ਢੱਡਰੀਆਂ ਵਾਲਾ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ

ਅੰਮ੍ਰਿਤਸਰ  ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਾ ਦਾ ਮਾਮਲਾ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਗਿਆ ਹੈ। ਸੰਤ ਸਮਾਜ, ਸ਼੍ਰੋਮਣੀ ਕਮੇਟੀ ਮੈਂਬਰਾਂ, ਪੰਥਕ ਆਗੂਆਂ ਦੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੂੰ ਇੱਕ ਮੰਗ-ਪੱਤਰ ਦਿੰਦਿਆਂ ਢੱਡਰੀਆਂ ਵਾਲਾ ਖ਼ਿਲਾਫ਼ ਉਸ ‘ਤੇ ਆਏ ਦਿਨ ਸਿੱਖੀ ਸਿਧਾਂਤਾਂ ਅਤੇ ਪਰੰਪਰਾਵਾਂ ਦਾ ਤੌਹੀਨ ਕਰ ਰਹੇ ਹੋਣ ਦਾ ਦੋਸ਼ ਲਾਉਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕਰਨ ਅਤੇ ਉਸ ਵਿਰੁੱਧ ਪੰਥਕ ਮਰਿਆਦਾ ਅਨੁਸਾਰ ਬਣਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰੋ: ਸਰਚਾਂਦ ਸਿੰਘ ਦੇ ਦੱਸਿਆ ਕਿ ਸੰਤ ਬਾਬਾ ਗੁਰਭੇਜ ਸਿੰਘ ਮੁੱਖ ਬੁਲਾਰਾ ਸੰਤ ਸਮਾਜ, ਸੰਤ ਬਾਬਾ ਸਜਣ ਸਿੰਘ ਗੁਰੂ ਕੀ ਬੇਰ ਸਾਹਿਬ, ਸੰਤ ਕੰਵਲਜੀਤ ਸਿੰਘ ਨਾਗੀਆਣਾ, ਬਾਬਾ ਸੁਖਵੰਤ ਸਿੰਘ ਚੰਨਣਕੇ, ਬਾਬਾ ਬੀਰ ਸਿੰਘ ਭੰਗਾਲੀ, ਭਾਈ ਅਜਾਇਬ ਸਿੰਘ ਅਭਿਆਸੀ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਹਰਜਾਪ ਸਿੰਘ ਸੁਲਤਾਨ ਵਿੰਡ, ਬਿਕਰਮਜੀਤ ਸਿੰਘ ਕੋਟਲਾ, ਮੰਗਵਿੰਦਰ ਸਿੰਘ ਖਾਪੜਖੇੜੀ ( ਸਾਰੇ ਮੈਂਬਰ ਸ਼੍ਰੋਮਣੀ ਕਮੇਟੀ), ਫੈਡਰੇਸ਼ਨ ਆਗੂ ਅਮਰਬੀਰ ਸਿੰਘ ਢੋਟ, ਐਡਵੋਕੇਟ ਕਿਰਨਪ੍ਰੀਤ ਸਿੰਘ ਮੋਨੂ ਅਤੇ ਪ੍ਰੋ: ਸਰਚਾਂਦ ਸਿੰਘ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦਿੱਤੇ ਗਈ ਮੰਗ ਪੱਤਰ ਵਿੱਚ ਕਿਹਾ ਕਿ ਢੱਡਰੀਆਂ ਵਾਲਾ ਦੀ ਪ੍ਰਚਾਰ ਸਮਗਰੀ ਗੁਰਮਤਿ ਦੀ ਕਸੌਟੀ ‘ਤੇ ਖਰਾ ਨਹੀਂ ਉੱਤਰਦਾ । ਉਹ ਗੁਰਮਤਿ ਦੀ ਮਹਾਨ ਮਰਿਆਦਾ ‘ਤੇ ਚੋਟ ਕਰ ਕੇ ਸੰਗਤ ਨੂੰ ਸਿੱਖੀ ਮਾਰਗ ਤੋਂ ਭਟਕਾਉਣ ਦੀ ਕੋਸ਼ਿਸ਼ ‘ਚ ਲਗਾ ਹੋਇਆ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਤੇ ਗੁਰਸਿੱਖੀ ਦੇ ਅਸੂਲਾਂ ਨਾਲੋਂ ਸਿੱਖ ਸੰਗਤ ਨੂੰ ਤੋੜ ਕੇ ਉਹਨਾਂ ਤੋਂ ਅੰਮ੍ਰਿਤ ਵੇਲਾ ਖੋਹਣਾ ਚਾਹੁੰਦਾ ਹੈ। ਆਗੂਆਂ ਨੇ ਕਿਹਾ ਕਿ ਉਸ ਦੇ ਪ੍ਰਚਾਰ ਅਤੇ ਨਿਰੰਕਾਰੀਆਂ ਦੇ ਸਿੱਖ ਵਿਰੋਧੀ ਪ੍ਰਚਾਰ ਵਿੱਚ ਕੋਈ ਫਰਕ ਨਹੀਂ ਰਹਿ ਹੈ।