ਨਵੀਂ ਦਿੱਲੀ – ਪਿੱਛਲੇ ਕੁਝ ਸਮੇਂ ਤੋਂ ਦਿੱਲੀ ਐਨਸੀਆਰ ਪਾਲਿਊਸ਼ਨ ਕਰਕੇ ਕਾਫ਼ੀ ਚਰਚਿਆਂ ਵਿੱਚ ਹੈ। ਦਿੱਲੀ ਸਰਕਾਰ ਇਸ ਦਾ ਸਾਰਾ ਦੋਸ਼ ਪੰਜਾਬ ਹਰਿਆਣਾ ਤੇ ਨਾਲ ਲਗਦੇ ਕੁਝ ਦੂਸਰਿਆਂ ਸੂਬਿਆਂ ਤੇ ਸੁੱਟ ਰਹੀ ਹੈ ਕਿ ਇਨ੍ਹਾਂ ਰਾਜਾਂ ਵਿੱਚ ਕਿਸਾਨਾਂ ਦੁਆਰਾ ਪਰਾਲੀ ਸਾੜੇ ਜਾਣ ਕਾਰਣ ਧੂੰਧ ਅਤੇ ਧੂੰਆਂ ਪੈਦਾ ਹੁੰਦਾ ਹੈ, ਜਿਸ ਨਾਲ ਵਾਤਾਵਰਣ ਦੂਸਿ਼ਤ ਹੋ ਰਿਹਾ ਹੈ। ਹੁਣ ਇਸ ਪਰਾਲੀ ਤੋਂ ਬਿਜਲੀ ਪੈਦਾ ਕਰਨ ਦੀ ਯੋਜਨਾ ਹੈ। ਇਸ ਸਕੀਮ ਨਾਲ ਪਾਲਿਊਸ਼ਨ ਵੀ ਘੱਟ ਹੋਵੇਗਾ ਅਤੇ ਕਿਸਾਨਾਂ ਦੀ ਇਨਕਮ ਵਿੱਚ ਵੀ ਵਾਧਾ ਹੋਵੇਗਾ। ਪਰਾਲੀ ਦੀ ਵਰਤੋਂ ਕੋੲਲੇ ਦੇ ਨਾਲ ਕੀਤੀ ਜਾਵੇਗੀ।
ਕੇਂਦਰੀ ਬਿਜਲੀ ਮੰਤਰੀ ਆਰ ਕੇ ਸਿੰਹ ਨੇ ਕਿਹਾ ਕਿ ਐਨਟੀਪੀਸੀ ਕਿਸਾਨਾਂ ਤੋਂ ਪਰਾਲੀ ਖ੍ਰੀਦੇਗਾ। ਇਸ ਲਈ ਜਲਦੀ ਹੀ ਟੈਂਡਰ ਜਾਰੀ ਕੀਤੇ ਜਾ ਸਕਦੇ ਹਨ। ਕਿਸਾਨਾਂ ਤੋਂ 5500 ਰੁਪੈ ਪ੍ਰਤੀ ਟਨ ਦੇ ਹਿਸਾਬ ਨਾਲ ਪਰਾਲੀ ਖ੍ਰੀਦੀ ਜਾਵੇਗੀ। ਇੱਕ ਏਕੜ ਵਿੱਚੋਂ ਦੋ ਟਨ ਦੇ ਕਰੀਬ ਪਰਾਲੀ ਨਿਕਲਦੀ ਹੈ। ਇਸ ਨਾਲ ਕਿਸਾਨਾਂ ਨੂੰ ਪ੍ਰਤੀ ਏਕੜ 11000 ਹਜ਼ਾਰ ਰੁਪੈ ਤੱਕ ਦੀ ਵਾਧੂ ਕਮਾਈ ਵੀ ਹੋ ਜਾਵੇਗੀ। ਬਿਜਲੀ ਸਕੱਤਰ ਭੱਲਾ ਨੇ ਕਿਹਾ ਕਿ ਇਸ ਸੀਜ਼ਨ ਵਿੱਚ ਪਾਵਰ ਪਲਾਂਟ ਵਿੱਚ ਪਰਾਲੀ ਦਾ ਬਾਲਣ ਦੇ ਤੌਰ ਤੇ ਉਪਯੋਗ ਨਹੀਂ ਹੋ ਸਕੇਗਾ। ਐਨਜੀਟੀ ਨੇ ਐਨਟੀਪੀਸੀ ਤੋਂ ਪੁੱਛਿਆ ਹੈ ਕਿ ਬਿਜਲੀ ਪਲਾਂਟਸ ਵਿੱਚ ਪਰਾਲੀ ਦੀ ਕਿੰਨੀ ਵਰਤੋਂ ਕੀਤੀ ਜਾ ਸਕਦੀ ਹੈ।
ਅਮਰੀਕੀ ਏਜੰਸੀ ਐਨਓਏਏ ਨੇ ਦਾਅਵਾ ਕੀਤਾ ਹੈ ਕਿ ਉਤਰ ਭਾਰਤ ਅਤੇ ਪਾਕਿਸਤਾਨ ਦੇ ਕਈ ਸ਼ਹਿਰਾਂ ਵਿੱਚ ਅਗਲੇ ਕੁਝ ਮਹੀਨਿਆਂ ਤੱਕ ਲੋਕਾਂ ਨੂੰ ਧੁੰਧ ਦਾ ਸਾਹਮਣਾ ਕਰਨਾ ਪਵੇਗਾ। ਏਜੰਸੀ ਅਨੁਸਾਰ ਇਸ ਖੇਤਰ ਵਿੱਚ ਅਜੇ ਇਹ ਧੁੰਦ ਦੇ ਮੌਸਮ ਦੀ ਸ਼ੁਰੂਆਤ ਹੈ।