ਅਗਲੇ ਸਾਲ ਪਰਾਲੀ ਸਾੜਨ ਤੋਂ ਰੋਕਣ ਲਈ ਵਿਉਂਤਬੰਦੀ ਸੰਬੰਧੀ ਵਿਚਾਰਾਂ

ਲੁਧਿਆਣਾ : ਪੰਜਾਬ ਦੇ ਗੰਧਲੇ ਵਾਤਾਵਰਨ ਅਤੇ ਵਿਗੜ ਰਹੇ ਖੇਤੀ ਜਲਵਾਯੂ ਦੇ ਮੱਦੇਨਜ਼ਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਸ: ਕਾਹਨ ਸਿੰਘ ਪੰਨੂ ਦੀ ਅਗਵਾਈ ਵਿੱਚ ਇਥੇ ਸਟਨ ਹਾਊਸ ਵਿਖੇ ਇਕ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਕੀਤੀ। ਇਸ ਵਾਰ ਦੇ ਪਰਾਲੀ ਨੂੰ ਵਿਉਂਤਣ ਦੇ ਤਜਰਬਿਆਂ ਨੂੰ ਧਿਆਨ ਵਿੱਚ ਰੱਖਦਿਆਂ ਖੇਤੀ ਮਾਹਿਰਾਂ ਅਤੇ ਅਗਾਂਹਵਧੂ ਕਿਸਾਨਾਂ ਨੇ ਪਰਾਲੀ ਨੂੰ ਸੰਭਾਲਣ ਲਈ ਗੰਭੀਰ ਵਿਚਾਰ ਚਰਚਾ ਕੀਤੀ ਤਾਂ ਜੋ ਅਗਲੇ ਵਰ੍ਹੇ ਵਾਤਾਵਰਨ ਨੂੰ ਮੁੜ ਇਸ ਪ੍ਰਦੂਸ਼ਣ ਤੋਂ ਬਚਾਇਆ ਜਾ ਸਕੇ। ਇਸ ਵਾਰ ਕਿਸਾਨਾਂ ਨੂੰ ਪਰਾਲੀ ਸਾੜਨ ਲਈ ਉਕਸਾਉਣ ਦੀ ਗੱਲ ਵੀ ਸਾਹਮਣੇ ਆਈ ਜਿਸ ਨੂੰ ਧਿਆਨ ਵਿੱਚ ਰੱਖਦਿਆਂ ਇਥੇ ਪਹੁੰਚੇ ਅਗਾਂਹਵਧੂ ਕਿਸਾਨਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਕੁਝ ਅਜਿਹੀਆਂ ਸਖਤ ਮਨਾਹੀਆਂ ਜ਼ਰੂਰ ਲਾਗੂ ਕੀਤੀਆਂ ਜਾਣ ਤਾਂ ਜੋ ਮਨੁੱਖਤਾ ਅਤੇ ਖੇਤੀ ਜਲਵਾਯੂ ਨੂੰ ਜੀਵਤ ਰੱਖਿਆ ਜਾ ਸਕੇ।

ਇਸ ਮੀਟਿੰਗ ਵਿੱਚ ਸ਼ਾਮਿਲ ਹੋਏ ਕਿਸਾਨਾਂ ਅਤੇ ਮਾਹਿਰਾਂ ਨੇ ਪਰਾਲੀ ਦੀ ਸੰਭਾਲ ਲਈ ਇਸ ਵਰ੍ਹੇ ਵਰਤੀਆਂ ਗਈਆਂ ਮਸ਼ੀਨਾਂ ਦੀ ਅਸਰਦਾਰ ਲੋੜ ਅਤੇ ਉਹਨਾਂ ਦੇ ਵਿੱਤੀ ਖਰਚਿਆਂ ਬਾਰੇ ਚਰਚਾ ਕੀਤੀ। ਇਸ ਗੱਲ ਦੀ ਵੱਡੀ ਲੋੜ ਮਹਿਸੂਸ ਕੀਤੀ ਗਈ ਕਿ ਕਟਾਈ ਵਾਲੀਆਂ ਕੰਬਾਈਨਾਂ ਨਾਲ ਸੁਪਰ ਸਟਾਰ ਮੈਨੇਜਮੈਂਟ ਸਿਸਟਮ ਲਗਾਉਣਾ ਲਾਜ਼ਮੀ ਕੀਤਾ ਜਾਵੇ ਤਾਂ ਜੋ ਕਿਸਾਨ ਪਰਾਲੀ ਦੇ ਕਰਚਿਆਂ ਨੂੰ ਅਸਾਨੀ ਨਾਲ ਨਜਿੱਠ ਸਕਣ। ਮੌਜੂਦਾ ਘੱਟ ਲਾਗਤ  ਵਾਲੀਆਂ ਮਸ਼ੀਨਾਂ  ਜਿਵੇਂ ਕਟਰ-ਕਮ-ਸਪਰੈਡਰ (ਮਲਚਰ), ਰਿਵਰਸੀਵਲ ਹਲ ਅਤੇ ਹੈਪੀ ਸੀਡਰ ਕਣਕ ਦੀ ਬਿਜਾਈ ਲਈ ਝੋਨੇ ਦੀ ਪਰਾਲੀ ਨੂੰ ਅਸਰਦਾਰ ਢੰਗ ਨਾਲ ਵਿਉਂਤਣ ਵਿੱਚ ਕਾਰਗਾਰ ਸਾਬਿਤ ਹੋਏ ਹਨ। ਕਿਸਾਨਾਂ ਨੇ ਟਰੈਕਟਰ ਅਤੇ ਰੋਟਾਵੇਟਰ ਦੇ ਨਾਲ-ਨਾਲ ਹੈਰੋ ਅਤੇ ਪਲੈਂਕਰ ਵਰਗੀਆਂ ਮਸ਼ੀਨਾਂ ਵੀ ਇਸ ਨੂੰ ਵਿਉਂਤਣ ਵਿੱਚ ਸ਼ਾਮਿਲ ਕੀਤੀਆਂ। ਇਸ ਮੀਟਿੰਗ ਵਿੱਚ ਅਜਿਹੇ ਕਿਸਾਨ ਵੀ ਸ਼ਾਮਿਲ ਹੋਏ ਜਿਨ੍ਹਾਂ ਨੇ ਪਰਾਲੀ ਨੂੰ ਬਿਨਾਂ ਸਾੜਿਆ ਕਣਕ ਦੀ ਬਿਜਾਈ ਕੀਤੀ। ਉਹਨਾਂ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀ ਤਕਨਾਲੋਜੀ ਨਾਲ ਝੋਨੇ ਦੀ ਪਰਾਲੀ ਨੂੰ ਵਿਉਂਤਣ ਵਿੱਚ ਕੋਈ ਸਮੱਸਿਆ ਨਹੀਂ ਆਉਂਦੀ। ਇਹ ਤਕਨਾਲੋਜੀ ਖੇਤਾਂ ਵਿੱਚ ਅਸਰਦਾਰ ਸਿੱਧ ਹੋਈ ਹੈ। ਉਹਨਾਂ ਵਿਸ਼ੇਸ਼ ਰੂਪ ਵਿੱਚ ਇਹ ਗੱਲ ਉਭਾਰੀ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਨਾਲੋਂ ਉਹ ਬੇਹਤਰ ਤਰੀਕੇ ਨਾਲ ਕਣਕ ਦੀ ਬਿਜਾਈ ਕਰਨ ਵਿੱਚ ਸਫਲ ਹੋਏ ਹਨ।

ਸਾਊਥ ਏਸ਼ੀਆ ਦੀ ਬੋਰਲਾਗ ਸੰਸਥਾ ਤੋਂ ਆਏ ਡਾ. ਐਚ ਐਸ ਸਿੱਧੂ ਨੇ ਇਸ ਗੱਲ ਤੇ ਵਿਸ਼ੇਸ਼ ਰੂਪ ਵਿੱਚ ਜ਼ੋਰ ਦਿੱਤਾ ਕਿ ਝੋਨੇ ਦੀ ਇਸ ਪਰਾਲੀ ਨੂੰ ਭਰੇ ਬਣਾ ਕੇ ਬਾਹਰ ਲਿਜਾਣ ਦੀ ਬਜਾਏ ਖੇਤਾਂ ਵਿੱਚ ਹੀ ਰਲਾਉਣਾ ਜ਼ਿਆਦਾ ਬੇਹਤਰ ਹੈ, ਨਹੀਂ ਤਾਂ ਭਵਿੱਖ ਵਿੱਚ ਵਾਤਾਵਰਨ ਦੇ ਸੰਤੁਲਨ ਦੇ ਮਸਲੇ ਖੜੇ ਹੋ ਸਕਦੇ ਹਨ। ਉਹਨਾਂ ਇਹ ਗੱਲ ਸਾਂਝੀ ਕੀਤੀ ਕਿ ਝੋਨੇ ਦੀ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਵਾਲੀ ਕੰਬਾਈਨ ਨਾਲ ਕਟਾਈ ਮਗਰੋਂ, ਕਣਕ ਦੀ ਸਿੱਧੀ ਬਿਜਾਈ ਲਈ ਹੈਪੀ ਸੀਡਰ ਬਹੁਤ ਢੁੱਕਵੀਂ ਤੇ ਕਾਰਗਰ ਤਕਨੀਕ ਰਹੀ ਹੈ।

ਖੇਤੀਬਾੜੀ ਦੇ ਜਾਇੰਟ ਡਾਇਰੈਕਟਰ ਸ਼੍ਰੀ ਮਨਮੋਹਨ ਕਾਲੀਆ ਨੇ ਇਸ ਗੱਲ ਦਾ ਯਕੀਨ ਦਿਵਾਇਆ ਕਿ ਸਰਕਾਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਮਸ਼ੀਨਰੀ ਲਈ ਸਬਸਿਡੀ ਜ਼ਰੂਰ ਦੇਵੇਗੀ। ਪੀਏਯੂ ਦੇ ਨਿਰਦੇਸ਼ਕ ਖੋਜ ਡਾ:  ਨਵਤੇਜ ਸਿੰਘ ਬੈਂਸ ਨੇ ਕਿਹਾ ਕਿ ਕਿਸਾਨ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਸਿਫਾਰਸ਼ ਕਿਸਮਾਂ ਹੀ ਬੀਜਣ । ਇਸ ਨਾਲ ਨਾ ਕੇਵਲ ਉਹਨਾਂ ਨੂੰ ਅਗਲੀ ਫਸਲ ਦੀ ਤਿਆਰੀ ਲਈ ਵੱਧ ਸਮਾਂ ਮਿਲੇਗਾ ਬਲਕਿ ਉਹ ਝੋਨੇ ਦੀ ਪਰਾਲੀ ਨੂੰ ਵੀ ਸਹੀ ਤਰੀਕੇ ਨਾਲ ਸਮੇਟ ਸਕਣ ਦੇ ਯੋਗ ਹੋਣਗੇ। ਇਸ ਨਾਲ ਪਾਣੀ ਦੀ ਬੱਚਤ ਵੀ ਹੋਵੇਗੀ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਸ. ਕਾਹਨ ਸਿੰਘ ਪੰਨੂ ਨੇ ਦਿਨ-ਬ-ਦਿਨ ਬਦਤਰ ਹੁੰਦੀ ਜਾ ਰਹੀ ਹਵਾ ਦੀ ਕੁਆਲਿਟੀ ਬਾਰੇ ਆਪਣਾ ਫਿਕਰ ਜ਼ਾਹਿਰ ਕੀਤਾ। ਉਹਨਾਂ ਕਿਹਾ ਕਿ ਦੁੱਖ ਵਾਲੀ ਗੱਲ ਇਹ ਹੈ ਕਿ ਇਸ ਨਾਲ ਆਉਣ ਵਾਲੀਆਂ ਨਸਲਾਂ ਤੇ ਬਹੁਤ ਮਾੜੇ ਪ੍ਰਭਾਵ ਪੈਣਗੇ। ਪੰਜਾਬੀ ਸਭਿਅਤਾ ਲਈ ਇਹ ਇੱਕ ਵੱਡਾ ਖਤਰਾ ਹੈ। ਉਹਨਾਂ ਸੁਝਾਅ ਦਿੱਤਾ ਕਿ ਪੰਜਾਬ ਦੇ ਕਿਸਾਨਾਂ ਕੋਲ ਮੌਜੂਦ ਪਰਾਲੀ ਨੂੰ ਸੰਭਾਲਣ ਵਾਲੀ ਮਸ਼ੀਨਰੀ ਦੀ ਰਜਿਸਟਰੀ ਤਿਆਰ ਕੀਤੀ ਜਾਵੇ ਅਤੇ ਇਸ ਬਾਰੇ ਇੱਕ ਐਪ ਤਿਆਰ ਕਰਕੇ ਕਿਸਾਨਾਂ ਨੂੰ ਨੇੜੇ ਮੌਜੂਦ ਅਜਿਹੀ ਮਸ਼ੀਨਰੀ ਦੀ ਲਗਾਤਾਰ ਜਾਣਕਾਰੀ ਦਿੱਤੀ ਜਾਵੇ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਕੀਮਤ ਤੇ ਇਸ ਰਹਿੰਦ ਖੂਹੰਦ ਨੂੰ ਅੱਗ ਨਾ ਲਾਈ ਜਾਵੇ।

ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਖੇਤੀਬਾੜੀ ਵਿਭਾਗ ਨੂੰ ਕਿਹਾ ਕਿ ਵੱਡੇ ਪੱਧਰ ਤੇ ਕੈਂਪ ਅਤੇ ਖੇਤ ਦਿਵਸ ਲਾਏ ਜਾਣ ਅਤੇ ਕਿਸਾਨਾਂ ਨੂੰ ਅਜਿਹੇ ਖੇਤਾਂ ਵਿੱਚ ਲਿਜਾਇਆ ਜਾਵੇ ਜਿਥੇ ਪਰਾਲੀ ਨੂੰ ਬਿਨਾਂ ਅੱਗ ਲਾਇਆਂ ਕਣਕ ਬੀਜੀ ਗਈ ਹੈ ਅਤੇ ਇਸ ਰਸਤੇ ਤੁਰਨ ਵਾਲੇ  ਅਗਾਂਹਵਧੂ ਕਿਸਾਨਾਂ ਦਾ ਸਮੇਂ ਸਮੇਂ ਬਣਦਾ ਸਨਮਾਨ ਵੀ ਕੀਤਾ ਜਾਵੇ। ਅਜਿਹੇ ਕਿਸਾਨਾਂ ਦੀ ਜਾਣਕਾਰੀ  ਲਗਾਤਾਰ ਪ੍ਰੈਸ ਅਤੇ ਟੀ ਵੀ ਚੈਨਲਾਂ ਨੂੰ ਦਿੱਤੀ ਜਾਵੇ ਤਾਂ ਜੋ ਉਹ ਬਾਕੀ ਕਿਸਾਨਾਂ ਲਈ ਪ੍ਰੇਰਨਾ ਦਾ ਸਰੋਤ ਬਣ ਸਕਣ। ਉਹਨਾਂ ਆਪਣੇ ਸਾਥੀ ਵਿਗਿਆਨੀਆਂ ਅਤੇ ਪਸਾਰ ਮਾਹਿਰਾਂ ਨੂੰ ਕਿਹਾ ਕਿ ਫਸਲੀ ਚੱਕਰ ਅਤੇ ਖੇਤੀ ਜਲਵਾਯੂ ਨੂੰ ਧਿਆਨ ਵਿੱਚ ਰੱਖਦਿਆਂ ਅਜਿਹਾ ਸਾਹਿਤ ਤਿਆਰ ਕੀਤਾ ਜਾਵੇ ਜੋ ਫਸਲਾਂ ਦੀ ਰਹਿੰਦ ਖੂਹੰਦ ਨੂੰ ਸਮੇਟਣ ਵਿੱਚ ਸਹੀ ਮਾਰਗ ਦਰਸ਼ਨ ਕਰ ਸਕੇ।

ਮਾਹਿਰਾਂ ਅਤੇ ਕਿਸਾਨਾਂ ਨੇ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਫਸਲਾਂ ਦੇ ਰਹਿੰਦ ਖੂੰਹਦ ਨੂੰ ਸਾੜਨ ਉੱਪਰ ਸਖਤ ਮਨਾਹੀ ਲਾਈ ਜਾਵੇ।  ਮਨੁੱਖ ਅਤੇ ਜਾਨਵਰਾਂ ਦੇ ਸਾਹ ਲੈਣ ਅਤੇ ਜਿਉਂਦੇ ਰਹਿਣ ਲਈ ਇਹ ਅੱਜ ਦੀ ਸਭ ਤੋਂ ਵੱਡੀ ਲੋੜ ਹੈ ਅਤੇ ਚੰਗੀ ਖੇਤੀ ਜਲਵਾਯੂ ਅਤੇ ਖੇਤੀ ਦੀ ਸਦੀਵਤਾ ਲਈ ਵੀ ਅਤਿਅੰਤ ਜ਼ਰੂਰੀ ਹੈ। ਇਸ ਸਮੁੱਚੀ ਗੰਭੀਰ ਚਰਚਾ ਦੇ ਕੇਂਦਰ ਵਿੱਚ ਇਹ ਗੱਲ ਰਹੀ ਕਿ ਆਉਂਦੇ ਸਾਲ ਪਰਾਲੀ ਸਾੜਨ ਦੇ ਰੁਝਾਨ ਨੂੰ ਹਰ ਹੀਲੇ ਕਿਵਂੇ ਰੋਕਣਾ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>