ਪੰਦਰਾਂ ਦਿਨਾਂ ਦਾ ਹਾਜੀ…..

14 ਸਤੰਬਰ 2012 ਦੀ ਸ਼ਾਮ ਦੇ ਵੇਲੇ ਮੈਂ ਆਪਣੇ ਮਿੱਤਰ ਨੀਲ ਕਮਲ ਨਾਲ ਆਪਣੇ ਪਬਲੀਕੇਸ਼ਨ ਹਾਊਸ ਦੇ ਦਫ਼ਤਰ ਬੈਠਾ ਰੁਟੀਨ ਦੇ ਗੱਪ ਸ਼ੱਪ ਮਾਰ ਰਿਹਾ ਸੀ ਕਿ ਇੱਕ ਦਮ 5-6 ਪੁਲਿਸ ਵਾਲੇ ਮੇਰੇ ਦਫ਼ਤਰ ਆ ਬੜੇ। ਮੈਂ ਸੋਚਿਆ ਕਿ ਉਂਝ ਹੀ ਸ਼ਾਇਦ ਕਿਤਾਬਾਂ ਵੇਖਣ ਆਏ ਹੋਣਗੇ। ਪਰ ਉਹਨਾਂ ਮੇਰੇ ਬਾਰੇ ਪੁੱਛਿਆ ਅਤੇ ਆਪਣੇ ਨਾਲ ਚੱਲਣ ਲਈ ਕਿਹਾ ਬਾਹਰ ਰੋਡ ਤੇ ਗੱਡੀ ਵਿੱਚ ਸਥਾਨਕ ਐਸ.ਐਚ.ਓ. ਬੈਠਾ ਸੀ ਜਿਸਨੇ ਮੈਨੂੰ ਗੱਡੀ ’ਚ ਬੈਠਣ ਲਈ ਕਿਹਾ। ਮੇਰਾ ਮਿੱਤਰ ਜੋ ਕੇ ਅੰਗਰੇਜ਼ੀ ਅਖ਼ਬਾਰ ਦਾ ਪ੍ਰਸਿੱਧ ਪੱਤਰਕਾਰ ਹੈ ਨੇ ਪੁਲਿਸ ਅਧਿਕਾਰੀ ਨੂੰ ਆਪਣੀ ਬਾਬਤ ਦੱਸਕੇ ਗ੍ਰਿਫਤਾਰੀ ਦਾ ਕਾਰਣ ਪੁੱਛਿਆ ਤਾਂ ਉਸਨੇ ਕੁਝ ਵੀ ਦੱਸਣ ਤੋਂ ਇਨਕਾਰ ਕਰਦਿਆਂ ਝੱਟ ਉਥੋਂ ਚੱਲ ਪਿਆ।

ਹੁਣ ਮੈਂ ਚਾਰ ਪੁਲਿਸ ਵਾਲਿਆਂ ਦੀ ਹਿਰਾਸਤ ਵਿੱਚ ਸਾਂ ਮੈਨੂੰ ਆਪਣੇ ਕਸੂਰ ਬਾਰੇ ਕੁਝ ਵੀ ਨਹੀਂ ਪਤਾ ਸੀ। ਪੁਲਿਸ ਦੀ ਗੱਡੀ ਕੁਝ ਦੇਰ ਬਾਅਦ ਅੱਗੇ ਜਾ ਕੇ ਰੁਕੀ ਅਤੇ ਪੁਲਿਸ ਅਧਿਕਾਰੀ ਬਾਹਰ ਖੜ੍ਹਕੇ ਕਿਸੇ ਨਾਲ ਗੱਲ ਕਰਨ ਲੱਗਾ। ਮੈਂ ਸਮਝ ਗਿਆ ਕੇ ਮੇਰੇ ਮਿੱਤਰ ਨੇ ਕਿਸੇ ਉਚ ਅਧਿਕਾਰੀ ਨਾਲ ਗੱਲ ਕੀਤੀ ਹੋਵੇਗੀ ਸ਼ਾਇਦ ਹੁਣ ਮੇਰਾ ਬਚਾਅ ਹੋ ਜਾਵੇ। ਕੁਝ ਮਿੰਟਾਂ ਬਾਅਦ ਗੱਡੀ ਵਿੱਚ ਬੈਠਣ ਸਾਰ ਅਧਿਕਾਰੀ ਨੇ ਡਰਾਇਵਰ ਨੂੰ ਗੱਡੀ ਘੁੰਮਾਉਣ ਲਈ ਕਿਹਾ, ਹੁਣ ਗੱਡੀ ਖੁੱਡੀ ਵੱਲ ਨੂੰ ਚੱਲ ਪਈ ਕੁਝ ਹੀ ਮਿੰਟਾਂ ਵਿੱਚ ਉਹ ਮੈਨੂੰ ਹੰਢਿਆਏ ਦੇ ਮਸ਼ਹੂਰ ਸੀ.ਆਈ.ਏ. ਸਟਾਫ਼ ਲੈ ਪਹੁੰਚੇ। ਮੇਰੀਆਂ ਲੱਤਾਂ ਡਰ ਕਾਰਨ ਕੰਬ ਰਹੀਆਂ ਸਨ।

