ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦਾ ਉਦਘਾਟਨ ਕੀਤਾ। ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲੀ ਵਾਰੀ ਕਰਵਾਈ ਗਈ ਕਾਨਫਰੰਸ ਹੁਣ ਹਰ ਦੂਜੇ ਵਰ੍ਹੇ ਕਮੇਟੀ ਵੱਲੋਂ ਕਰਾਉਣ ਦਾ ਐਲਾਨ ਕੀਤਾ ਗਿਆ। ਮਨਮੋਹਨ ਸਿੰਘ ਨੇ ਆਪਣੇ ਭਾਸ਼ਣ ਦੌਰਾਨ ਪੰਜਾਬੀ ਬੋਲੀ ਦੇ ਪਿੱਛੋਕੜ ਦੀ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਭਾਸ਼ਾ ਸਿਰਫ਼ ਬੋਲਚਾਲ ਵਾਸਤੇ ਹੀ ਨਹੀਂ ਹੁੰਦੀ ਸਗੋਂ ਸਭਿਆਚਾਰ ਦੇ ਵਿਕਾਸ ਲਈ ਭਾਸ਼ਾ ਜਰੂਰੀ ਹੁੰਦੀ ਹੈ। ਪ੍ਰਾਚੀਨ ਭਾਰਤ ਦੀ ਵੇਦ ਸ਼ਾਸਤਰ ਪਰੰਪਰਾ ਤੋਂ ਪੰਜਾਬੀ ਭਾਸ਼ਾ ਤਕ ਪੁਜਣ ਦੇ ਇਤਿਹਾਸ ਬਾਰੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਬਾਬਾ ਫਰੀਦ ਦੇ ਮਿੱਠੇ ਸ਼ਲੋਕਾਂ ਨੇ ਇਸਲਾਮਿਕ ਸਭਿਆਚਾਰ ਨੂੰ ਗੰਗਾ-ਜਮਨੀ ਤਹਿਜ਼ੀਬ ਨਾਲ ਜੋੜਿਆ ਸੀ। ਸ਼ੂਫ਼ੀ ਦਰਵੇਸ਼ ਦੇ ਕਰਕੇ ਪੰਜਾਬੀ ਭਾਸ਼ਾ ਦਰਿਆਏ ਸਿੰਧ ਤੋਂ ਦਰਿਆਇ ਯਮੁਨਾ ਤਕ ਪੁਜੀ ਸੀ। ਜਿਸਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਪੰਜਾਬੀ ਭਾਸ਼ਾ ਨੂੰ ਗੁਰਬਾਣੀ ’ਚ ਵਰਤ ਕੇ ਨਾ ਕੇਵਲ ਨਵਾਂ ਉਤਸ਼ਾਹ ਦਿੱਤਾ ਸਗੋਂ ਸੁਲਝਾ, ਸਿਹਤਮੰਦ ਅਤੇ ਠੋਸ ਜੀਵਨ ਜੀਉਣ ਦਾ ਸੁਨੇਹਾ ਸੁਣਾਇਆ। ਗੁਰੂ ਅਮਰਦਾਸ ਨੇ ਗੁਰਮੁਖੀ ਲਿੱਪੀ ਦੀ ਘਾੜਤ ਕਰਕੇ ਪੰਜਾਬੀ ਭਾਸ਼ਾ ਨੂੰ ਨਵਾਂ ਰੂਪ ਅਤੇ ਰੰਗ ਦਿੱਤਾ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਵਿਦਿਆ ਦਾ ਪ੍ਰਚਾਰ-ਪ੍ਰਸਾਰ ਸਭ ਤੋਂ ਵੱਧ ਹੋਇਆ। ਜਿਸ ਕਰਕੇ ਉਨ੍ਹਾਂ ਦੇ ਰਾਜ ਦੌਰਾਨ ਸਾਖਰਤਾ ਦੀ ਦਰ ਸਭ ਤੋਂ ਵੱਧ ਸੀ। 1947 ’ਚ ਦੇਸ਼ ਦੀ ਵੰਡ ਤੋਂ ਬਾਅਦ ਪੱਛਮੀ ਪੰਜਾਬ ਤੋਂ ਉੱਜੜ ਕੇ ਦਿੱਲੀ ਸ਼ਹਿਰ ’ਚ ਆਏ ਲੱਖਾਂ ਪੰਜਾਬੀਆਂ ਨੇ ਦਿੱਲੀ ਨੂੰ ਪੰਜਾਬੀਆਂ ਦਾ ਸ਼ਹਿਰ ਬਣਾ ਦਿੱਤਾ। ਅੱਜ ਦਿੱਲੀ ਸ਼ਹਿਰ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਅਤੇ ਪ੍ਰਕਾਸ਼ਨ ਦਾ ਵੱਡਾ ਕੇਂਦਰ ਬਣ ਚੁਕਿਆ ਹੈ। ਇਸ ਲਈ ਆਪਣੀ ਭਾਸ਼ਾ ਦੀ ਅਮੀਰੀ ਨੂੰ ਸਮਝਣ ਅਤੇ ਅਪਣਾਉਣ ਦੀ ਵੱਡੀ ਲੋੜ ਹੈ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਹਰ ਇੱਕ ਵਰ੍ਹੇ ਬਾਅਦ ਕੌਮਾਂਤਰੀ ਪੱਧਰ ਦੀ ਪੰਜਾਬੀ ਕਾਨਫਰੰਸ ਕਮੇਟੀ ਵੱਲੋਂ ਕਰਵਾਉਣ ਦਾ ਐਲਾਨ ਕਰਦੇ ਹੋਏ ਦਿੱਲੀ ਸ਼ਹਿਰ ’ਚ ਪੰਜਾਬੀ ਭਾਸ਼ਾ ਨੂੰ ਦੂਜੀ ਰਾਜਭਾਸ਼ਾ ਦਾ ਦਰਜਾ ਦਿਵਾਉਣ ਲਈ ਲੜੀ ਗਈ ਲੜਾਈ ’ਤੇ ਚਾਨਣਾ ਪਾਇਆ। ਮੌਜੂਦਾ ਸਮੇਂ ’ਚ ਨੌਕਰੀਆਂ ’ਚ ਪੰਜਾਬੀ ਭਾਸ਼ਾ ਦੇ ਪਿੱਛੇ ਰਹਿਣ ਦੀ ਸਚਾਈ ਨੂੰ ਸਵੀਕਾਰ ਕਰਦੇ ਹੋਏ ਜੀ.ਕੇ. ਨੇ ਭਾਸ਼ਾ ਦੀ ਬਦਹਾਲੀ ਪਿੱਛੇ ਕਾਰਜ ਕਰ ਰਹੇ ਲੋਕਾਂ ਖਿਲਾਫ਼ ਜੰਗੀ ਪੱਧਰ ’ਤੇ ਕਮੇਟੀ ਵੱਲੋਂ ਅਦਾਲਤਾ ’ਚ ਲੜੀ ਜਾ ਰਹੀ ਲੜਾਈ ਦਾ ਵੀ ਜਿਕਰ ਕੀਤਾ।
ਸਿਰਸਾ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਬਚਾਉਣਾ ਅਤੇ ਪ੍ਰਚਾਰ ਕਰਨਾ ਸਾਡੀ ਮੁੱਢਲੀ ਜਿੰਮੇਵਾਰੀ ਹੈ। ਇਸ ਲਈ ਦਿੱਲੀ ਕਮੇਟੀ ਹਰ ਸਮੇਂ ਆਪਣੀ ਜਿੰਮੇਵਾਰੀ ਗੰਭੀਰਤਾ ਨਾਲ ਨਿਭਾਉਣ ਲਈ ਕਾਰਜਸ਼ੀਲ ਰਹਿੰਦੀ ਹੈ। ਇਸ ਮੌਕੇ ਕਮੇਟੀ ਵੱਲੋਂ ਕਈ ਪਤਿਵੰਤੇ ਸੱਜਣਾ ਦਾ ਸਨਮਾਣ ਕੀਤਾ ਗਿਆ। ਜਿਸ ’ਚ ਡਾ. ਮਨਮੋਹਨ ਸਿੰਘ, ਬੜੂ ਸਾਹਿਬ ਦੇ ਭਾਈ ਮਹਿੰਦਰ ਸਿੰਘ, ਜਸਟਿਸ ਰਜਿੰਦਰ ਸੱਚਰ, ਅਜੀਤ ਗਰੁਪ ਦੇ ਸਤਨਾਮ ਸਿੰਘ ਮਾਣਕ, ਸਾਬਕਾ ਰਾਜਦੂਤ ਕੇ.ਸੀ. ਸਿੰਘ ਅਤੇ ਉੱਘੇ ਗਾਇਕ ਹੰਸ ਰਾਜ ਹੰਸ ਸਣੇ ਕਈ ਬੁੱਧੀਜੀਵੀ ਅਤੇ ਵਿਦਿਵਾਨ ਸ਼ਾਮਲ ਸਨ। ਪਹਿਲੇ ਦਿਨ ਪੰਜਾਬ ਦੀ ਆਰਥਕਤਾ, ਗੁਰਮਤਿ ਸਾਹਿਤ ਪਰੰਪਰਾ, ਪੰਜਾਬੀ ਪੱਤਰਕਾਰਿਤਾ ਸਣੇ ਸੂਫ਼ੀ ਸੰਗੀਤ ਨੂੰ ਲੈ ਕੇ ਵਿਚਾਰ ਚਰਚਾ ਅਤੇ ਪੇਸ਼ਕਾਰੀ ਹੋਈ। ਇਸ ਮੌਕੇ ਕਾਲਜ ਦੇ ਚੇਅਰਮੈਨ ਤ੍ਰਿਲੋਚਨ ਸਿੰਘ ਅਤੇ ਪਿ੍ਰੰਸੀਪਲ ਡਾ. ਜਸਵਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ।