ਫ਼ਤਹਿਗੜ੍ਹ ਸਾਹਿਬ – “ਜੋ ਭਾਰਤੀ ਮੁਕਤੀ ਪਾਰਟੀ, ਬਾਮਸੇਫ਼, ਐਸ.ਸੀ, ਐਸ.ਟੀ, ਓ.ਬੀ.ਸੀ. ਅਤੇ ਸਮੁੱਚੀਆਂ ਘੱਟ ਗਿਣਤੀ ਕੌਮਾਂ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਾਂਝੇ ਤੌਰ ਤੇ ਬੀਜੇਪੀ-ਆਰ.ਐਸ.ਐਸ. ਵਰਗੀਆਂ ਫਿਰਕੂ ਪਾਰਟੀਆਂ ਵੱਲੋਂ ਉਪਰੋਕਤ ਵਰਗਾਂ ਉਤੇ ਕੀਤੇ ਜਾਣ ਵਾਲੇ ਜ਼ਬਰ-ਜੁਲਮਾਂ ਵਿਰੁੱਧ ਮੁਤੱਸਵੀ ਸੋਚ ਅਤੇ ਉਪਰੋਕਤ ਮੁਤੱਸਵੀ ਪਾਰਟੀਆਂ ਦਾ ਸਿਆਸਤ ਤੋਂ ਬਿਸਤਰਾ ਗੋਲ ਕਰਨ ਦੇ ਮਕਸਦ ਨੂੰ ਲੈਕੇ ‘ਭਾਰਤ ਬੰਦ’ ਦੇ ਦਿੱਤੇ ਗਏ ਸਾਂਝੇ ਸੱਦੇ ਉਤੇ ਜਿਨ੍ਹਾਂ ਸਭ ਵਰਗਾਂ ਨੇ ਸਹਿਯੋਗ ਕਰਕੇ ਕਾਮਯਾਬ ਕਰਦੇ ਹੋਏ ਫਿਰਕੂ ਹੁਕਮਰਾਨਾਂ ਨੂੰ ਚੁਣੋਤੀ ਭਰਿਆ ਸੰਦੇਸ਼ ਦਿੱਤਾ ਹੈ ਅਤੇ ਘੱਟ ਗਿਣਤੀ ਕੌਮਾਂ ਦੀ ਸਾਂਝੀ ਸਰਕਾਰ ਕਾਇਮ ਕਰਨ ਲਈ ਰਾਹ ਪੱਧਰਾਂ ਕੀਤਾ ਹੈ, ਉਸ ਲਈ ਉਚੇਚੇ ਤੌਰ ਤੇ ਸਮੁੱਚੇ ਇਨਸਾਫ਼ ਪਸੰਦ ਭਾਰਤੀ ਅਤੇ ਪੰਜਾਬੀਆਂ ਦਾ ਧੰਨਵਾਦ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਰਤ ਬੰਦ ਦੀ ਸੰਪੂਰਨ ਕਾਮਯਾਬੀ ਉਤੇ ਭਾਰਤੀ ਮੁਕਤੀ ਪਾਰਟੀ, ਬਾਮਸੇਫ਼, ਐਸ.ਸੀ, ਐਸ.ਟੀ, ਓ.ਬੀ.ਸੀ. ਅਤੇ ਸਮੁੱਚੀਆਂ ਘੱਟ ਗਿਣਤੀ ਕੌਮਾਂ ਆਦਿ ਨੂੰ ਉਚੇਚੇ ਤੌਰ ਤੇ ਮੁਬਾਰਕਬਾਦ ਦਿੰਦੇ ਹੋਏ ਅਤੇ ਸਮੁੱਚੇ ਭਾਰਤ ਤੇ ਪੰਜਾਬ ਨਿਵਾਸੀਆਂ ਵੱਲੋਂ ਮਨੁੱਖਤਾ ਪੱਖੀ ਨਿਭਾਈ ਗਈ ਭੂਮਿਕਾ ਲਈ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਰਾਜਸਥਾਂਨ, ਵੈਸਟ ਬੰਗਾਲ, ਬਿਹਾਰ, ਯੂਪੀ ਅਤੇ ਕੁਝ ਹੋਰ ਸੂਬਿਆਂ ਵਿਚ ਭਾਰਤ ਬੰਦ ਕਰਨ ਵਾਲੇ ਵਰਗਾਂ ਉਤੇ ਜ਼ਬਰ ਕਰਦੇ ਹੋਏ ਉਨ੍ਹਾਂ ਨੂੰ ਮੌਤ ਦੇ ਮੂੰਹ ਵਿਚ ਧਕੇਲਣ ਦੇ ਦੁੱਖਦਾਇਕ ਅਮਲ ਹੋਏ ਹਨ, ਇਹ ਬਹੁਗਿਣਤੀ ਹਿੰਦੂ ਕੌਮ ਨਾਲ ਸੰਬੰਧਤ ਹੁਕਮਰਾਨਾਂ ਅਤੇ ਅਪਰਾਧੀਆਂ ਦੀ ਇਹ ਕਾਰਵਾਈ ਆਪਣੇ ਸਿਆਸੀ ਸਿਘਾਸਨ ਡੋਲ ਜਾਣ ਦੇ ਇਵਜ ਵੱਜੋ ਕੀਤੀ ਗਈ ਹੈ ਜਿਸ ਨੂੰ ਉਪਰੋਕਤ ਸਮੁੱਚੇ ਵਰਗ ਬਿਲਕੁਲ ਬਰਦਾਸਤ ਨਹੀਂ ਕਰਨਗੇ ਅਤੇ ਨਾ ਹੀ ਅਸੀਂ ਇਨ੍ਹਾਂ ਦੀਆਂ ਤਾਨਾਸ਼ਾਹੀ ਅਤੇ ਗੈਰ-ਇਨਸਾਨੀਅਤ ਵਾਲੀਆ ਕਾਰਵਾਈਆ ਦੇ ਅਮਲ ਹੋਣ ਦੇਵਾਂਗੇ । ਕਿਉਂਕਿ ਇਥੋਂ ਦਾ ਉਹ ਵਰਗ ਜਿਸ ਦੀ ਵੱਸੋ ਇਥੇ 85-87% ਹੈ, ਉਹ ਹੁਣ ਇਨ੍ਹਾਂ ਫਿਰਕੂ ਹੁਕਮਰਾਨਾਂ ਦੇ ‘ਪਾੜੋ ਅਤੇ ਰਾਜ ਕਰੋ’ ਦੀ ਮਨੁੱਖਤਾ ਵਿਰੋਧੀ ਸੋਚ ਨੂੰ ਸਮਝ ਚੁੱਕਾ ਹੈ ਜਿਸ ਵਿਚ ਹੁਣ ਇਹ ਮੁਤੱਸਵੀ ਆਗੂ ਕਤਈ ਸਫ਼ਲ ਨਹੀਂ ਹੋ ਸਕਣਗੇ । ਸ. ਮਾਨ ਨੇ ਵੱਖ-ਵੱਖ ਸੂਬਿਆਂ, ਉਚੇਚੇ ਤੌਰ ਤੇ ਜਿਨ੍ਹਾਂ ਸੂਬਿਆਂ ਅਤੇ ਸੈਂਟਰ ਵਿਚ ਬੀਜੇਪੀ ਤੇ ਫਿਰਕੂਆਂ ਦੀ ਹਕੂਮਤ ਹੈ, ਉਨ੍ਹਾਂ ਨੂੰ ਸੁਚੇਤ ਅਤੇ ਖ਼ਬਰਦਾਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਸੂਬਿਆਂ ਅਤੇ ਦਿੱਲੀ ਸੈਂਟਰ ਵਿਚ ਉਪਰੋਕਤ ਘੱਟ ਗਿਣਤੀ ਕੌਮਾਂ ਉਤੇ ਆਉਣ ਵਾਲੇ ਸਮੇਂ ਵਿਚ ਕਿਸੇ ਤਰ੍ਹਾਂ ਦਾ ਜ਼ਬਰ-ਜੁਲਮ ਨਾ ਹੋਵੇ ਅਤੇ ਕਿਸੇ ਵੀ ਸਥਾਂਨ ਤੇ ਕਿਸੇ ਦਲਿਤ, ਮਜ਼ਲੂਮ, ਗਰੀਬ ਆਦਿ ਉਤੇ ਹੁਕਮਰਾਨ ਜਾਂ ਬਹੁਗਿਣਤੀ ਨਾਲ ਸੰਬੰਧਤ ਲੋਕ ਗੈਰ-ਕਾਨੂੰਨੀ ਅਮਲ ਨਾ ਕਰਨ ਸਕਣ ਅਜਿਹਾ ਪ੍ਰਬੰਧ ਕਰਨ ਲਈ ਕਰੜੀ ਨਜ਼ਰ ਰੱਖੀ ਜਾਵੇ । ਤਾਂ ਜੋ ਅਰਾਜਕਤਾ ਅਤੇ ਅਫਰਾ-ਤਫਰੀ ਫੈਲਾਉਣ ਵਾਲੇ ਅਪਰਾਧੀ ਲੋਕ ਆਪਣੇ ਮੰਦਭਾਵਨਾ ਭਰੇ ਮਿਸ਼ਨ ਵਿਚ ਕਾਮਯਾਬ ਨਾ ਹੋ ਸਕਣ ।
ਇਸ ਭਾਰਤ ਬੰਦ ਦੀ ਹੋਈ ਵੱਡੀ ਕਾਮਯਾਬੀ ਜਿਥੇ ਘੱਟ ਗਿਣਤੀ ਕੌਮਾਂ ਦੇ ਮਜ਼ਬੂਤ ਸਾਂਝੇ ਪਲੇਟਫਾਰਮ ਨੂੰ ਬਣਨ ਉਤੇ ਵੱਡਾ ਬਲ ਮਿਲਿਆ ਹੈ, ਉਥੇ ਕੌਮਾਂਤਰੀ ਪੱਧਰ ਤੇ ਘੱਟ ਗਿਣਤੀ ਕੌਮਾਂ ਦੇ ਰੱਖਿਆ ਅਤੇ ਸੁਰੱਖਿਆ ਦਾ ਸਥਾਈ ਪ੍ਰਬੰਧ ਹੋ ਸਕੇ, ਉਸ ਮਿਸ਼ਨ ਨੂੰ ਲੈਕੇ ਭਾਰਤੀ ਮੁਕਤੀ ਪਾਰਟੀ, ਬਾਮਸੇਫ਼, ਘੱਟ ਗਿਣਤੀ ਕੌਮਾਂ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਾਂਝੇ ਤੌਰ ਤੇ ਯੂਨਾਈਟਡ ਨੇਸ਼ਨ ਦੇ ਮੁੱਖ ਦਫ਼ਤਰ ਅਤੇ ਅਸੈਬਲੀ ਦੇ ਸਾਹਮਣੇ ਆਪਣੀ ਗੱਲ ਕਹਿਣ ਲਈ ਨਿਊਯਾਰਕ ਵਿਖੇ ਪ੍ਰੋਗਰਾਮ ਰੱਖਿਆ ਜਾ ਰਿਹਾ ਹੈ, ਜਿਸਦਾ ਪ੍ਰਬੰਧ ਸ. ਬੂਟਾ ਸਿੰਘ ਕੰਨਵੀਨਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਮਰੀਕਾ ਅਤੇ ਉਨ੍ਹਾਂ ਦੀ ਜਥੇਬੰਦੀ ਕਰਨਗੇ। ਅਗਲੀ ਸੂਚਨਾ ਪ੍ਰਾਪਤ ਕਰਨ ਲਈ ਸ. ਬੂਟਾ ਸਿੰਘ ਦੇ ਮੋਬਾਈਲ ਫੋਨ ਨੰਬਰ 001-609-351-0321 ਨਾਲ ਸੰਪਰਕ ਕੀਤਾ ਜਾ ਸਕਦਾ ਹੈ ।