ਅਜੇ ਤੱਕ ਮੈਨੂੰ ਮੇਰੇ ਕਸੂਰ ਦਾ ਕੁਝ ਪਤਾ ਨਹੀਂ ਸੀ। ਪੁਲਿਸ ਵਾਲੇ ਮੈਨੂੰ ਇਕ ਕਮਰੇ ਵਿੱਚ ਲੈ ਗਏ ਜੋ ਸ਼ਾਇਦ ਉਨ੍ਹਾਂ ਦਾ ਆਪਣਾ ਸੌਣ ਕਮਰਾ ਸੀ। ਮੇਰੀ ਨਿਗਰਾਨੀ ਕਰ ਰਹੇ ਪੁਲਿਸ ਕਰਮਚਾਰੀ ਨੂੰ ਜਦੋਂ ਮੈਂ ਆਪਣੇ ਕਸੂਰ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਕਿ ਮੈਨੂੰ ਜਿਆਦਾ ਤਾਂ ਨਹੀਂ ਪਤਾ ਸ਼ਾਇਦ ਇੱਕ ਕਿਤਾਬ ਦਾ ਮਾਮਲਾ ਹੈ। ਹੁਣ ਮੈਨੂੰ ਵੀ ਲੱਗਿਆ ਕਿ ਸ਼ਾਇਦ ਮੈਨੂੰ ਮਾਲਵੇ ਦੇ ਮਸ਼ਹੂਰ ਕਿੱਸਾਕਾਰ ਰਜਬ ਅਲੀ ਜੀ ਦੀਆਂ ਲਿਖਤਾਂ ਕਾਰਨ ਫੜ੍ਹਿਆ ਗਿਆ ਹੈ, ਜਿਸ ਬਾਬਤ ਥੋੜ੍ਹਾ ਜਿਹਾ ਵਿਵਾਦ ਬੀਤੇ ਦਿਨੀਂ ਮੋਗਾ ਵਿੱਚ ਹੋਇਆ ਸੀ।

ਰਜਬ ਅਲੀ ਇੱਕ ਅਜਿਹੇ ਮਹਾਨ ਕਿੱਸਾਕਾਰ ਹੋਏ ਕੇ ਉਨ੍ਹਾਂ ਦੇ ਰਚਿਤ ਕਿੱਸੇ ਅੱਜ ਵੀ ਮਾਲਵੇ ਦੇ ਬਹੁਤ ਸਾਰੇ ਕਿੱਸਾਕਾਰ ਗਾਉਂਦੇ ਹਨ। ਭਾਰਤ ਪਾਕਿ ਵੰਡ ਦੌਰਾਨ ਉਹ ਆਪਣਾ ਪਿੰਡ ਸਾਹੋਕੇ ਛੱਡ ਕੇ ਲਹਿੰਦੇ ਪੰਜਾਬ ਜਾ ਵਸੇ। ਉਨਾਂ ਦੀ ਕਿੱਸਾਕਾਰੀ ਮਾਲਵੇ ਵਿੱਚ ਅੱਜ ਵੀ ਬੜੀ ਮਕਬੂਲ ਹੈ। ਪਾਠਕਾਂ ਵਿੱਚ ਉਹਨਾਂ ਦੀਆਂ ਲਿਖਿਆਂ ਕਿਤਾਬਾਂ ਦੀ ਵਾਹਵਾ ਮੰਗ ਰਹਿੰਦੀ ਹੈ। ਇਸੇ ਮੰਗ ਨੂੰ ਧਿਆਨ ਵਿੱਚ ਰੱਖਕੇ ਮੈਂ ਰਜਬ ਅਲੀ ਜੀ ਦੇ ਪਿੰਡ ਦੇ ਹੀ ਵਸਨੀਕ ਅਤੇ ਉਨ੍ਹਾਂ ਦੇ ਸ਼ਗਿਰਦ ਜਗਜੀਤ ਸਾਹੋਕੇ ਜੀ ਨਾਲ ਗੱਲਬਾਤ ਕਰਕੇ ਕਵੀਸ਼ਰੀ ਨੂੰ ਮੁੜ ਛਾਪਣ ਦਾ ਫੈਸਲਾ ਲਿਆ। ‘ਸਿੱਖੀ ਕਾਵਿ’, ‘ਰਜਬ ਅਲੀ ਦੀ ਚੋਣਵੀਂ ਕਵਿਤਾ’ ਤੋਂ ਬਾਅਦ ਇਹ ਉਨ੍ਹਾਂ ਦੀ ਤੀਜੀ ਕਿਤਾਬ ਸੀ ਜੋ ਮੈਂ ਤੇ ਜਗਜੀਤ ਜੀ ਨੇ ਮਿਲਕੇ ਛਾਪੀ ਸੀ। ਕਿਤਾਬ ਵਿੱਚ ਰਜਬ ਅਲੀ ਜੀ ਦੇ ਮਸ਼ਹੂਰ ਡਾਕੂਆਂ ਨਾਲ ਸੰਬੰਧਤ ਕਿੱਸੇ ਹੀ ਛਾਪੇ ਗਏ ਅਤੇ ਨਾਂ ਰੱਖਿਆ ‘ਗਾਥਾ ਸੂਰਮਿਆਂ ਦੀ..’। ਅਲੀ ਜੀ ਦਾ ਆਪਣੀ ਰਚਨਾ ਵਿੱਚ ਮੰਨਣਾ ਹੈ ਕਿ ਇਹ ਡਾਕੂ, ਸਮਾਜ ਵਿਚਲੀਆਂ ਫੈਲੀਆਂ ਊਨਤਾਈਆਂ ਦੇ ਵਿਰੋਧ ਵਿੱਚ ਹਥਿਆਰਬੰਦ ਹੋ ਕਿ ਲੜ ਰਹੇ ਸੀ ਪਰ ਸਨ ਅਸਲੀ ਸੂਰਮੇ ਹੀ।

ਜਿਵੇਂ ਕਿ ਵਾਰਸ ਸ਼ਾਹ ਦੀ ਹੀਰ ਜਾਂ ਹੋਰ ਧਾਰਿਮਕ ਗ੍ਰੰਥ ਜਾਤੀ ਸੂਚਕ ਸ਼ਬਦਾਂ ਨਾਲ ਭਰੇ ਪਏ ਹਨ ਉਂਝ ਹੀ ਇਸ ਕਿਤਾਬ ਵਿੱਚ ਵੀ ਰਜਬ ਅਲੀ ਜੀ ਨੇ ਬਹੁਤ ਸਾਰੇ ਜਾਤੀ ਸੂਚਕ ਸ਼ਬਦ ਵਰਤੇ ਸਨ ਜਿੰਨ੍ਹਾਂ ਨਾਲ ਅੱਜ ਦੇ ਦੌਰ ਵਿੱਚ ਸਹਿਮਤ ਨਹੀਂ ਹੋਇਆ ਜਾ ਸਕਦਾ, ਪਰ ਮੈਂ ਸਮਝਦਾ ਹਾਂ ਪ੍ਰਕਾਸ਼ਕ ਜਾਂ ਸੰਪਾਦਕ ਦੇ ਤੌਰ ਤੇ ਸਾਡੇ ਕੋਲ ਕੋਈ ਅਧਿਕਾਰ ਨਹੀਂ ਕਿ ਅਸੀਂ ਪੁਰਣੇ ਲੇਖਕ ਦੀ ਮੌਲਿਕਤਾ ਨਾਲ ਖਿਲਵਾੜ ਕਰੀਏ।

ਪੁਲਿਸ ਹਿਰਾਸਤ ਵਿੱਚ ਮੈਂ ਬਹੁਤ ਸਾਰੀਆਂ ਘੁੰਮਣ ਘੇਰੀਆਂ ਵਿੱਚ ਫਸਿਆ ਹੋਇਆ ਸੀ ਪੁਲਿਸ ਵਾਲਿਆਂ ਨੇ ਮੈਨੂੰ ਕਮਰੇ ਵਿੱਚੋਂ ਉਠਾ ਲਿਆ ਅਤੇ ਹੁਣੇ ਹੁਣੇ ਪੁੱਜੇ ਐਸ.ਐਸ.ਪੀ. ਦੇ ਅੱਗੇ ਪੇਸ਼ ਕੀਤਾ। ਇੱਥੇ ਹੀ ਮੈਂ ਵੇਖਿਆ ਕਿ ਪੁਲਿਸ ਜਗਜੀਤ ਸਾਹੋਕੇ ਜੀ ਨੂੰ ਗ੍ਰਿਫ਼ਤਾਰ ਕਰਕੇ ਲਿਆ ਚੁੱਕੀ ਹੈ। ਐਸ.ਐਸ.ਪੀ. ਨੇ ਸਿਰਫ਼ ਇੰਨਾ ਹੀ ਪੁੱਛਿਆ ਕਿ ਕਿੰਨੀ ਕਿਤਾਬ ਛਾਪੀ ਸੀ ਮੈਂ ਕਿਹਾ ਜੀ ਇੱਕ ਹਜ਼ਾਰ, ਉਹ ਕਹਿਣ ਲੱਗਾ ਕਿ ਸਾਨੂੰ ਤਾਂ ਜਗਜੀਤ ਸਾਹੋਕੇ ਤੋਂ 200 ਕਾਪੀ ਹੀ ਮਿਲੀ ਹੈ ਬਾਕੀ ਕਿੱਥੇ ਹੈ। ਮੈਂ ਕਿਹਾ ਜੀ ਬਾਕੀ ਅੱਠ ਸੌ ਦਿੱਲੀ ਤੋਂ ਟਰਾਂਸਪੋਰਟ ਰਾਹੀਂ ਬਰਨਾਲੇ ਲਈ ਚੱਲੀ ਹੈ। ਜੋ ਬਾਅਦ ਵਿੱਚ ਪੁਲਿਸ ਵਾਲਿਆਂ ਟਰਾਂਸਪੋਰਟ ਦੇ ਦਫ਼ਤਰ ’ਚੋ ਬਰਾਮਦ ਕਰ ਕੇ ਕੇਸ ਪ੍ਰਾਪਰਟੀ ਬਣਾ ਦਿੱਤੀ।

ਮੇਰੇ ਅਤੇ ਜਗਜੀਤ ਸਾਹੋਕੇ ਉਤੇ ਐਸ.ਸੀ.ਐਸ. ਐਕਟ, ਦੰਗੇ ਫਲਾਉਣ ਦੀ ਸਾਜਿਸ਼ ਰਚਨ ਜਿਹੀਆਂ ਸੰਗੀਨ ਧਾਰਾਵਾਂ ਹੇਠ ਪਰਚਾ ਦਰਜ ਹੋ ਚੁੱਕਿਆ ਸੀ। ਐਸ. ਐਸ. ਪੀ. ਦੇ ਜਾਣ ਤੋਂ ਕੁਝ ਸਮਾਂ ਬਾਅਦ ਹੀ ਨੀਲ ਕਮਲ ਅਤੇ ਮੇਰੇ ਪਿਤਾ ਮੇਘ ਰਾਜ ਮਿੱਤਰ ਵੀ ਮੈਨੂੰ ਮਿਲਣ ਪਹੁੰਚ ਗਏ। ਨੀਲ ਕਮਲ ਨੇ ਹੁਣ ਤੱਕ ਸਭ ਪਤਾ ਕਰ ਲਿਆ ਸੀ ਸਥਾਨਿਕ ਡੀ.ਐਸ.ਪੀ. ਦੇ ਬਿਆਨਾਂ ਤੇ ਉਪਰਲੇ ਹੁਕਮਾਂ ਅਨੁਸਾਰ ਇਹ ਕੇਸ ਦਰਜ ਕੀਤਾ ਗਿਆ ਸੀ।

ਪੁਲਿਸ ਨੇ ਮੈਨੂੰ ਦੋ ਦਿਨ ਅਤੇ ਜਗਜੀਤ ਸਾਹੋਕੇ ਨੂੰ ਇੱਕ ਦਿਨ ਪੁਲਿਸ ਹਰਾਸਤ ਵਿੱਚ ਰੱਖਿਆ, ਉਨ੍ਹਾਂ ਦਾ ਮੁੱਖ ਮਕਸਦ ਇਹ ਪਤਾ ਲਗਾਉਣਾ ਸੀ ਕਿ ਅਸੀਂ ਡਾਕੂਆਂ ਨਾਲ ਸੰਬੰਧਿਤ ਕਿੱਸੇ ਹੀ ਕਿਉਂ ਛਾਪੇ। ਪੁਲਿਸ ਨੂੰ ਇੰਟੈਲੀਜੈਂਸ ਵਿਭਾਗ ਦੀ ਇਹ ਸੂਚਨਾ ਸੀ ਕਿ ਇੰਨ੍ਹਾਂ ਕਿੱਸਿਆਂ ਰਾਹੀਂ ਅਸੀਂ ਲੋਕਾਂ ਨੂੰ ਬਗਾਵਤ ਲਈ ਉਕਸਾਉਣਾ ਚਾਹੁੰਦੇ ਹਾਂ। ਹੁਣ ਮੈਨੂੰ ਸਮਝ ਲੱਗ ਪਿਆ ਸੀ ਕਿ ਸਟੇਟ ਨੇ ਜਾਣ ਬੁੱਝਕੇ ਮੈਨੂੰ ਨਿਸ਼ਾਨਾ ਬਣਾਉਣ ਲਈ ਇਹ ਝੂਠਾ ਪਰਚਾ ਦਰਜ ਕੀਤਾ ਹੈ।

