ਮਾਂ ਬੋਲੀ ਪੰਜਾਬੀ ਦਾ ਅਸਲ ਸਾਹਿੱਤਕਾਰ ਕੌਣ?

ਮਾਂ ਬੋਲੀ ਪੰਜਾਬੀ ਭਾਸ਼ਾ ਦੇ ਨਾਂ ਤੇ ਬੜੇ ਬੜੇ ਸਮਾਗਮਾਂ ਨੂੰ ਕਰਵਾਉਣ ਹਿਤ ਕਰੋੜਾਂ ਰੁਪਏ ਦੀਆਂ ਗਰਾਂਟਾਂ ਖ਼ਰਚ ਕਰ ਦਿੱਤੀਆਂ ਜਾਂਦੀਆਂ ਹਨ….. ਕਹਿਣ ਦੇਣਾ ਕੁੱਝ ਚੋਣਵੇਂ ਸਾਹਿੱਤਕਾਰ ਇਨ੍ਹਾਂ ਗਰਾਂਟਾਂ ਦੇ ਸਦਕਾ ਦੇਸ਼ਾਂ ਵਿਦੇਸ਼ਾਂ ਦੀਆਂ ਯਾਤਰਾਵਾਂ ਕਰਦੇ ਥੋੜ੍ਹੇ ਥੋੜ੍ਹੇ ਸਮਿਆਂ ਬਾਅਦ ਆਮ ਨਜ਼ਰੀ ਪੈ ਹੀ ਜਾਂਦੇ ਹਨ। ਅਨੇਕਾਂ ਹੀ ਕਾਨਫ਼ਰੰਸਾਂ ਤੇ ਕਰੋੜਾਂ ਰੁਪਏ ਰੇਹੜੇ ਜਾ ਚੁੱਕੇ ਹਨ ਪਰ ਪੰਜਾਬ ਵਿਚ ਪੰਜਾਬੀ ਦੀ ਜੋ ਦੁਰਦਸ਼ਾ ਹੋ ਰਹੀ ਹੈ ਉਹ ਕਿਸੇ ਕੋਲੋਂ ਲੁਕੀ ਛਿਪੀ ਨਹੀਂ। ਪਹਿਲਾਂ ਆਜ਼ਾਦੀ ਲਈ ਪੰਜਾਬ ਦੀ ਜਵਾਨੀ ਨੇ ਸਹੀਦੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਵਾਇਆ ਫਿਰ ਘੱਟ ਗਿਣਤੀਆਂ ਤੇ ਹੋ ਰਹੇ ਜ਼ੁਲਮਾਂ ਨਾਲ ਕੌਮੀ ਯੋਧਿਆਂ ਦੀ ਜੰਗ ਤੋਂ ਬਾਅਦ ਹੋ ਰਹੀਆਂ ਸਹੀਦੀਆਂ ਤੋਂ ਹਰ ਕੋਈ ਵਾਕਫ਼ ਹੈ। ਪਰ ਅਫ਼ਸੋਸ ਤਾਂ ਇਸ ਗੱਲ ਦਾ ਹੈ ਕਿ ਅਜੇ ਵੀ ਮਾਂ ਬੋਲੀ ਪੰਜਾਬੀ ਨੂੰ ਹੀ ਬਣਦਾ ਅਹਿਮ ਅਸਥਾਨ ਪੰਜਾਬ ਵਿਚ ਹੀ ਨਹੀਂ ਦਿਵਾਇਆ ਜਾ ਸਕਿਆ। ਪ੍ਰਾਈਵੇਟ ਅਦਾਰਿਆਂ ਵਿਚ ਤਾਂ ਹੋਰ ਭਾਸ਼ਾਵਾਂ ਦਾ ਚਲਣ ਹੈ ਹੀ ਪੰਜਾਬ ਦੇ ਆਪਣੇ ਸਰਕਾਰੀ ਅਦਾਰਿਆਂ ਵਿਚ ਵੀ ਮਾਂ ਬੋਲੀ ਪੰਜਾਬੀ ਨੂੰ ਦਰੋਂ ਬਾਹਰ ਕੱਢ ਰੱਖਿਆ ਹੈ ਸਭ ਤੋਂ ਦੁੱਖ ਵਾਲੀ ਗੱਲ ਤਾਂ ਉਦੋਂ ਵਧਦੀ ਹੈ ਜਦੋਂ ਪੰਜਾਬੀ ਵਿਚ ਗੱਲ ਕਰ ਰਹੇ ਕਿਸੇ ਵੀਰ ਨੂੰ ( ਚਾਹੇ ਉਹ ਵੀਰ ਉਚ ਵਿੱਦਿਆ ਪ੍ਰਾਪਤ ਕਰ ਚੁੱਕਾ ਹੋਵੇ ਪਰ ਮਾਂ ਬੋਲੀ ਨਾਲ ਅਥਾਹ ਪਿਆਰ ਰੱਖਦਾ ਹੋਵੇ) ਪਰ ਇੰਨਾ ਸਰਕਾਰਾਂ ਦੇ ਹੀ ਪੜੇ ਲਿਖਿਆਂ ਅਧਿਕਾਰੀਆਂ ਵੱਲੋਂ ਅਨਪੜ੍ਹ ਗਵਾਰ ਕਹਿ ਦਿੱਤਾ ਜਾਂਦਾ ਹੈ ਹੁਣ ਤਾਂ ਇਹ ਕਹਿਣ ਵਿਚ ਕੋਈ ਹਿਚਕਿਚਾਹਟ ਨਹੀਂ ਕਿ ਕੁੱਝ ਸਿਰਮੌਰ ਸਾਹਿਤਕਾਰਾਂ ਨੂੰ ਵੀ ਪੰਜਾਬੀ ਮਾਂ ਬੋਲੀ ਬੋਲਣ ਵਾਲੇ ਜਾਂ ਉਸ ਦੀ ਰੱਖਿਆ ਕਰਨ ਦਾ ਯਤਨ ਕਰਨ ਵਾਲੇ ਗਵਾਰ ਲਗਦੇ ਹੋਣਗੇ। ਬੇਅੰਤ ਇਹੋ ਜਿਹੀਆਂ ਉਦਾਹਰਨਾਂ ਆਮ ਮਿਲ ਹੀ ਜਾਂਦੀਆਂ ਹਨ ਪਰ ਕਦੇ ਵੀ ਇੰਨਾ ਉਚੇਰੇ ਸਾਹਿਤਕਾਰਾਂ ਵੱਲੋਂ ਇਹ ਹੋ ਰਹੀ ਪੰਜਾਬੀ ਮਾਂ ਬੋਲੀ ਦੀ ਮੰਦਭਾਗੀ ਹਾਲਾਤ ਤੇ ਕੋਈ ਸਾਰਥਿਕ ਬਿਆਨ ਨਹੀਂ ਦਿੱਤਾ ਗਿਆ ਅਤੇ ਨਾ ਮਾਂ ਬੋਲੀ ਦੀ ਹਿਮਾਇਤ ਵਿਚ ਆਪਣਾ ਆਪ ਵਾਰ ਰਹੇ ਵੀਰਾਂ ਭੈਣਾਂ ਨੂੰ ਕੋਈ ਹੌਸਲਾ ਅਫਜਾਈ ਰਾਹੀ ਕੋਈ ਮਾਣ ਸਨਮਾਨ ਜਾਂ ਸੰਦੇਸ਼ ਦਿੱਤਾ ਗਿਆ ਹੋਵੇ।

