ਅੰਮ੍ਰਿਤਸਰ ਤੋਂ ਬਾਅਦ ਮੋਗਾ ਦੀਆਂ ਸੰਗਤਾਂ ਨੇ ਵੀ ਢੱਡਰੀਆਂ ਵਾਲਾ ਦੇ ਦੀਵਾਨ ‘ਤੇ ਜਤਾਇਆ ਇਤਰਾਜ਼

ਮੋਗਾ – ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਾ ਵੱਲੋਂ ਕੀਤੇ ਜਾ ਰਹੇ ਪ੍ਰਚਾਰ ‘ਤੇ ਇਤਰਾਜ਼ ਜਤਾਉਂਦਿਆਂ ਅੱਜ ਮੋਗਾ ਦੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਸੰਤ ਮਹਾਂਪੁਰਸ਼ਾਂ, ਸਿੱਖ ਜਥੇਬੰਦੀਆਂ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਅਗਵਾਈ ‘ਚ ਡਿਪਟੀ ਕਮਿਸ਼ਨਰ ਮੋਗਾ ਨੂੰ ਇੱਕ ਮੰਗ ਪੱਤਰ ਦਿੰਦਿਆਂ ਢੱਡਰੀਆਂ ਵਾਲਾ ਦੇ ਮੋਗਾ ਵਿੱਚ ਰੱਖੇ ਜਾ ਰਹੇ ਦੀਵਾਨ ਨੂੰ ਰੱਦ ਕਰਾਉਣ ਲਈ ਅਪੀਲ ਕੀਤੀ ਹੈ।

