ਇੰਝ ਬਣੀ ਪੰਜਾਬ ਵਿੱਚ ਸਰੀਰ ਦਾਨ ਦੀ ਲਹਿਰ

18 ਸਤੰਬਰ 2006 ਨੂੰ ਜਦੋਂ ਧਰਤੀ ਦੇ ਪੰਜਾਬ ਵਾਲੇ ਖਿੱਤੇ ਵਿਚ ਸੂਰਜ ਨੇ ਆਪਣੀ ਲਾਲੀ ਵਿਖੇਰਨੀ ਸ਼ੁਰੂ ਕੀਤੀ ਸੀ ਤਾਂ ਉਸੇ ਵੇਲੇ ਸਾਡੇ ਘਰ ਵਿਚ ਹਨੇਰ ਛਾ ਗਿਆ ਸੀ। ਇਸ ਦਿਨ ਮੇਰੇ ਪਿਤਾ ਜੀ 91ਵੇਂ ਸਾਲ ਦੀ ਉਮਰ ਵਿਚ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ। ਮਰਨ ਤੋਂ ਲਗਭਗ 10 ਵਰ੍ਹੇ ਪਹਿਲਾਂ ਉਨ੍ਹਾਂ ਨੇ ਆਪਣੀ ਲਿਖਤੀ ਵਸੀਅਤ ਰਾਹੀਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਤਾਕੀਦ ਕੀਤੀ ਸੀ ਕਿ ਮਰਨ ਤੋਂ ਬਾਅਦ ਉਨ੍ਹਾਂ ਦਾ ਸਰੀਰ ਕਿਸੇ ਮੈਡੀਕਲ ਕਾਲਜ ਨੂੰ ਸੌਂਪ ਦਿੱਤਾ ਜਾਵੇ ਤਾਂ ਜੋ ਡਾਕਟਰ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੀ ਖੋਜ ਪੜਤਾਲ ਵਿਚ ਕੰਮ ਆ ਸਕੇ। ਇਸ ਤੋਂ ਪਹਿਲਾਂ ਮੈਂ ਮੈਡੀਕਲ ਕਾਲਜਾਂ ਨੂੰ ਇਹ ਕਹਿੰਦੇ ਸੁਣਿਆ ਸੀ, ‘‘ਅਸੀਂ ਭਾਰਤੀ ਵਧੀਆ ਡਾਕਟਰ ਕਿਵੇਂ ਪੈਦਾ ਕਰ ਸਕਦੇ ਹਾਂ, ਜਦੋਂਕਿ ਸਾਨੂੰ ਤਾਂ ਸਿਰਫ਼ ਮਿੱਟੀ ਤੇ ਸੁਆਹ ਹੀ ਪ੍ਰਾਪਤ ਹੁੰਦੀ ਹੈ। ਮੁਸਲਮ ਧਰਮ ਦੇ ਪੈਰੋਕਾਰ ਆਪਣੇ ਮੁਰਦਿਆਂ ਨੂੰ ਦਫ਼ਨ ਕਰ ਦਿੰਦੇ ਹਨ, ਜਿਹੜੇ ਮਿੱਟੀ ਹੋ ਜਾਂਦੇ ਹਨ। ਹਿੰਦੂ ਧਰਮ ਦੇ ਪੈਰੋਕਾਰ ਆਪਣੇ ਮ੍ਰਿਤਕਾਂ ਨੂੰ ਜਲਾ ਦਿੰਦੇ ਹਨ, ਜੋ ਸੁਆਹ ਬਣ ਜਾਂਦੇ ਹਨ। ਹੁਣ ਮਿੱਟੀ ਤੇ ਸੁਆਹ ਨਾਲ ਕੀ ਸਾਡੇ ਡਾਕਟਰ ਮਾਹਰ ਬਣ ਸਕਦੇ ਹਨ?’’

ਮੈਨੂੰ ਇਸ ਡਾਕਟਰ ਦੀ ਇਹ ਗੱਲ ਵਧੀਆ ਲੱਗੀ। ਉਂਝ ਵੀ ਤਰਕਸ਼ੀਲ ਸੁਸਾਇਟੀ ਸਵਰਗ-ਨਰਕ ਆਦਿ ਵਿਚ ਯਕੀਨ ਨਹੀਂ ਕਰਦੀ। ਇਸ ਲਈ ਮੈਂ ਆਪਣੇ ਪਿਤਾ ਜੀ ਦੀ ਲਿਖਤੀ ਵਸੀਅਤ ਨੂੰ ਅਮਲੀਜਾਮਾ ਪਹਿਨਾਉਣ ਦਾ ਸੰਕਲਪ ਲਿਆ। ਮੈਂ ਜਾਣਦਾ ਸਾਂ ਕਿ ਮੇਰੇ ਭੈਣ-ਭਰਾ ਜੋ ਕਾਫ਼ੀ ਹੱਦ ਤਕ ਧਾਰਮਿਕ ਹਨ, ਮੈਨੂੰ ਇਸ ਗੱਲ ਦੀ ਸੌਖੇ ਢੰਗ ਨਾਲ ਇਜਾਜ਼ਤ ਨਹੀਂ ਦੇਣਗੇ। ਮੈਂ ਪਿਤਾ ਜੀ ਦੀ ਮ੍ਰਿਤਕ ਦੇਹ ਨੂੰ ਘਰ ਲਿਆਉਣ ਲਈ ਰੁੱਝ ਗਿਆ ਅਤੇ ਆਪਣੇ ਸਪੁੱਤਰ ਨੂੰ ਪਿਤਾ ਜੀ ਦੀ ਵਸੀਅਤ ਦੀਆਂ ਦੋ ਸੌ ਕੁ ਕਾਪੀਆਂ ਫ਼ੋਟੋਸਟੇਟ ਕਰਵਾਉਣ ਲਈ ਕਿਹਾ ਤਾਂ ਜੋ ਸਾਰੇ ਰਿਸ਼ਤੇਦਾਰਾਂ ਅਤੇ ਭੈਣਾ-ਭਰਾਵਾਂ ਨੂੰ ਮਨੋਂ ਤਿਆਰ ਕਰਨ ਲਈ ਯਤਨ ਤੇਜ਼ ਹੋ ਸਕਣ। ਮੈਂ ਇਹ ਵੀ ਜਾਣਦਾ ਸਾਂ ਕਿ ਕਿਸੇ ਮਰ ਰਹੇ ਵਿਅਕਤੀ ਦੀ ਵਸੀਅਤ ’ਤੇ ਅਮਲ ਨਾ ਕਰਨਾ ਨੈਤਿਕ ਅਤੇ ਕਾਨੂੰਨੀ ਤੌਰ ’ਤੇ ਗ਼ਲਤ ਹੁੰਦਾ ਹੈ। ਵਸੀਅਤ ਦੀ ਕਾਪੀ ਨੂੰ ਪੜ੍ਹ ਕੇ ਸਾਰੇ ਜਣੇ ਕਹਿਣ ਲੱਗੇ ਕਿ ਉਨ੍ਹਾਂ ਨੇ ਤਾਂ ਆਪਣਾ ਫ਼ੈਸਲਾ ਸੁਣਾ ਦਿੱਤਾ ਹੈ। ਇਸ ’ਤੇ ਅਮਲ ਹੋਣਾ ਚਾਹੀਦਾ ਹੈ।

ਮ੍ਰਿਤਕ ਦੇਹ ਲਈ ਪ੍ਰਚੱਲਤ ਕੁੱਝ ਸਮਾਜਕ ਰਸਮਾਂ ਘਰ ਵਿਚ ਰੱਖ ਕੇ ਹੀ ਪੂਰੀਆਂ ਕੀਤੀਆਂ ਗਈਆਂ। ਉਸ ਤੋਂ ਬਾਅਦ ਐਂਬੂਲੈਂਸ ਮੰਗਵਾਈ ਗਈ ਤਾਂ ਜੋ ਪਿਤਾ ਜੀ ਦੀ ਮ੍ਰਿਤਕ ਦੇਹ ਦਿਆਨੰਦ ਮੈਡੀਕਲ ਕਾਲਜ ਲੁਧਿਆਣਾ ਨੂੰ ਸੌਂਪ ਦਿੱਤੀ ਜਾਵੇ। ਸਾਡੇ ਆਲੇ-ਦੁਆਲੇ ਵਿਚ ਕਿਸੇ ਨੇ ਵੀ ਇਸ ਤਰ੍ਹਾਂ ਹੁੰਦਾ ਨਹੀਂ ਸੀ ਵੇਖਿਆ। ਇਸ ਲਈ ਬਹੁਤ ਸਾਰੇ ਰਿਸ਼ਤੇਦਾਰ ਅਤੇ ਭੈਣ-ਭਰਾ ਉਨ੍ਹਾਂ ਦੀ ਦੇਹ ਹਸਪਤਾਲ ਨੂੰ ਸੌਂਪਣ ਜਾਣ ਲਈ ਤਿਆਰ ਹੋ ਗਏ। ਸਾਡੀਆਂ ਗੱਡੀਆਂ ਦਾ ਕਾਫ਼ਲਾ ਹਸਪਤਾਲ ਦੇ ਅਨਾਟਮੀ ਵਿਭਾਗ ਵਿਚ ਪੁੱਜ ਗਿਆ। ਭਾਵੇਂ ਹਸਪਤਾਲ ਵਾਲਿਆਂ ਨੂੰ ਅਸੀਂ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ, ਪਰ ਸਾਨੂੰ ਬੜੀ ਨਿਰਾਸ਼ਾ ਹੋਈ ਕਿ ਹਸਪਤਾਲ ਦਾ ਇਕ ਵੀ ਡਾਕਟਰ ਮ੍ਰਿਤਕ ਦੇਹ ਨੂੰ ਪ੍ਰਾਪਤ ਕਰਨ ਲਈ ਉਥੇ ਹਾਜ਼ਰ ਨਹੀਂ ਸੀ। ਅਸੀਂ ਮੋਰਚਰੀ ਵਿਚ ਸਰੀਰ ਨੂੰ ਰੱਖ ਕੇ ਨਿਰਾਸ਼ਾ ਦੀ ਹਾਲਤ ਵਿਚ ਘਰ ਨੂੰ ਚੱਲ ਪਏ। ਸ਼ਾਮ ਨੂੰ ਸਾਡਾ ਪਰਿਵਾਰ ਇਕੱਠਾ ਬੈਠ ਗਿਆ। ਪਿਤਾ ਜੀ ਬਾਰੇ ਗੱਲਾਂ ਹੋਣ ਲੱਗ ਪਈਆਂ। ਹਰ ਕੋਈ ਪਿਤਾ ਜੀ ਨਾਲ ਹੰਢਾਈਆਂ ਯਾਦਾਂ ਦਾ ਉਲੇਖ ਕਰ ਰਿਹਾ ਸੀ। ਮੈਂ ਚਾਹੁੰਦਾ ਸੀ ਕਿ ਪਿਤਾ ਜੀ ਦਾ ਸ਼ਰਧਾਂਜਲੀ ਪ੍ਰੋਗਰਾਮ ਵੀ ਪਰੰਪਰਾ ਤੋਂ ਹੱਟ ਕੇ ਵਿਲੱਖਣ ਢੰਗ ਨਾਲ ਹੋਵੇ। ਮੈਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਹਦਾਇਤ ਕੀਤੀ ਕਿ ਪਿਤਾ ਜੀ ਜਿਹੋ-ਜਿਹੇ ਵੀ ਸਨ, ਬਾਰੇ ਹਰ ਜੀਅ ਇਕ-ਦੋ ਸਫ਼ੇ ਜ਼ਰੂਰ ਲਿਖੇ ਜਾਂ ਲਿਖਵਾਏ ਤਾਂ ਜੋ ਉਨ੍ਹਾਂ ਦੇ ਸ਼ਰਧਾਂਜਲੀ ਪ੍ਰੋਗਰਾਮ ਸਮੇਂ ਹਾਜ਼ਰ ਹੋਣ ਵਾਲੇ ਵਿਅਕਤੀਆਂ ਨੂੰ ਲੱਡੂ ਜਾਂ ਪਤਾਸੇ ਦੇਣ ਦੀ ਵਜਾਏ ਉਨ੍ਹਾਂ ਦੀ ਯਾਦ ਵਿਚ ਛਪੀ ਕਿਤਾਬ ਭੇਂਟ ਕੀਤੀ ਜਾ ਸਕੇ। ਦਸ ਕੁ ਪਰਿਵਾਰਕ ਮੈਂਬਰਾਂ ਨੇ ਇਸ ਗੱਲ ਨੂੰ ਅਮਲੀਜਾਮਾ ਪਹਿਨਾ ਦਿੱਤਾ।

ਪਹਿਲੀ ਅਕਤੂਬਰ 2006 ਨੂੰ ਅਸੀਂ ਸ਼ਰਧਾਂਜਲੀ ਸਮਾਗਮ ਰੱਖ ਲਿਆ ਅਤੇ ਦਿਆਨੰਦ ਮੈਡੀਕਲ ਕਾਲਜ ਦੇ ਪ੍ਰੋਫ਼ੈਸਰਾਂ ਨੂੰ ਵੀ ਇਸ ਵਿਚ ਸ਼ਿਰਕਤ ਕਰਨ ਦੀ ਬੇਨਤੀ ਕੀਤੀ। ਬਹੁਤ ਸਾਰੇ ਵਿਅਕਤੀ ਇਸ ਦਿਨ ਆਏ। ਸਮਾਗਮ ਵਿਚ ਪਹੁੰਚੇ ਸੱਤ-ਅੱਠ ਬੁਲਾਰਿਆਂ ਨੇ ਵੀ ਪਿਤਾ ਜੀ ਬਾਰੇ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਹਸਪਤਾਲ ਦੇ ਡਾਕਟਰ ਅਜੇ ਨੇ ਉਨ੍ਹਾਂ ਦੀ ਪ੍ਰਯੋਗਸ਼ਾਲਾ ਲਈ ਮ੍ਰਿਤਕ ਦੇਹਾਂ ਦੀ ਘਾਟ ਦਾ ਜ਼ਿਕਰ ਕੀਤਾ ਅਤੇ ਨਾਲ ਹੀ ਦੱਸਿਆ ਕਿ ਮੈਡੀਕਲ ਕਾਲਜ ਨੂੰ ਪਿਛਲੇ 40 ਸਾਲਾਂ ਵਿਚ ਮਿਲਣ ਵਾਲੀ ਇਹ ਪਹਿਲੀ ਮ੍ਰਿਤਕ ਦੇਹ ਹੈ। ਇਸ ਪ੍ਰੋਗਰਾਮ ਦੌਰਾਨ ਸਾਡੇ ਪਰਿਵਾਰ ਵਲੋਂ ਪਿਤਾ ਜੀ ਦੀਆਂ ਯਾਦਾਂ ਬਾਰੇ ਪ੍ਰਕਾਸ਼ਤ ਕੀਤੀ ਕਿਤਾਬ ‘ਇਕ ਵਗਦਾ ਦਰਿਆ’ ਵੀ ਵੰਡ ਗਈ। ਸ਼ਰਧਾਂਜਲੀ ਪ੍ਰੋਗਰਾਮ ਤੋਂ ਬਾਅਦ ਡਾਕਟਰ ਸਾਹਿਬ ਸਾਨੂੰ ਕਹਿਣ ਲੱਗੇ ਕਿ ਸਰੀਰ ਦਾਨ ਕਰਨ ਦੀ ਪਰੰਪਰਾ ਨੂੰ ਅੱਗੇ ਵਧਾਉਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਹੋਰ ਸੁਝਾਵਾਂ ਤੋਂ ਇਲਾਵਾ ਮੈਂ ਉਨ੍ਹਾਂ ਨੂੰ ਕਿਹਾ ਕਿ ਜਿਸ ਦਿਨ ਅਸੀਂ ਦੇਹ ਲੈ ਕੇ ਤੁਹਾਡੇ ਕੋਲ ਪੁੱਜੇ ਸਾਂ ਵਧੀਆ ਗੱਲ ਹੁੰਦੀ ਜੇ ਦੋ-ਤਿੰਨ ਡਾਕਟਰ ਉਸ ਸਮੇਂ ਉ¤ਥੇ ਹਾਜ਼ਰ ਹੁੰਦੇ ਅਤੇ ਮ੍ਰਿਤਕ ਦੇਹ ਨੂੰ ਸਤਿਕਾਰ ਸਹਿਤ ਪ੍ਰਾਪਤ ਕਰਦੇ। ਇਸ ਨਾਲ ਇਸ ਰਿਵਾਇਤ ਨੂੰ ਅੱਗੇ ਤੋਰਨ ਲਈ ਮ੍ਰਿਤਕ ਦੇਹ ਛੱਡਣ ਆਏ ਵਿਅਕਤੀਆਂ ਨੂੰ ਬਲ ਮਿਲਦਾ ਹੈ। ਡਾਕਟਰ ਨੇ ਅਜਿਹਾ ਕਰਨ ਦਾ ਵਾਅਦਾ ਕੀਤਾ।

ਮਹਿਲਾ ਕਲਾਂ ਐਕਸ਼ਨ ਕਮੇਟੀ ਦੇ ਕਨਵੀਨਰ ਨਰੈਣ ਦੱਤ ਜੀ ਦੇ ਪਿਤਾ ਜੀ ਵੀ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਨੇ ਮ੍ਰਿਤਕ ਦੇਹ ਦਾਨ ਕਰਨ ਲਈ ਆਪਣੇ ਭੈਣਾਂ-ਭਰਾਵਾਂ ਨੂੰ ਰਜ਼ਾਮੰਦ ਕਰ ਲਿਆ। ਉਨ੍ਹਾਂ ਦੇ ਪਰਿਵਾਰ ਸਮੇਤ ਅਸੀਂ ਸਾਰੇ ਹਸਪਤਾਲ ਪੁੱਜ ਗਏ। ਸਾਨੂੰ ਸੰਤੁਸ਼ਟੀ ਹੋਈ ਕਿ ਡਾਕਟਰਾਂ ਦੀ ਟੀਮ ਨੇ ਉਸ ਦੇਹ ਨੂੰ ਸਤਿਕਾਰ ਨਾਲ ਪ੍ਰਾਪਤ ਕੀਤਾ ਅਤੇ ਉਸ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਇਕ ਕਾਨਫ਼ਰੰਸ ਰੂਮ ਵਿਚ ਲੈ ਗਏ। ਚਾਹ-ਪਾਣੀ ਦੇ ਨਾਲ ਉਨ੍ਹਾਂ ਨੇ ਐਮ.ਬੀ.ਬੀ.ਐਸ. ਵਿਦਿਆਰਥੀਆਂ ਨੂੰ ਉਸ ਮੌਕੇ ਇਕੱਠਾ ਕੀਤਾ ਹੋਇਆ ਸੀ। ਡਾਕਟਰਾਂ ਸਮੇਤ ਸਾਡੇ ਵਿਚੋਂ ਕਈ ਬੁਲਾਰੇ ਇਸ ਛੋਟੇ ਜਿਹੇ ਪ੍ਰੋਗਰਾਮ ’ਤੇ ਬੋਲੇ। ਹਰ ਇਕ ਦਾ ਵਿਸ਼ਾ ਇਹ ਸੀ ਕਿ ਇਸ ਰਿਵਾਇਤ ਨੂੰ ਹੋਰ ਅੱਗੇ ਕਿਵੇਂ ਤੋਰਿਆ ਜਾਵੇ? ਮੈਡੀਕਲ ਕਾਲਜ ਦੇ ਪ੍ਰਬੰਧਕਾਂ ਵਲੋਂ ਇਸ ਮੌਕੇ ਕੁੱਝ ਐਲਾਨ ਵੀ ਕੀਤੇ ਗਏ। ਪਹਿਲੀ ਗੱਲ ਜੋ ਉਨ੍ਹਾਂ ਨੇ ਕਹੀ ਕਿ ਅੱਜ ਤੋਂ ਬਾਅਦ ਜੋ ਵੀ ਪਰਿਵਾਰ ਮ੍ਰਿਤਕ ਦੇਹ ਦਾਨ ਵਿਚ ਦੇਵੇਗਾ, ਉਸ ਨੂੰ ਹਸਪਤਾਲ ਦੇ ਖ਼ਰਚੇ ਵਿਚੋਂ ਕੁੱਝ ਡਿਸਕਾਉਂਟ ਮਿਲਿਆ ਕਰੇਗਾ। ਪਰ ਅਸੀਂ ਇਸ ਗੱਲ ਨੂੰ ਰੱਦ ਕਰ ਦਿੱਤਾ, ਕਿਉਂਕਿ ਸਾਡੇ ਸਾਰੇ ਪਰਿਵਾਰ ਮ੍ਰਿਤਕ ਦੇਹਾਂ ਦਾਨ ਕਰਨ ਲਈ ਕੋਈ ਵੀ ਸੁਵਿਧਾ ਪ੍ਰਾਪਤ ਕਰਨੀ ਨਹੀਂ ਚਾਹੁੰਦੇ ਸੀ। ਹਸਪਤਾਲ ਵਾਲਿਆਂ ਨੇ ਇਹ ਵੀ ਐਲਾਨ ਕੀਤਾ ਕਿ ਅਗਾਹਾਂ ਤੋਂ ਮ੍ਰਿਤਕ ਦੇਹਾਂ ਅਸੀਂ ਖ਼ੁਦ ਆ ਕੇ ਪ੍ਰਾਪਤ ਕਰਿਆ ਕਰਾਂਗੇ। ਹਸਪਤਾਲ ਦੀ ਵੈਨ ਜਾਵੇਗੀ, ਦੇਹ ਨੂੰ ਲੈ ਕੇ ਆਵੇਗੀ।

ਕੁੱਝ ਦਿਨਾਂ ਬਾਅਦ ਹੀ ਜੋਧਪੁਰ ਦੇ ਸਾਬਕਾ ਸਰਪੰਚ ਕਾਮਰੇਡ ਅਮਰਜੀਤ ਦੀ ਮੌਤ ਹੋ ਗਈ। ਉਸ ਦਾ ਪੁੱਤਰ ਬਾਹਰਲੇ ਦੇਸ਼ ਵਿਚ ਸੀ। ਪਰਿਵਾਰ ਦਾ ਫ਼ੈਸਲਾ ਸੀ ਕਿ ਅਮਰਜੀਤ ਦੀ ਮ੍ਰਿਤਕ ਦੇਹ ਉਸ ਦੇ ਪੁੱਤਰ ਦੇ ਆਉਣ ’ਤੇ ਹੀ ਹਸਪਤਾਲ ਨੂੰ ਸੌਂਪੀ ਜਾਵੇਗੀ। ਇਸ ਲਈ ਦੇਹ ਨੂੰ ਕੁੱਝ ਦਿਨਾਂ ਵਾਸਤੇ ਫ਼ਰੀਜ਼ਰ ਵਿਚ ਰੱਖਣਾ ਪਿਆ। ਇਸ ਲਈ ਪਰਿਵਾਰ ਨੂੰ ਲੱਖਾਂ ਰੁਪਏ ਖ਼ਰਚ ਕਰਨੇ ਪਏ। ਹਸਪਤਾਲ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਗਿਆ। ਉਨ੍ਹਾਂ ਨੇ ਦੇਹ ਲਿਜਾਣ ਲਈ ਵੈਨ ਵੀ ਭੇਜ ਦਿੱਤੀ, ਪਰ ਪਰਿਵਾਰ ਦਾ ਫ਼ੋਨ ਆ ਗਿਆ ਕਿ ਸਾਡੇ ਪਰਿਵਾਰ ਦਾ ਸਭ ਤੋਂ ਮੁੱਖ ਬੰਦਾ ਮਰਿਆ ਹੋਵੇ ਤੇ ਉਸ ਦੇ ਸਰੀਰ ਨੂੰ ਅਸੀਂ ਟੁੱਟੀ ਜਿਹੀ ਵੈਨ ਵਿਚ ਪਾ ਕੇ ਰਵਾਨਾ ਕਰ ਦਈਏ, ਇਹ ਗੱਲ ਸਾਨੂੰ ਸੋਭਾ ਨਹੀਂ ਦਿੰਦੀ। ਇਸ ਲਈ ਤੁਸੀਂ ਖ਼ੁਦ ਨਵੀਂ ਗੱਡੀ ਦਾ ਪ੍ਰਬੰਧ ਕਰ ਕੇ ਭੇਜੋ ਤਾਂ ਜੋ ਦੇਹ ਹਸਪਤਾਲ ਵਿਚ ਪਹੁੰਚਾਈ ਜਾਵੇ। ਸੋ ਇੰਝ ਹੀ ਕੀਤਾ ਗਿਆ ਅਤੇ ਤਰੁਟੀ ਹਸਪਤਾਲ ਵਾਲਿਆਂ ਦੇ ਧਿਆਨ ਵਿਚ ਵੀ ਲਿਆ ਦਿੱਤੀ। ਉਨ੍ਹਾਂ ਨੇ ਵਾਅਦਾ ਕੀਤਾ ਕਿ ਅਗਾਹਾਂ ਤੋਂ ਵਧੀਆ ਗੱਡੀ ਭੇਜੀ ਜਾਇਆ ਕਰੇਗੀ।
ਸੁਸਾਇਟੀ ਦੇ ਮੁੱਢਲੇ ਮੈਂਬਰਾਂ ਵਿਚੋਂ ਇੱਕ ਤੇਜਾ ਸਿੰਘ ਰੌਂਤੇ ਦੀ ਸੁਪਤਨੀ ਵੀ ਚੱਲ ਵਸੀ। ਉਹ ਕਹਿਣ ਲੱਗਿਆ ਕਿ ਮੈਂ ਇਹ ਦੇਹ ਹਸਪਤਾਲ ਨੂੰ ਦੇਣੀ ਤਾਂ ਚਾਹੁੰਦਾ ਹਾਂ, ਪਰ ਮੈਨੂੰ ਇਸ ਗੱਲ ਦਾ ਖ਼ਦਸਾ ਹੈ ਕਿ ਮੇਰੇ ਪੁੱਤਰਾਂ-ਧੀਆਂ ਨੂੰ ਕੋਈ ਇਸ ਗੱਲ ਦਾ ਨਹੋਰਾ ਨਾ ਮਾਰੇ ਕਿ ਅਸੀਂ ਤੁਹਾਡੀ ਮਾਂ ਨੂੰ ਨੰਗੀ ਹਾਲਤ ਵਿਚ ਦੇਖਿਆ ਹੈ। ਹਸਪਤਾਲ ਵਾਲਿਆਂ ਤੋਂ ਇਹ ਵਾਅਦਾ ਲਵੋ ਕਿ ਇਸ ਦੀ ਸ਼ਨਾਖ਼ਤ ਗੁਪਤ ਰੱਖੀ ਜਾਵੇ। ਸੋ ਅਜਿਹਾ ਹੀ ਕੀਤਾ ਗਿਆ। ਅਜਿਹਾ ਕਰਨ ਤੋਂ ਬਾਅਦ ਉਹ ਦੇਹ ਵੀ ਹਸਪਤਾਲ ਵਾਲਿਆਂ ਦੇ ਸਪੁਰਦ ਹੋ ਗਈ।

ਸਾਡੀ ਸੁਸਾਇਟੀ ਦਾ ਇਕ ਆਗੂ ਮਹਿਤਪੁਰ ਦਾ ਰਾਜਕੁਮਾਰ ਹੈ। ਉਸ ਦੀ ਮਾਤਾ ਜੀ ਵੀ ਸਦੀਵੀ ਵਿਛੋੜਾ ਦੇ ਗਏ। ਸਮੂਹ ਪਰਿਵਾਰ ਨੇ ਆਪਣੀ ਰਜ਼ਾਮੰਦੀ ਨਾਲ ਅੰਮ੍ਰਿਤਸਰ ਮੈਡੀਕਲ ਕਾਲਜ ਨੂੰ ਇਹ ਦੇਹ ਸੌਂਪ ਦਿੱਤੀ। ਦੂਸਰੇ ਦਿਨ ਹੀ ਮਹਿਤਪੁਰ ਦਾ ਫ਼ੋਨ ਆ ਗਿਆ। ਕਹਿਣ ਲੱਗਿਆ, ‘‘ਮਾਂ ਦੀ ਮੌਤ ਤੋਂ ਬਾਅਦ ਮੇਰਾ ਛੋਟਾ ਭਰਾ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋ ਗਿਆ ਹੈ ਅਤੇ ਹਰ ਵੇਲੇ ਇਹ ਹੀ ਕਹਿ ਰਿਹਾ ਹੈ ਕਿ ਮੈਂ ਤਾਂ ਸਸਕਾਰ ਕਰਨਾ ਹੈ।’’ ਉਸ ਦੀ ਮਾਨਸਿਕ ਉਲਝਣ ਕਿਵੇਂ ਦਰੁਸਤ ਕੀਤੀ ਜਾਵੇ। ਕਾਫ਼ੀ ਸੋਚ-ਵਿਚਾਰ ਤੋਂ ਬਾਅਦ ਮੈਂ ਮੈਡੀਕਲ ਕਾਲਜ ਦੇ ਮੁਖੀ ਨੂੰ ਇਹ ਦੇਹ ਵਾਪਸ ਭੇਜਣ ਦੀ ਬੇਨਤੀ ਕੀਤੀ। ਤਾਂ ਉਨ੍ਹਾਂ ਕਿਹਾ,‘‘ਦਾਨ ਕੀਤੀ ਹੋਈ ਕੋਈ ਚੀਜ਼ ਕੋਈ ਵਿਅਕਤੀ ਕਦੇ ਵਾਪਸ ਨਹੀਂ ਮੰਗਦਾ। ਤੁਸੀਂ ਅਜਿਹੇ ਪਹਿਲੇ ਸਖ਼ਸ਼ ਹੋ।’’ ਮੈਂ ਉਨ੍ਹਾਂ ਨੂੰ ਮਜ਼ਬੂਰੀ ਦੱਸੀ ਤਾਂ ਉਨ੍ਹਾਂ ਨੇ ਮ੍ਰਿਤਕ ਦੇਹ ਵਾਪਸ ਦੇਣ ਦਾ ਵਾਅਦਾ ਕੀਤਾ।

