ਸ਼੍ਰੀ ਅਨੰਦਪੁਰ ਸਾਹਿਬ – ਹੋਲਾ ਮਹੱਲੇ ‘ਤੇ ਦਮਦਮੀ ਟਕਸਾਲ ਦੇ ਸਥਾਨਿਕ ਅਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ਵਿੱਚ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ।
ਸਮਾਗਮ ‘ਚ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦਿਆਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਸ਼੍ਰੀ ਅਨੰਦਪੁਰ ਸਾਹਿਬ ਦੇ ਮਹਾਤਮ ਬਾਰੇ ਦੱਸਦਿਆਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰ ਉਪਕਾਰਾਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਦਸਮੇਸ਼ ਪਿਤਾ ਕਲਗੀਧਰ ਪਾਤਿਸ਼ਾਹ ਨੇ ਹੋਲੀ ਦੀ ਪੁਰਾਣੀ ਪ੍ਰਚਲਿਤ ਤੇ ਮਾੜੀਆਂ ਰਹੁ ਰੀਤਾਂ ਨੂੰ ਬਦਲ ਕੇ ਨਵੇਂ ਅਤੇ ਸਮਾਜ ਨੂੰ ਉੱਸਾਰੂ ਸੇਧ ਦੇਣ ਵਾਲਾ ਚੜ੍ਹਦੀਕਲਾ ਦਾ ਪ੍ਰਤੀਕ ਹੋਲਾ ਮਹੱਲਾ ਬਖਸ਼ਿਸ਼ ਕੀਤਾ। ਉਨ੍ਹਾਂ ਗੁਰ ਅਸਥਾਨਾਂ ਅਤੇ ਅੰਮ੍ਰਿਤ ਸਰੋਵਰਾਂ ਦੀ ਮਹਿਮਾ ਦੱਸਦਿਆਂ ਇਨ੍ਹਾਂ ਪ੍ਰਤੀ ਕੂੜ ਪ੍ਰਚਾਰ ‘ਚ ਲੱਗੇ ਅਨਸਰਾਂ ਤੋਂ ਸੁਚੇਤ ਰਹਿਣ ਅਤੇ ਗੁਰੂ ਘਰ ਪ੍ਰਤੀ ਆਸਥਾ ਤੇ ਸ਼ਰਧਾ ਬਣਾਈ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਪੰਥਕ ਸਰੋਕਾਰਾਂ ਲਈ ਦਮਦਮੀ ਟਕਸਾਲ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਹਾਜ਼ਰੀਆਂ ਭਰੀਆਂ ਸੰਗਤਾਂ ਨੂੰ ਸੰਤ ਬਾਬਾ ਹਰਨਾਮ ਸਿੰਘ ਜੀ ਖ਼ਾਲਸਾ ਮੁਖੀ ਦਮਦਮੀ ਟਕਸਾਲ ਜੀ ਨੇ ਹੋਲੇ ਮਹੱਲੇ ਦੇ ਇਤਿਹਾਸ ਦੀ ਕਥਾ ਪ੍ਰਸੰਗ ਸਰਵਣ ਕਰਾਉਂਦਿਆਂ ਹੋਲੇ ਮਹੱਲੇ ਨੂੰ ਖ਼ਾਲਸੇ ਦੀ ਵਿਲੱਖਣਤਾ ਦਾ ਪ੍ਰਤੀਕ ਦੱਸਿਆ। ਉਨ੍ਹਾਂ ਕਿਹਾ ਕਿ ਕਲਗੀਧਰ ਪਿਤਾ ਵੱਲੋਂ ਲੋਕ ਮਨਾਂ ‘ਚ ਸਵੈਮਾਨ ਦੀ ਚੇਤਨਤਾ ਪੈਦਾ ਕਰਨ ਵਾਲਾ ਹੋਲਾ ਮਹੱਲਾ ਗੁਲਾਮ ਮਾਨਸਿਕਤਾ ਨੂੰ ਤਿਲਾਂਜਲੀ ਦਿੰਦਿਆਂ ਜ਼ਬਰ ਜ਼ੁਲਮ ਖ਼ਿਲਾਫ਼ ਸੰਘਰਸ਼ ਕਰਨ ਦਾ ਇੱਕ ਇਤਿਹਾਸਕ ਇਨਕਲਾਬੀ ਵਰਤਾਰਾ ਹੋ ਨਿੱਬੜਿਆ ਹੈ।
ਉਨ੍ਹਾਂ ਸਿੱਖ ਪੰਥ ਅਤੇ ਸਮਾਜ ਵਿੱਚ ਫੁੱਟ ਪਾ ਕੇ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਤਾਕ ਵਿੱਚ ਬੈਠ ਪੰਥ ਵਿਰੋਧੀ ਸ਼ਕਤੀਆਂ ਪ੍ਰਤੀ ਸੁਚੇਤ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਤੋਂ ਇਨ੍ਹਾਂ ਵੱਲੋਂ ਸਿੱਖ ਧਰਮ ਦੀਆਂ ਸਥਾਪਿਤ ਮੂਲ ਪਰੰਪਰਾਵਾਂ, ਗੁਰਮਤਿ ਸਿਧਾਂਤ, ਗੁਰ ਇਤਿਹਾਸ ਤੇ ਸਿੱਖ ਇਤਿਹਾਸ ਦੀਆਂ ਅਹਿਮ ਘਟਨਾਵਾਂ ਅਤੇ ਗੁਰ ਅਸਥਾਨਾਂ ਪ੍ਰਤੀ ਬੇਲੋੜੇ ਸ਼ੰਕੇ ਖੜੇ ਕੀਤੇ ਜਾ ਰਹੇ ਹਨ। ਉਨ੍ਹਾਂ ਕੋਝੇ ਹਮਲਿਆਂ ਰਾਹੀ ਨਿੱਤ ਨਵਾਂ ਵਿਵਾਦ ਨਾਲ ਦੁਬਿਧਾ ਖੜੀ ਕਰਦਿਆਂ ਸਿੱਖ ਕੌਮ ਦੇ ਸਿਧਾਂਤਾਂ ਦਾ ਨਿਰਾਦਰ ਕਰਨ ‘ਚ ਲੱਗੇ ਸ਼ਰਾਰਤੀ ਅਨਸਰਾਂ ਦਾ ਮੂੰਹ ਤੋੜਵਾਂ ਜਵਾਬ ਦੇਣ ਦੀ ਵੀ ਸਿੱਖ ਸੰਗਤ ਨੂੰ ਅਪੀਲ ਕੀਤੀ। ਸੰਗਤ ਨੂੰ ਗੁਰਮਤਿ ਵਿਚਾਰਾ ਸਰਵਣ ਕਰਵਾਉਂਦਿਆਂ ਉਨ੍ਹਾਂ ਅੰਮ੍ਰਿਤਧਾਰੀ ਹੋਣ ਅਤੇ ਨਸ਼ਿਆਂ ਤੇ ਹੋਰਨਾਂ ਸਮਾਜਕ ਬੁਰਾਈਆਂ ਤੋਂ ਦੂਰ ਰਹਿਣ ਲਈ ਕਿਹਾ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸ: ਅਮਰਜੀਤ ਸਿੰਘ ਚਾਵਲਾ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੇ ਸਿਧਾਂਤਾਂ ‘ਤੇ ਰੌਸ਼ਨੀ ਪਾਈ। ਸਮਾਗਮ ਨੂੰ ਬਾਬਾ ਬੰਤਾ ਸਿੰਘ ਜੀ ਮੁੰਡਾ ਪਿੰਡ ਵਾਲੇ, ਗਿ: ਹਰਦੀਪ ਸਿੰਘ ਜੀ ਸ਼੍ਰੀ ਅਨੰਦਪੁਰ ਸਾਹਿਬ, ਗਿਆਨੀ ਜੀਵਾ ਸਿੰਘ ਦਮਦਮੀ ਟਕਸਾਲ, ਜਥੇ: ਸੁਖਦੇਵ ਸਿੰਘ, ਬਾਬਾ ਧਰਮ ਸਿੰਘ ਅਮਰੀਕਾ ਅਤੇ ਸਿੱਖ ਕੌਂਸਲ ਦੇ ਆਗੂ ਭਾਈ ਜਸਪਾਲ ਸਿੰਘ ਸਿੱਧੂ ਨੇ ਵੀ ਸੰਬੋਧਨ ਕੀਤਾ।