ਛਿੰਦਰ ਕੌਰ ਸਿਰਸਾ ਦਾ ਵਿਲੱਖਣ ਸਫਰਨਾਮਾ ਕੈਨੇਡਾ ਦੇ ਸੁਪਨਮਈ ਦਿਨ : ਉਜਾਗਰ ਸਿੰਘ

ਛਿੰਦਰ ਕੌਰ ਸਿਰਸਾ ਮੁੱਢਲੇ ਤੌਰ ਤੇ ਮੰਚ ਸੰਚਾਲਨ ਦੀ ਧਨੀ ਹੈ। ਉਹ ਪੰਜਾਬੀ ਦੀ ਕਵਿਤਰੀ ਵੀ ਹੈ, ਜਿਸ ਕਰਕੇ ਉਸਦੀ ਵਾਰਤਕ ਦੀ ਸ਼ਬਦਾਵਲੀ ਕਾਵਿਮਈ ਹੁੰਦੀ ਹੈ। ਉਹ ਥਰੀ ਇਨ ਵਨ ਹੈ। ਕਵਿਤਰੀ, ਮੰਚ ਸੰਚਾਲਕ ਅਤੇ ਕਹਾਣੀਕਾਰ। ਕਹਾਣੀਕਾਰ ਮੈਂ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਉਸਨੇ ਇਸ ਸਫ਼ਰਨਾਮੇ ਨੂੰ ਸਾਹਿਤਕ ਅਤੇ ਸਭਿਆਚਾਰਕ ਬਣਾਕੇ ਇਤਨਾ ਦਿਲਚਸਪ ਬਣਾ ਲਿਆ ਹੈ ਕਿ ਇਹ ਇਕ ਨਾਵਲ ਦੀ ਤਰ੍ਹਾਂ ਹੈ ਜਿਸਦੇ ਚੈਪਟਰ ਮਿੰਨੀ ਕਹਾਣੀਆਂ ਦੀ ਤਰ੍ਹਾਂ ਸੰਪੂਰਨ ਹਨ। ਇਸ ਪੁਸਤਕ ਨੇ ਸਫ਼ਰਨਾਮੇ ਦੇ ਅਰਥ ਹੀ ਬਦਲ ਦਿੱਤੇ ਹਨ। ਇਸ ਨੂੰ ਸਾਹਿਤਕਾਰਾਂ ਦੇ ਸਾਹਿਤਕ ਰੇਖਾ ਚਿਤਰ ਵੀ ਕਿਹਾ ਜਾ ਸਕਦਾ ਹੈ। ਇਹ ਅਜਿਹੇ ਰੇਖਾ ਚਿਤਰ ਹਨ ਜਿਹੜੇ ਕਿਸੇ ਵੀ ਸਾਹਿਤਕਾਰ ਦਾ ਦਿਲ ਨਹੀਂ ਦੁਖਾਉਂਦੇ। ਇਸ ਤੋਂ ਪਹਿਲਾਂ ਜਿਤਨੇ ਰੇਖਾ ਚਿਤਰ ਜਾਂ ਮੁਲਾਕਾਤਾਂ ਲਿਖੀਆਂ ਗਈਆਂ ਹਨ ਉਹ ਸਾਰੀਆਂ ਕਿੰਤੂ ਪ੍ਰੰਤੂ ਦਾ ਵਿਸ਼ਾ ਬਣਦੀਆਂ ਰਹੀਆਂ ਹਨ। ਉਨ੍ਹਾਂ ਦੇ ਨਾਂ ਵੀ ਅਜ਼ੀਬ ਕਿਸਮ ਦੇ ਹੁੰਦੇ ਸਨ। ਇਸ ਸਫਰਨਾਮੇ ਦੇ 150 ਪੰਨੇ ਹਨ, 16 ਪੰਨਿਆਂ ਦਾ ਰੰਗਦਾਰ ਸੈਂਟਰਲ ਸਪਰੈਡ ਸ਼ਾਮਲ ਹੈ, ਜਿਸ ਵਿਚ ਕੈਨੇਡਾ ਵਿਚ ਹੋਏ ਵੱਖ-ਵੱਖ ਸਮਾਗਮਾਂ ਦੀਆਂ ਕੁਝ ਤਸਵੀਰਾਂ ਵੀ ਹਨ। ਇਹ ਸਫਰਨਾਮਾ ਲੋਕ ਗੀਤ ਪ੍ਰਕਾਸ਼ਨ ਮੋਹਾਲੀ ਨੇ ਪ੍ਰਕਾਸ਼ਤ ਕੀਤਾ ਹੈ। ਇਸ ਪੁਸਤਕ ਨੂੰ ਉਸਨੇ 42 ਛੋਟੇ-ਛੋਟੇ ਚੈਪਟਰਾਂ ਵਿਚ ਵੰਡਿਆ ਹੋਇਆ ਹੈ। ਹਰ ਚੈਪਟਰ ਇਕ ਕਹਾਣੀ ਦੀ ਤਰ੍ਹਾਂ ਹੈ। ਉਸਦੀ ਕਮਾਲ ਇਸ ਗੱਲ ਵਿਚ ਹੈ ਕਿ ਹਰ ਚੈਪਟਰ ਦਿਲਚਪ ਹੈ। ਇਹ ਚੈਪਟਰ ਵੱਖਰੇ ਹੋਣ ਦੇ ਬਾਵਜੂਦ ਇਕ ਦੂਜੇ ਨਾਲ ਲਗਾਤਾਰਤਾ ਵਿਚ ਹਨ, ਜਿਸ ਕਰਕੇ ਰੌਚਿਕਤਾ ਬਣੀ ਰਹਿੰਦੀ ਹੈ। ਇਕ ਚੈਪਟਰ ਨੂੰ ਖ਼ਤਮ ਕਰਨ ਤੋਂ ਬਾਅਦ ਦੂਜੇ ਨੂੰ ਪੜ੍ਹਨ ਦੀ ਉਤਸੁਕਤਾ ਹੁੰਦੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਅੱਗੇ ਕੀ ਹੋਵੇਗਾ? ਜਿਵੇਂ ਪਾਸਪੋਰਟ ਬਣਾਉਣਾ, ਵੀਜ਼ਾ ਲਗਵਾਉਣ ਲਈ ਸਫਾਰਤਖਾਨੇ ਜਾਣਾ, ਵੀਜਾ ਲੱਗਣਾ, ਜਹਾਜ ਦੀ ਪਹਿਲੀ ਯਾਤਰਾ ਅਤੇ ਕੈਨੇਡਾ ਪਹੁੰਚਣਾ ਆਦਿ। ਹਰ ਚੈਪਟਰ ਦੇ ਸ਼ੁਰੂ ਵਿਚ ਕਵਿਤਰੀ ਹੋਣ ਕਰਕੇ ਉਸਨੇ ਕਵਿਤਾ ਦੇ ਟੋਟਕੇ ਦਿੱਤੇ ਹਨ ਜੋ ਕਿ ਸਮੇਂ ਅਤੇ ਹਾਲਾਤ ਅਨੁਸਾਰ ਢੁਕਵੇਂ ਹੁੰਦੇ ਹਨ। ਇਹ ਸਫਰਨਾਮਾ ਇਕ ਨਾਵਲ ਦੀ ਤਰ੍ਹਾਂ ਹੈ, ਜਿਸਦਾ ਹਰ ਚੈਪਟਰ ਇਕ ਕਹਾਣੀ ਹੈ ਤਾਂ ਹੀ ਰੌਚਿਕਤਾ ਬਰਕਰਾਰ ਹੈ। ਕੈਨੇਡਾ ਜਾਣਾ ਅਤੇ ਉਥੇ ਜਾਣ ਦੀ ਤਿਆਰੀ ਦਾ ਬ੍ਰਿਤਾਂਤ ਇਸ ਤਰ੍ਹਾਂ ਲਿਖਿਆ ਹੈ ਜਿਵੇਂ ਵਿਆਹ ਦੀ ਤਿਆਰੀ ਕੀਤੀ ਜਾਂਦੀ ਹੈ। ਛਿੰਦਰ ਕੌਰ ਸਿਰਸਾ ਦੀ ਕਮਾਲ ਇਸ ਗੱਲ ਵਿਚ ਹੈ ਕਿ ਉਹ ਹਰ ਛੋਟੀ ਤੋਂ ਛੋਟੀ ਘਟਨਾ ਨੂੰ ਜਿਵੇਂ ਚਾਹ ਪੀਣੀ, ਖਾਣਾ ਖਾਣਾ ਜਾਂ ਕਿਸੇ ਕਵੀ ਦਰਬਾਰ ਵਿਚ ਜਾਣ ਨੂੰ ਦਿਲਚਸਪ ਬਣਾ ਦਿੰਦੀ ਹੈ, ਜਿਸ ਕਰਕੇ 134 ਪੰਨਿਆਂ ਦਾ ਸਫਰਨਾਮਾ ਇਕ ਬੈਠਕ ਵਿਚ ਹੀ ਪੜ੍ਹਿਆ ਜਾ ਸਕਦਾ ਹੈ। ਕੈਨੇਡਾ ਜਾਣ ਦੇ ਚਾਓ ਨੂੰ ਉਸਨੇ ਇਤਨੇ ਸੁਚੱਜੇ ਢੰਗ ਨਾਲ ਲਿਖਿਆ ਹੈ, ਜਿਵੇਂ ਕਿਸੇ ਅੱਲ੍ਹੜ੍ਹ ਮੁਟਿਆਰ ਨੂੰ ਆਪਣੇ ਵਿਆਹ ਤੋਂ ਬਾਅਦ ਸਹੁਰੇ ਘਰ ਜਾਣ ਦਾ ਚਾਓ ਅਤੇ ਡਰ ਦੋਵੇਂ ਹੁੰਦੇ ਹਨ। ਹਰ ਘਟਨਾ ਨੂੰ ਬੜੇ ਸਲੀਕੇ ਨਾਲ ਲਿਖਿਆ ਹੈ। ਉਹ ਹਰ ਚੈਪਟਰ ਵਿਚ ਸਮੇਂ ਅਤੇ ਸਥਾਨ ਅਨੁਸਾਰ ਅਜਿਹੇ ਢੰਗ ਨਾਲ ਲਿਖਦੀ ਹੈ ਕਿ ਘਟਨਾ ਦ੍ਰਿਸ਼ਟਾਂਤ ਰੂਪ ਵਿਚ ਅੱਖਾਂ ਅੱਗੇ ਘੁੰਮਣ ਲੱਗ ਜਾਂਦੀ ਹੈ। ਛਿੰਦਰ ਦੇ ਦੱਸਣ ਮੁਤਾਬਕ ਉਸਦਾ ਪਰਿਵਾਰ ਪੰਜਾਬੀ ਸਭਿਆਚਾਰ ਵਿਚ ਪਰੁਤਿਆ ਪੁਰਾਤਨ ਪਰੰਪਰਾਵਾਂ ਵਾਲਾ ਹੈ, ਇਸ ਲਈ ਜਦੋਂ ਉਹ ਏਅਰਪੋਰਟ ਉਪਰ ਜਹਾਜ ਚੜ੍ਹਨ ਲਈ ਪਰਿਵਾਰ ਤੋਂ ਵਿਦਾਈ ਲੈਂਦੀ ਹੈ ਤਾਂ ਬੱਚਿਆਂ ਨੂੰ ਗਲਵਕੜੀ ਵਿਚ ਲੈਂਦੀ ਹੈ ਪ੍ਰੰਤੂ ਆਪਣੇ ਪਤੀ ਨੂੰ ਚਾਹੁੰਦੀ ਹੋਈ ਵੀ ਸ਼ਿਸ਼ਟਾਚਾਰ ਕਰਕੇ ਛੋਹ ਨਹੀਂ ਸਕੀ। ਇਹ ਉਸਦੇ ਸੁਘੜ ਸਿਆਣੀ ਸੁਆਣੀ ਹੋਣ ਦਾ ਪ੍ਰਤੀਕ ਹੈ। ਭਾਵੇਂ ਜਹਾਜ ਵਿਚ ਜਦੋਂ ਆਪਣੇ ਲੜਕੇ ਨਾਲ ਗੱਲ ਕਰਦੀ ਹੈ ਤਾਂ ਲੜਕਾ ਆਪਣੀ ਮਾਂ ਨੂੰ ਕਹਿੰਦਾ ਹੈ‘‘ ਉਹ ਮੰਮਾ ਯਾਰ ਮੈਂ ਤਾਂ ਮਜਾਕ ਕਰ ਰਿਹਾ ਹਾਂ’’ ਇਸ ਤੋਂ ਸਾਫ ਹੈ ਨਵੀਂ ਨੌਜਵਾਨ ਪੀੜ੍ਹੀ ਉਪਰ ਆਧੁਨਿਕਤਾ ਦੀ ਪਾਣ ਚੜ੍ਹੀ ਹੋਈ ਹੈ। ਉਹ ਇਹ ਵੀ ਲਿਖਦੀ ਹੈ ਕਿ ਸੰਸਾਰ ਬਹੁਤ ਛੋਟਾ ਹੈ, ਏਅਰਪੋਰਟ ਉਪਰ ਲੋਕ ਇਕ ਦੂਜੇ ਦੀ ਮਦਦ ਕਰਨ ਲਈ ਹਮੇਸ਼ਾ ਸਹਾਈ ਹੁੰਦੇ ਹਨ। ਜਦੋਂ ਉਹ ਗੁਰਦੁਆਰਾ ਸਾਹਿਬਾਨ, ਕਵੀ ਦਰਬਾਰ ਜਾਂ ਸਭਿਆਚਾਰਕ ਸਮਾਗਮ ਵਿਚ ਜਾਂਦੀ ਹੈ ਤਾਂ ਉਸਨੂੰ ਬਹੁਤ ਸਾਰੇ ਜਾਣਕਾਰ ਲੋਕ ਮਿਲ ਜਾਂਦੇ ਹਨ ਅਤੇ ਉਹ ਉਸਨੂੰ ਬਹੁਤ ਪਿਆਰ ਅਤੇ ਸਤਿਕਾਰ ਦਿੰਦੇ ਹਨ। ਇਹੋ ਪੰਜਾਬੀ ਸਭਿਆਚਾਰ ਅਤੇ ਸਭਿਅਤਾ ਦੀ ਖਾਸੀਅਤ ਹੈ। ਪੰਜਾਬੀਆਂ ਦੀ ਮਹਿਮਾਨ ਨਿਵਾਜੀ ਦਾ ਜ਼ਿਕਰ ਵੀ ਛਿੰਦਰ ਕੌਰ ਨੇ ਬਾਖ਼ੂਬੀ ਕੀਤਾ ਹੈ। ਪੰਜਾਬ ਤੋਂ ਗਏ ਹਰ ਮਹਿਮਾਨ ਨੂੰ ਰੱਬ ਦਾ ਰੂਪ ਸਮਝਿਆ ਜਾਂਦਾ ਹੈ, ਇਸ ਕਰਕੇ ਤੋਹਫ਼ਿਆਂ ਦੀ ਝੜੀ ਲਾ ਦਿੱਤੀ ਜਾਂਦੀ ਹੈ। ਉਸਦਾ ਸਫਰਨਾਮਾ ਬਿਆਨ ਕਰਦਾ ਹੈ ਕਿ ਕੈਨੇਡਾ ਵਿਚ ਪੰਜਾਬ ਵਸਦਾ ਹੈ ਅਤੇ ਉਥੇ ਪੰਜਾਬੀ ਸਭਿਅਚਾਰ ਪੰਜਾਬੀਆਂ ਨੇ ਸਾਂਭ ਕੇ ਰੱਖਿਆ ਹੋਇਆ ਹੈ। ਸਫ਼ਰਨਾਮੇ ਤੋਂ ਪਤਾ ਚਲਦਾ ਹੈ ਕਿ ਕੈਨੇਡਾ ਵਿਚ ਵਸਣ ਵਾਲੇ ਪੰਜਾਬੀ ਆਪਣੀ ਵਿਰਾਸਤ ਨਾਲ ਬਾਖ਼ੂਬੀ ਜੁੜੇ ਹੋਏ ਹਨ, ਇਸ ਲਈ ਹੀ ਉਹ ਕਵੀ ਦਰਬਾਰ, ਨਾਟਕ, ਸਭਿਆਚਾਰਕ ਪ੍ਰੋਗਰਾਮ, ਰੇਡੀਓ ਅਤੇ ਟੀ.ਵੀ.ਪ੍ਰੋਗਰਾਮ ਕਰਦੇ ਰਹਿੰਦੇ ਹਨ। ਟੀ.ਵੀ.ਅਤੇ ਰੇਡੀਓ ਪ੍ਰੋਗਰਾਮ ਪੰਜਾਬ ਨਾਲੋਂ ਵੀ ਜ਼ਿਆਦਾ ਕੈਨੇਡਾ ਵਿਚ ਪ੍ਰਸਾਰਤ ਅਤੇ ਟੈਲੀਕਾਸਟ ਕੀਤੇ ਜਾਂਦੇ ਹਨ। ਲੇਖਕਾ ਵੱਲੋਂ ਦਿੱਤੇ ਗਏ ਬ੍ਰਿਤਾਂਤ ਸ਼ਪੱਸ਼ਟ ਕਰਦੇ ਹਨ ਕਿ ਪੰਜਾਬੀ ਜ਼ੁਬਾਨ ਨੂੰ ਭਵਿੱਖ ਵਿਚ ਕੋਈ ਖ਼ਤਰਾ ਨਹੀਂ ਸਗੋਂ ਹਮੇਸ਼ਾ ਪ੍ਰਫੁਲਤ ਹੁੰਦੀ ਰਹੇਗੀ। ਪਰਵਾਸ ਵਿਚ ਪੰਜਾਬੀ ਚ¦ਤ ਮਸਲਿਆਂ ਬਾਰੇ ਪੂਰਨ ਤੌਰ ਤੇ ਸੁਚੇਤ ਹਨ ਅਤੇ ਆਪਣੀ ਸਾਹਿਤਕ ਅਤੇ ਕਲਾਤਮਕ ਭੁੱਖ ਮਿਟਾਉਣ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਆਪੋ ਆਪਣੇ ਕੰਮਾਂ ਵਿਚ ਭਾਵੇਂ ਪੰਜਾਬੀ ਅੰਗਰੇਜ਼ੀ ਭਾਸ਼ਾ ਵਿਚ ਗੱਲਾਂ ਕਰਦੇ ਹੋਣ, ਉਹ ਉਨ੍ਹਾਂ ਦੀ ਮਜ਼ਬੂਰੀ ਹੋ ਸਕਦੀ ਹੈ ਪ੍ਰੰਤੂ ਆਪਣੇ ਘਰਾਂ ਵਿਚ ਪੰਜਾਬੀ ਮਾਹੌਲ ਬਰਕਰਾਰ ਰੱਖਿਆ ਹੋਇਆ ਹੈ। ਗੁਰਦੁਆਰਿਆਂ, ਸਭਿਆਚਾਰਕ ਪ੍ਰੋਗਰਾਮਾ ਅਤੇ ਗੁਰਪੁਰਬਾਂ ਸਮੇਂ ਹਮੇਸ਼ਾ ਪੰਜਾਬੀ ਪਹਿਰਾਵਾ ਪਹਿਨਦੇ ਹਨ। ਛਿੰਦਰ ਕੌਰ ਸਿਰਸਾ ਨੇ ਇਕ ਮਹੀਨੇ ਵਿਚ ਲਗਪਗ 10 ਪੰਜਾਬੀ ਦੇ ਸਾਹਿਤਕਾਰਾਂ ਨਾਲ ਮਹਿਕ ਟੀ.