਦੂਸ਼ਣ ਹੀ ਹਨ ਕਿਉਂਕਿ ਜਿਹੜਾ ਵੀ ਪ੍ਰਾਣੀ ਇਨ੍ਹਾਂ ਦੀ ਵਰਤੋਂ ਨਾਲ ਬਣੀਆਂ ਜਾਂ ਉਤਪਾਦਨ ਕੀਤੀਆਂ ਵਸਤਾਂ ਨੂੰ ਖਾਵੇਗਾ, ਉਹ ਹਰ ਹਾਲਤ ਵਿਚ ਕਿਸੇ ਨਾ ਕਿਸੇ ਗੰਭੀਰ ਬਿਮਾਰੀ ਦਾ ਸ਼ਿਕਾਰ ਹੋਵੇਗਾ। ਸਭ ਤੋਂ ਪਹਿਲਾਂ ਹਵਾ ਦੇ ਪ੍ਰਦੂਸ਼ਣ ਦੀ ਗੱਲ ਕਰਦੇ ਹਾਂ। ਹਰ ਪ੍ਰਾਣੀ ਨੂੰ ਜਿੰਦਾ ਰਹਿਣ ਲਈ ਹਵਾ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਹਰ ਵਿਅਕਤੀ ਲਈ ਹਵਾ ਅਤਿਅੰਤ ਜ਼ਰੂਰੀ ਹੁੰਦੀ ਹੈ। ਹਵਾ ਨੂੰ ਸਾਫ਼ ਰੱਖਣ ਵਿਚ ਰੁੱਖ ਅਤੇ ਪੌਦੇ ਮਹੱਤਵਪੂਰਣ ਯੋਗਦਾਨ ਪਾਉਂਦੇ ਹਨ। ਹਵਾ ਵਿਚ ਮਿਲਾਵਟ ਮਿੱਟੀ ਘੱਟਾ ਅਤੇ ਧੂੰਆਂ ਕਰਦੇ ਹਨ। ਸਾਡੇ ਦੇਸ਼ ਵਿਚ ਮਿੱਟੀ ਘੱਟਾ ਰੋਕਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ। ਹੁਣ ਤੱਕ ਧੂੰਏਂ ਵਲ ਵੀ ਕਿਸੇ ਨੇ ਧਿਆਨ ਨਹੀਂ ਦਿੱਤਾ। ਹਵਾ ਨੂੰ ਸਾਫ਼ ਸੁਥਰਾ ਰੱਖਣ ਵਿਚ ਸਮਾਜ ਵਿਸ਼ੇਸ਼ ਯੋਗਦਾਨ ਪਾ ਸਕਦਾ ਹੈ। ਹਵਾ ਨੂੰ ਗੰਧਲਾ ਹੋਣ ਤੋਂ ਰੋਕਣ ਲਈ ਸਮੁੱਚੇ ਸਮਾਜ ਨੂੰ ਹਿੱਸਾ ਪਾਉਣਾ ਚਾਹੀਦਾ ਹੈ। ਪੁਰਾਤਨ ਜ਼ਮਾਨੇ ਵਿਚ ਖਾਣਾ ਬਣਾਉਣ ਅਤੇ ਪਕਾਉਣ ਲਈ ਲਕੜਾਂ ਦੀ ਹੀ ਵਰਤੋਂ ਕੀਤੀ ਜਾਂਦੀ ਸੀ, ਜਿਸ ਕਰਕੇ ਸਭ ਤੋਂ ਪਹਿਲਾ ਅਸਰ ਖਾਣਾ ਬਣਾਉਣ ਵਾਲੀਆਂ ਇਸਤਰੀਆਂ ਉਪਰ ਪੈਂਦਾ ਸੀ। ਉਨ੍ਹਾਂ ਦੀਆਂ ਅੱਖਾਂ ਦੀ ਨਜ਼ਰ ਖਰਾਬ ਹੋ ਜਾਂਦੀ ਸੀ। ਅੱਖਾਂ ਵਿਚ ਕੁਕਰੇ ਹੋ ਜਾਂਦੇ ਸਨ। ਆਮ ਤੌਰ ਤੇ ਘਰ ਦੇ ਮੈਂਬਰ ਵੀ ਰਸੋਈ ਵਿਚ ਚੌਂਤਰੇ ਤੇ ਬੈਠਕੇ ਚੁਲ੍ਹੇ ਦੇ ਮੂਹਰੇ ਹੀ ਖਾਣਾ ਖਾਂਦੇ ਸਨ, ਜਿਸ ਕਰਕੇ ਸਾਰੇ ਪਰਿਵਾਰਾਂ ਦੀਆਂ ਅੱਖਾਂ ਉਪਰ ਧੂੰਏਂ ਦਾ ਮਾੜਾ ਅਸਰ ਪੈਂਦਾ ਸੀ। ਪ੍ਰੰਤੂ ਆਧੁਨਿਕ ਤਕਨਾਲੋਜੀ ਦੇ ਆਉਣ ਨਾਲ ਖਾਣਾ ਪਕਾਉਣ ਦਾ ਕੰਮ ਰਸੋਈ ਗੈਸ ਨਾਲ ਕੀਤਾ ਜਾਂਦਾ ਹੈ, ਜਿਸ ਨਾਲ ਹਵਾ ਗੰਧਲੀ ਨਹੀਂ ਹੁੰਦੀ। ਫਿਰ ਵੀ ਭਾਰਤ ਗਰੀਬ ਦੇਸ਼ ਹੋਣ ਕਰਕੇ ਅਜੇ ਬਹੁਤ ਸਾਰੇ ਲੋਕ ਖਾਣਾ ਬਣਾਉਣ ਅਤੇ ਹੋਰ ਚੀਜਾਂ ਪਕਾਉਣ ਲਈ ਲੱਕੜਾਂ ਦੀ ਹੀ ਵਰਤੋਂ ਕਰਦੇ ਹਨ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਕੰਮਾਂ ਲਈ ਲੱਕੜੀ ਨੂੰ ਜਾਲ ਕੇ ਕੰਮ ਕੀਤਾ ਜਾਂਦਾ ਹੈ।

ਸਨਅਤਾਂ ਵਿਚਲੇ ਧੂੰਏਂ ਨਾਲ ਵੀ ਹਵਾ ਪ੍ਰਦੂਸ਼ਤ ਹੁੰਦੀ ਹੈ। ਇਸ ਲਈ ਅਜੇ ਵੀ ਸਾਡੀ ਹਵਾ ਗੰਧਲੀ ਹੁੰਦੀ ਹੈ, ਜਿਸ ਕਰਕੇ ਅਨੇਕਾਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗੰਧਲੀ ਹਵਾ ਕਰਕੇ ਸਾਹ ਲੈਣ ਵਿਚ ਤਕਲੀਫ਼ ਹੁੰਦੀ ਹੈ। ਦਮੇ ਦੀ ਬੀਮਾਰੀ ਵਾਲਿਆਂ ਲਈ ਗੰਧਲੀ ਹਵਾ ਬਹੁਤ ਖ਼ਤਰਨਾਕ ਹੁੰਦੀ ਹੈ। ਖ਼ੂਨ ਸਾਫ ਕਰਨ ਲਈ ਆਕਸੀਜਨ ਦੀ ਲੋੜ ਹੁੰਦੀ ਹੈ, ਜੇਕਰ ਸਾਹ ਲੈਣ ਲਈ ਜਿਹੜੀ ਹਵਾ ਸਾਡੇ ਅੰਦਰ ਜਾਂਦੀ ਹੈ ਉਹ ਗੰਧਲੀ ਹੋਵੇਗੀ ਤਾਂ ਕੁਦਰਤੀ ਹੈ ਕਿ ਖ਼ੂਨ ਸਾਫ਼ ਹੋਣ ਵਿਚ ਮੁਸ਼ਕਲ ਹੁੰਦੀ ਹੈ। ਇਸ ਲਈ ਸਾਨੂੰ ਆਪਣੇ ਭਵਿਖ ਨੂੰ ਬਚਾਉਣ ਲਈ ਹਵਾ ਨੂੰ ਪ੍ਰਦੂਸ਼ਤ ਕਰਨ ਵਾਲੇ ਕੰਮ ਕਰਨ ਤੋਂ ਸੁਚੇਤ ਰਹਿਣਾ ਚਾਹੀਦਾ ਹੈ । ਅਜਿਹਾ ਕੋਈ ਕਦਮ ਨਹੀਂ ਚੁੱਕਣਾ ਚਾਹੀਦਾ ਜਿਸ ਨਾਲ ਹਵਾ ਗੰਧਲੀ ਹੋਵੇ।

ਕਿਸਾਨ ਹੁਣ ਤੱਕ ਆਮ ਤੌਰ ਤੇ ਜੀਰੀ ਦੀ ਰਹਿੰਦ ਖੂੰਹਦ ਨੂੰ ਸਾੜ ਦਿੰਦੇ ਸਨ, ਜਿਸ ਨਾਲ ਜ਼ਹਿਰੀਲਾ ਧੂੰਆਂ ਪੈਦਾ ਹੁੰਦਾ ਅਤੇ ਹਵਾ ਗੰਧਲੀ ਹੋ ਜਾਂਦੀ ਸੀ। ਇਸ ਤਰ੍ਹਾਂ ਕਰਨ ਨਾਲ ਫਸਲਾਂ ਲਈ ਲਾਹੇਬੰਦ ਮਿਤਰ ਕੀੜੇ ਵੀ ਮਰ ਜਾਂਦੇ ਸਨ, ਜਿਸਦਾ ਅਸਰ ਜ਼ਮੀਨ ਦੀ ਉਪਜਾਊ ਸ਼ਕਤੀ ਉਪਰ ਵੀ ਪੈਂਦਾ ਹੈ। ਸਰਕਾਰ ਕਿਸਾਨਾਂ ਨੂੰ ਅਜਿਹਾ ਕਰਨ ਤੋਂ ਪ੍ਰਹੇਜ ਕਰਨ ਦੀ ਸਲਾਹ ਦਿੰਦੀ ਹੈ। ਗਰੀਨ ਟਰਬਿਊਨਲ ਨੇ ਵੀ ਬੰਦਸ਼ਾਂ ਲਗਾਈਆਂ ਹਨ ਜੋ ਕਿਸਾਨੀ ਲਈ ਲਾਹੇਬੰਦ ਹਨ ਪ੍ਰੰਤੂ ਕੁਝ ਕਿਸਾਨ ਸੰਸਥਾਵਾਂ ਅਤੇ ਨੇਤਾ ਇਸ ਦਾ ਵਿਰੋਧ ਕਰਕੇ ਕਿਸਾਨਾ ਨੂੰ ਉਕਸਾਉਂਦੇ ਹਨ। ਇਸ ਲਈ ਕਿਸਾਨਾਂ ਨੂੰ ਸੁਚੇਤ ਹੋਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਬਿਆਨ ਦੇ ਦਿੱਤਾ ਕਿ ਜੀਰੀ ਦੀ ਰਹਿੰਦ ਖੂੰਹਦ ਨੂੰ ਸਾੜਨ ਵਾਲੇ ਕਿਸਾਨਾਂ ਵਿਰੁੱਧ ਕੇਸ ਰਜਿਸਟਰ ਨਹੀਂ ਕੀਤੇ ਜਾਣਗੇ, ਜਿਸਨੇ ਬਲਦੀ ਉਪਰ ਤੇਲ ਦਾ ਕੰਮ ਕੀਤਾ ਹੈ। ਕਿਸਾਨਾਂ ਨੇ ਫਟਾਫਟ ਪਰਾਲੀ ਸਾੜਨੀ ਸ਼ੁਰੂ ਕਰ ਦਿੱਤੀ ਜਿਸ ਨਾਲ ਹਵਾ ਜ਼ਹਿਰੀਲੀ ਹੋ ਗਈ। ਧੂੰਏਂ ਨਾਲ ਕਿਸਾਨਾਂ ਦੇ ਬੱਚਿਆਂ ਦੀ ਸਿਹਤ ਉਪਰ ਵੀ ਮਾੜਾ ਅਸਰ ਪੈਂਦਾ ਹੈ। ਅਨੇਕਾਂ ਬਿਮਾਰੀਆਂ ਲਗਦੀਆਂ ਹਨ। ਇਸ ਲਈ ਕਿਸਾਨਾਂ ਨੂੰ ਸਰਕਾਰ ਦੀ ਸਲਾਹ ਮੰਨਣੀ ਚਾਹੀਦੀ ਹੈ। ਜੀਰੀ ਦੀ ਰਹਿੰਦ ਖੂੰਹਦ ਦਾ ਯੋਗ ਪ੍ਰਬੰਧ ਕਰਨ ਵਿਚ ਸਰਕਾਰ ਨੂੰ ਕਿਸਾਨਾ ਦਾ ਸਹਾਈ ਹੋਣਾ ਚਾਹੀਦਾ ਹੈ। ਰਹਿੰਦ ਖੂੰਹਦ ਨੂੰ ਹਰੀ ਖਾਦ ਦੇ ਤੌਰ ਤੇ ਵਰਤਣ ਲਈ ਸਸਤੀਆਂ ਦਰਾਂ ਉਪਰ ਖੇਤੀ ਦੇ ਸੰਦ ਮੁਹੱਈਆ ਕਰਨੇ ਚਾਹੀਦੇ ਹਨ, ਫਿਰ ਕਿਸਾਨ ਆਪ ਹੀ ਹਰੀ ਖਾਦ ਬਣਾਉਣ ਲੱਗ ਜਾਣਗੇ। ਕਿਸਾਨਾ ਨੂੰ ਵੀ ਸਰਕਾਰ ਦੀਆਂ ਆਰਥਿਕ ਸਮੱਸਿਆਵਾਂ ਨੂੰ ਸਮਝਦੇ ਹੋਏ ਸਹਿਯੋਗ ਦੇਣਾ ਚਾਹੀਦਾ ਹੈ। ਰਹਿੰਦ ਖੂੰਹਦ ਨੂੰ ਅੱਗ ਦੀ ਭੇਂਟ ਨਹੀਂ ਚਾੜ੍ਹਨਾ ਚਾਹੀਦਾ ਕਿਉਂਕਿ ਕਈ ਅਲਾਮਤਾਂ ਅਸੀਂ ਆਪ ਹੀ ਸਹੇੜ ਲੈਂਦੇ ਹਾਂ। ਜੀਰੀ ਦੀ ਰਹਿੰਦ ਖੂੰਹਦ ਨੂੰ ਹਰੀ ਖਾਦ ਵਿਚ ਬਦਲਣ ਲਈ ਆਉਣ ਵਾਲੇ ਖ਼ਰਚ ਨਾਲੋਂ ਬਿਮਾਰੀਆਂ ਦੇ ਇਲਾਜ ਉਪਰ ਜ਼ਿਆਦਾ ਖ਼ਰਚਾ ਆਉਂਦਾ ਹੈ ਕਿਉਂਕਿ ਡਾਕਟਰੀ ਸਹਾਇਤਾ ਵੀ ਵਿਓਪਾਰ ਬਣਕੇ ਵੱਡੇ ਸਰਮਾਏਦਾਰਾਂ ਦੇ ਹੱਥ ਆ ਗਈ ਹੈ। ਉਹ ਆਪਣੇ ਵਿਓਪਾਰ ਵਿਚ ਲਾਭ ਹਾਨੀ ਦੀ ਗੱਲ ਕਰਦੇ ਹਨ।

ਸਵੱਛ ਭਾਰਤ ਦੀ ਮੁਹਿੰਮ ਚਲਾਉਣ ਵਾਲਿਆਂ ਨੂੰ ਵੀ ਨਿਗਰਾਨੀ ਕਰਨੀ ਚਾਹੀਦੀ ਹੈ ਕਿ ਜਿਹੜਾ ਕੂੜਾ ਕਰਕਟ ਖੁਲ੍ਹੇ ਮੈਦਾਨਾਂ ਵਿਚ ਪਿਆ ਹੁੰਦਾ ਹੈ, ਉਸਨੂੰ ਅੱਗ ਲਗਾ ਦਿੱਤੀ ਜਾਂਦੀ ਹੈ। ਉਨ੍ਹਾਂ ਲੋਕਾਂ ਨੂੰ ਵੀ ਕਾਨੂੰਨੀ ਸ਼ਿਕੰਜੇ ਵਿਚ ਲੈਣਾ ਚਾਹੀਦਾ ਹੈ, ਜਿਹੜੇ ਕੂੜਾ ਕਰਕਟ ਨੂੰ ਅੱਗ ਲਗਾਉਂਦੇ ਹਨ। ਇਕੱਲੇ ਕਿਸਾਨ ਹੀ ਹਵਾ ਨੂੰ ਗੰਧਲਾ ਕਰਨ ਦੇ ਜ਼ਿੰਮੇਵਾਰ ਨਹੀਂ। ਸਨਅਤਕਾਰ ਵੀ ਬਰਾਬਰ ਦੇ ਭਾਗੀਦਾਰ ਹਨ, ਜਿਹੜੇ ਆਪਣੀਆਂ ਸਨਅਤਾਂ ਵਿਚ ਟਰੀਟਮੈਂਟ ਪਲਾਂਟ ਨਹੀਂ ਲਗਵਾਉਂਦੇ। ਇੱਟਾਂ ਬਣਾਉਣ ਵਾਲੇ ਭੱਠੇ ਵੀ ਹਵਾ ਗੰਧਲੀ ਕਰਦੇ ਹਨ ਕਿਉਂਕਿ ਇੱਟਾਂ ਕੋਲੇ ਨਾਲ ਪਕਾਈਆਂ ਜਾਂਦੀਆਂ ਹਨ। ਜਿਹੜੇ ਨਰੇਗਾ ਮਜ਼ਦੂਰ ਸਫਾਈ ਕਰਦੇ ਹਨ, ਉਹ ਵੀ ਸਫਾਈ ਕਰਕੇ ਕੂੜੇ ਕਰਕਟ ਨੂੰ ਅੱਗ ਲਗਾ ਦਿੰਦੇ ਹਨ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਸਦੇ ਵਿਭਾਗ ਉਨ੍ਹਾਂ ਨੂੰ ਵੀ ਅਜਿਹਾ ਕਰਨ ਤੋਂ ਰੋਕਣ। ਇਸ ਸਾਰੀ ਪਰੀਚਰਚਾ ਦਾ ਸਿੱਟਾ ਨਿਕਲਦਾ ਹੈ ਕਿ ਮੁਨੱਖ ਨੂੰ ਆਪਣੀ ਸੋਚ ਬਦਲਣੀ ਪਵੇਗੀ ਤਾਂ ਹੀ ਅਸੀਂ ਨਰੋਆ ਅਤੇ ਸਿਹਤਮੰਦ ਸਮਾਜ ਸਥਾਪਿਤ ਕਰ ਸਕਾਂਗੇ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>