ਸੰਤ ਭਿੰਡਰਾਂਵਾਲਿਆਂ ਦੇ ਜਨਮ ਅਸਥਾਨ ਗੁ: ਸੰਤ ਖ਼ਾਲਸਾ ਦੇ ਉਦਘਾਟਨ ਦੀਆਂ ਤਿਆਰੀਆਂ ਮੁਕੰਮਲ : ਬਾਬਾ ਹਰਨਾਮ ਸਿੰਘ ਖ਼ਾਲਸਾ

ਗੁਰਦਵਾਰਾ ਸੰਤ ਖ਼ਾਲਸਾ ਨੂੰ ਦੁੱਧ ਨਾਲ ਧੋ ਕੇ ਸਾਫ਼ ਸਫ਼ਾਈ ਕਰਦੇ ਹੋਏ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਤੇ ਹੋਰ।

ਸਮਾਲਸਰ ( ਮੋਗਾ) -  ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਜਨਮ ਅਸਥਾਨ ਪਿੰਡ ਰੋਡੇ ਵਿਖੇ ਉੱਸਾਰੇ ਗਏ ਗੁਰਦਵਾਰਾ ਸੰਤ ਖ਼ਾਲਸਾ ਦੇ 22 ਫਰਵਰੀ ਨੂੰ ਹੋ ਰਹੇ ਉਦਘਾਟਨ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਅੱਜ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ’ਚ ਗੁਰਦਵਾਰਾ ਸਾਹਿਬ ਨੂੰ ਪੂਰੀ ਸ਼ਰਧਾ ਨਾਲ ਸਾਫ਼ ਸਫ਼ਾਈ ਕਰਦਿਆਂ ਫਰਸ਼ ਆਦਿ ਦੁੱਧ ਨਾਲ ਧੋਇਆ ਗਿਆ। ਗੁਰਦਵਾਰਾ ਸਾਹਿਬ ਨੂੰ ਮਾਹਿਰ ਕਾਰੀਗਰਾਂ ਵੱਲੋਂ ਸੁੰਦਰ ਫੁੱਲਾਂ ਨਾਲ ਸੱਜਾ ਦਿੱਤਾ ਗਿਆ ਹੈ।ਕਲ ਮਿਤੀ 20 ਫਰਵਰੀ ਨੂੰ ਇੱਕ ਨਗਰ ਕੀਰਤਨ ਉਪਰੰਤ ਗੁਰਦਵਾਰਾ ਸਾਹਿਬ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਵੇਗਾ ਅਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਵੇਗੀ। ਨਗਰ ਕੀਰਤਨ ’ਤੇ ਫੁੱਲਾਂ ਦੀ ਵਰਗਾ ਕੀਤੀ ਜਾਵੇਗੀ। ਜਿਸ ’ਚ ਸੈਂਕੜੇ ਗੱਡੀਆਂ ਅਤੇ ਮੋਟਰ ਸਾਈਕਲ ਸ਼ਾਮਿਲ ਹੋਣਗੇ। ਉਦਘਾਟਨ ਸਮਾਗਮ ਪ੍ਰਤੀ ਸੰਗਤਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਨਗਰ ਨਿਵਾਸੀ ਬਾਹਰੋਂ ਆਉਣ ਵਾਲੀਆਂ ਸੰਗਤਾਂ ਦੇ ਸਵਾਗਤ ਲਈ ਹੁਣ ਤੋਂ ਹੀ ਪੱਬਾਂ ਭਾਰ ਹੋਏ ਦਿਖਾਈ ਦੇ ਰਹੇ ਹਨ। ਨਗਰ ਨਿਵਾਸੀਆਂ ਵੱਲੋਂ ਕੇਸਰੀ ਝੰਡਿਆਂ ਅਤੇ ਸਜਾਵਟੀ ਲੜੀਆਂ ਨਾਲ ਪਿੰਡ ਨੂੰ ਖ਼ਾਲਸਾਈ ਰੰਗ ਵਿੱਚ ਰੰਗ ਦਿੱਤੇ ਜਾਣ ਨਾਲ ਪਿੰਡ ਰੋਡੇ ਇੱਕ ਵੱਖਰਾ ਅਲੌਕਿਕ ਨਜ਼ਾਰਾ ਪੇਸ਼ ਕਰ ਰਿਹਾ ਹੈ। ਯਕੀਨਨ ਉਦਘਾਟਨ ਸਮਾਗਮ ਨਵੀਆਂ ਪੈੜਾਂ ਛੱਡਦਾ ਹੋਇਆ ਯਾਦਗਾਰੀ ਹੋ ਨਿੱਬੜੇਗਾ। ਇਸ ਮੌਕੇ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਦੱਸਿਆ ਕਿ ਸੰਗਤ ਭਾਰੀ ਗਿਣਤੀ ’ਚ ਹਾਜ਼ਰ ਹੋ ਕੇ ਪੰਥਕ ਇੱਕਜੁੱਟਤਾ ਦਾ ਪ੍ਰਮਾਣ ਦੇਣਗੀਆਂ। ਉੱਥੇ ਹੀ ਸੰਤ ਭਿੰਡਰਾਂਵਾਲਿਆਂ ਵੱਲੋਂ ਹਰ ਧਰਮ ਦੀਆਂ ਕਦਰਾਂ ਕੀਮਤਾਂ ਅਤੇ ਹੱਕਾਂ ਦੀ ਖ਼ਾਤਰ ਜ਼ੋਰਦਾਰ ਆਵਾਜ਼ ਬੁਲੰਦ ਕਰਨ ਦੇ ਮੱਦੇ ਨਜ਼ਰ ਸਭ ਧਰਮਾਂ ਦੇ ਲੋਕ ਬਿਨਾ ਭੇਦ ਭਾਵ ਮਹਾਂਪੁਰਖਾਂ ਨੂੰ ਸ਼ਰਧਾ ਭੇਟ ਕਰਨ ਲਈ ਸਮਾਗਮ ’ਚ ਹਿੱਸਾ ਲੈ ਰਹੇ ਹਨ। ਉਹਨਾਂ ਕਿਹਾ ਕਿ ਸੰਤ ਜੀ ਨੇ ਸਿੱਖ ਪੰਥ ਲਈ ਧਰਮ ਯੁੱਧ ਮੋਰਚੇ ਵਿੱਚ ਬੇਮਿਸਾਲ ਯੋਗਦਾਨ ਪਾਇਆ। ਜੀਵਨ ਕਾਲ ਦੌਰਾਨ ਉਹਨਾਂ ਅਣਗਿਣਤ ਪ੍ਰਾਣੀਆਂ ਦੇ ਨਸ਼ੇ ਛੁਡਵਾਏ, ਸਿੱਖ ਨੌਜਵਾਨਾਂ ਦੇ ਸਾਬਤ ਸੂਰਤ ਕੇਸ ਰਖਵਾਏ, ਲੱਖਾਂ ਪ੍ਰਾਣੀਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ, ਦਮਦਮੀ ਟਕਸਾਲ ਦੇ ਵਿਦਿਆਰਥੀਆਂ ਨੂੰ ਸ਼ੁੱਧ ਗੁਰਬਾਣੀ ਦੀ ਸੰਥਿਆ ਅਤੇ ਕਥਾ ਕੀਰਤਨ ਗੁਰਮਤਿ ਵਿੱਦਿਆ ਦੇ ਕੇ ਵਿਦਵਾਨ ਤਿਆਰ ਕੀਤੇ। ਐਸੇ ਮਹਾਨ ਪਰਉਪਕਾਰੀ ਪਵਿੱਤਰ ਆਤਮਾ ਜੋ ਸਿੱਖੀ ਤੋਂ ਕੁਰਬਾਨ ਹੋਣ ਵਾਲੇ ਮਹਾਨ ਸੰਤ ਬਾਬਾ ਏ ਕੌਮ ਦੇ ਜਨਮ ਅਸਥਾਨ ਗੁਰਦੁਆਰਾ ਸੰਤ ਖ਼ਾਲਸਾ ਦੇ ਸ਼ੁਭ ਉਦਘਾਟਨ ਸਮੇਂ 22 ਫਰਵਰੀ ਨੂੰ ਹਰ ਮਾਈ ਭਾਈ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਆਪਣਾ ਜ਼ਰੂਰੀ ਫਰਜ਼ ਸਮਝ ਕੇ ਹੁੰਮ-ਹੁੰਮਾ ਕੇ ਹਾਜ਼ਰੀਆਂ ਭਰ ਕੇ ਦਰਸ਼ਨ ਦੇਣ ਦੀ ਉਹਨਾਂ ਅਪੀਲ ਕੀਤੀ ਹੈ। ਇਸ ਦੌਰਾਨ 16 ਫਰਵਰੀ ਤੋਂ ਗੁਰਮਤਿ ਸਮਾਗਮ ਲਗਾਤਾਰ ਜਾਰੀ ਹਨ। ਜਿਸ ’ਚ ਹਜ਼ਾਰਾਂ ਸੰਗਤਾਂ ਹਿੱਸਾ ਲੈ ਰਹੀਆਂ ਹਨ। ਇਸ ਮੌਕੇ ਭਾਈ ਈਸ਼ਰ ਸਿੰਘ ਪੁੱਤਰ ਸੰਤ ਭਿੰਡਰਾਂਵਾਲੇ, ਸਿੰਘ ਸਾਹਿਬ ਭਾਈ ਜਸਬੀਰ ਸਿੰਘ, ਕੈਪਟਨ ਹਰਚਰਨ ਸਿੰਘ, ਗਿਆਨੀ ਜਸਵੰਤ ਸਿੰਘ,ਭਾਈ ਸੁਖ ਹਰਪ੍ਰੀਤ ਸਿੰਘ,  ਭਾਈ ਜਗਤਾਰ ਸਿੰਘ, ਰਾਗੀ ਅਮਨਦੀਪ ਸਿੰਘ, ਭਾਈ ਕੁਲਦੀਪ ਸਿੰਘ, ਜਗਸੀਰ ਸਿੰਘ, ਜਤਿੰਦਰ ਸਿੰਘ ਐਕਸੀਅਨ, ਹਰਪਾਲ ਸਿੰਘ, ਗੁਰਿੰਦਰ ਸਿੰਘ ਨਿਊਜ਼ੀਲੈਂਡ, ਗੁਰਪ੍ਰੀਤ ਸਿੰਘ ਕੈਨੇਡਾ ਸਮੇਤ ਪੰਚ ਸਰਪੰਚ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>