ਇਸ ਤੋਂ ਪਹਿਲਾਂ ਅੰਮ੍ਰਿਤਸਰ ਦੀਆਂ ਸੰਗਤਾਂ ਅਤੇ ਸਿੱਖ ਜਥੇਬੰਦੀਆਂ ਨੇ ਢੱਡਰੀਆਂ ਵਾਲੇ ਦੇ ਪ੍ਰਚਾਰ ਨੂੰ ਸਿੱਖ ਸਿਧਾਂਤ ਵਿਰੋਧ ਦੱਸਦਿਆਂ ਪ੍ਰਰੋਗਰਾਮ ਰੱਦ ਕਰਾਉਣ ਲਈ ਪ੍ਰਸ਼ਾਸਨ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪਹੁੰਚ ਕੀਤੀ ਸੀ, ਜਿਸ ਨੂੰ ਦੇਖਦਿਆਂ ਢੱਡਰੀਆਂ ਵਾਲਾ ਨੇ ਆਪ ਹੀ ਅਮ੍ਰਿਤਸਰ ਦਾ ਪ੍ਰੋਗਰਾਮ ਰੱਦ ਕਰਨ ਦਾ ਐਲਾਨ ਕਰਦਿਤਾ। ਅੱਜ ਮੋਗਾ ਦੀਆਂ ਸੰਗਤਾਂ ਵੱਲੋਂ ਵੀ ਉਸ ‘ਤੇ ਗੁਰਬਾਣੀ, ਗੁਰ ਇਤਿਹਾਸ, ਸਿੱਖ ਇਤਿਹਾਸ ਅਤੇ ਪ੍ਰੰਪਾਰਵਾਂ ਨੂੰ ਤੋੜ ਮਰੋੜ ਕੇ ਪੇਸ਼ ਕਰਦਿਆਂ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਏ ਜਾ ਰਹੇ ਹੋਣ ਦਾ ਦੋਸ਼ ਲਾਉਂਦਿਆਂ ਸਮਾਗਮ ਰੱਦ ਕਰਾਉਣ ਦੀ ਪ੍ਰਸ਼ਾਸਨ ਨੂੰ ਅਪੀਲ ਕੀਤੀ। ਜਿਸ ਦੀ ਅਗਵਾਈ ਸੰਤ ਬਾਬਾ ਬਲਦੇਵ ਸਿੰਘ ਜੋਗੇਵਾਲਾ, ਬਾਬਾ ਸੁਰਜੀਤ ਸਿੰਘ ਮਹਿਰੋ, ਬਾਬਾ ਮਹਿੰਦਰ ਸਿੰਘ ਜਨੇਰਵਾਲੇ, ਬਾਬਾ ਗੁਰਜੰਟ ਸਿੰਘ ਸਲੀਨੇਵਾਲੇ, ਬਾਬਾ ਬਲਕਾਰ ਸਿੰਘ ਭਾਗੋਕੇ, ਭਾਈ ਜਗਤਾਰ ਸਿੰਘ ਰੋਡੇ ਮੈਬਰ ਸ਼੍ਰੋਮਣੀ ਕਮੇਟੀ, ਭਾਈ ਹਰਸੁਖਪ੍ਰੀਤ ਸਿੰਘ ਮੈਬਰ ਸ਼੍ਰੋਮਣੀ ਕਮੇਟੀ, ਭਾਈ ਗੁਰਮੇਲ ਸਿੰਘ ਮੈਬਰ ਸ਼੍ਰੋਮਣੀ ਕਮੇਟੀ, ਤਰਸੇਮ ਸਿੰਘ ਰਤੀਆ ਮੈਬਰ ਸ਼੍ਰੋਮਣੀ ਕਮੇਟੀ, ਗੁਰਲਾਬ ਸਿੰਘ ਮੈਬਰ ਸ਼੍ਰੋਮਣੀ ਕਮੇਟੀ,  ਬਾਬਾ ਕੁਲਦੀਪ ਸਿੰਘ ਧਲੇਕੇ, ਬਾਬਾ ਰਾਮ ਸਿੰਘ ਲੋਹਗੜ, ਕੈਪਟਨ ਗੁਰਚਰਨ ਸਿੰਘ ਰੌਲੀ, ਜੋਰਾ ਸਿੰਘ ਤਲਵੰਡੀ ਭਾਈ, ਅਮਰੀਕ ਸਿੰਘ ਟਿੰਡਵਾਂ, ਬਾਬਾ ਰਣਜੀਤ ਸਿੰਘ ਲੰਘੇਆਣਾ ਵੱਲੋਂ ਕੀਤੀ ਗਈ। ਉਹਨਾਂ ਪ੍ਰਸ਼ਾਸਨ ਨੂੰ ਕਿਹਾ ਕਿ ਢੱਡਰੀਆਂ ਵਾਲਾ ਸੰਗਤ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਜਵਾਬਦੇਹੀ ਤੋਂ ਭਜ ਰਿਹਾ ਹੈ।ਉਹਨਾਂ ਕਿਹਾ ਕਿ ਪ੍ਰਚਾਰਕ ਦਾ ਕੰਮ ਗੁਰਬਾਣੀ, ਗੁਰ ਇਤਿਹਾਸ ਰਾਹੀਂ ਸੰਗਤ ਦੇ ਹਿਰਦਿਆਂ ਨੂੰ ਰਬੀ ਗੁਣਾਂ ਨਾਲ ਸਰਸ਼ਾਰ ਕਰਨਾ ਹੁੰਦਾ ਹੈ।ਪਰ ਢੱਡਰੀਆਂ ਵਾਲਾ ਪਿਛਲੇ ਸਮੇਂ ਤੋਂ ਸਿੱਖ ਧਰਮ ਦੀਆਂ ਸਥਾਪਿਤ ਮੂਲ ਪਰੰਪਰਾਵਾਂ, ਗੁਰਮਤਿ ਸਿਧਾਂਤ, ਗੁਰ ਇਤਿਹਾਸ ਤੇ ਸਿੱਖ ਇਤਿਹਾਸ ਦੀਆਂ ਅਹਿਮ ਘਟਨਾਵਾਂ, ਗੁਰ ਅਸਥਾਨਾਂ ਪ੍ਰਤੀ ਬੇਲੋੜੇ ਸ਼ੰਕੇ ਖੜੇ ਕਰਦਿਆਂ ਸਿੱਖ ਭਾਈਚਾਰੇ ‘ਚ ਦੁਬਿਧਾ ਪੈਦਾ ਕਰ ਰਿਹਾ ਹੈ। ਜੋ ਲਗਾਤਾਰ ਜਾਰੀ ਹੈ, ਇੱਥੋਂ ਤਕ ਕਿ ਕੌਮ ‘ਚ ਵੱਡੇ ਰੁਤਬਿਆਂ ‘ਤੇ ਬਿਰਾਜਮਾਨ ਹੈੱਡ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਤੇ ਸਿੰਘ ਸਾਹਿਬਾਨ ਆਦਿ ਪ੍ਰਤੀ ਗਲਤ ਸ਼ਬਦਾਵਲੀ ਵਰਤ ਕੇ ਸਿੱਖ ਕੌਮ ਦੇ ਸਿਧਾਂਤਾਂ ਦਾ ਨਿਰਾਦਰ ਕੀਤਾ ਜਾ ਰਿਹਾ ਹੈ।ਜਿਸ ਪ੍ਰਤੀ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਹੈ। ਨਿੱਤ ਨਵਾਂ ਵਿਵਾਦ ਅਤੇ ਦੁਬਿਧਾ ਖੜੀ ਕਰਕੇ ਸਿੱਖ ਪੰਥ ਅਤੇ ਸਮਾਜ ਵਿੱਚ ਫੁੱਟ ਪਾਉਂਦਿਆਂ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਤਾਕ ਵਿੱਚ ਬੈਠੇ ਢੱਡਰੀਆਂ ਵਾਲਾ ਦੀ ਨੀਅਤ ਨੂੰ ਦੇਖਦਿਆਂ ਸ੍ਰੀ ਅੰਮ੍ਰਿਤਸਰ ਦੀਆਂ ਸਿੱਖ ਸੰਗਤਾਂ ਨੇ ਇਸ ਦੇ ਗੁਰਮਤਿ ਵਿਰੋਧੀ ਪ੍ਰਚਾਰ ਦਾ ਸਖ਼ਤ ਨੋਟਿਸ ਲਿਆ। ਉਹਨਾਂ ਵੱਲੋਂ ਪ੍ਰਸ਼ਾਸਨ ਤੋਂ ਇਸ ਦੇ ਪ੍ਰੋਗਰਾਮ ਰੱਦ ਕਰਨ ਦੀ ਕੀਤੀ ਗਈ ਮੰਗ ਦੇ ਮੱਦੇ ਨਜ਼ਰ ਢੱਡਰੀਆਂ ਵਾਲਾ ਨੂੰ ਆਪ ਹੀ ਅੰਮ੍ਰਿਤਸਰ ਦਾ ਸਮਾਗਮ ਰੱਦ ਕਰਨ ਲਈ ਮਜਬੂਰ ਹੋਣਾ ਪਿਆ। ਅਜਿਹੀ ਸਥਿਤੀ ਅੱਜ ਮੋਗਾ ਵਿੱਚ ਬਣੀ ਹੋਈ ਹੈ। ਮੋਗੇ ਦੀਆਂ ਸੰਗਤਾਂ ਵਿੱਚ ਉਸ ਪ੍ਰਤੀ ਰੋਸ ਨੂੰ ਦੇਖਦਿਆਂ ਅਸੀਂ ਜ਼ਿਲ੍ਹੇ ‘ਚ ਅਮਨ ਸ਼ਾਂਤੀ ਕਾਇਮ ਰੱਖਣ ਲਈ ਉਸ ਦਾ ਜ਼ਿਲ੍ਹਾ ਮੋਗਾ ਵਿਖੇ ਲੱਗਣ ਵਾਲੇ ਸਾਰੇ ਦੀਵਾਨ ਹੇਠ ਰੱਦ  ਕਰਨ ਦੀ ਮੰਗ ਕਰਦੇ ਹਾਂ ।
ਮੰਗ ਪੱਤਰ ਵਿੱਚ ਕਿਹਾ ਗਿਆ ਕਿ

(1) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਪ੍ਰਤੀ ਗਲਤ ਪ੍ਰਚਾਰ ਕਰਦਿਆਂ ਗੁਰਸਿੱਖੀ ਦੇ ਅਸੂਲਾਂ ਨਾਲੋਂ ਸਿੱਖ ਸੰਗਤ ਨੂੰ ਤੋੜ ਰਿਹਾ। ਗੁਰੂ ਕਾਲ ਤੋਂ ਚਲੀਆਂ ਆ ਰਹੀਆਂ ਪਰੰਪਰਾਵਾਂ ਅਤੇ ਗੁਰ ਇਤਿਹਾਸ ਨੂੰ ਲੈ ਕੇ ਕਿਸੇ ਵੀ ਵੱਡੇ ਤੋਂ ਵੱਡਾ ਪ੍ਰਚਾਰਕ, ਵਿਦਵਾਨ ਨੇ ਕੌਮ ‘ਚ ਦੁਬਿਧਾ ਪੈਦਾ ਨਹੀਂ ਹੋਣ ਦਿੱਤੀ।

(2) ਸਿੱਖ ਕੌਮ ਇੱਕ ਵੱਖਰੀ ਕੌਮ ਹੈ। ਇਸਦਾ ਵਿਲੱਖਣ ਇਤਿਹਾਸ ਹੈ, ਪ੍ਰੰਤੂ ਕੁੱਝ ਲੇਖਕਾਂ ਵੱਲੋਂ ਬਿਨਾਂ ਖੋਜੇ-ਵਿਚਾਰੇ ਕੁੱਝ ਅਜਿਹੇ ਸ਼ਬਦ ਇਸ ਵਿੱਚ ਪਾਏ ਗਏ ਹਨ ਜੋ ਗੁਰਮਤਿ ਦੀ ਕਸਵੱਟੀ ‘ਤੇ ਪੂਰੇ ਨਹੀਂ ਉੱਤਰਦੇ। ਜਿਸ ਨੂੰ ਲੈ ਕੇ ਪੰਜ ਸਿੰਘ ਸਾਹਿਬਾਨ ਵੱਲੋਂ ਮਿਤੀ 04 ਅਪ੍ਰੈਲ 2017 ਨੂੰ ਇੱਕ ਮਤਾ ਪਾਸ ਕਰਦਿਆਂ ਪ੍ਰਚਾਰਕਾਂ ਅਤੇ ਕਵੀਸ਼ਰ ਸਾਹਿਬਾਨਾਂ ਨੂੰ ਹਦਾਇਤ ਕੀਤੀ ਗਈ ਸੀ ਕਿ ਓਨੀ ਦੇਰ ਸਟੇਜ ਉੱਪਰ ਗੁਰਬਾਣੀ, ਗੁਰ-ਇਤਿਹਾਸ ਸਰਵਣ ਕਰਵਾਉਣ ਵੇਲੇ ਕੋਈ ਵੀ ਐਸਾ ਪ੍ਰਸੰਗ ਨਾ ਸੁਣਾਇਆ ਜਾਵੇ ਜਿਸ ਨਾਲ ਸੰਗਤਾਂ ਵਿੱਚ ਦੁਬਿਧਾ ਪੈਦਾ ਹੁੰਦੀ ਹੋਵੇ। ਜਿਸ ਦੀ ਇਹਨਾਂ ਨੇ ਕੋਈ ਪ੍ਰਵਾਹ ਨਹੀਂ ਕੀਤੀ ਅਤੇ ਆਪਣਾ ਕੂੜ ਪ੍ਰਚਾਰ ਨਿਰੰਤਰ ਜਾਰੀ ਰੱਖਿਆ।

(3) ਕੌਮੀ ਪਦਵੀਆਂ ਨੂੰ ਛੁਟਿਆਉਂਦਿਆਂ ਜਥੇਦਾਰਾਂ ਪ੍ਰਤੀ ਕਰਤੂਤ ਸ਼ਬਦ ਅਤੇ ਸ੍ਰੀ ਹਰਿਮੰਦਰ ਸਾਹਿਬ ਹੈੱਡ ਗ੍ਰੰਥੀ ਸਾਹਿਬ ਪ੍ਰਤੀ ਵੀ ਭੱਦੀ ਸ਼ਬਦਾਵਲੀ ਵਰਤ ਕੇ ਅਪਮਾਨਿਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।
(4) ਗੁਰ ਅਸਥਾਨਾਂ ਪ੍ਰਤੀ ਸਿੱਖ ਸੰਗਤ ਦੀ ਸ਼ਰਧਾ ਭਾਵਨਾ ਨਾਲ ਖਿਲਵਾੜ ਦਿਆਂ ਸ੍ਰੀ ਗੁਰੂ ਤੇਗ ਬਹਾਦਰ ਜੀ ਕੇ ਤਪ ਅਸਥਾਨ ਬਾਬਾ ਬਕਾਲਾ ਸਾਹਿਬ ਅਤੇ ਭੋਰਾ ਸਾਹਿਬ, ਪਾ: 9ਵੀਂ ਪ੍ਰਤੀ ਸ਼ੰਕਾ ਉਤਪੰਨ ਕੀਤਾ ਗਿਆ।

(5) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਆਮ ਇਮਾਰਤ ਕਹਿੰਦਿਆਂ ਇਸ ਦੀ ਮਹਾਨਤਾ ‘ਤੇ ਚੋਟ ਕੀਤੀ ਗਈ ਜਿਸ ਨੇ ਨਾਨਕ ਨਾਮ ਲੇਵਾ ਸੰਗਤਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ।

(6) ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤ ਸਰੋਵਰ ਨੂੰ ਸਾਧਾਰਨ ਪਾਣੀ ਅਤੇ ਅੰਮ੍ਰਿਤ ਸਰੋਵਰ ‘ਚ ਇਸ਼ਨਾਨ ਨੂੰ ਵਹਿਮ ਪ੍ਰਚਾਰ ਕੇ ਸੰਗਤ ਦੀ ਗੁਰੂ ਘਰ ਪ੍ਰਤੀ ਸ਼ਰਧਾ ‘ਤੇ ਵਾਰ ਕਰ ਰਿਹਾ ਹੈ।

(7) ਨਾਮ ਜਪਣ ਨੂੰ ਤੋਤਾ ਰਟਣ ਅਤੇ ਬਾਣੀ ਕੰਠ ਕਰਨ ਨੂੰ ਮਨਮਤ ਦੱਸਦਿਆਂ ਗੁਰਬਾਣੀ, ਨਿੱਤਨੇਮ ਅਤੇ ਨਾਮ ਸਿਮਰਨ ਪ੍ਰਤੀ ਸ਼ੰਕੇ ਪੈਦਾ ਕਰਕੇ ਸੰਗਤ ਨੂੰ ਨਾਮ ਭਗਤੀ ਜਪ ਤਪ ਤੇ ਨਿੱਤਨੇਮ ਪ੍ਰਤੀ ਵਿਵਾਦ ਖੜ੍ਹਾ ਕਰ ਰਿਹਾ ਹੈ।

(8) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦੇ ਗਲਤ ਅਰਥ ਕਰਦਿਆਂ ਆਵਾਗਮਨ ਦਾ ਕੋਈ ਚੱਕਰ ਨਾ ਹੋਣ ਬਾਰੇ, ਦੇਵੀ ਦੇਵਤੇ , ਭੂਤ ਪ੍ਰੇਤ, ਸਵਰਗ ਨਰਕ ਪ੍ਰਤੀ ਬੇਲੋੜਾ ਵਿਵਾਦ ਪੈਦਾ ਕੀਤਾ ਗਿਆ।

(9) ਸਿੱਖ ਇਤਿਹਾਸ ਨਾਲ ਖਿਲਵਾੜ ਕਰਦਿਆਂ ਭਾਈ ਬਚਿੱਤਰ ਸਿੰਘ ਵੱਲੋਂ  ਹਾਥੀ ਦੇ ਮੱਥੇ ਵਿੱਚ ਨਾਗਨੀ ਮਾਰਨ ਨੂੰ ਝੁਠਲਾਉਣ ਦੀ ਕੋਸ਼ਿਸ਼ ਕੀਤੀ ਗਈ।

(10)  ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਵੱਲੋਂ ਛੱਜੂ ਝੀਵਰ ਨੂੰ ਛੜੀ ਰੱਖ ਕੇ ਗਿਆਨ ਕਰਾਏ ਜਾਣ ਤੋਂ ਇਨਕਾਰ ਕਰਦਿਆਂ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਕਰਾਮਾਤਾਂ ਸਰਬ ਕਲਾ ਭਰਪੂਰ ਹੋਣ ਪ੍ਰਤੀ ਕਿੰਤੂ ਪ੍ਰੰਤੂ ਅਤੇ ਸ਼ੰਕਾ ਉਤਪੰਨ ਕਰਨਾ।

(11) ਸਤਿਕਾਰਤ ਮਾਈ ਭਾਗੋ ਜੀ ਬਾਰੇ ਬੇਸ਼ਰਮੀ ਨਾਲ ਘਟੀਆ ਪ੍ਰਚਾਰ ਦੀ ਵੀ ਕੋਈ ਹੱਦ ਨਹੀਂ ਰਹਿਣ ਦਿੱਤੀ ਗਈ ।

(12) ਗੁਰੂ ਨਾਨਕ ਦੇਵ ਜੀ ਦੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਬਾਰੇ ਗੁਮਰਾਹਕੁਨ ਪ੍ਰਚਾਰ ਕੀਤਾ।

(13) ਸੰਪਰਦਾਵਾਂ, ਸਾਧੂ, ਸੰਤਾਂ ਮਹਾਂਪੁਰਸ਼ਾਂ ਪ੍ਰਤੀ ਭੱਦੀ ਸ਼ਬਦਾਵਲੀ ਵਰਤਦਿਆਂ ਉਹਨਾਂ ਨੂੰ ਭੇਡਾਂ ਹੀ ਨਹੀਂ ਕਹਿੰਦਾ ਸਗੋਂ ਸੰਤ ਕਹਾਉਣ ਨੂੰ ਹਰਾਮਜ਼ਦਗੀ ਹੈ ਕਹਿ ਕੇ ਸੰਗਤ ਦੇ ਹਿਰਦਿਆਂ ਨੂੰ ਦੁਖਾ ਰਿਹਾ ਹੈ।

(14) ਸੇਵਾ ਸਿਧਾਂਤ ਦੀ ਤੌਹੀਨ ਕਰਨ ਦੇ ਨਾਲ ਨਾਲ ਸੰਗਤ, ਸਾਧੂ, ਸੰਤ ਦੀ ਚਰਨ ਧੂੜ ਦੀ ਮਹਿਮਾ ਦਾ ਡੱਟ ਕੇ ਖੰਡਨ ਤੇ ਵਿਰੋਧ ਕਰਦਾ ਹੈ।

(15) ਸੰਗਤ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਜਵਾਬਦੇਹੀ ਤੋਂ ਭਜ ਰਿਹਾ ਹੈ।
ਅਜਿਹੀ ਸਥਿਤੀ ਵਿੱਚ ਸੰਗਤ ਦੇ ਉਸ ਪ੍ਰਤੀ ਰੋਸ ਨੂੰ ਦੇਖਦਿਆਂ ਉਸ ਦੇ ਦੀਵਾਨ ਰੱਦ ਕੀਤੇ ਜਾਣੇ ਚਾਹੀਦੇ ਹਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>