ਨਵੀਂ ਦਿੱਲੀ : ਸੁਲਤਾਨ ਉਲ ਕੌਮ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਤੀਜ਼ੀ ਜਨਮ ਸ਼ਤਾਬਦੀ ਸਮੁੱਚਾ ਖਾਲਸਾ ਪੰਥ ਭਾਰਤ ਵਿਖੇ 22 ਅਪ੍ਰੈਲ ਤੋਂ 3 ਮਈ ਤਕ ਖਾਲਸਾਈ ਸ਼ਾਨੋ-ਸ਼ੌਕਤ ਨਾਲ ਮਨਾਏਗਾ। ਇਸ ਗੱਲ ਦਾ ਐਲਾਨ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਾਂ ਨੇ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਕੀਤਾ। ਮਨਜੀਤ ਸਿੰਘ ਜੀ.ਕੇ. ਅਤੇ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਸਬੰਧੀ ਸਜਾਏ ਜਾ ਰਹੇ ਪ੍ਰੋਗਰਾਮਾ ਦੀ ਵਿਸਤਾਰ ਨਾਲ ਜਾਣਕਾਰੀ ਦਿੱਤੀ। ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ, ਰਾਸ਼ਟਰੀ ਕ੍ਰਿਤੀ ਆਹਵਾਨ ਸਮਿਤੀ ਦੇ ਕੌਮੀ ਕੋਆਡੀਨੇਟਰ ਵਿਜੈਪਾਲ ਸਿੰਘ ਅਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ ਨੇ ਸਿੱਖ ਇਤਿਹਾਸ ਨੂੰ ਸੰਭਾਲਣ ਵਾਸਤੇ ਕੌਮ ਦੀਆਂ 2 ਵੱਡੀਆਂ ਕਮੇਟੀਆਂ ਵੱਲੋਂ ਕੀਤੀ ਜਾ ਰਹੀ ਪਹਿਲਕਦਮੀ ਨੂੰ ਸਿੱਖ ਇਤਿਹਾਸ ਦੇ ਪ੍ਰਚਾਰ ਵੱਜੋਂ ਦੱਸਿਆ।
ਜੀ.ਕੇ. ਨੇ ਦੱਸਿਆ ਕਿ ਆਹਲੂਵਾਲੀਆ ਦੇ ਜਨਮ ਸਥਾਨ ਲਾਹੌਰ ਦੇ ਆਹਲੂ ਪਿੰਡ ਤੌਂ ਪ੍ਰੋਗਰਾਮਾ ਦੀ ਸ਼ੁਰੂਆਤ ਕਰਨ ਦੀ ਅਸੀਂ ਤਿਆਰੀ ਕੀਤੀ ਹੈ। ਇਸ ਲਈ ਪਾਕਿਸਤਾਨੀ ਸਫ਼ੀਰ ਤੋਂ ਮੁਲਾਕਾਤ ਦਾ ਸਮਾਂ ਮੰਗਿਆ ਹੈ। 22 ਅਪ੍ਰੈਲ ਨੂੰ ਗੁਰਦੁਆਰਾ ਮੰਜੀ ਸਾਹਿਬ, ਅੰਮ੍ਰਿਤਸਰ ਵਿਖੇ ਗੁਰਮਤਿ ਸਮਾਗਮ ਸ਼ੋ੍ਰਮਣੀ ਕਮੇਟੀ ਵੱਲੋਂ ਕਰਵਾਇਆ ਜਾਵੇਗਾ। 23 ਅਪ੍ਰੈਲ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ਼ ਤੋਂ ਨਗਰ ਕੀਰਤਨ ਦਿੱਲੀ ਲਈ ਚਾਲੇ ਪਾਏਗਾ। ਜੋ ਕਿ 24 ਅਪੈ੍ਰਲ ਨੂੰ ਲੁਧਿਆਣਾ, 25 ਅਪ੍ਰੈਲ ਪਟਿਆਲਾ ਅਤੇ 26 ਅਪ੍ਰੈਲ ਕਰਨਾਲ ਵਿਖੇ ਰਾਤਰੀ ਵਿਸ਼ਰਾਮ ਕਰਦਾ ਹੋਇਆ 27 ਅਪ੍ਰੈਲ ਨੂੰ ਦਿੱਲੀ ਪੁਜੇਗਾ। ਇਸਦੇ ਨਾਲ ਹੀ ਦਿੱਲੀ ਦੇ ਲਾਲ ਕਿਲਾ ਮੈਦਾਨ ਵਿਖੇ 27-28 ਨੂੰ ਦਿੱਲੀ ਫਤਹਿ ਦਿਵਸ ਸਮਾਗਮਾਂ ਤੋਂ ਬਾਅਦ 29 ਅਪ੍ਰੈਲ ਨੂੰ ਖਾਲਸਾਈ ਖੇਡਾਂ ਕਰਾਉਣ ਦਾ ਫੈਸਲਾ ਲਿਆ ਗਿਆ ਹੈ।
ਜੀ.ਕੇ. ਨੇ ਕਿਹਾ ਕਿ ਆਹਲੂਵਾਲੀਆ ਨੇ ਅਬਦਾਲੀ ਦੀ ਕੈਦ ’ਚੋਂ 2200 ਗੈਰ ਸਿੱਖ ਬੀਬੀਆਂ ਸਣੇ 16 ਹਜ਼ਾਰ ਕੈਦੀਆਂ ਨੂੰ ਮੁਕਤ ਕਰਵਾਕੇ 12 ਵਜੇ ਦੇ ਨਾਂ ’ਤੇ ਚਲਦੇ ਚੁੱਟਕੁਲੇਆਂ ਪਿੱਛਲੇ ਇਤਿਹਾਸ ਨੂੰ ਜਨਮ ਦਿੱਤਾ ਸੀ। ਇਸ ਕਰਕੇ ਮਹਾਨ ਸਿੱਖ ਜਰਨੈਲ ਦਾ ਇਤਿਹਾਸ ਲੋਕਾਂ ਤਕ ਪਹੁੰਚਾਉਣ ਲਈ ਸੈਮੀਨਾਰ ਤੋਂ ਲੈ ਕੇ ਬੁੱਤ ਲਗਾਉਣ ਤਕ ਦਾ ਹਰ ਉਪਰਾਲਾ ਦੋਨੋਂ ਕਮੇਟੀਆਂ ਕਰਨਗੀਆਂ। ਜੀ.ਕੇ. ਨੇ ਗੁਰੂ ਹਰਿ ਰਾਇ ਸਾਹਿਬ ਦੇ ਪ੍ਰਕਾਸ਼ ਪੁਰਬ ਮੋਕੇ 29 ਜਨਵਰੀ ਨੂੰ ਕਮੇਟੀ ਵੱਲੋਂ ਵਾਤਾਵਰਣ ਸੰਭਾਲ ਲਈ ਬੂਟੇ ਵੰਡਣ ਦਾ ਵੀ ਐਲਾਨ ਕੀਤਾ। ਲੌੋਂਗੋਵਾਲ ਨੇ ਦਿੱਲੀ ਕਮੇਟੀ,ਨਿਹੰਗ ਜਥੇਬੰਦੀਆਂ, ਸੰਤ ਸਮਾਜ਼ ਅਤੇ ਆਹਲੂਵਾਲੀਆ ਪਿੱਛੋਕੜ ਨਾਲ ਸਬੰਧਿਤ ਸਮੂਹ ਲੋਕਾਂ ਨੂੰ ਨਾਲ ਲੈ ਕੇ ਸ਼ਤਾਬਦੀ ਸਮਾਗਮ ਮਨਾਉਣ ਦੀ ਗੱਲ ਕਹੀ। ਲੌਂਗੋਵਾਲ ਨੇ ਕਿਹਾ ਕਿ ਜਰਨੈਲਾਂ ਦਾ ਇਤਿਹਾਸ ਦੱਸਣ ਨਾਲ ਜਿਥੇ ਸਿੱਖ ਕੌਮ ਦੀ ਜਾਣਕਾਰੀ ’ਚ ਵਾਧਾ ਹੋਵੇਗਾ ਉਥੇ ਹੀ ਨੌਜਵਾਨ ਤਾਕਤਵਰ ਜਰਨੈਲ ਦੇ ਬਹਾਦਰ ਕਾਰਨਾਮਿਆਂ ਤੋਂ ਪ੍ਰੇਰਣਾ ਲੈਣਗੇ।