ਦੋ ਦਿਨਾਂ ਦੀ ਹਿਰਾਸਤ ਤੋਂ ਬਾਅਦ ਮੈਨੂੰ ਜੇਲ੍ਹ ਭੇਜ ਦਿੱਤਾ ਗਿਆ। ਬਰਨਾਲਾ ਜੇਲ੍ਹ ਭਦੌੜ ਰੋੜ ਤੇ ਪੰਜ ਕੁ ਕਿਲੋਮੀਟਰ ਦੀ ਵਿੱਥ ਤੇ ਹੈ। ਜੇਲ੍ਹ ਦੇ ਛੋਟੇ ਗੇਟ ਰਾਹੀਂ ਅੰਦਰ ਜਾਂਦਿਆਂ ਹੀ ਸਭ ਤੋਂ ਪਹਿਲਾਂ ਜਾਮਾ ਤਲਾਸ਼ੀ ਅਤੇ ਨਾਲ ਹੀ ਜੇਲ੍ਹਰ ਕੋਲ ਪੇਸ਼ ਕੀਤਾ ਗਿਆ, ਫਿਰ ਜੇਲ੍ਹ ਦੇ ਅੰਦਰੂਨੀ ਗੇਟ ਰਾਹੀਂ ਮੈਂ ਅੰਦਰ ਪਹੁੰਚ ਗਿਆ। ਲੱਗਭਗ ਸਾਰੀਆਂ ਜੇਲ੍ਹਾਂ ਦਾ ਹੀ ਕੇਂਦਰੀ ਸਿਸਟਮ ਹੁੰਦਾ ਹੈ ਜਿਸ ਨੂੰ ਚੱਕਰ ਕਿਹਾ ਜਾਂਦਾ ਹੈ। ਗੋਲ ਅਕਾਰ ਦੇ ਇੱਕ ਛੋਟੇ ਜਿਹੇ ਕਮਰੇ ਨੂੰ ਚੱਕਰ ਕਿਹਾ ਜਾਂਦਾ ਹੈ। ਅੰਦਰ ਵੜਦੇ ਸਾਰ ਹੀ ਮੈਨੂੰ ਮੇਰੇ ਸ਼ਹਿਰ ਦੇ ਕੁਝ ਜਾਣੂ ਨੌਜਵਾਨ ਮਿਲੇ ਜਿੰਨ੍ਹਾਂ ਨੇ ਗਰਮਜੋਸ਼ੀ ਨਾਲ ਮੇਰਾ ਸਵਾਗਤ ਕੀਤਾ। ਉਨ੍ਹਾਂ ਵਿੱਚੋਂ ਇੱਕ ਨੇ ਦੱਸਿਆ ਕਿ ਰੋਜ਼ਾਨਾ ਅਖ਼ਬਾਰਾਂ ਤੋਂ ਤੇਰੇ ’ਤੇ ਪਰਚੇ ਦਾ ਪਤਾ ਚੱਲ ਗਿਆ ਸੀ ਅਤੇ ਨਾਲ ਹੀ ਤੇਰੇ ਪੁਲਿਸ ਰਿਮਾਂਡ ਦਾ ਵੀ ਜਿਸਤੋਂ ਸਾਨੂੰ ਅੰਦਾਜ਼ਾ ਸੀ ਕਿ ਤੂੰ ਅੱਜ ਸਾਡੇ ਕੋਲ ਪਹੁੰਚ ਜਾਂਵੇਗਾ। ਚਾਹ ਪਾਣੀ ਪਿਲਾਉਣ ਤੋਂ ਬਾਅਦ ਉਨ੍ਹਾਂ ਨੇ ਮੇਰੇ ਰਹਿਣ ਦਾ ਪ੍ਰਬੰਧ ਆਪਣੀ ਬੈਰਕ ਵਿੱਚ ਹੀ ਕਰਵਾ ਦਿੱਤਾ ਜਿੱਥੇ ਪਹਿਲਾਂ ਤੋਂ ਹੀ ਮੇਰੇ ਕੇਸ ਭਾਈਵਾਲ ਜਗਜੀਤ ਸਾਹੋਕੇ ਜੀ ਵੀ ਮੌਜੂਦ ਸਨ। ਮੈਂ ਆਪਣਾ ਖੱਡਾ ਉਨ੍ਹਾਂ ਦੇ ਨਾਲ ਹੀ ਲਗਾ ਲਿਆ।