ਵੀ. ਉਪਰ ਮੁਲਾਕਾਤਾਂ ਕਰਕੇ ਪੰਜਾਬੀ ਸਾਹਿਤ ਅਤੇ ਸਭਿਆਚਾਰ ਦੀ ਮਹਿਕ ਨੂੰ ਪੂਰੇ ਸੰਸਾਰ ਵਿਚ ਪਹੁੰਚਾਇਆ ਹੈ। ਉਸਨੇ ਸੁਰਜੀਤ ਕੌਰ, ਪਰਮ ਸਰਾਂ, ਸਲੀਮ ਪਾਸ਼ਾ, ਰੂਣਾ ਸੰਘਾ, ਕੈਲਾਸ਼ ਠਾਕੁਰ, ਪ੍ਰੋ.ਜਾਗੀਰ ਸਿੰਘ ਕਾਹਲੋਂ ਅਤੇ ਪ੍ਰੋ. ਮਲੂਕ ਸਿੰਘ ਕਾਹਲੋਂ ਨਾਲ ਮੁਲਾਕਾਤਾਂ ਕਰਕੇ ਕੈਨੇਡਾ ਵਸਦੇ ਪੰਜਾਬੀਆਂ ਨੂੰ ਆਪਣੀ ਵਿਰਾਸਤ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ।

ਛਿੰਦਰ ਕੌਰ ਸਿਰਸਾ ਭਾਵੇਂ ਮੰਚ ਸੰਚਾਲਿਕਾ ਅਤੇ ਖਿਆਲ ਉਡਾਰੀ ਪੁਸਤਕ ਪ੍ਰਕਾਸ਼ਤ ਕਰਵਾਕੇ ਕਵਿਤਰੀ ਦੇ ਤੌਰ ਵਧੇਰੇ ਹਰਮਨ ਪਿਆਰੀ ਹੋ ਕੇ ਆਪਣੀ ਵੱਖਰੀ ਪਛਾਣ ਸਥਾਪਤ ਕਰਨ ਵਿਚ ਸਫਲ ਹੋਈ ਹੈ, ਪ੍ਰੰਤੂ ਉਸਦੀ ਵਾਰਤਕ ਦੀ ਪੁਸਤਕ ਪ੍ਰਕਾਸ਼ਤ ਹੋਣ ਨਾਲ ਇਸ ਖੇਤਰ ਵਿਚ ਵੀ ਲੱਛੇਦਾਰ ਸ਼ਬਦਾਵਲੀ ਲਿਖਕੇ ਧਮਾਕਾ ਪਾ ਦਿੱਤਾ ਹੈ। ਉਹ ਬਹੁਪੱਖੀ ਸਾਹਿਤਕਾਰ ਸਾਬਤ ਹੋ ਗਈ ਹੈ ਕਿਉਂਕਿ ਉਹ ਇਕ ਪ੍ਰਤਿਭਾਵਾਨ ਸਲੀਕੇ ਵਾਲੀ ਇਸਤਰੀ ਹੈ ਜਿਹੜੀ ਪੰਜਾਬੀ ਪਰੰਪਰਾਵਾਂ ਅਤੇ ਸੰਸਾਰਿਕ ਰਹਿਤ ਮਰਿਆਦਾਵਾਂ ਨੂੰ ਚੰਗੀ ਤਰ੍ਹਾਂ ਸਮਝਦੀ ਹੈ। ਉਸਦੀ ਸਾਹਿਤਕ ਕਾਬਲੀਅਤ ਦਾ ਉਸਦਾ ਵਿਲੱਖਣ ਸਫਰਨਾਮਾ ਪੜ੍ਹਕੇ ਪਤਾ ਲੱਗਿਆ ਹੈ। ਉਸਦੀ ਘਟਨਾਵਾਂ ਦਾ ਵੇਰਵਾ ਦੇਣ ਲਈ ਕਮਾਲ ਹੈ ਕਿ ਉਹ ਖ਼ੁਸ਼ੀ ਅਤੇ ਗ਼ਮੀ ਦੇ ਵਾਤਾਵਰਨ ਨੂੰ ਅਜਿਹੇ ਸੁਚੱਜੇ ਢੰਗ ਨਾਲ ਚਿਤਰਦੀ ਹੈ ਕਿ ਪਾਠਕ ਦੋਵੇਂ ਹਾਲਤ ਵਿਚ ਖ਼ੁਸ਼ੀ ਅਤੇ ਗ਼ਮੀ ਦੇ ਅਥਰੂ ਵਹਾਉਣ ਲਈ ਮਜ਼ਬੂਰ ਹੋ ਜਾਂਦਾ ਹੈ। ਉਹ ਸ਼ਬਦਾਂ ਦੀ ਜਾਦੂਗਰਨੀ ਹੈ, ਜਿਹੜੀ ਪਾਠਕਾਂ ਵਿਚ ਸਰਸਰਾਹਟ ਪੈਦਾ ਕਰਨ ਦੀ ਸਮਰੱਥਾ ਹੀ ਨਹੀਂ ਰੱਖਦੀ ਸਗੋਂ ਪਾਠਕਾਂ ਨੂੰ ਆਪ ਮੁਹਾਰੇ ਸ਼ਾਹਬਾ ਵਾਹਬਾ ਕਰਨ ਲਾ ਦਿੰਦੀ ਹੈ। ਭਾਵੇਂ ਇਸ ਪੁਸਤਕ ਦਾ ਨਾਮ ਕੈਨੇਡਾ ਦੇ ਸੁਪਨਮਈ ਦਿਨ ਹੈ ਪ੍ਰੰਤੂ ਇਸ ਵਿਚ ਜੋ ਬ੍ਰਿਤਾਂਤ ਦਿੱਤਾ ਗਿਆ ਹੈ, ਉਹ ਪੰਜਾਬ ਵਿਚਲੀਆਂ ਘਟਨਾਵਾਂ ਬਾਰੇ ਵੀ ਜਾਣਕਾਰੀ ਪ੍ਰਦਾਨ ਕਰਦਾ ਹੈ, ਭਾਵੇਂ ਉਹ ਘਟਨਾਵਾਂ ਕੈਨੇਡਾ ਦੀ ਯਾਤਰਾ ਨਾਲ ਹੀ ਸੰਬੰਧਤ ਹਨ। ਜਦੋਂ ਉਹ ਵਾਪਸ ਆਪਣੇ ਪੇਕਿਆਂ ਦੇ ਪਿੰਡ ਨੂੰ ਜਾਣ ਬਾਰੇ ਲਿਖਦੀ ਹੈ ਤਾਂ ਹਰ ਪਾਠਕ ਦੀਆਂ ਅੱਖਾਂ ਵਿਚੋਂ ਅੱਥਰੂ ਟਪਕਣ ਲਾ ਦਿੰਦੀ ਹੈ। ਇਹ ਉਸਦੀ ਕਲਮ ਦੀ ਕਰਾਮਾਤ ਹੀ ਹੈ ਜੋ ਪਰਮਾਤਮਾ ਨੇ ਉਸਨੂੰ ਦਿੱਤੀ ਹੈ। ਅੱਖਾਂ ਵਿਚੋਂ ਅੱਥਰੂ ਟਪਕਣਾ ਇਹ ਮੇਰਾ ਨਿੱਜੀ ਤਰਜ਼ਬਾ ਹੈ। ਜਿਤਨੀ ਛਿੰਦਰ ਕੌਰ ਸਿਰਸਾ ਸਰੀਰਕ ਤੌਰ ਤੇ ਸੁੰਦਰ ਹੈ ਉਸ ਨਾਲੋਂ ਕਿਤੇ ਵਧੇਰੇ ਮਾਨਸਿਕ ਤੌਰ ਤੇ ਖ਼ੁਸ਼ਦਿਲ, ਮਜ਼ਬੂਤ ਅਤੇ ਖ਼ੂਬਸੂਰਤ ਹੈ। ਪਰਮਾਤਮਾ ਉਸ ਦੀ ਕਲਮ ਅਤੇ ਜ਼ੁਬਾਨ ਨੂੰ ਹੋਰ ਸਮਰੱਥਾ ਬਖ਼ਸ਼ੇ ਕਿ ਉਹ ਪੰਜਾਬੀ ਮਾਂ ਬੋਲੀ ਦੀ ਝੋਲੀ ਭਰ ਸਕੇ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>