ਤਰਕਸ਼ੀਲ ਸੁਸਾਇਟੀ ਦੇ ਆਗੂ ਹਰਮੇਸ਼ ਛੀਨੀਵਾਲੀਆ ਦੀ ਨੂੰਹ ਗਰਭਵਤੀ ਸੀ। ਕਿਸੇ ਕਾਰਨ ਹਸਪਤਾਲ ਵਿਚ ਗਰਭ ਵਿਚਲੇ ਬੱਚੇ ਦੀ ਸੱਤਵੇਂ ਮਹੀਨੇ ਵਿਚ ਹੀ ਮੌਤ ਹੋ ਗਈ। ਉਹ ਵੀ ਕਹਿਣ ਲਗਿਆ ਕਿ ਵਧੀਆ ਹੋਵੇਗਾ ਜੇ ਅਸੀਂ ਇਸ ਬੱਚੇ ਦਾ ਸਰੀਰ ਵੀ ਹਸਪਤਾਲ ਨੂੰ ਸੌਂਪ ਸਕੀਏ। ਡਾਕਟਰਾਂ ਨੇ ਕਿਹਾ ਕਿ ਸਾਡੇ ਲਈ ਤਾਂ ਇਹ ਬਹੁਤ ਫ਼ਾਇਦੇਮੰਦ ਹੋਵੇਗਾ। ਸੋ ਇਹ ਦੇਹ ਵੀ ਅਸੀਂ ਹਸਪਤਾਲ ਨੂੰ ਦੇ ਆਏ।

ਗੱਲ ਇਥੇ ਹੀ ਨਹੀਂ ਮੁਕਦੀ ਇਕ ਨਿਹੰਗ ਅਤੇ ਨਿਹੰਗਣੀ ਮੇਰੇ ਕੋਲ ਘਰ ਆਏ। ਕਹਿਣ ਲੱਗੇ, ‘‘ਅਸੀਂ ਦੋਵਾਂ ਨੇ ਫ਼ੈਸਲਾ ਕੀਤਾ ਹੈ ਕਿ ਸਾਡੇ ਵਿਚੋਂ ਜੋ ਵੀ ਪਹਿਲਾਂ ਮਰੇਗਾ, ਦੂਸਰਾ ਉਸ ਦਾ ਸਰੀਰ ਹਸਪਤਾਲ ਨੂੰ ਸੌਂਪੇਗਾ।’’ ਮੈਂ ਉਨ੍ਹਾਂ ਦੀ ਇਸ ਇੱਛਾ ਦੀ ਪ੍ਰਸੰਸਾ ਕੀਤੀ। ਤਿੰਨ ਕੁ ਮਹੀਨਿਆਂ ਬਾਅਦ ਉਹ ਆਪਣੇ ਸਾਲ ਕੁ ਭਰ ਦੇ ਬੱਚੇ ਦਾ ਮ੍ਰਿਤਕ ਸਰੀਰ ਲੈ ਕੇ ਰਾਤ ਦੇ 9 ਵਜੇ ਮੇਰੇ ਘਰ ਆ ਗਏ। ਕਹਿਣ ਲੱਗੇ ਕਿ ਅਸੀਂ ਇਸ ਦਾ ਸਰੀਰ ਵੀ ਹਸਪਤਾਲ ਨੂੰ ਦਾਨ ਕਰਨਾ ਹੈ। ਬੱਚੇ ਦੀ ਮੌਤ ਹੋਈ ਨੂੰ ਅੱਠ ਘੰਟੇ ਤੋਂ ਉਪਰ ਸਮਾਂ ਹੋ ਚੁੱਕਿਆ ਸੀ ਅਤੇ ਅਗਾਹਾਂ ਵੀ ਰਾਤ ਉਪਰ ਪਈ ਸੀ। ਜਦੋਂ ਹਸਪਤਾਲ ਵਾਲਿਆਂ ਨਾਲ ਗੱਲ ਕੀਤੀ ਤਾਂ ਉਨ੍ਹਾ ਨੇ ਇਸ ਸਰੀਰ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ। ਸੋ, ਬੱਚੇ ਦੀ ਲਾਸ਼ ਨੂੰ ਦਫ਼ਨਾਉਣਾ ਉਨ੍ਹਾਂ ਦੀ ਮਜ਼ਬੂਰੀ ਸੀ। ਦੋ ਕੁ ਸਾਲ ਬਾਅਦ ਜਦੋਂ ਇੱਕ ਦਿਨ ਮੈਂ ਬਰਨਾਲਾ ਸਟੇਸ਼ਨ ’ਤੇ ਗੱਡੀ ਦਾ ਇੰਤਜ਼ਾਰ ਕਰ ਰਿਹਾ ਸੀ ਤਾਂ ਉਹ ਨਿਹੰਗਣੀ ਮੈਨੂੰ ਵੇਖ ਕੇ ਮੇਰੇ ਕੋਲ ਆ ਗਈ। ਉਸ ਦੀਆਂ ਅੱਖਾਂ ਵਿਚੋਂ ਅੱਥਰੂ ਬੰਦ ਹੋਣ ਦਾ ਨਾਮ ਨਹੀਂ ਲੈ ਰਹੇ ਸਨ। ਦਸ ਕੁ ਮਿੰਟ ਰੋਣ ਮਗਰੋਂ ਉਹ ਕੁੱਝ ਸ਼ਾਂਤ ਹੋਈ। ਮੈਂ ਉਸ ਨੂੰ ਰੋਣ ਦਾ ਕਾਰਨ ਪੁੱਛਿਆ। ਉਹ ਕਹਿਣ ਲੱਗੀ, ‘‘ਮੈਂ ਬਿਹਾਰ ਗਈ ਸਾਂ। ਪਿੱਛੋਂ ਨਿਹੰਗ ਚੱਲ ਵਸਿਆ। ਮੈਨੂੰ ਉਸ ਦੇ ਜਾਣ ਦਾ ਇਨ੍ਹਾਂ ਦੁੱਖ ਨਹੀਂ, ਜਿਨ੍ਹਾਂ ਇਸ ਗੱਲ ਦਾ ਹੈ ਕਿ ਮੈਂ ਉਸ ਨਾਲ ਕੀਤਾ ਸਰੀਰ ਦਾਨ ਕਰਨ ਦਾ ਵਾਅਦਾ ਪੂਰਾ ਨਾ ਕਰ ਸਕੀ।’’

ਅੰਮ੍ਰਿਤਸਰ ਦੇ ਪਿੰਡ ਸ਼ੇਰੋਂ ਵਿਖੇ ਤਰਕਸ਼ੀਲ ਆਗੂ ਭਗਵਾਨ ਸਿੰਘ ਖਹਿਰਾ ਨੇ ਆਪਣੇ ਪਿੰਡ ਸ਼ੇਰੋਂ ਵਿਖੇ ਸਮਾਰੋਹ ਕਰਵਾਇਆ ਅਤੇ ਐਲਾਨ ਕੀਤਾ ਕਿ ਉਸ ਦੇ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਸਰੀਰ ਦਾਨ ਕਰਨ ਦਾ ਪ੍ਰਣ ਕੀਤਾ ਹੈ। ਦੇਹ ਦਾਨ ਦੀ ਇਹ ਪਰੰਪਰਾ ਅੱਜ ਲੋਕਾਂ ਵਿਚ ਏਨੀ ਪ੍ਰਚੱਲਤ ਹੋ ਗਈ ਹੈ ਕਿ ਅੱਜ ਪੰਜਾਬ ਦੇ ਸਾਰੇ ਮੈਡੀਕਲ ਕਾਲਜ ਵਿਚ ਮ੍ਰਿਤਕ ਦੇਹਾਂ ਸਮਰੱਥਾ ਨਾਲੋਂ ਵੱਧ ਹਨ। ਹੁਣ ਤਾਂ ਅਜਿਹੀਆਂ ਉਦਾਹਰਣਾਂ ਵੀ ਪ੍ਰਾਪਤ ਹੋਣ ਲੱਗ ਪਈਆਂ ਹਨ ਕਿ ਇੱਕ ਪਤੀ ਅਤੇ ਪਤਨੀ ਦੋਵਾਂ ਦੀ ਮ੍ਰਿਤਕ ਦੇਹ ਚੰਡੀਗੜ੍ਹ ਪੀ.ਜੀ.ਆਈ. ਵਿਚ ਪਈ ਹੈ। ਇਹ ਕਾਰਨਾਮਾ ਰਣਜੀਤ ਝੁਨੇਰ ਦੇ ਪਰਿਵਾਰ ਵਲੋਂ ਕੀਤਾ ਗਿਆ ਹੈ। ਅਸੀਂ ਇਸ ਪਰੰਪਰਾ ਨੂੰ ਅੱਗੇ ਵਧਾਉਣ ਲਈ ਬਾਹਰਲੇ ਸੂਬਿਆਂ ਵਿਚ ਵੀ ਮ੍ਰਿਤਕ ਦੇਹਾਂ ਭੇਜਣ ਦਾ ਉਪਰਾਲਾ ਕਰ ਰਹੇ ਹਾਂ। ਭਾਵੇਂ ਸੂਬਿਆਂ ਦੀਆਂ ਸਰਹੱਦਾਂ ’ਤੇ ਮ੍ਰਿਤਕ ਦੇਹਾਂ ਲਿਜਾਣ ਲਈ ਕਾਫ਼ੀ ਝੰਜਟ ਹੈ। ਇਸ ਤਰ੍ਹਾਂ ਸਰੀਰ ਦਾਨ ਦੀ ਇਹ ਪਰੰਪਰਾ ਅੱਜ ਘਰ-ਘਰ ਪਹੁੰਚ ਰਹੀ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>