ਢੱਡਰੀਆਂ ਵਾਲਾ ਵੱਲੋਂ ਸਿੱਖ ਧਰਮ ਦੀਆਂ ਸਥਾਪਿਤ ਮੂਲ ਪਰੰਪਰਾਵਾਂ, ਗੁਰਮਤਿ ਸਿਧਾਂਤ, ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਆਦਿ ਨਾਲ ਸੰਬੰਧਿਤ ਗੁਰ ਅਸਥਾਨਾਂ ਪ੍ਰਤੀ ਗਲਤ ਸ਼ਬਦਾਵਲੀ ਵਰਤ ਕੇ ਸਿੱਖ ਸੰਗਤ ਦੀ ਸ਼ਰਧਾ ਭਾਵਨਾ ਨੂੰ ਸੱਟ ਮਾਰਨ ਤੋਂ ਇਲਾਵਾ ਕੌਮੀ ਸਿਧਾਂਤਾਂ ਦਾ ਨਿਰਾਦਰ ਕੀਤਾ ਜਾ ਰਿਹਾ ਹੈ। ਪਿਛਲੇ ਸਮੇਂ ਵਿੱਚ ਉਸ ਨੇ ਸਿੱਖਾਂ ਦੇ ਸਭ ਤੋਂ ਮੁਕੱਦਸ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਅਤੇ ਉੱਥੋਂ ਦੇ ਸਤਿਕਾਰਯੋਗ ਹੈੱਡ ਗ੍ਰੰਥੀ ਸਾਹਿਬ ਪ੍ਰਤੀ ਵੀ ਭੱਦੀ ਸ਼ਬਦਾਵਲੀ ਵਰਤ ਕੇ ਅਪਮਾਨਿਤ ਕਰਨ ਦਾ ਯਤਨ ਕੀਤਾ ਸੀ। ਉਹ ਅੰਮ੍ਰਿਤ ਸਰੋਵਰਾਂ, ਗੁਰੂ ਕੇ ਤਪ ਅਸਥਾਨ ਬਾਬਾ ਬਕਾਲਾ ਸਾਹਿਬ, ਅਨੇਕਾਂ ਪ੍ਰਵਾਨਿਤ ਸਿੱਖ ਇਤਿਹਾਸ ਨਾਲ ਸੰਬੰਧਿਤ ਅਹਿਮ ਘਟਨਾਵਾਂ ਅਤੇ ਸਾਖੀਆਂ ਨੂੰ ਝੁਠਲਾਉਣ ਦਾ ਕੋਝਾ ਯਤਨ ਕਰਨ ਤੋਂ ਇਲਾਵਾ ਗੁਰਬਾਣੀ ਪ੍ਰਤੀ ਸੁਹਿਰਦਤਾ ਤੋਂ ਕੋਰਾ ਹੋ ਕੇ ਸ਼ੰਕੇ ਪੈਦਾ ਕਰ ਰਿਹਾ ਹੈ। ਸੰਗਤ ਨੂੰ ਨਾਮ ਭਗਤੀ ਜਪ ਤਪ ਤੇ ਨਿੱਤਨੇਮ ਤੋਂ ਦੂਰ ਲੈ ਜਾਣਾ ਚਾਹੁੰਦਾ ਹੈ। ਉਹਨਾਂ ਦੋਸ਼ ਲਾਇਆ ਕਿ ਉਕਤ ਵੱਲੋਂ ਨਿੱਤ ਨਵਾਂ ਵਿਵਾਦ ਖੜੇ ਕਰਕੇ ਸਿੱਖ ਪੰਥ ਵਿੱਚ ਫੁੱਟ ਪਾਉਣ ਦਾ ਕੋਝਾ ਅਤੇ ਸੁਚੇਤ ਯਤਨ ਕੀਤਾ ਜਾ ਰਿਹਾ ਹੈ ਜੋ ਕਿ  ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।ਉਹਨਾਂ ਕਿਹਾ ਕਿ ਢੱਡਰੀਆਂ ਵਾਲਾ ਦੇ ਅਜਿਹੀਆਂ ਹਰਕਤਾਂ ਪ੍ਰਤੀ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਨੂੰ ਵੇਖਦਿਆਂ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ ਜਾਵੇ ਅਤੇ ਉਸ ਵਿਰੁੱਧ ਪੰਥਕ ਮਰਿਆਦਾ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ। ਆਗੂਆਂ ਨੇ 1978 ਵਾਲੀ ਦੁਖਾਂਤਕ ਘਟਨਾ ਮੁੜ ਦੁਹਰਾਏ ਜਾਣ ਤੋਂ ਬਚਣ ਲਈ ਢੱਡਰੀਆਂ ਵਾਲਾ ਵੱਲੋਂ ਅੰਮ੍ਰਿਤਸਰ ਵਿੱਚ 14 ਨਵੰਬਰ ਤੋਂ ਲਾਇਆ ਜਾ ਰਿਹਾ ਦੀਵਾਨ ਰੋਕਣ ਦੀ ਵੀ ਅਪੀਲ ਕੀਤੀ। ਉਹਨਾਂ ਕਿਹਾ ਕਿ ਅਜਿਹਾ ਕਰਨ ਨਾਲ ਹੀ ਪੰਥ ਵਿੱਚ ਫੁੱਟ ਪੈਣ ਤੋਂ ਬਚਿਆ ਜਾ ਸਕੇਗਾ ਅਤੇ ਅੰਮ੍ਰਿਤਸਰ ਵਿੱਚ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਿਆ ਜਾ ਸਕੇਗਾ। ਇਸ ਮੌਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇਸ ਮਾਮਲੇ ਨੂੰ ਗੰਭੀਰਤਾ ਅਤੇ ਸੰਜੀਦਗੀ ਨਾਲ ਲੈਣ ਦਾ ਵਫ਼ਦ ਨੂੰ ਵਿਸ਼ਵਾਸ ਦਿੱਤਾ ਹੈ।

ਇਸ ਤੋਂ ਪਹਿਲਾਂ ਪੰਥਕ ਆਗੂਆਂ ਨੇ ਸੈਂਕੜੇ ਸਾਥੀਆਂ ਅਤੇ ਸੰਗਤਾਂ ਸਮੇਤ ਸਤਿਨਾਮ ਦਾ ਜਾਪ ਕਰਦਿਆਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ: ਕਮਲਦੀਪ ਸਿੰਘ ਸੰਘਾ ਅਤੇ ਪੁਲੀਸ ਕਮਿਸ਼ਨਰ ਸ੍ਰੀ ਐੱਸ ਵਾਸਤਵਾ ਨਾਲ ਮੁਲਾਕਾਤ ਕੀਤੀ ਅਤੇ ਮੰਗ ਪੱਤਰਾਂ ਰਾਹੀਂ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਸ਼ਹਿਰ ‘ਚ ਲੱਗ ਰਹੇ ਦੀਵਾਨਾਂ ਨੂੰ ਰੋਕੇ ਜਾਣ ਦੀ ਅਪੀਲ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਭੁਪਿੰਦਰ ਸਿੰਘ ਗਦਲੀ, ਬਾਬਾ ਜਗੀਰ ਸਿੰਘ ਬੱਗਾ, ਬਾਬਾ ਸੁਖਾ ਸਿੰਘ ਜੈਂਤੀਪੁਰ, ਭਾਈ ਸ਼ਮਸ਼ੇਰ ਸਿੰਘ ਜੇਠੂਵਾਲ, ਜਥੇ: ਸਾਹਿਬ ਸਿੰਘ ਨਿਹੰਗ ਸਿੰਘ, ਸਰਪੰਚ ਕਸ਼ਮੀਰ ਸਿੰਘ ਕਾਲਾ ਮਹਿਤਾ ਚੌਕ, ਬਲਵਿੰਦਰ ਸਿੰਘ ਜੋਧਪੁਰੀ, ਭਗਵੰਤ ਸਿੰਘ ਕੋਟਖਾਲਸਾ, ਜਸਬੀਰ ਸਿੰਘ, ਨਿਰਮਲ ਸਿੰਘ, ਸਰਵਨ ਸਿੰਘ ਮਖਣਵਿੰਡੀ, ਅੱਜੈਬ ਸਿੰਘ ਧਰਦਿਓ, ਸੁਰਜੀਤ ਸਿੰਘ ਧਰਦਿਓ, ਸਵਿੰਦਰ ਸਿੰਘ ਕੋਟ ਖ਼ਾਲਸਾ, ਅਜੀਤ ਸਿੰਘ ਹੁਸ਼ਿਆਰਪੁਰ, ਜਗਦੀਸ਼ ਸਿੰਘ ਪ੍ਰਧਾਨ ਗੁਰਦਵਾਰਾ ਕਮੇਟੀ, ਸਰਪੰਚ ਬਲਵਿੰਦਰ ਸਿੰਘ ਸਿਆਲਕਾ, ਪਲਵਿੰਦਰ ਸਿੰਘ ਕਲੇਰ, ਕੁਲਦੀਪ ਸਿੰਘ ਕੱਥੂਨੰਗਲ, ਗੁਰਭੇਜ ਸਿੰਘ ਪਾਖਰ ਪੁਰਾ, ਭਾਈ ਗਗਨਦੀਪ ਸਿੰਘ ਟੌਗ ਆਦਿ ਮੌਜੂਦ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>