ਮੇਰਾ ਸਾਰਾ ਪਰਿਵਾਰ ਹੀ ਅਗਾਂਹਵਧੂ ਵਿਚਾਰਾਂ ਦਾ ਧਾਰਨੀ ਹੈ, ਕੇਸ ਬਾਰੇ ਸਭ ਦੇ ਮਨ ਵਿੱਚ ਚਿੰਤਾ ਤਾਂ ਜਰੂਰ ਸੀ, ਪਰ ਨਾਲ ਹੀ ਸਾਰੇ ਇਸ ਨੂੰ ਪਾਰਟ ਆਫ਼ ਲਾਈਫ਼ ਹੀ ਮੰਨਦੇ ਹਨ। ਮੈਥੋਂ ਪਹਿਲਾਂ ਮੇਰੇ ਪਿਤਾ ਜੀ ਵੀ ਤਿੰਨ ਮਹੀਨੇ ਦੀ ਕੈਦ ਕਿਸੇ ਅੰਦੋਲਨ ਦੌਰਾਨ ਕੱਟ ਚੁੱਕੇ ਸਨ, ਪਰ ਦੂਜੇ ਪਾਸੇ ਮੇਰੇ ਸਹੁਰਾ ਪਰਿਵਾਰ ਜਾਂ ਹੋਰ ਨਜਦੀਕੀ ਰਿਸ਼ਤੇਦਾਰ ਇਸ ਗੱਲ ਨੂੰ ਲੈ ਕੇ ਬਹੁਤੇ ਚਿੰਤਤ ਸਨ। ਮੈਨੂੰ ਅੱਜ ਵੀ ਇਹ ਗੱਲ ਚੁਭਦੀ ਹੈ ਜਦੋਂ ਮੈਂ ਜੇਲ੍ਹੋਂ ਬਾਹਰ ਆਇਆ ਤਾਂ ਮੇਰੀ ਭੂਆ ਕਹਿਣ ਲੱਗੀ ਕਿ ਪੁੱਤ ਤੂੰ ਅਜਿਹੇ ਗਲਤ ਕੰਮ ਛੱਡ ਕਿਉਂ ਨੀਂ ਦਿੰਦਾ ਜੀਹਦੇ ਕਰਕੇ ਤੈਨੂੰ ਜੇਲ੍ਹ ਜਾਣਾ ਪਿਆ, ਭੂਆ ਨੂੰ ਕੀ ਕਹਾਂ ਮੈਨੂੰ ਸਮਝ ਨਹੀਂ ਆਇਆ।

ਪੁਲਿਸ ਹਿਰਾਸਤ ਤੋਂ ਜੇਲ੍ਹ ਜਾਂਦੇ ਹੀ ਅਗਲੇ ਦਿਨ ਮੇਰਾ ਮਿੱਤਰ ਨੀਲ ਕਮਲ ਮੈਨੂੰ ਮਿਲਣ ਆਇਆ ਕਹਿੰਦਾ ਮੈਂ ਪਟਿਆਲਾ ਰੇਂਜ ਦੇ ਆਈ ਜੀ ਨੂੰ ਮਿਲਣ ਗਿਆ ਜੋ ਕਿ ਉਸਦਾ ਵਧੀਆ ਮਿੱਤਰ ਸੀ। ਬੈਠਦੇ ਸਾਰ ਹੀ ਆਈ.ਜੀ. ਮੈਨੂੰ ਕਹਿਣ ਲੱਗਾ ‘‘ਨੀਲ ਮੈਨੂੰ ਪਤਾ ਹੈ ਤੂੰ ਕਿਸ ਕੰਮ ਆਇਆ ਹੈਂ। ਇਸ ਸਾਰੇ ਮਾਮਲੇ ਦੀ ਦੇਖ ਰੇਖ ਮੈਂ ਹੀ ਕਰ ਰਿਹਾ ਸੀ, ਮੈਨੂੰ 10 ਮਿੰਟ ਬਾਅਦ ਹੀ ਪਤਾ ਲੱਗ ਗਿਆ ਸੀ ਕਿ ਜਿਸ ਲੜਕੇ ਨੂੰ ਅਸੀਂ ਗ੍ਰਿਫ਼ਤਾਰ ਕੀਤਾ ਹੈ ਉਹ ਤੇਰਾ ਮਿੱਤਰ ਹੈ। ਪਰ ਚਾਹੁੰਦੇ ਹੋਏ ਵੀ ਮੈਂ ਇਸ ਮਾਮਲੇ ਵਿੱਚ ਤੇਰੀ ਕੋਈ ਸਹਾਇਤਾ ਨਹੀਂ ਕਰ ਸਕਦਾ ਸੀ, ਇਸ ਪੂਰੇ ਮਾਮਲੇ ਬਾਰੇ ਡੀ.ਜੀ.