ਡਾ. ਢਿੱਲੋਂ ਨੇ ਕੀਤਾ ਤਿੰਨ ਦਿਨਾਂ ਗੁਲਦਾਉਦੀ ਸ਼ੋਅ ਦਾ ਉਦਘਾਟਨ

ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਿਰਸਿਟੀ ਦੇ ਕਿਸਾਨ ਮੇਲਾ ਗਰਾਊਂਡ ਦੇ ਓਪਨ ਏਅਰ ਥੀਏਟਰ ਵਿੱਚ ਅੱਜ 22ਵਾਂ ਗੁਲਦਾਉਦੀ ਸ਼ੋਅ ਦਾ ਉਦਘਾਟਨ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਕੀਤਾ। ਸੈਂਟਰਲ ਯੂਨੀਵਰਸਿਟੀ ਬਠਿੰਡਾ ਦੇ ਚਾਂਸਲਰ ਡਾ. ਸਰਦਾਰਾ ਸਿੰਘ ਜੌਹਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਗੁਲਦਾਉਦੀ ਦੀਆਂ 100 ਕਿਸਮਾਂ ਦੇ 2000 ਤੋਂ ਵੱਧ ਗਮਲਿਆਂ ਨਾਲ ਭਰੇ ਫੁੱਲਾਂ ਦੇ ਇਸ ਸ਼ੋਅ ਬਾਰੇ ਗੱਲ ਕਰਦਿਆਂ ਡਾ. ਢਿੱਲੋਂ ਨੇ ਕਿਹਾ ਕਿ ਅਜਿਹੇ ਫੁੱਲਾਂ ਦੀਆਂ ਪ੍ਰਦਰਸ਼ਨੀਆਂ ਯੂਨੀਵਰਸਿਟੀ ਦੀ ਅਮੀਰ ਪ੍ਰੰਪਰਾ ਹੈ ਜਿਸ ਨਾਲ ਪਿੰਡਾਂ ਅਤੇ ਸ਼ਹਿਰਾਂ ਦੇ ਵਸਨੀਕ ਫੁੱਲਾਂ ਦੀ ਖੇਤੀ ਨਾਲ ਜੁੜਦੇ ਹਨ। ਘਰਾਂ ਵਿੱਚ ਸੁਹਜ ਵੱਧਦਾ ਹੈ। ਕੁਦਰਤ ਪ੍ਰੇਮੀ ਫੁੱਲਾਂ ਦੀ ਸਾਂਭ-ਸੰਭਾਲ ਬਾਰੇ ਹੋਰ ਜਾਣੂੰ ਹੁੰਦੇ ਹਨ। ਡਾ. ਢਿੱਲੋਂ ਨੇ ਕਿਹਾ ਕਿ ਇਹ ਫੁੱਲ ਕੇਵਲ ਮਨੁੱਖ ਦੇ ਆਲੇ-ਦੁਆਲੇ ਨੂੰ ਹੀ ਖੂਬਸੂਰਤ ਨਹੀਂ ਬਣਾਉਂਦੇ ਬਲਕਿ ਅੰਦਰ ਦੀ ਖੂਬਸੂਰਤੀ ਅਤੇ ਮਨ ਦੀ ਸ਼ਾਂਤੀ ਵਿੱਚ ਵੀ ਵਾਧਾ ਕਰਦੇ ਹਨ। ਉਹਨਾਂ ਨੇ ਫੁੱਲਾਂ ਦੀ ਖੇਤੀ ਕਰਨ ਵਾਲਿਆਂ ਨੂੰ ਉਤਸ਼ਾਹਿਤ ਕਰਦਿਆਂ ਇਸਦੀ ਵਪਾਰਕ ਖੇਤੀ ਵੱਲ ਪ੍ਰੇਰਿਤ ਕੀਤਾ ਹੈ। ਇਸ ਸਮਾਗਮ ਦੇ ਮਾਣਮੱਤੇ ਮਹਿਮਾਨ ਡਾ. ਜੌਹਲ ਨੇ ਵਿਸ਼ੇਸ਼ ਰੂਪ ਵਿੱਚ ਕਿਹਾ ਕਿ ਫੁੱਲ ਮਨੁੱਖ ਲਈ ਕੁਦਰਤੀ ਵਰਦਾਨ ਹਨ। ਇਹਨਾਂ ਫੁੱਲਾਂ ਦੀਆਂ ਕਿਸਮਾਂ ਦੀ ਵਿਭਿੰਨਤਾ ਜਿੱਥੇ ਮਨੁੱਖ ਆਲੇ-ਦੁਆਲੇ ਵਿੱਚ ਰੰਗ ਬਿਖੇਰਦੀ ਹੈ ਉਥੇ ਵਾਤਾਵਰਨ ਲਈ ਵੀ ਲਾਹੇਵੰਦ ਹੁੰਦੀ ਹੈ ।

