ਕੁਮਾਰ ਸਵਾਮੀ ਲੋਕਾਂ ਨਾਲ ਠੱਗੀ ਕਿਵੇਂ ਮਾਰਦਾ ਸੀ?

ਚੁਹਾਨਕੇ ਕਲਾਂ ਜ਼ਿਲ੍ਹਾ ਬਰਨਾਲਾ ਦਾ ਇੱਕ ਛੋਟਾ ਜਿਹਾ ਪਿੰਡ ਹੈ। ਉਥੋਂ ਦਾ ਵਸਨੀਕ ਚਰਨਜੀਤ ਮੇਰੇ ਕੋਲ ਆਇਆ ਤੇ ਕਹਿਣ ਲੱਗਿਆ, ‘‘ਮਿੱਤਰ ਸਾਹਿਬ!  ਸਾਡੇ ਪ੍ਰੀਵਾਰ ਵਿੱਚ ਇੱਕ ਸਦੀਆਂ ਪੁਰਾਣਾ ਦਿਮਾਗ਼ੀ ਨੁਕਸ਼ ਹੈ। ਇਹ ਬੀਮਾਰੀ ਸਾਡੀ ਪੀੜ੍ਹੀ ਦਰ ਪੀੜ੍ਹੀ ਚਲਦੀ ਰਹਿੰਦੀ ਹੈ। ਜਦੋਂ ਸਾਡਾ ਕੋਈ ਬੱਚਾ 7-8 ਸਾਲ ਦਾ ਹੋਣ ਲੱਗਦਾ ਹੈ ਤਾਂ ਉਸਦੇ ਪੈਰ ਲੜ ਖੜਾਉਣੇ ਸ਼ੁਰੂ ਕਰ ਦਿੰਦੇ ਹਨ। ਜਿਉਂ-ਜਿਉਂ ਉਹ ਵੱਡਾ ਹੁੰਦਾ ਜਾਂਦਾ ਹੈ ਉਸਦਾ ਰੋਗ ਵੀ ਵਧਦਾ ਜਾਂਦਾ ਹੈ। ਹੌਲੀ-ਹੌਲੀ ਉਸਨੂੰ ਲੱਤਾਂ ਤੇ ਪੈਰਾਂ ਦਾ ਅਧਰੰਗ ਹੋ ਜਾਂਦਾ ਹੈ। ਅੱਜ ਵੀ ਸਾਡੇ ਪ੍ਰੀਵਾਰ ਵਿੱਚ ਅਸੀਂ ਇਸ ਬੀਮਾਰੀ ਦੇ ਤਿੰਨ ਮਰੀਜ਼ ਹਾਂ। ਦਿੱਲੀ ਦੇ ਵੱਡੇ ਤੋਂ ਵੱਡੇ ਹਸਪਤਾਲਾਂ ਤੋਂ ਅਸੀਂ ਇਲਾਜ ਕਰਵਾ ਚੁੱਕੇ ਹਾਂ। ਪਰ ਸਾਡੀ ਇਹ ਅਨੁਵੰਸ਼ਿਕ ਬੀਮਾਰੀ ਅੱਜ ਤੱਕ ਕਿਸੇ ਤੋਂ ਵੀ ਠੀਕ ਨਹੀਂ ਹੋਈ। ਮੈਂ ਸੁਣਿਆ ਹੈ ਕਿ ਤਰਕਸ਼ੀਲ ਸੁਸਾਇਟੀ ਨੇ ਕੁਮਾਰ ਸਵਾਮੀ ਦੇ ਲਾ-ਇਲਾਜ ਰੋਗਾਂ ਦੇ ਠੀਕ ਕਰਨ ਦੇ ਦਾਅਵੇ ਲਈ ਦਸ ਮਰੀਜ਼ ਅਧਰੰਗ ਦੇ ਪੇਸ਼ ਕਰਨੇ ਹਨ। ਜੇ ਅਜਿਹਾ ਹੋਵੇ ਤਾਂ ਸਾਡੇ ਪ੍ਰੀਵਾਰ ਦੇ ਤਿੰਨੇ ਮਰੀਜ਼ਾਂ ਨੂੰ ਉਸ ਲਿਸਟ ਵਿੱਚ ਜ਼ਰੂਰ ਪਾ ਦੇਣਾ।’’ ਮੈਂ ਚਰਨਜੀਤ ਨੂੰ ਕਿਹਾ ਕਿ ‘‘ਚਰਨਜੀਤ! ਕੁਮਾਰ ਸਵਾਮੀ ਦੇ ਖ਼ੁਦ ਐਨਕਾਂ ਲੱਗੀਆਂ ਹੋਈਆਂ ਹਨ। ਉਸ ਦੁਆਰਾ ਸਟੇਜ ਤੇ ਬਿਠਾਏ ਗਏ ਬਰਨਾਲੇ ਦੇ ਤਿੰਨੇ ਡਾਕਟਰਾਂ ਦੀ ਵੀ ਨਿਗ੍ਹਾ ਕਮਜ਼ੋਰ ਹੈ। ਜੇ ਕੁਮਾਰ ਸਵਾਮੀ ਆਪਣੀਆਂ ਤੇ ਆਪਣੇ ਵਿਸ਼ੇਸ਼ ਮਹਿਮਾਨਾਂ ਦੀਆਂ ਬੀਜ ਮੰਤਰਾਂ ਰਾਹੀਂ ਐਨਕਾਂ ਨਹੀਂ ਉਤਰਵਾ ਸਕਦਾ ਤਾਂ ਇਹ ਤੁਹਾਡੇ ਪ੍ਰੀਵਾਰ ਨੂੰ ਕਿਵੇਂ ਠੀਕ ਕਰ ਸਕਦਾ ਹੈ?” ਮੇਰੇ ਇਸ ਜੁਆਬ ਤੇ ਚਰਨਜੀਤ ਤਾਂ ਚਲਿਆ ਗਿਆ ਪਰ ਮੇਰੇ ਮਨ ਵਿਚ ਕੁਝ ਸ਼ੰਕੇ ਜ਼ਰੂਰ ਖੜ੍ਹੇ ਕਰ ਗਿਆ।’’

ਡਾਕਟਰ ਅੰਧਵਿਸ਼ਵਾਸੀ ਕਿਉਂ ਹੋ ਜਾਂਦੇ ਹਨ?

ਡਾਕਟਰਾਂ ਵੱਲੋਂ ਅੰਧ ਵਿਸ਼ਵਾਸਾਂ ਦਾ ਪ੍ਰਚਾਰ ਕਰਨਾ ਡਾਕਟਰੀ ਕਿੱਤੇ ਦੀ ਲੋੜ ਹੁੰਦੀ ਹੈ। ਕਿਉਂਕਿ ਜਿੱਥੇ ਕਿਤੇ ਉਨ੍ਹਾਂ ਦੀ ਯੋਗਤਾ ਨਾਕਾਮ ਹੋ ਜਾਂਦੀ ਹੈ ਤਾਂ ਉਥੇ ਹੀ ਉਹ ਕਹਿ ਛੱਡਦੇ ਹਨ ਕਿ ‘‘ਕਰਨ ਵਾਲਾ ਤਾਂ ਉਹ ਹੈ ਮਨੁੱਖ ਦੇ ਹੱਥ ਵੱਸ ਤਾਂ ਕੁਝ ਵੀ ਨਹੀਂ’’” ਜੇ ਉਹ ਅਜਿਹਾ ਨਾ ਕਹਿਣ ਤਾਂ ਲੋਕਾਂ ਨੇ ਡਾਂਗਾਂ ਕੱਢ ਲੈਣੀਆਂ ਨੇ। ਉਂਝ ਵੀ ਬਹੁਤ ਸਾਰੇ ਵਿਅਕਤੀ ਡਾਕਟਰੀ ਕਿੱਤੇ ਵਿੱਚ ਅਜਿਹੇ ਆ ਵੜਦੇ ਹਨ ਜਿਨ੍ਹਾਂ ਨੇ ਆਪਣੀ ਪੜ੍ਹਾਈ ਨੂੰ ਨਿੱਜੀ ਜ਼ਿੰਦਗੀ ਨਾਲ ਨਹੀਂ ਜੋੜਿਆ ਹੁੰਦਾ। ਅਜਿਹੇ ਵਿਅਕਤੀਆਂ ਦੀ ਸੋਚ ਵਿਗਿਆਨਕ ਨਹੀਂ ਹੁੰਦੀ। ਉਹ ਹਰੇਕ ਘਟਨਾ ਦਾ ਕਾਰਨ ਨਾਲ ਸਬੰਧ ਜੋੜਨਾ ਨਹੀਂ ਜਾਣਦੇ। ਕਈ ਵਾਰੀ ਅਜਿਹੇ ਵਿਅਕਤੀ ਆਪਣੀ ਸੰਸਥਾ ਦੇ ਵਿਰੋਧ ਵਿਚ ਵੀ ਭੁਗਤ ਜਾਂਦੇ ਹਨ। ਭਾਰਤ ਦੀ ਮੈਡੀਕਲ ਐਸੋਸੀਏਸ਼ਨ ਨੀਮ ਹਕੀਮਾਂ ਦੁਆਰਾ ਛਾਪੇ ਇਸ਼ਤਿਹਾਰਾਂ ਦਾ ਵਿਰੋਧ ਕਰਦੀ ਹੈ, ਪਰ ਉਹ ਜਾਣੇ ਜਾਂ ਅਣਜਾਣੇ ਇਸ਼ਤਿਹਾਰ ਛਾਪਣ ਵਾਲਿਆਂ ਦੇ ਹੱਕ ਵਿਚ ਹੀ ਜਾ ਖੜ੍ਹਦੇ ਹਨ। ਅਫ਼ਸੋਸ ਉ¤ਥੇ ਇਸ ਤੋਂ ਵੀ ਵੱਧ ਹੁੰਦਾ ਹੈ, ਜਿੱਥੇ ਸੂਬੇ ਦਾ ਸਾਬਕਾ ਸਿਹਤ ਮੰਤਰੀ ਅਜਿਹੇ ਬਾਬਿਆਂ ਦੇ ਹੱਕ ਵਿਚ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦਾ ਹੈ। ਹੁਣ ਤੁਸੀਂ ਹੀ ਸੋਚੋ ਅਜਿਹੇ ਸਿਹਤ ਮੰਤਰੀ ਦੀ ਅਗਵਾਈ ਵਿਚ ਕੰਮ ਕਰਨ ਵਾਲਾ ਸਿਹਤ ਮੰਤਰਾਲਾ ਕਿਵੇਂ ਲੋਕਾਂ ਦੀ ਸਿਹਤ ਦਾ ਖ਼ਿਆਲ ਰੱਖੇਗਾ?

ਕੀ ਬੀਜ ਮੰਤਰਾਂ ਨਾਲ ਇਲਾਜ ਸੰਭਵ ਹੈ?

ਨਿੱਕੇ ਹੁੰਦੇ ਪਿੰਡ ਵਿੱਚ ਰਹਿੰਦਿਆਂ ਵੇਖਿਆ ਕਿ ਜਦੋਂ ਮੇਰੀ ਮਾਂ ਦੀ ਮੱਝ ਨਹੀਂ ਸੀ ਮਿਲਦੀ ਤਾਂ ਉਹ ਗੁੜ ਦੀ ਰੋੜੀ ਦੇ ਕੇ ਕਿਸੇ ਸਿਆਣੇ ਤੋਂ ਉਸ ਤੇ ਬੀਜ ਮੰਤਰ ਫੁਕਵਾ ਕੇ ਲਿਆਉਣ ਲਈ ਕਹਿ ਦਿੰਦੀ ਸੀ। ਦੋ ਚਾਰ ਵਾਰ ਤਾਂ ਮੈਂ ਇਹ ਮੰਤਰ ਫੁਕਵਾ ਕੇ ਲੈ ਆਇਆ ਤੇ ਗੁੜ ਖਾ ਕੇ ਮੱਝ ਮਿਲ ਵੀ ਪੈਂਦੀ ਸੀ। ਇੱਕ ਵਾਰ ਉਹ ਸਿਆਣਾ ਘਰ ਨਾ ਮਿਲਿਆ ਤਾਂ ਮੈਂ ਮਾਂ ਨੂੰ ਝੂਠ ਹੀ ਕਹਿ ਦਿੱਤਾ ‘‘ਗੁੜ ਕਰਵਾ ਲਿਆਇਆ ਹਾਂ ਤੇ ਮੱਝ ਫਿਰ ਵੀ ਮਿਲ ਪਈ। ਇਸ ਤਰ੍ਹਾਂ 25 ਕੁ ਵਰ੍ਹੇ ਪਹਿਲਾਂ ਟੈਲੀਵਿਯਨ ਤੇ ਸੀਰੀਅਲ ‘ਰਮਾਇਣ’ ਦੇ ਪਾਤਰਾਂ ਨੂੰ ਵੇਖਦੇ ਸਾਂ ਕਿ ਕਿਵੇਂ ਉਹ ਤੀਰ ਛੱਡਣ ਤੋਂ ਪਹਿਲਾਂ ਮੂੰਹ ਵਿੱਚ ਮੰਤਰ ਪੜ੍ਹਦੇ ਸਨ। ਸੋ ਅਜਿਹੀਆਂ ਘਟਨਾਵਾਂ ਹਰੇਕ ਵਿਅਕਤੀ ਦੀ ਜ਼ਿੰਦਗੀ ਵਿਚ ਵਾਪਰਦੀਆਂ ਹਨ। ਸਬਕ ਤੇ ਸੁਆਲ ਅਜਿਹੀਆਂ ਘਟਨਾਵਾਂ ਵਿੱਚ ਹੀ ਪਏ ਹੁੰਦੇ ਹਨ। ਤਰਕਸ਼ੀਲ ਲਹਿਰ ਦੇ ਚੌਂਤੀ ਵਰ੍ਹਿਆਂ ਦੌਰਾਨ ਮੈਂ ਬਹੁਤ ਸਾਰੇ ਵਿਅਕਤੀਆਂ ਨੂੰ ਟੂਣਿਆਂ ਰਾਹੀਂ ਬੀਮਾਰ ਅਤੇ ਹਥੌਲਿਆਂ ਜਾਂ ਮੰਤਰਾਂ ਰਾਹੀਂ ਠੀਕ ਹੁੰਦੇ ਵੀ ਤੱਕਿਆ ਹੈ। ਇਸ ਲਈ ਮੈਂ ਇਹ ਨਹੀਂ ਕਹਿ ਸਕਦਾ ਕਿ ਬੀਜ ਮੰਤਰਾਂ ਦਾ ਮਨੁੱਖੀ ਮਨਾਂ ਉ¤ਪਰ ਬਿਲਕੁੱਲ ਵੀ ਪ੍ਰਭਾਵ ਨਹੀਂ ਹੁੰਦਾ। ਇਹ ਜਾਣੀ ਪਹਿਚਾਣੀ ਸਚਾਈ ਹੈ ਕਿ ਮਨੁੱਖੀ ਮਨ ਪ੍ਰਭਾਵ ਕਬੂਲਦਾ ਹੈ। ਇਸ ਵਰਤਾਰੇ ਨੂੰ ਵਿਗਿਆਨਕ ਭਾਸ਼ਾ ਵਿੱਚ (6ੳਟਿਹ 8ੲੳਲਨਿਗ) ਕਿਹਾ ਜਾਂਦਾ ਹੈ।

ਸਰੀਰ ਵਿਚ ਬਹੁਤ ਸਾਰੀਆਂ ਬੀਮਾਰੀਆਂ ਅਜਿਹੀਆਂ ਹੁੰਦੀਆਂ ਹਨ ਜਿਹੜੀਆਂ ਕਿਸੇ ਬੈਕਟੀਰੀਆ ਜਾਂ ਵਾਇਰਸ ਕਾਰਨ ਪੈਦਾ ਹੁੰਦੀਆਂ ਹਨ। ਉਸ ਬੈਕਟੀਰੀਆ ਜਾਂ ਵਾਇਰਸ ਨੂੰ ਕੀ ਮੰਤਰਾਂ ਦੇ ਜਾਪ ਰਾਹੀਂ ਬਾਹਰ ਕੱਢਿਆ ਜਾ ਸਕਦਾ ਹੈ? ਇਹ ਅਸੰਭਵ ਹੈ। ਕੁਝ ਬੀਮਾਰੀਆਂ ਮਿਆਦੀ ਹੁੰਦੀਆਂ ਹਨ। ਆਪਣੀ ਮਿਆਦ ਪੁੱਗਣ ਤੇ ਉਹਨਾਂ ਬੀਮਾਰੀਆਂ ਨੇ ਖੁਦ-ਬ-ਖੁਦ ਠੀਕ ਹੋ ਹੀ ਜਾਣਾ ਹੁੰਦਾ ਹੈ ਕਿਉਂਕਿ ਇਸ ਸਮੇਂ ਦੌਰਾਨ ਸਰੀਰ ਦਾ ਇਮੂਅਨ ਸਿਸਟਮ ਮਜ਼ਬੂਤ ਹੋ ਜਾਂਦਾ ਹੈ। ਉਂਝ ਵੀ ਸਰੀਰ ਨੂੰ ਪੈਦਾ ਹੋਣ ਵਾਲੀਆਂ 99% ਬਿਮਾਰੀਆਂ ਵਿਚ ਮੌਤ ਹੋਣੀ ਹੀ ਨਹੀਂ ਹੁੰਦੀ। ਸਿਰਫ਼ ਇੱਕ ਪ੍ਰਤੀਸ਼ਤ ਬੀਮਾਰੀਆਂ ਹੀ ਮੌਤ ਦਾ ਕਾਰਨ ਬਣਦੀਆਂ ਹਨ। ਬਹੁਤ ਸਾਰੇ ਵਿਅਕਤੀ ਕਿਸੇ ਸੰਤ ਕੋਲ ਜਾਣ ਤੋਂ ਪਹਿਲਾਂ ਹੀ ਆਪਣਾ ਡਾਕਟਰੀ ਇਲਾਜ ਵੀ ਕਰਵਾ ਚੁੱਕੇ ਹੁੰਦੇ ਹਨ ਜਿਸ ਨਾਲ ਉਹਨਾਂ ਦੀ ਬੀਮਾਰੀ ਜੇ ਖ਼ਤਮ ਨਹੀਂ ਹੋਣੀ ਹੁੰਦੀ ਤਾਂ ਘਟ ਜ਼ਰੂਰ ਗਈ ਹੁੰਦੀ ਹੈ ਤੇ ਕੁਝ ਸਮਾਂ ਪਾ ਕੇ ਉਸਨੇ ਖ਼ਤਮ ਹੋ ਹੀ ਜਾਣਾ ਹੁੰਦਾ ਹੈ। ਸੋ ਕੁਮਾਰ ਸਵਾਮੀ ਜੀ ਨੇ ਲੋਕਾਂ ਦੀ ਉਪਰੋਕਤ ਮਾਨਸਿਕਤਾ ਨੂੰ ਸਮਝਿਆ ਹੈ ਅਤੇ ਆਪਣੇ ਧੰਦੇ ਦੀ ਉਸਾਰੀ ਇਸ ਉਪਰ ਕੀਤੀ ਹੈ।

ਇਸ ਤਰ੍ਹਾਂ ਬੁਣਿਆ ਜਾਂਦਾ ਹੈ ਜਾਲ

ਕੁਮਾਰ ਸਵਾਮੀ ਜੀ ਨੇ ਭਾਰਤ ਦੇ ਬਹੁਤ ਵੱਡੇ-ਵੱਡੇ ਸਿਆਸਤਦਾਨਾਂ ਦਾ ਆਸ਼ੀਰਵਾਦ ਹਾਸਲ ਕੀਤਾ ਹੋਇਆ ਹੈ। ਇਹਨਾਂ ਵਿਚ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ, ਮੈਂਬਰ ਪਾਰਲੀਮੈਂਟ ਅਤੇ ਸਾਬਕਾ ਰਾਸ਼ਟਰਪਤੀ ਸਭ ਸ਼ਾਮਿਲ ਹਨ। ਸਵਾਮੀ ਜੀ ਇਹਨਾਂ ਦੀਆਂ ਤਸਵੀਰਾਂ ਆਪਣੇ ਇਸ਼ਤਿਹਾਰਾਂ ਵਿਚ ਛਾਪ ਕੇ ਸਧਾਰਣ ਜਨਤਾ ਵਿਚ ਆਪਣੀ ਦਿੱਖ ਵੱਡੀ ਵੀ ਕਰਦੇ ਹਨ ਤੇ ਉਨ੍ਹਾਂ ਦੀ ਚਾਪਲੂਸੀ ਵੀ ਅਤੇ ਨਾਲ ਹੀ ਉਨ੍ਹਾਂ ਉਤੇ ਆਪਣੀ ਪਹੁੰਚ ਵਾਲੇ ਵਿਅਕਤੀਆਂ ਨਾਲ ਬਣਦੀ ਹੋਣ ਦਾ ਰੋਹਬ ਪਾਉਂਦੇ ਹਨ। ਸਮਾਗਮ ਦਾ ਸਮਾਂ ਅਤੇ ਸਥਾਨ ਨਿਸ਼ਚਿਤ ਕਰਕੇ ਕੁੱਝ ਅਖ਼ਬਾਰਾਂ ਵਿੱਚ ਦੋ-ਦੋ ਸਫਿਆਂ ਦੇ ਇਸ਼ਤਿਹਾਰ ਛਪਵਾਉਂਦੇ ਹਨ। ਸਵਾਮੀ ਜੀ ਨੂੰ ਇਸਦਾ ਦੂਹਰਾ ਫਾਇਦਾ ਹੁੰਦਾ ਹੈ। ਇੱਕ ਤਾਂ ਉਹਨਾਂ ਦੇ ਗਾਹਕਾਂ ਦੀ ਗਿਣਤੀ ਵਧ ਜਾਂਦੀ ਹੈ, ਦੂਸਰਾ ਉਹਨਾਂ ਦੀ ਨੁਕਤਾਚੀਨੀ ਕਰਨ ਵਾਲਿਆਂ ਦੀਆਂ ਖ਼ਬਰਾਂ ਵੀ ਨਹੀਂ ਛਪਦੀਆਂ। ਇਕੱਠ ਵਾਲੇ ਦਿਨ ਸਵਾਮੀ ਜੀ ਸਟੇਜ ਤੇ ਮੋਹਤਬਰ ਵਿਅਕਤੀਆਂ ਨੂੰ ਬਿਠਾ ਲੈਂਦੇ ਹਨ। ਠੀਕ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀਆਂ ਨੂੰ ਇਸ ਦਿਨ ਵਿਸ਼ੇਸ਼ ਰੂਪ ਵਿੱਚ ਬੁਲਾਇਆ ਜਾਂਦਾ ਹੈ ਤੇ ਉਹਨਾਂ ਨੂੰ ਵਾਰ-ਵਾਰ ਕੈਮਰਿਆਂ ਤੇ ਜਨਤਾ ਸਾਹਮਣੇ ਪੇਸ਼ ਕੀਤਾ ਜਾਂਦਾ ਹੈ। ਜੇ ਕੋਈ ਇਹ ਕਹਿ ਦੇਵੇ ਕਿ ‘‘ਮੇਰੇ ਅਠੱਤੀ ਹਜ਼ਾਰ ਰੁਪਏ ਖਰਚ ਹੋ ਚੁੱਕੇ ਹਨ ਮੈਂ ਹੁਣ ਤੱਕ ਠੀਕ ਨਹੀਂ ਹੋਇਆ।’’” ਅਜਿਹੇ ਵਿਅਕਤੀਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਸਵਾਮੀ ਜੀ ਦੇ ਅਮਲੇ ਫੈਲੇ ਵਿੱਚ ਸੈਂਕੜੇ ਤਨਖਾਹਦਾਰ ਵਿਅਕਤੀ ਸ਼ਾਮਿਲ ਹੁੰਦੇ ਹਨ। ਇਨ੍ਹਾਂ ਵਿਚ 20-25 ਉਹਨਾਂ ਦੇ ਸਕਿਊਰਟੀਗਾਰਡ, ਐਨੇ ਹੀ ਸਟਾਲਾਂ ਲਾਉਣ ਵਾਲੇ, ਪਰਚੀਆਂ ਕੱਟਣ ਵਾਲੇ ਤੇ ਹੋਰ ਪ੍ਰਬੰਧਕ ਹੁੰਦੇ ਹਨ। ਸਭ ਆਪਣੀਆਂ-ਆਪਣੀਆਂ ਡਿਉਟੀਆਂ ਤੇ ਬਿਰਾਜਮਾਨ ਹੋ ਜਾਂਦੇ ਹਨ।

ਇਸ ਤੋਂ ਬਾਅਦ ਬੀਮਾਰੀਆਂ ਦੇ ਮਰੀਜ਼ਾਂ ਦੀਆਂ ਪਰਚੀਆਂ ਕੱਟਣ ਦਾ ਸਿਲਸਿਲਾ ਸ਼ੁਰੂ ਕੀਤਾ ਜਾਂਦਾ ਹੈ। ਗਿਆਰਾਂ ਸੌ, ਇਕੱਤੀ ਸੌ, ਇਕਵੰਜਾ ਸੌ ਅਤੇ ਗਿਆਰਾਂ ਹਜ਼ਾਰ ਦੀਆਂ ਪਰਚੀਆਂ ਤੁਰੰਤ ਕੱਟ ਦਿੱਤੀਆਂ ਜਾਂਦੀਆਂ ਹਨ ਤੇ ਪਰਚੀਆਂ ਕੱਟਣ ਦਾ ਸਿਲਸਿਲਾ ਦੋ ਦਿਨ ਚਲਾਇਆ ਜਾਂਦਾ ਹੈ। ਇਸ ਤੋਂ ਬਾਅਦ ਮਰੀਜ਼ਾਂ ਨੂੰ ਅਗਲੇ ਦਿਨ ਕਿਸੇ ਮੈਰਿਜ ਪੈਲੇਸ ਵਿੱਚ ਆਉਣ ਲਈ ਧੂਫ, ਆਸਣ, ਮਾਲਾ ਆਦਿ ਸਮੱਗਰੀਆਂ ਬਾਹਰ ਲੱਗੀਆਂ ਆਪਣੀਆਂ ਹੀ ਸਟਾਲਾਂ ਤੋਂ ਖ੍ਰੀਦਣ ਲਈ ਹਦਾਇਤ ਕਰ ਦਿੱਤੀ ਜਾਂਦੀ ਹੈ। ਇੱਕ ਵਿਸ਼ੇਸ਼ ਕਿਸਮ ਦੀ ਲੱਕੜ ‘ਊਧ’ ਵੀ ਇੱਕ ਦੋ ਗ੍ਰਾਮ ਖ੍ਰੀਦਣ ਲਈ ਕਿਹਾ ਜਾਂਦਾ ਹੈ, ਜਿਸਦਾ ਮੁੱਲ ਤਿੰਨ ਲੱਖ ਪ੍ਰਤੀ ਕਿਲੋਗ੍ਰਾਮ ਹੁੰਦਾ ਹੈ। ਇਹ ਸਮੱਗਰੀ ਲੈ ਕੇ ਜਦੋਂ ਕੋਈ ਮਰੀਜ਼ ਅਗਲੇ ਦਿਨ ਦੇ ਇਕੱਠ ਵਿੱਚ ਪੁੱਜਦਾ ਹੈ ਤਾਂ ਉਸਨੂੰ ਕੁੱਝ ਮੰਤਰ ਪੜਵਾਏ ਜਾਂਦੇ ਹਨ ਤੇ ਨਾਲ ਹੀ ਦੋ ਚਾਰ ਹਜ਼ਾਰ ਰੁਪਏ ਦੀ ਦਵਾਈ ਮੜ੍ਹ ਦਿੱਤੀ ਜਾਂਦੀ ਹੈ। ਇਸ ਸਮੇਂ ਇੱਕੀ ਹਜ਼ਾਰ, ਇਕੱਤੀ ਹਜ਼ਾਰ ਜਾਂ ਹੋਰ ਵੱਡੀ ਰਾਸ਼ੀ ਨਾਲ ਪਾਠ ਕਰਨ ਦੇ ਪੈਸੇ ਵੀ ਸਵਾਮੀ ਜੀ ਲੈ ਲੈਂਦੇ ਹਨ। ਅੰਦਾਜ਼ੇ ਮੁਤਾਬਕ ਜੋ ਵੀ ਵਿਅਕਤੀ ਬਾਬਾ ਜੀ ਦੇ ਪਾਸ ਪੁੱਜ ਜਾਂਦਾ ਹੈ ਉਹ ਚਾਲੀ ਪੰਜਾਹ ਹਜ਼ਾਰ ਰੁਪਏ ਖਰਚ ਕੇ ਬਹੁਤੀਆਂ ਹਾਲਤਾਂ ਵਿਚ ਆਪਣੀ ਬੀਮਾਰੀ ਸਮੇਤ ਹੀ ਵਾਪਸ ਮੁੜ ਆਉਂਦਾ ਹੈ। ਇਸ ਤਰ੍ਹਾਂ ਬਰਨਾਲੇ ਦੇ ਇਕੱਲੇ ਸਮਾਗਮ ਵਿਚ ਹੀ ਹਜ਼ਾਰਾਂ ਅਜਿਹੇ ਵਿਅਕਤੀ ਸ਼ਾਮਿਲ ਸਨ ਜਿਨ੍ਹਾਂ ਨੇ ਕੁਮਾਰ ਸਵਾਮੀ ਤੋਂ ਦਵਾਈਆਂ ਤੇ ਪਾਠ ਮੁੱਲ ਖ੍ਰੀਦੇ।

ਡਰਾਓ ਤੇ ਲੁੱਟੋ  

ਕੁਮਾਰ ਸਵਾਮੀ ਜੀ ਆਪਣੇ ਧੰਦੇ ਵਿਚੋਂ ਵੱਧ ਤੋਂ ਵੱਧ ਪੈਸਾ ਕਮਾਉਣ ਲਈ ਮਰੀਜ਼ਾਂ ਨੂੰ ਬੀਮਾਰੀਆਂ ਦੀ ਭਿਆਨਕਤਾ ਦਾ ਡਰ ਵੀ ਉਹਨਾਂ ਦੇ ਮਨਾਂ ਵਿਚ ਬੈਠਾਉਂਦੇ ਹਨ। ਕਿਉਂਕਿ ਉਹ ਇਸ ਗੱਲ ਤੋਂ ਭਲੀ-ਭਾਂਤ ਜਾਣੂ ਹਨ ਕਿ ਜਿਨ੍ਹਾਂ ਵੱਧ ਕਿਸੇ ਮਰੀਜ਼ ਨੂੰ ਡਰਾਇਆ ਜਾਵੇਗਾ ਓਨਾ ਵੱਧ ਹੀ ਉਹ ਪੈਸੇ ਚੜ੍ਹਾਵੇਗਾ। ਮੈਂ ਸਮਝਦਾ ਹਾਂ ਕਿ ਪੰਜਾਬ ਵਿੱਚ ਹੀ ਉਸਨੇ ਬਹੁਤ ਸਾਰੀਆਂ ਥਾਵਾਂ ਤੇ ਸਮਾਗਮ ਕੀਤੇ ਹਨ। ਇਸ ਤਰ੍ਹਾਂ ਇਹਨਾਂ ਸਮਾਗਮਾਂ ਰਾਹੀਂ ਉਸਨੇ ਲੋਕਾਂ ਤੋਂ ਕਰੋੜਾਂ ਰੁਪਏ ਠੱਗ ਲਏ ਹਨ। ਉਹਨਾਂ ਦੇ ਮੰਤਰ ਪੜ੍ਹਨ ਜਾਂ ਦੱਸਣ ਜਾਂ ਪਾਠ ਕਰਨ ਕਰਕੇ ਐਨਾ ਪੈਸਾ ਮਰੀਜ਼ਾਂ ਤੋਂ ਵਸੂਲਣਾ ਕੀ ਜਾਇਜ਼ ਹੈ? ਜੋ ਠੀਕ ਨਹੀਂ ਹੋਏ ਉਹਨਾਂ ਦੇ ਪੈਸੇ ਰੱਖਣੇ ਤਾਂ ਕਿਸੇ ਪੱਖੋਂ ਵੀ ਠੀਕ ਨਹੀਂ। ਪੰਜਾਬ ਸਰਕਾਰ ਨੂੰ ਇਸ ਗੱਲ ਦੀ ਪੜਤਾਲ ਕਰਵਾਉਣੀ ਚਾਹੀਦੀ ਹੈ।

ਸਵਾਮੀ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਦੇ ਨਾਂ ਤੇ ਤਸਵੀਰ ਦੀ ਵਰਤੋਂ ਬੀਮਾਰ ਲੋਕਾਂ ਨੂੰ ਠੱਗਣ ਲਈ ਕੀਤੀ ਹੈ। ਇਸ ਗੱਲੋਂ ਮੈਨੂੰ ਆਪਣੇ ਲੋਕਾਂ ਦੀ ਸੋਚ ਤੇ ਵੀ ਅਫ਼ਸੋਸ ਹੁੰਦਾ ਹੈ ਕਿ ਉਹ ਅਜਿਹੇ ਸਿਆਸਤਦਾਨਾਂ ਦੇ ਹੱਥਾਂ ‘ਚ ਆਪਣੇ ਦੇਸ਼ ਦੀ ਵਾਗਡੋਰ ਸੰਭਾਲ ਦਿੰਦੇ ਹਨ, ਜਿਹੜੇ ਅਣਜਾਣਪੁਣੇ ਵਿਚ ਜਾਂ ਜਾਣਬੁੱਝ ਕੇ ‘ਖਾਲੀ ਹੈ’ ਦੀ ਦੁਹਾਈ ਪਾਏ ਜਾਣ ਵਾਲੇ ਖਜ਼ਾਨੇ ਦਾ ਮੂੰਹ ਅਜਿਹੇ ਜਨਤਕ ਠੱਗਾਂ ਲਈ ਖੋਲ੍ਹ ਦਿੰਦੇ ਹਨ, ਜਿਹੜੇ ਸ਼ਹਿਰ-ਸ਼ਹਿਰ ਜਾ ਕੇ ਲੋਕਾਂ ਨੂੰ ਆਪਣੀ ਚਲਾਕੀ ਨਾਲ ਠੱਗਣਾ ਸ਼ੁਰੂ ਕਰ ਦਿੰਦੇ ਹਨ। ਨਵਜੋਤ ਸਿੱਧੂ ਜੀ ਅੰਮ੍ਰਿਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਪਾਰਲੀਮੈਂਟ ਹਨ। ਉਨ੍ਹਾਂ ਨੇ ਆਪਣੇ ਪਾਰਲੀਮੈਂਟਰੀ ਕੋਟੇ ਵਿਚੋਂ ਸਵਾਮੀ ਜੀ ਨੂੰ ਪੰਜਾਹ ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਹੋਇਆ ਹੈ। ਬਾਦਲ ਸਾਹਿਬ ਨੇ ਵੀ ਕੁਮਾਰ ਸਵਾਮੀ ਨੂੰ ਸਰਕਾਰੀ ਜ਼ਮੀਨ ਦੇਣ ਦੇ ਨਾਲ-ਨਾਲ ਹਰ ਕਿਸਮ ਦੀ ਸਹਾਇਤਾ ਦੇਣ ਦੀ ਬਚਨਬੱਧਤਾ ਦੁਹਰਾਈ ਹੈ। ਜੇ ਉਨ੍ਹਾਂ ਨੂੰ ਸਵਾਮੀ ਜੀ ਤੇ ਇੰਨਾ ਹੀ ਵਿਸ਼ਵਾਸ ਸੀ ਫਿਰ ਆਪਣਾ ਇਲਾਜ ਅਮਰੀਕਾ ਵਿਚ ਕਰਵਾਉਣ ਲਈ ਕਿਉਂ ਗਏ? ਇਨ੍ਹਾਂ ਸਾਰੀਆਂ ਗੱਲਾਂ ਦਾ ਜ਼ਿਕਰ ਸਵਾਮੀ ਜੀ ਦੇ ਇਸ਼ਤਿਹਾਰਾਂ ਵਿਚ ਦਰਜ ਹੈ। ਕੀ ਅਜਿਹੇ ਧੰਦੇਬਾਜਾਂ ਨੂੰ ਸਰਕਾਰੀ ਫੰਡਾਂ ਦੇ ਵੱਡੇ ਗੱਫੇ ਦੇਣਾ ਜਨਤਕ ਫੰਡਾਂ ਦਾ ਦੁਰਉਪਯੋਗ ਨਹੀਂ? ਇੱਕ ਪਾਸੇ ਸਰਕਾਰ ਵੱਲੋਂ ਅਣ-ਰਜਿ. ਮੈਡੀਕਲ ਪ੍ਰੈਕਟੀਸਨਰਾਂ ਦੇ ਕਲੀਨਿਕਾਂ ਤੇ ਲਗਾਤਾਰ ਪੰਜ-ਸੱਤ ਵਰ੍ਹਿਆਂ ਤੋਂ ਛਾਪੇ ਮਾਰੇ ਜਾ ਰਹੇ ਹਨ ਅਤੇ ਅਜਿਹੇ ਨੀਮ ਹਕੀਮਾਂ ਦੁਆਰਾ ਕੀਤੀ ਜਾਂਦੀ ਇਸ਼ਤਿਹਾਰਬਾਜ਼ੀ ਤੇ ਵੀ ਪੂਰਨ ਪਾਬੰਦੀ ਹੈ। ਪਰ ਦੂਸਰੇ ਪਾਸੇ ਸਰਕਾਰੀ ਛਤਰ-ਛਾਇਆ ਹੇਠ ਨੀਮ ਹਕੀਮੀ ਦਾ ਇਹ ਧੰਦਾ ਵੱਡੀ ਇਸ਼ਤਿਹਾਰਬਾਜ਼ੀ ਰਾਹੀਂ ਚਲਾਇਆ ਜਾ ਰਿਹਾ ਹੈ। ਕੀ ਪੰਜਾਬ ਸਰਕਾਰ ਦਾ ਇਹ ਦੂਹਰਾ ਮਿਆਰ ਨਹੀਂ?

ਬਾਬਾ ਜੀ ਦੇ ਦਾਅਵੇ

ਬਾਬਾ ਜੀ ਦਾਅਵੇ ਵੀ ਬਹੁਤ ਵੱਡੇ-ਵੱਡੇ ਕਰ ਰਹੇ ਹਨ। ਆਪਣੇ ਇਸ਼ਤਿਹਾਰਾਂ ਵਿਚ ਉਹ ਲਿਖਦੇ ਹਨ ਕਿ ਉਹ ਅਮਰੀਕਾ ਅਤੇ ਭਾਰਤ ਦੇ ਰਾਸ਼ਟਰਪਤੀਆਂ ਦੇ ਡਾਕਟਰ ਰਹੇ ਹਨ। ਮਨਮੋਹਨ ਸਿੰਘ ਵੀ ਉਸ ਦੇ ਬੀਜ ਮੰਤਰਾਂ ਦੁਆਰਾ ਭਾਰਤ ਦਾ ਦੂਸਰੀ ਵਾਰ ਪ੍ਰਧਾਨ ਮੰਤਰੀ ਬਣਿਆ ਹੈ। ਤਰਕਸ਼ੀਲ ਸੁਸਾਇਟੀ ਉਸ ਦੇ ਇਸ ਦਾਅਵੇ ਦੀ ਵੀ ਪੜਤਾਲ ਕਰ ਰਹੀ ਹੈ।

ਸਾਡੀ ਚੁਣੌਤੀ

ਸਵਾਮੀ ਜੀ ਦੀ ਕਰਾਮਾਤ ਤੇ ਜੇ ਕਿਸੇ ਨੂੰ ਜ਼ਿਆਦਾ ਵਿਸ਼ਵਾਸ ਹੋਵੇ ਤਾਂ ਉਹਨਾਂ ਨੂੰ ਗੂੰਗਿਆਂ, ਬਹਿਰਿਆਂ, ਅੰਨ੍ਹਿਆਂ ਦੇ ਸਕੂਲਾਂ ਵਿੱਚ ਜਾਂ ਅੰਮ੍ਰਿਤਸਰ ਦੇ ਪਾਗਲਖਾਨੇ ਵਿਚ ਲਿਜਾ ਕੇ ਪਰਖ ਕੀਤੀ ਜਾ ਸਕਦੀ ਹੈ। ਮੈਨੂੰ ਸੌ ਪ੍ਰਤੀਸ਼ਤ ਯਕੀਨ ਹੈ ਕਿ ਕੁਮਾਰ ਸਵਾਮੀ ਦੇ ਦਾਅਵੇ ਦਸ ਪ੍ਰਤੀਸ਼ਤ ਵੀ ਸਹੀ ਨਹੀਂ ਹੋਣਗੇ।

ਅੰਤ ਵਿਚ ਮੈਂ ਤਰਕਸ਼ੀਲ ਸੁਸਾਇਟੀ (ਰਜਿ.) ਵੱਲੋਂ ਬਾਬਾ ਜੀ ਨੂੰ ਇਹ ਪੇਸ਼ਕਸ਼ ਦੁਹਰਾਉਂਦਾ ਹਾਂ ਕਿ ਉਹ ਸਾਡੇ ਦੁਆਰਾ ਦਿੱਤੇ ਪੋਲੀਓ, ਅਧਰੰਗ ਅਤੇ ਸ਼ੂਗਰ ਦੇ ਦਸ-ਦਸ ਮਰੀਜ਼ ਇੱਕ ਮਹੀਨੇ ਦੇ ਅੰਦਰ-ਅੰਦਰ ਆਪਣੇ ਬੀਜ ਮੰਤਰਾਂ ਦੀ ਸ਼ਕਤੀ ਨਾਲ ਠੀਕ ਕਰ ਦੇਣ, ਤਾਂ ਸੁਸਾਇਟੀ ਬਾਬਾ ਜੀ ਨੂੰ ਇੱਕ ਕਰੋੜ ਰੁਪਏ ਦਾ ਇਨਾਮ ਦੇਣ ਲਈ ਬਚਨਬੱਧ ਹੋਵੇਗੀ। ਇਸ ਵਿਚ 10% ਅਸਫ਼ਲਤਾ ਵੀ ਮੁਆਫ਼ ਹੋਵੇਗੀ ਪਰ ਇਸ ਸਭ ਲਈ ਦੋਹਾਂ ਧਿਰਾਂ ਵਿਚ ਇੱਕ ਲਿਖਤੀ ਇਕਰਾਰਨਾਮਾ ਕਰਨਾ ਹੋਵੇਗਾ ਅਤੇ ਬਾਬਾ ਜੀ ਇਹ ਦੱਸਣਗੇ ਕਿ ਅਸਫ਼ਲ ਰਹਿਣ ਦੀ ਹਾਲਤ ਵਿਚ ਉਹ ਕੀ ਸਜ਼ਾ ਕਬੂਲਣਗੇ?

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>