ਪੀ. ਦਫ਼ਤਰ ਦਾ ਮੇਰੇ ’ਤੇ ਬਹੁਤ ਪ੍ਰੈਸ਼ਰ ਸੀ। ਨੀਲ ਦੇ ਨਾਲ ਹੀ ਮੇਰਾ ਛੋਟਾ ਭਾਈ ਡਾਕਟਰ ਵਿਸ਼ਾਲ ਵੀ ਉਸ ਆਈ. ਜੀ. ਨੂੰ ਮਿਲਣ ਗਏ ਸਨ। ਜਿਉਂ ਹੀ ਉਹ ਵਾਪਸੀ ਲਈ ਬਾਹਰ ਨਿਕਲਣ ਲੱਗੇ ਤਾਂ ਆਈ. ਜੀ. ਹੱਸ ਕੇ ਨੀਲ ਨੂੰ ਕਹਿਣ ਲੱਗਾ ਕਿ ਯਾਰ ਇੱਕ ਗੱਲ ਦੱਸਾਂ ਤੇਰਾ ਉਹ ਮਿੱਤਰ ਕਹਿਣ ਨੂੰ ਤਰਕਸ਼ੀਲ ਹੈ ਪਰ ਹੈ ਕਿਸੇ ਹੋਰ ਵਿਚਾਰਧਾਰਾ ਦਾ ਹਾਮੀ। ਜਿਸ ਕਾਰਣ ਡੀਜੀਪੀ ਸਾਹਿਬ ਇਸ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ।’’ ਉਸਦੀਆਂ ਗੱਲਾਂ ਸੁਣਕੇ ਮੇਰੇ ਮਿੱਤਰ ਅਤੇ ਭਰਾ ਨੂੰ ਹੁਣ ਇਹ ਗੱਲ ਸਾਫ਼ ਹੋ ਚੁੱਕੀ ਸੀ ਕਿ ਸਰਕਾਰ ਜਾਣ ਬੁੱਝਕੇ ਮੈਨੂੰ ਮੇਰੀਆਂ ਛਾਪੀਆਂ ਅਗਾਂਹਵਧੂ ਜਾਂ ਖੱਬੇਪੱਖੀ ਸਾਹਿਤ ਕਾਰਨ ਨਿਸ਼ਾਨਾ ਬਣਾ ਰਹੀ ਹੈ।
ਆਪਣੇ ਮਿੱਤਰ ਦੀਆਂ ਗੱਲਾਂ ਸੁਣਕੇ ਮੇਰੇ ਮਨ ਨੂੰ ਧਰਵਾਸ ਹੋਇਆ ਕਿ ਚਲੋ ਗੱਲ ਸਾਫ ਤਾਂ ਹੋਈ। ਨਹੀਂ ਤਾਂ ਸਰਕਾਰ ਨੂੰ ਕੀ ਕਾਹਲੀ ਸੀ ਕਿ ਉਹ ਅਜਿਹੇ ਕਵੀ ਦੀਆਂ ਲਿਖਤਾਂ ਲਈ ਮੈਨੂੰ ਗ੍ਰਿਫਤਾਰ ਕਰੇ ਜਿਸ ਦੀਆਂ ਉਹ ਲਿਖਤਾਂ ਮੈਥੋਂ ਪਹਿਲਾਂ ਯੂਨਿਵਰਸਿਟੀਆਂ ਜਾਂ ਭਾਸ਼ਾ ਵਿਭਾਗ ਵੀ ਛਾਪ ਚੁੱਕਾ ਸੀ।

ਇਹ ਵੀ ਸਾਫ ਹੋ ਚੁੱਕਾ ਸੀ ਕਿ ਮੇਰੇ ’ਤੇ ਪਰਚਾ ਇੰਟੈਲੀਜੈਂਸ ਵਿਭਾਗ ਦੇ ਇੱਕ ਸਭ ਤੋਂ ਸੀਨੀਅਰ ਅਫ਼ਸਰ ਦੇ ਕਹਿਣ ਤੇ ਕੀਤਾ ਗਿਆ ਹੈ। ਮੇਰਾ ਛੋਟਾ ਭਾਈ ਵਿਸ਼ਵ ਅੰਗਰੇਜੀ ਅਖ਼ਬਾਰ ਦਾ ਪੱਤਰਕਾਰ ਹੈ ਸਮੇਂ-ਸਮੇਂ ਤੇ ਸਰਕਾਰਾਂ ਖਿਲਾਫ਼ ਵੀ ਲਿਖਦਾ ਰਹਿੰਦਾ ਹੈ। ਉਸਨੇ ਆਪਣੇ ਇੱਕ ਸਹਿਕਰਮੀ ਮਿੱਤਰ ਨਾਲ ਉਸ ਅਧਿਕਾਰੀ ਨੂੰ ਚੰਡੀਗੜ੍ਹ ਉਸਦੇ ਦਫ਼ਤਰ ਮਿਲਣ ਦਾ ਫੈਸਲਾ ਕੀਤਾ ਤਾਂ ਜੋ ਗੱਲਾਂ ਹੋਰ ਸਪਸ਼ਟ ਹੋ ਸਕਣ। ਉਸਦਾ ਉਹ ਸਹਿਕਰਮੀ ਇੰਟੈਲੀਜੈਂਸ ਦੇ ਉਸ ਅਫਸਰ ਦਾ ਵੀ ਮਿੱਤਰ ਸੀ ਜਿਸ ਦੀਆਂ ਹਦਾਇਤਾਂ ਉਤੇ ਇਹ ਕੇਸ ਦਰਜ ਕੀਤਾ ਗਿਆ ਸੀ। ਜਦ ਦੋਹੇਂ ਉਸਦੇ ਦਫ਼ਤਰ ਪਹੁੰਚੇ ਤਾਂ ਵਿਸ਼ਵ ਨੇ ਵੇਖਿਆ ਕਿ ਮੇਰੀ ਛਾਪੀ ਉਹੀ ‘ਵਿਵਾਦਗ੍ਰਸਤ’ ਕਿਤਾਬ ਅਧਿਕਾਰੀ ਦੇ ਮੇਜ ’ਤੇ ਪਈ ਸੀ। ਰੁਟੀਨ ਦੀਆਂ ਗੱਲਾਂ ਤੋਂ ਬਾਅਦ ਵਿਸ਼ਵ ਦਾ ਮਿੱਤਰ ਮੁੱਦੇ ਵੱਲ ਆਇਆ ਤਾਂ ਅਧਿਕਾਰੀ ਨਾਲ ਦੇ ਨਾਲ ਹੀ ਚੋਕਨਾ ਹੁੰਦਾ ਹੋਇਆ ਕਹਿਣ ਲੱਗਾ ਤੁਹਾਡਾ ਇਸ ਮਾਮਲੇ ਨਾਲ ਕੀ ਸੰਬੰਧ? ਤਾਂ ਵਿਸ਼ਵ ਦੇ ਮਿੱਤਰ ਨੇ ਕਿਹਾ ਜਿਸ ਨੂੰ ਤੁਸੀਂ ਗ੍ਰਿਫਤਾਰ ਕਰਵਾਇਆ ਉਹ ਮੇਰੇ ਇਸ ਮਿੱਤਰ ਦਾ ਭਰਾ ਹੈ।

ਇੰਟੈਲੀਜੈਂਸ ਅਧਿਕਾਰੀ ਝੱਟ ਹੀ ਵਿਸ਼ਵ ਨੂੰ ਸੰਬੋਧਿਤ ਹੁੰਦਾ ਬੋਲਿਆ ਅੱਛਾ-ਅੱਛਾ ਤੁਸੀਂ ਮੇਘ ਰਾਜ ਮਿੱਤਰ ਦੇ ਲੜਕੇ ਹੋ। ਬੜੀ ਸਾਫ਼ਗੋਈ ਨਾਲ ਕਹਿੰਦਾ ਯਾਰ ਇੱਕ ਗੱਲ ਕਹਾਂ ਜਿਹੋ ਜਿਹੀਆਂ ਕਿਤਾਬਾਂ ਤੇਰਾ ਭਰਾ ਛਾਪਦਾ ਹੈ ਉਨ੍ਹਾਂ ਨੂੰ ਪੜ੍ਹ-ਪੜ੍ਹ ਕੇ ਪੰਜਾਬ ਵਿੱਚ ਕਿਸਾਨ, ਮਜ਼ਦੂਰ ਜਾਂ ਵਿਦਿਆਰਥੀ ਸਾਡੇ ਖਿਲਾਫ਼ ‘ਜਿੰਦਾਬਾਦ-ਮੁਰਦਾਬਾਦ’ ਬਹੁਤ ਕਰਦੇ ਹਨ। ਉਸ ਅਧਿਕਾਰੀ ਦੀਆਂ ਗੱਲਾਂ ਨਾਲ ਇਹ ਸਥਿਤੀ ਚਿੱਟੇ ਦਿਨ ਵਾਂਗ ਸਾਫ਼ ਹੋ ਚੁੱਕੀ ਸੀ ਕਿ ਸਰਕਾਰ ਨੇ ਜਾਣ ਬੁੱਝਕੇ ਮੈਨੂੰ ਨਿਸ਼ਾਨਾ ਬਣਾਇਆ ਹੈ।

ਮੇਰੇ ਨਾਲ ਜੋ ਬੀਤੀ ਉਸਦਾ ਮੈਨੂੰ ਕੋਈ ਪਛਤਾਵਾ ਨਹੀਂ। 1970ਵਿਆਂ ