ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਨਵੀਂ ਚੁਣੀ ਕਮੇਟੀ ਨੇ ਨਵੇਂ ਸਾਲ ਲਈ ਵਿਲੱਖਣ ਪ੍ਰੋਗਰਾਮ ਉਲੀਕੇ

ਕੈਲਗਰੀ: ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਫਰਵਰੀ ਮਹੀਨੇ ਦੀ ਮੀਟਿੰਗ, ਇਸ ਮਹੀਨੇ ਦੇ ਤੀਜੇ ਸ਼ਨੀਵਾਰ, ਜੈਨਸਿਜ਼ ਸੈਂਟਰ ਵਿਖੇ, ਕੜਾਕੇ ਦੀ ਸਰਦੀ ਵਿੱਚ ਔਰਤਾਂ ਦੇ ਭਰਵੇਂ ਇਕੱਠ ਵਿੱਚ ਹੋਈ। ਇਸ ਵਿੱਚ ਸਭ ਤੋਂ ਪਹਿਲਾਂ, ਸਕੱਤਰ ਗੁਰਦੀਸ਼ ਕੌਰ ਗਰੇਵਾਲ ਨੇ  ਸਭ ਨੂੰ ‘ਜੀ ਆਇਆਂ’ ਕਹਿੰਦਿਆਂ ਹੋਇਆਂ, ਸਨੋ-ਫਾਲ ਵਿੱਚ ਵੀ ਹੁੰਮ ਹੁੰਮਾ ਕੇ ਮੀਟਿੰਗ ਵਿੱਚ ਪੁੱਜਣ ਲਈ, ਸਭ ਦਾ ਧੰਨਵਾਦ ਕੀਤਾ। ਕੈਲਗਰੀ ਦੀ ਗੀਤਕਾਰਾ ਹਰਮਿੰਦਰ ਕੌਰ ਦੀ ਮੌਤ ਦੀ ਦੁਖਦਾਈ ਖਬਰ ਦੇ ਨਾਲ ਹੀ, ਸਭਾ ਦੇ ਮੈਂਬਰ ਸੁਰਿੰਦਰ ਚੀਮਾ ਦੇ ਭਰਾ ਦੇ ਅਕਾਲ ਚਲਾਣੇ ਦੇ ਸ਼ੋਕ ਸਮਾਚਾਰ ਸੁਣਦਿਆਂ, ਸਭਾ ਦਾ ਮਹੌਲ ਗ਼ਮਗੀਨ ਹੋ ਗਿਆ। ਸ਼ੋਕ ਮਤੇ ਦੇ ਨਾਲ, ਸਭਾ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਹੋਇਆਂ, ਪਰਿਵਾਰਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਗਿਆ। ਸਭਾ ਦੇ ਐਗਜ਼ੈਕਟਿਵ ਮੈਂਬਰ ਬਲਜੀਤ ਜਠੌਲ ਦੀ ਤੰਦਰੁਸਤੀ ਦੀ ਵੀ ਅਰਦਾਸ ਕੀਤੀ ਗਈ, ਜਿਹਨਾਂ ਨੂੰ ਸੇਹਤ ਠੀਕ ਨਾ ਹੋਣ ਕਾਰਨ ਜਲਦੀ ਇੰਡੀਆ ਤੋਂ ਵਾਪਿਸ ਆਉਣਾ ਪਿਆ।

ਸਭਾ ਦੀ ਕਾਰਵਾਈ ਸ਼ੁਰੂ ਕਰਦਿਆਂ, ਸਕੱਤਰ ਨੇ ਦੱਸਿਆ ਕਿ- ਸਾਡੀ ਸਭਾ ਨੇ ਦੋ ਸਾਲ ਦਾ ਮਾਣ-ਮੱਤਾ ਸਫਰ ਤਹਿ ਕਰ ਲਿਆ ਹੈ, ਜਿਸ ਦਾ ਸਿਹਰਾ ਯੋਗ ਅਗਵਾਈ ਤੇ ਸਮੂਹ ਮੈਂਬਰਾਂ ਵਲੋਂ ਮਿਲੇ ਭਰਪੂਰ ਸਹਿਯੋਗ ਨੂੰ ਜਾਂਦਾ ਹੈ। ਨਾਲ ਹੀ ਇਹ ਵੀ ਦੱਸਿਆ ਕਿ- ਦੋ ਸਾਲ ਬਾਅਦ ਕਮੇਟੀ ਦੀ ਦੁਬਾਰਾ ਚੋਣ ਦੇ ਨਿਯਮ ਦੀ ਪਾਲਣਾ ਕਰਦੇ ਹੋਏ, ਪਿਛਲੇ ਮਹੀਨੇ ਐਗਜ਼ੈਕਟਿਵ ਦੀ ਮੀਟਿੰਗ ਵਿੱਚ ਹੋਈ ਚੋਣ ਅਨੁਸਾਰ ਨਵੀਂ ਪ੍ਰਬੰਧਕੀ ਕਮੇਟੀ ਵਿੱਚ- ਪ੍ਰਧਾਨ  ਡਾ. ਬਲਵਿੰਦਰ ਕੌਰ ਬਰਾੜ (ਉਹੀ), ਕੋ-ਓਰਡੀਨੇਟਰ ਗੁਰਚਰਨ ਕੌਰ ਥਿੰਦ (ਉਹੀ), ਜਨਰਲ ਸਕੱਤਰ ਗੁਰਦੀਸ਼ ਕੌਰ ਗਰੇਵਾਲ, ਸਹਾਇਕ ਸਕੱਤਰ ਜਗੀਰ ਕੌਰ ਗਰੇਵਾਲ ਅਤੇ ਖਜ਼ਾਨਚੀ ਦੀ ਡਿਊਟੀ ਸੀਮਾ ਚੱਠਾ ਨੂੰ ਸੌਂਪੀ ਗਈ ਹੈ। ਬਾਕੀ ਕਮੇਟੀਆਂ ਪਹਿਲਾਂ ਵਾਂਗ ਹੀ ਕੰਮ ਕਰਨਗੀਆਂ ਜਦ ਕਿ ਆਉਣ ਵਾਲੇ ਸਮੇਂ ਵਿੱਚ ਲੋੜ ਅਨੁਸਾਰ ਐਗਜ਼ੈਕਟਿਵ ਮੈਂਬਰਾਂ ਵਿੱਚ ਵਾਧਾ ਹੋ ਸਕਦਾ ਹੈ। ‘ਅਸੀਂ ਸਾਰੇ ਆਪੋ ਆਪਣੀਆਂ ਜ਼ਿੰਮੇਵਾਰੀਆਂ ਤਨ-ਦੇਹੀ ਨਾਲ ਨਿਭਾਉਣ ਲਈ ਵਚਨਬੱਧ ਹਾਂ’- ਕਹਿੰਦਿਆਂ ਹੋਇਆਂ, ਉਹਨਾਂ ਮੈਡਮ ਬਲਵਿੰਦਰ ਕੌਰ ਬਰਾੜ ਨੂੰ ਨਵੇਂ ਸਾਲ ਲਈ ਉਲੀਕੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦੇਣ ਦੀ ਬੇਨਤੀ ਕੀਤੀ।

ਮੈਡਮ ਬਰਾੜ ਨੇ ਕਿਹਾ ਕਿ- ਇਸ ਟੈਕਨੌਲੌਜੀ ਦੇ ਯੁੱਗ ਵਿੱਚ ਨਵੀਂ ਪੀੜ੍ਹੀ ਦੇ ਹਾਣ ਦੇ ਬਣਨ ਲਈ ਸਾਨੂੰ ਸਭ ਨੂੰ ਕੰਪਿਊਟਰ ਦੀ ਜਾਣਕਾਰੀ ਹੋਣੀ ਲਾਜ਼ਮੀ ਹੈ ਜੋ ਕਿ ਸਾਡੇ ਬਹੁਤੇ ਮੈਂਬਰਾਂ ਨੂੰ ਨਹੀਂ ਹੈ। ਇਸ ਲਈ ਇਸ ਸਾਲ, ਕੰਪਿਊਟਰ ਸਿਖਾਉਣ ਦੀਆਂ ਕਲਾਸਾਂ ਸ਼ੁਰੁ ਕਰਨ ਦੀ ਯੋਜਨਾ ਹੈ- ਜਿਸ ਲਈ ਸੀਮਾ ਚੱਠਾ ਨੇ ਵੋਲੰਟੀਅਰ ਸੇਵਵਾਂ ਦੀ ਪੇਸ਼ਕਸ਼ ਕੀਤੀ ਹੈ। ਟੂਰ ਕਮੇਟੀ ਦੇ ਇੰਚਾਰਜ ਹੋਣ ਦੇ ਨਾਤੇ, ਉਹਨਾਂ ਇਹ ਵੀ ਦੱਸਿਆ ਕਿ- ਇਸ ਸਾਲ  ਮੈਂਬਰਾਂ ਨੂੰ ਐਡਮੰਟਨ ਦੇ ਲੰਬੇ ਟੂਰ ਤੇ ਲਿਜਾਣ ਦੀ ਵੀ ਵਿਚਾਰ ਹੈ। ਇਹਨਾਂ ਵਿਚਾਰਾਂ ਦਾ ਸਭ ਨੇ ਭਰਪੂਰ ਤਾੜੀਆਂ ਨਾਲ ਸਵਾਗਤ ਕੀਤਾ। ਆਪਣੀ ਗੈਰਹਾਜ਼ਰੀ ਵਿੱਚ ਮੀਟਿੰਗ ਦੀ ਕਾਰਵਾਈ ਚਲਾਉਣ ਦਾ ਅਧਿਕਾਰ, ਉਹਨਾਂ ਨੇ ਆਪਣੇ ਵਲੋਂ ਮੈਡਮ ਸੁਰਿੰਦਰ ਗੀਤ ਨੂੰ ਦੇ ਦਿੱਤਾ।

ਰਚਨਾਵਾਂ ਦੇ ਦੌਰ ਵਿੱਚ- ਸਤਵਿੰਦਰ ਕੌਰ ਫਰਵਾਹਾ ਨੇ ਇੱਕ ਲੋਕ ਗੀਤ, ਜੋਗਿੰਦਰ ਪੁਰਬਾ ਨੇ ਲੋਕ ਗੀਤ, ਜਤਿੰਦਰ ਪੇਲੀਆ ਤੇ ਹਰਬੰਸ ਪੇਲੀਆ (ਕੁੜਮਣੀਆਂ) ਨੇ ਲੰਬੀ ਹੇਕ ਦਾ ਗੀਤ ਗਾ ਕੇ ਰੰਗ ਬੰਨ੍ਹ ਦਿੱਤਾ ਜਦ ਕਿ ਜਗਦੀਸ਼ ਬਰੀਆ ਨੇ ਚੁਟਕਲਾ ਸੁਣਾ ਕੇ ਮਹੌਲ ਖੁਸ਼ਗਵਾਰ ਕਰ ਦਿਤਾ। ਨਵੇਂ ਆਏ ਮੈਂਬਰ ਜਸਮਿੰਦਰ ਕੌਰ ਬਰਾੜ ਤੇ ਸਰਬਜੀਤ ਕੰਦੋਲਾ ਨੇ ਗਿੱਧੇ ਦੀ ਬੋਲੀ ਪਾਈ ਜਦ ਕਿ ਅਮਰਜੀਤ ਸੱਗੂ ਨੇ ਗੀਤ-‘ਬੱਤੀ ਬਾਲ ਕੇ ਬਨੇਰੇ ਉੱਤੇ ਰੱਖਦੀ ਹਾਂ’ ਦੇ ਨਾਲ ਪੱਬ ਚੁੱਕ ਕੇ ਗਿੱਧੇ ਦਾ ਮਹੌਲ ਸਿਰਜ ਦਿੱਤਾ। ਸਰਬਜੀਤ ਉੱਪਲ ਨੇ-‘ਜੱਗ ਵਾਲਾ ਮੇਲਾ ਯਾਰੋ..’ ਅਤੇ ਅਵਤਾਰ ਢਿਲੋਂ ਨੇ-‘ਮੇਲੇ ਨੂੰ ਚਲ ਮੇਰੇ ਨਾਲ ਕੁੜੇ’ ਸੁਣਾ ਕੇ ਆਸਾ ਸਿੰਘ ਮਸਤਾਨਾ ਦੀ ਯਾਦ ਤਾਜ਼ਾ ਕਰ ਦਿੱਤੀ। ਸਰਜਰੀ ਤੋਂ ਬਾਅਦ ਸਿਹਤਯਾਬ  ਹੋ ਕੇ ਆਏ ਮੈਂਬਰ ਨਰਿੰਦਰ ਗਿੱਲ ਨੇ ਵੀ ਗੀਤ ਦਾ ਇੱਕ ਟੱਪਾ ਸੁਣਾਇਆ ਜਦ ਕਿ ਸੀਮਾ ਚੱਠਾ ਨੇ ਗੀਤ-‘ਸਾਰੀ ਰਾਤ ਤੇਰਾ ਤੱਕਨੀਆਂ ਰਾਹ..’ ਗੀਤ ਸੁਰੀਲੀ ਆਵਾਜ਼ ‘ਚ ਸੁਣਾ ਕੇ ਮਹੌਲ ਸੁਰਮਈ ਬਣਾ ਦਿੱਤਾ।

ਕੈਲਗਰੀ ਦੀ ਉੱਘੀ ਸ਼ਾਇਰਾ ਸੁਰਿੰਦਰ ਗੀਤ ਨੇ-‘ਰਾਤ ਹਨ੍ਹੇਰੀ ਮੈਂਨੂੰ ਆਖੇ, ਏਥੇ ਰਾਜ ਹਨ੍ਹੇਰੇ ਦਾ’ ਗਜ਼ਲ ਤਰੰਨਮ ਵਿੱਚ ਸੁਣਾ ਕੇ ਵਾਹ-ਵਾਹ ਖੱਟੀ। ਗੁਰਦੀਸ਼ ਕੌਰ ਗਰੇਵਾਲ ਨੇ ਵੀ ਪੰਜਾਬਣ ਮੁਟਿਆਰ ਲਈ ਲਿਖੀ ਤਾਜ਼ਾ ਗਜ਼ਲ-‘ਹੁਸਨਾਂ ਲੱਦੀ ਕੁੜੀਏ ਨੀ ਹੁਣ, ਆਪਣਾ ਹੁਸਨ ਛੁਪਾਈਂ ਤੂੰ’ ਸੁਨਾਉਣ ਦੇ ਨਾਲ ਨਾਲ, ਕੁੱਝ ਜੀਵਨ ਵਿੱਚ ਕੰਮ ਆਉਣ  ਵਾਲੇ ਟਿਪਸ ਵੀ ਸਾਂਝੇ ਕੀਤੇ। ਗੁਰਨਾਮ ਮੱਲ੍ਹੀ ਅਤੇ ਅਵਤਾਰ ਕੌਰ ਢਿਲੋਂ ਨੇ ਕੁੱਝ ਅਜ਼ਮਾਏ ਹੋਏ ਘਰੇਲੂ ਨੁਸਖੇ ਸਾਂਝੇ ਕੀਤੇ। ਸ਼ਰਨਜੀਤ ਸਿੱਧੂ, ਸਵਿਤਾ ਵਸ਼ਿਸ਼ਟ, ਮਹਿੰਦਰਪਾਲ ਕੌਰ ਬਰਾੜ, ਸੁਰਿੰਦਰ ਚੀਮਾਂ, ਸਿਮਰ ਚੀਮਾਂ, ਹਰਭਜਨ ਕੌਰ ਬਨਵੈਤ ਅਤੇ ਆਸ਼ਾ ਪਾਲ ਨੇ ਇਸ ਮਟਿੰਗ ਵਿੱਚ ਵਧੀਆ ਸਰੋਤੇ ਹੋਣ ਦਾ ਰੋਲ ਨਿਭਾਇਆ।

ਅੰਤ ਵਿੱਚ ਮੈਡਮ ਬਰਾੜ ਨੇ ਸਭ ਦਾ ਧੰਨਵਾਦ ਕਰਦਿਆਂ ਹੋਇਆਂ, ਸਭ ਨੂੰ ਡਾਇਰੀ ਪੈਨ ਨਾਲ ਲਿਆਉਣ ਦੀ ਸਲਾਹ ਦਿੱਤੀ ਤਾਂ ਕਿ ਕੀਮਤੀ ਜਾਣਕਾਰੀ ਨੋਟ ਕੀਤੀ ਜਾ ਸਕੇ। ਉਹਨਾਂ ਨੇ ਕੈਲਗਰੀ ਦੇ ਸਤਿਕਾਰਯੋਗ ਬਜ਼ੁਰਗ ਮਹਿੰਦਰ ਸਿੰਘ ਹੱਲ੍ਹਣ ਦਾ ਸੁਨੇਹਾ ਵੀ ਸਭ ਨੂੰ ਦਿੱਤਾ ਕਿ- ‘ਹਰ ਮੈਂਬਰ ਆਪਣੇ ਅੰਦਰ ਝਾਤੀ ਮਾਰ ਕੇ, ਆਪਣੀ ਇੱਕ ਕਮਜ਼ੋਰੀ ਲੱਭ ਕੇ, ਉਸਨੂੰ ਛੱਡਣ ਦਾ ਪ੍ਰਣ ਕਰਕੇ ਉਸਤੇ ਅਮਲ ਕਰੇ’। ਸਾਰਿਆਂ ਨੇ ਇਸ ਵਿਚਾਰ ਦਾ ਸਵਾਗਤ ਕੀਤਾ। ਉਹਨਾਂ ਲਿਖਾਰੀ ਸਭਾ ਵਲੋਂ, 17 ਮਾਰਚ ਨੂੰ ਵਾਈਟ ਹੌਰਨ ਕਮਿਊਨਿਟੀ ਸੈਂਟਰ ਵਿਖੇ ਹੋਣ  ਵਾਲੇ, ਬੱਚਿਆਂ ਦੇ ਪੰਜਾਬੀ ਉਚਾਰਣ ਮੁਕਾਬਲੇ ਦੀ ਸੂਚਨਾ ਦਿੰਦੇ ਹੋਏ ਕਿਹਾ ਕਿ- ਇਸੇ ਕਾਰਨ ਆਪਣੀ ਸਭਾ ਦੀ ਅਗਲੇ ਮਹੀਨੇ ਦੀ ਮੀਟਿੰਗ 17 ਮਾਰਚ ਦੀ ਬਜਾਏ 18 ਮਾਰਚ ਦਿਨ ਐਤਵਾਰ ਨੂੰ ਹੋਏਗੀ। ਜੋਗਿੰਦਰ ਪੁਰਬਾ ਨੇ ਪੜਦਾਦੀ ਬਣਨ ਦੀ ਖੁਸ਼ੀ ਵਿੱਚ ਸਭ ਨੂੰ ਚਾਹ ਨਾਲ ਪਕੌੜੇ ਤੇ ਜਲੇਬੀਆਂ ਖੁਆ, ਵਧਾਈਆਂ ਝੋਲੀ ਪੁਆਈਆਂ। ਸੋ ਇਸ ਤਰ੍ਹਾਂ  ਇਹ ਮੀਟਿੰਗ ਸਾਰਥਕ ਹੋ ਨਿਬੜੀ। ਵਧੇਰੇ ਜਾਣਕਾਰੀ ਲਈ- ਬਲਵਿੰਦਰ ਕੌਰ ਬਰਾੜ 403-590-9629 ਜਾਂ ਗੁਰਦੀਸ਼ ਕੌਰ ਗਰੇਵਾਲ- 403 404 1450 ਤੇ ਸੰਪਰਕ ਕੀਤਾ ਜਾ ਸਕਦਾ ਹੈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>