ਸਿਰਸਾ ਨੇ ਕਿਹਾ ਕਿ ਦਿੱਲੀ ਕਮੇਟੀ ਇਤਿਹਾਸ ਨੂੰ ਮੁੜ੍ਹ ਸੁਰਜੀਤ ਕਰਨ ਦਾ ਕਾਰਜ ਲੰਬੇ ਸਮੇਂ ਤੋਂ ਕਰ ਰਹੀ ਹੈ। ਦਿੱਲੀ ਫਤਹਿ ਕਰਨ ਵਾਲੇ ਜਰਨੈਲਾਂ ਨੇ ਮੁਗਲਾਂ ਤੋਂ ਦੇਸ਼ ਨੂੰ ਪਹਿਲੀ ਵਾਰ ਆਜ਼ਾਦ ਕਰਵਾਇਆ ਸੀ। ਪਰ ਅਸੀਂ ਅਰਬਾਂ ਰੁਪਏ ਖਰਚ ਕੇ ਅੰਗਰੇਜ਼ਾ ਤੋਂ ਪ੍ਰਾਪਤ ਹੋਈ ਆਜ਼ਾਦੀ ਦੇ ਤਾਂ ਜਸ਼ਨ ਮਨਾਉਂਦੇ ਹਾਂ ਪਰ ਮੁਗਲਾਂ ਤੋਂ ਪ੍ਰਾਪਤ ਹੋਈ ਆਜ਼ਾਦੀ ਨੂੰ ਦੇਸ਼ ਭੁੱਲ ਗਿਆ ਹੈ। ਸਿੱਖ ਜਰਨੈਲਾਂ ਨੇ ਦੇਸ਼ ਅਤੇ ਮਨੁੱਖਤਾ ਲਈ ਕੁਰਬਾਨੀਆਂ ਦਿੱਤੀਆਂ ਸਨ। ਗੈਰ ਸਿੱਖ ਧਰਮ ਦੀਆਂ ਬੱਚੀਆਂ ਨੂੰ ਹਮਲਾਵਰਾਂ ਤੋਂ ਆਜ਼ਾਦ ਕਰਵਾ ਕੇ ਸੁਰੱਖਿਅਤ ਉਨ੍ਹਾਂ ਦੇ ਘਰਾਂ ਤਕ ਪਹੰੁਚਾਇਆ ਸੀ। ਇਹੀ ਕਾਰਨ ਸੀ ਕਿ ਮਰਹਟੇ ਵੀ ਸਿੱਖ ਜਰਨੈਲਾਂ ਦੀ ਨੇਕ ਨੀਤੀ ਤੋਂ ਪ੍ਰਭਾਵਤ ਹੋ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਚਲ ਕੇ ਧੰਨਵਾਦ ਕਰਨ ਆਏ ਸੀ। ਸਿਰਸਾ ਨੇ ਕਿਹਾ ਕਿ ਸਾਡਾ ਮਕਸਦ ਬਾਬਾ ਜੀ ਦੇ ਜਨਮ ਸਥਾਨ ਪਾਕਿਸਤਾਨ ਤੋਂ ਪ੍ਰੋਗਰਾਮਾਂ ਦੀ ਸ਼ੁਰੂਆਤ ਕਰਕੇ ਦੇਸ਼ ਦੀ ਰਾਜਧਾਨੀ ਦਿੱਲੀ ਤਕ ਆਉਣ ਦਾ ਹੈ ਤਾਂਕਿ ਦੇਸ਼ਵਾਸੀਆਂ ਨੂੰ ਸਿੱਖਾਂ ਦੀ ਦਿਲੇਰੀ ਅਤੇ ਕਾਰਨਾਮਿਆਂ ਦੀ ਜਾਣਕਾਰੀ ਮਿਲ ਸਕੇ। ਇਨ੍ਹਾਂ ਸਮਾਗਮਾਂ ਦੇ ਸੱਦਾ ਪੱਤਰ ਰਾਸ਼ਟਰਪਤੀ, ਪ੍ਰਧਾਨਮੰਤਰੀ, ਕੇਂਦਰੀ ਮੰਤਰੀ ਸਣੇ ਕਈ ਸੂਬਿਆਂ ਦੇ ਮੁਖਮੰਤਰੀਆਂ ਨੂੰ ਭੇਜਣ ਦਾ ਵੀ ਸਿਰਸਾ ਨੇ ਇਸ਼ਾਰਾ ਕੀਤਾ।
ਬਾਬਾ ਬਲਬੀਰ ਸਿੰਘ ਨੇ ਆਹਲੂਵਾਲੀਆ ਨੂੰ ਬੁੱਢਾ ਦਲ ਦਾ ਚੌਥਾ ਮੁਖੀ ਦੱਸਦੇ ਹੋਏ ਬੁੱਢਾ ਦਲ ਦੇ 10 ਜਥੇਦਾਰਾਂ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹਿਣ ਦਾ ਵੀ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਕੌਮ ਦੇ ਸ਼ਹੀਦ ਸਭ ਦੇ ਸਾਂਝੇ ਹੰੁਦੇ ਹਨ। ਇਸ ਲਈ ਸਭ ਨੂੰ ਨਾਲ ਲੈ ਕੇ ਉਕਤ ਸਮਾਗਮ ਮਨਾਏ ਜਾਣਗੇ। ਵਿਜੈਪਾਲ ਨੇ ਹਰਿਆਣਾ ਸਰਕਾਰ ਵੱਲੋਂ ਆਹਲੂਵਾਲੀਆ ਨੂੰ ਸਮਰਪਿਤ ਬੀਤੇ ਦਿਨੀਂ ਸਫ਼ੀਦੋ ਵਿਖੇ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਹਲੂਵਾਲੀਆ 2 ਬੇਟੀਆਂ ਦੇ ਪਿਤਾ ਸਨ। ਇਸ ਕਰਕੇ ਉਨ੍ਹਾਂ ਨੇ ਦੂਜੀਆਂ ਦੀ ਧੀਆਂ ਨੂੰ ਆਪਣੀਆਂ ਧੀਆਂ ਵਾਂਗ ਸਨਮਾਨ ਦਿੱਤਾ। ਸਰਕਾਰਾਂ ਬੇਸ਼ਕ ਅੱਜ ਬੇਟੀ ਬਚਾਓ-ਬੇਟੀ ਪੜਾਓ ਦਾ ਨਾਹਰਾ ਦਿੰਦੀਆਂ ਹਨ ਪਰ ਆਹਲੂਵਾਲੀਆ ਨੇ ਇਸ ਨਾਹਰੇ ਨੂੰ ਸੱਚ ਕਰਕੇ ਸੁਲਤਾਨ ਉਲ ਕੌਮ ਦਾ ਖ਼ਿਤਾਬ ਪ੍ਰਾਪਤ ਕੀਤਾ ਸੀ।
ਹਿਤ ਨੇ ਕਿਹਾ ਕਿ ਦੋਨੋਂ ਕਮੇਟੀਆਂ ਇਤਿਹਾਸ ਉਜਾਗਰ ਕਰਨ ਦਾ ਵੱਡਾ ਕਾਰਜ ਕਰ ਰਹੀਆਂ ਹਨ। ਕੌਮ ਦੇ ਜਰਨੈਲਾਂ ਦੇ ਕਾਰਨਾਮਿਆਂ ਨੂੰ ਵਿਦੇਸ਼ੀਆਂ ਨੇ ’ਤੇ ਭਰਪੂਰ ਸਤਿਕਾਰ ਦਿੱਤਾ ਪਰ ਅਸੀਂ ਆਪਣੇ ਦੇਸ਼ ’ਚ ਆਪਣੇ ਬੱਚਿਆਂ ਤਕ ਉਸ ਇਤਿਹਾਸ ਨੂੰ ਪਹੁੰਚਾਉਣ ਵਾਸਤੇ ਗੰਭੀਰ ਜਤਨ ਨਹੀਂ ਕੀਤੇ। ਇਸ ਮੌਕੇ ਲੋਂਗੋਵਾਲ ਦਾ ਸਨਮਾਨ ਵੀ ਕੀਤਾ ਗਿਆ। ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਮੁਖ ਸਲਾਹਕਾਰ ਕੁਲਮੋਹਨ ਸਿੰਘ, ਕਮੇਟੀ ਮੈਂਬਰ ਪਰਮਜੀਤ ਸਿੰਘ ਚੰਢੋਕ, ਆਤਮਾ ਸਿੰਘ ਲੁਬਾਣਾ, ਤ੍ਰਿਲੋਚਨ ਸਿੰਘ ਮਣਕੂ, ਸਾਬਕਾ ਮੈਂਬਰ ਸਤਪਾਲ ਸਿੰਘ, ਹਰਦੇਵ ਸਿੰਘ ਧਨੋਆ, ਸਮਰਦੀਪ ਸਿੰਘ ਸੰਨੀ ਅਤੇ ਕਾਨੂੰਨੀ ਵਿਭਾਗ ਮੁਖੀ ਜਸਵਿੰਦਰ ਸਿੰਘ ਜੌਲੀ ਇਸ ਮੌਕੇ ਮੌਜੂਦ ਸਨ।