ਮੇਰੇ ਖ਼ਿਆਲ ਵਿਚ ਕਿਤਾਬਾਂ ਨੂੰ ਬਹੁਤਾ ਪੜ੍ਹ ਕੇ ਸਾਹਿੱਤਕਾਰ ਨਹੀਂ ਬਣਿਆ ਜਾ ਸਕਦਾ ਹੈ ਸਾਹਿੱਤਕਾਰ ਤਾਂ ਉਹ ਵੀ ਹੈ ਜੋ ਅਨਪੜ੍ਹ ਹੋ ਕੇ ਵੀ ਆਪਣੇ ਵਿਰਸੇ ਨੂੰ ਦਿਲ ਜਾਨ ਤੋਂ ਪਿਆਰ ਤੇ ਸਤਿਕਾਰ ਦਿੰਦਾ ਹੈ ਤੇ ਅਸਲ ਸਾਹਿੱਤਕਾਰ ਹੋਣ ਦਾ ਪਹਿਲ ਦਰਜੇ ਤੇ ਵੀ ਉਸੇ ਦਾ ਹੀ ਹੱਕ ਹੈ। ਗੁਰਬਾਣੀ ਵਿਚ ਵੀ ਇਸ ਸਚਾਈ ਦਾ ਵਿਸ਼ਲੇਸ਼ਣ ਕਈ ਸ਼ਬਦਾਂ ਰਾਹੀ ਗੁਰ ਸਾਹਿਬਾਂ ਵੱਲੋਂ ਉਚਾਰਿਆ ਤੇ ਵਿਚਾਰਿਆ ਗਿਆ ਹੈ।

ਇੱਕ ਗਹਿਰਾ ਸਵਾਲ ਇਹ ਵੀ ਹੈ ਕਿ ਇਹ ਜੋ ਕੁੱਝ ਉਚੇਰੇ ਸਾਹਿੱਤਕਾਰ ਹਨ ਜੋ ਕਿਤਾਬਾਂ ਦੇ ਜ਼ਰੀਏ ਆਪਣੀ ਉਪਲਬਧੀਆਂ ਨੂੰ ਦਰਸਾਉਂਦੇ ਹਨ ਉਹ ਉਨ੍ਹਾਂ ਹੀ ਕਿਤਾਬਾਂ ਵਿਚ ਦਰਜ ਮਾਂ ਬੋਲੀ ਪੰਜਾਬੀ ਜਾਂ ਗੁਰਮੁਖੀ ਭਾਸ਼ਾ ਨੂੰ ਕਿੰਨਾ ਕੁ ਅਹਿਮ ਅਸਥਾਨ ਦਵਾ ਚੁੱਕੇ ਹਨ? ਤਾਂ ਮੇਰਾ ਤਾਂ ਜੁਆਬ ਇਹ ਹੀ ਹੋਵੇਗਾ ਕਿ ਕਦੇ ਵੀ ਨਹੀਂ ਦਵਾ ਸਕੇ ਜੋ ਕੁੱਝ ਦਿਨਾਂ ਵਿਚ ਹੀ ਮਾਂ ਬੋਲੀ ਨੂੰ ਬਣਦਾ ਸਤਿਕਾਰ ਦੇਣ ਲਈ ਪੰਜਾਬੀ ਮਾਂ ਬੋਲੀ ਦੇ ਅਸਲ ਚਹੇਤਿਆਂ ਨੇ ਦਿਵਾਉਣ ਦਾ ਸਫਲਤਾ ਪੂਰਵਕ ਯਤਨ ਕੀਤਾ ਹੈ ਜੋ ਕਿ ਜਗ ਜ਼ਾਹਿਰ ਹੈ।

ਹੁਣ ਵਿਸਥਾਰ ਨਾਲ ਗੱਲ ਕਰੀਏ ਤਾਂ ਪੰਜਾਬ ਵਿਚ ਹੀ ਪੰਜਾਬੀ ਮਾਂ ਬੋਲੀ ਨੂੰ ਮਾਣ ਦਿਵਾਉਣ ਲਈ ਪਿਛਲੇ ਦਿਨੀਂ ਮਾਂ ਬੋਲੀ ਦੇ ਲਾਡਲਿਆਂ ਵੱਲੋਂ ਇੱਕ ਮੁਹਿੰਮ ਸੋਸ਼ਲ ਮੀਡੀਏ ਰਾਹੀ ਸਰਕਾਰਾਂ ਤੇ ਖ਼ਾਸਕਰ ਆਪਣੇ ਆਪ ਨੂੰ ਪੰਜਾਬੀ ਬੋਲੀ ਦੇ ਰਾਖੇ ਅਖਵਾਉਣ ਵਾਲਿਆਂ ਦੇ ਬੋਲੇ ਕੰਨਾਂ ਤੱਕ ਪਹੁੰਚਾਉਣ ਦੀ ਕੌਸ਼ਿਸ ਵਜੋਂ ਸ਼ੁਰੂ ਕੀਤੀ ਸੀ। ਜਦੋਂ ਕੋਈ ਹੱਲ ਨਾ ਹੁੰਦਾ ਦੇਖਿਆ ਤਾਂ ਮੁੱਖ ਸੜਕਾਂ ਦੇ ਬੋਰਡਾਂ ਉੱਪਰ ਜਿੱਥੇ ਵੀ ਪੰਜਾਬੀ ਤੀਜੇ ਥਾਂ ਲਿਖੀ ਗਈ ਸੀ ਉਸ ਉੱਪਰ ਮਾਂ ਬੋਲੀ ਨੂੰ ਪਹਿਲੇ ਅਸਥਾਨ ਦੀ ਮੰਗ ਕੀਤੀ ਪਰ ਫਿਰ ਵੀ ਸਿਰਮੌਰ ਲੇਖਕਾਂ ਵਿਚੋਂ ਕੋਈ ਵੀ ਨਹੀਂ ਬੋਲਿਆ ਸੀ। ਜਦ ਪੰਜਾਬੀ ਪ੍ਰੇਮੀਆਂ ਨੇ ਮੰਗ ਪੱਤਰ ਦਿੱਤੇ ਤਾਂ ਉਨ੍ਹਾਂ ਦੀ ਮੰਗ ਨੂੰ ਕਿਸੇ ਨੇ ਗੌਲ਼ਿਆ ਤੱਕ ਨਹੀਂ ਤੇ ਨਾ ਹੀ ਕਿਸੇ ਲੇਖਕ ਨੇ ਪੰਜਾਬੀ ਤੀਜੀ ਥਾਂ ਧੱਕਣ ਦਾ ਵਿਰੋਧ ਕੀਤਾ। ਪਰ ਜਦ ਨੌਜੁਆਨਾਂ ਨੇ ਕਾਲਾ ਪੋਚਾ ਮੁਹਿੰਮ ਸ਼ੁਰੂ ਕੀਤੀ ਤਾਂ ਸਰਕਾਰ ਨੇ ਹਿਲਜੁਲ ਕੀਤੀ। ਨੌਜੁਆਨਾਂ ਦੀ ਕਾਰਵਾਈ ਕਾਰਨ ਹੁਣ ਉਹ ਬੋਰਡ ਬਦਲੇ ਜਾ ਰਹੇ ਹਨ। ਪਰ ਨਾਲ ਹੀ ਸਰਕਾਰਾਂ ਨੇ ਉਨ੍ਹਾਂ ਪੰਜਾਬੀ ਪ੍ਰੇਮੀਆਂ ਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਾਕੇ ਉਨ੍ਹਾਂ ਤੇ ਪਰਚੇ ਦਰਜ ਕਰ ਦਿੱਤੇ। ਜਿਨ੍ਹਾਂ ਚੋਂ ਕੁੱਝ ਵੀਰ ਜ਼ਮਾਨਤ ਤੇ ਬਾਹਰ ਆ ਗਏ ਹਨ ਪਰ ਕੁੱਝ ਵੀਰ ਅਜੇ ਵੀ ਜੇਲ੍ਹ ਅੰਦਰ ਹਨ। ਇਹਨਾਂ ਲੇਖਕਾਂ ਨੇ ਸਰਕਾਰ ਦੀ ਇਸ ਧੱਕੇਸ਼ਾਹੀ ਦਾ ਕੋਈ ਵਿਰੋਧ ਨਹੀਂ ਕੀਤਾ। ਮੁੱਖ ਮੰਤਰੀ ਨੂੰ ਵਫ਼ਦ ਲੈ ਕੇ ਤਾਂ ਕੀ ਮਿਲਣਾ ਸੀ, ਕੋਈ ਫੋਕਾ ਬਿਆਨ ਵੀ ਜਾਰੀ ਨਹੀਂ ਕੀਤਾ।