ਫਲੋਰੀਕਲਚਰ ਅਤੇ ਲੈਂਡਸਕੇਪਿੰਗ ਦੇ ਮੁਖੀ ਡਾ. ਐਚ ਐਸ ਗਰੇਵਾਲ ਨੇ ਕਿਹਾ ਕਿ ਪੀਏਯੂ, ਭਾਰਤੀ ਖੇਤੀ ਖੋਜ ਪ੍ਰੀਸ਼ਦ ਦੀ ਮੋਹਰੀ ਸੰਸਥਾ ਹੈ ਜੋ ਫੁੱਲ ਉਤਪਾਦਨ ਦੇ ਖੇਤਰ ਵਿੱਚ ਮੋਹਰੀ ਯੋਗਦਾਨ ਪਾ ਰਹੀ ਹੈ। ਇਸ ਦਾ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਹੁਣ ਤੱਕ ਗੁਲਦਾਉਦੀ ਦੀਆਂ 17 ਕਿਸਮਾਂ ਜਾਰੀ ਕਰ ਚੁੱਕਿਆ ਹੈ। ਇਸ ਗੁਲਦਾਉਦੀ ਸ਼ੋਅ ਵਿੱਚ ਬਾਹਰੋਂ ਵਿੱਦਿਅਕ ਅਤੇ ਹੋਰ ਸੰਸਥਾਵਾਂ ਅਤੇ ਵਿਅਕਤੀਗਤ ਪੱਧਰ ਤੇ 200 ਤੋਂ ਵੱਧ ਮੁਕਾਬਲੇ ਲਈ ਭਾਗ ਲੈਣ ਵਾਲੇ ਆਏ । ਫਲੋਰੀਕਲਚਰ ਵਿਭਾਗ ਦੇ ਮਾਹਰ ਡਾ. ਕੇ ਕੇ ਢੱਟ, ਡਾ. ਪ੍ਰੇਮਜੀਤ ਸਿੰਘ, ਡਾ. ਮਧੂਬਾਲਾ, ਡਾ. ਪਰਮਿੰਦਰ ਸਿੰਘ ਅਤੇ ਡਾ. ਸ਼ਾਲਿਨੀ ਝਾਂਜੀ ਨੇ ਆਏ ਦਰਸ਼ਕਾਂ ਨੂੰ ਫੁੱਲਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਅਜਿਹੀਆਂ ਪ੍ਰਦਰਸ਼ਨੀਆਂ ਦਾ ਮੁੱਖ ਮੰਤਵ ਗੁਲਦਾਉਦੀ ਦੀ ਵਪਾਰਕ ਖੇਤੀ ਅਤੇ ਘਰਾਂ ਵਿੱਚ ਸਾਜ-ਸੱਜਾ ਲਈ ਉਤਸ਼ਾਹਿਤ ਕਰਨਾ ਹੈ। ਡਾ. ਆਰ ਕੇ ਦੂਬੇ ਨੇ ਦੱਸਿਆ ਕਿ 9 ਦਸੰਬਰ ਤੱਕ ਇੱਥੋਂ ਦਰਸ਼ਕ ਗੁਲਦਾਉਦੀ ਦੇ ਗਮਲੇ ਖਰੀਦ ਵੀ ਸਕਦੇ ਹਨ। ਜੇ ਉਹ 9 ਤੋਂ ਮਗਰੋਂ ਖਰੀਦਣਾ ਚਾਹੁਣ ਤਾਂ ਰਿਸਰਚ ਫਾਰਮ ਅਤੇ ਪੀਏਯੂ ਨਰਸਰੀ ਤੋਂ ਇਹਨਾਂ ਫੁੱਲਾਂ ਨੂੰ ਖਰੀਦ ਸਕਦੇ ਹਨ। ਜ਼ਿਕਰਯੋਗ ਹੈ ਕਿ ਗੁਲਦਾਉਦੀ ਦੇ ਇਸ ਮੇਲੇ ਵਿੱਚ ਅਲਫਰੈਡ ਵਿਲਸਨ, ਵੇਲਇਨਟ, ਥਾਈ ਚਿੰਗ ਕੁਈਨ, ਬੋਰਿਸ ਵਿਲਸਨ, ਕਾਸਾ ਗਰਾਂਦਾ, ਓਬਸੈਸ਼ਨ, ਗਾਰਡਨ ਬਿਊਟੀ, ਮਦਰ ਟਰੇਸਾ, ਯੈਲੋ ਚਾਰਮ, ਕੈਲਵਿਨ ਮੈਂਡਰਿਨ ਆਦਿ ਗੁਲਦਾਉਦੀ ਦੀਆਂ ਕਿਸਮਾਂ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੀਆਂ ਰਹੀਆਂ ।

This entry was posted in ਖੇਤੀਬਾੜੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>