ਹੁਣ ਜੇ ਇੱਕ ਹੋਰ ਉਦਾਹਰਨ ਤੇ ਵਿਚਾਰ ਕਰੀਏ ਤਾਂ ਹਿੰਦੂ ਧਰਮ ਦੇ ਮਹਾਦੇਵ ਰੈਡੀ ਤੋਂ ਅੰਮ੍ਰਿਤਧਾਰੀ ਸਿੰਘ ਸਜੇ ਭਾਈ ਅਮਨਦੀਪ ਸਿੰਘ ਖ਼ਾਲਸਾ ਜੀ ਦੀ ਤਾਂ ਉਨ੍ਹਾਂ ਮਾਂ ਬੋਲੀ ਪੰਜਾਬੀ ਅਤੇ ਸਿੱਖ ਧਰਮ ਦੇ ਸੰਦੇਸ਼ ਨੂੰ ਭਾਰਤ ਦੇ ਘਰ ਘਰ ਵਿਚ ਪਹੁੰਚਾਉਣ ਲਈ ਆਪਣੀ ਕਈ ਹਜ਼ਾਰ ਕਿੱਲੋਮੀਟਰਾਂ ਦੀ ਯਾਤਰਾ ਸਾਈਕਲ ਰਾਹੀ ਕੀਤੀ ਪਰ ਇੰਨਾ ਕਿਸੇ ਵੀ ਸਿਰਮੌਰ ਸਾਹਿੱਤਕਾਰ ਵੱਲੋਂ ਉਸ ਅਸਲ ਯੋਧੇ ਸਾਹਿੱਤਕਾਰ ਦੀ ਪ੍ਰਸੰਸਾ ਵਿਚ ਕੁੱਝ ਸ਼ਬਦ ਵੀ ਉਚਾਰੇ ਹੋਣ। ਦੂਜੀ ਉਦਾਹਰਨ ਵਜੋਂ ਮਾਂ ਬੋਲੀ ਲਈ ਅਥਾਹ ਪਿਆਰ ਤੇ ਸਤਿਕਾਰ ਆਪਣੇ ਹਿਰਦੇ ਵਿਚ ਸਮੋਈ ਬੈਠੇ ਹਿੰਦੂ ਧਰਮ ਦੇ ਚੰਡੀਗੜ੍ਹ ਦੇ ਪ੍ਰੋਫੈਸਰ ਪੰਡਿਤ ਰਾਓ ਜੀ ਦਾ ਤਾਂ ਉਨ੍ਹਾਂ ਵੱਲੋਂ ਨਿਭਾਈ ਜਾ ਰਹੀ ਮਹਾਨ ਦੇਣ ਨੂੰ ਅਣਗੌਲਿਆ ਕਰਨਾ ਇਨ੍ਹਾਂ ਸਿਰਮੌਰ ਸਾਹਿਤਕਾਰਾਂ ਲਈ ਸ਼ਰਮ ਦੀ ਗੱਲ ਜਾਪ ਰਹੀ ਹੈ। ਪੰਡਿਤ ਰਾਉ ਜੀ ਵੱਲੋਂ ਆਪਣੇ ਸਾਈਕਲ ਤੇ ‘ਪੰਜਾਬੀ ਲਿਖੋ ਪੰਜਾਬੀ ਬੋਲੋ’ ਦੇ ਫਲੈਕਸ ਲਗਵਾ ਕੇ ਜਾਂ ਕਦੇ ਆਪਣੇ ਸਿਰ ਦੇ ਉੱਪਰ ਰੱਖ ਕੇ ਚੰਡੀਗੜ੍ਹ ਸ਼ਹਿਰ ਦੇ ਸੈਕਟਰਾਂ ਵਿਚ ਆਪ ਦੇਖਿਆ ਜਾ ਸਕਦਾ ਹੈ ਉਹ ਆਪਣੀ ਹੱਕ ਸੱਚ ਦੀ ਕੀਤੀ ਜਾ ਰਹੀ ਕਮਾਈ ਵਿਚੋਂ ਉਨ੍ਹਾਂ ਵਿਦਿਆਰਥੀਆਂ ਨੂੰ ਨਕਦ ਇਨਾਮ ਵੀ ਦਿੰਦੇ ਦਿਖਾਈ ਦਿੰਦੇ ਹਨ ਜੋ ‘ੳ ਅ ੲ ਸ ਹ’ ਸਾਰਾ ਲਿਖ ਕੇ ਦਿਖਾਉਂਦੇ ਹਨ। ਇਹੋ ਜਿਹੀਆਂ ਸੋਚਾਂ ਨੂੰ ਸਜਦਾ ਕਰਨਾ ਸਾਡਾ ਅਹਿਮ ਫ਼ਰਜ਼ ਹੈ।

ਇੱਕ ਹੋਰ ਸਵਾਲ ਆਖ਼ਿਰ ਕਿਉਂ ਇੰਨਾ ਸਿਰਮੌਰ ਸਾਹਿਤਕਾਰਾਂ ਵੱਲੋਂ ਪੰਜਾਬੀ ਗੀਤਾਂ ਵਿਚ ਵੱਧ ਰਹੀ ਲੱਚਰਤਾ ਨੂੰ ਠੱਲ੍ਹ ਪਾਉਣ ਹਿਤ ਕੋਈ ਠੋਸ ਮੁਹਿੰਮ ਨਹੀਂ ਸ਼ੁਰੂ ਕੀਤੀ ਜਾ ਰਹੀÐÐ? ਇਹੋ ਜਿਹੇ ਪਤਾ ਕਿੰਨੇ ਕੁ ਸਵਾਲ ਹਨ ਜੋ ਇਹ ਸੋਚਣ ਲਈ ਮਜਬੂਰ ਕਰ ਦਿੰਦੇ ਹਨ ਕਿ ਅਸਲ ਸਾਹਿੱਤਕਾਰ ਹੈ ਕੋਣ? ਜਿਸ ਦੇ ਹਿਰਦੇ ਵਿਚ ਆਪਣੇ ਵਿਰਸੇ ਲਈ ਦਰਦ ਹੈ ਉਹ ਜਾਂ ਉਹ ਜੋ ਅਜੋਕੇ ਅਨੇਕਾਂ ਪੜ੍ਹ ਲਿਖ ਚੁੱਕੇ  ਕੁੱਝ ਚੋਣਵੇਂ ਸਾਹਿਤਕਾਰਾਂ ਵਿਚ? ਇਸ ਤੋਂ ਪ੍ਰਤੱਖ ਹੈ ਕਿ ਪੰਜਾਬੀ ਲੇਖਕ ਸਰਕਾਰੀ ਚਾਪਲੂਸ ਬਣ ਚੁੱਕਿਆ ਹੈ ਤੇ ਆਪਣੇ ਲੋਕਾਂ ਤੋਂ ਪੂਰੀ ਤਰਾਂ ਟੁੱਟ ਚੁੱਕਿਆ ਹੈ। ਪਰ ਇਹ ਲੇਖਕ ਆਪਣੇ ਆਪ ਨੂੰ ਖੱਬੇ ਪੱਖੀ ਵਿਚਾਰਧਾਰਾ ਦੇ ਧਾਰਨੀ ਜ਼ਰੂਰ ਅਖਵਾਉਂਦੇ ਹਨ। ਸੋ ਇਹਨਾਂ ਬਾਰੇ ਹੁਣ ਨਵੀਂ ਟਰਮ ਵਰਤਿਆਂ ਕਰਾਂਗੇ ’’ ਸਟੇਟ ਧਾਰੀ ਸਾਹਿੱਤਕਾਰ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ!

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>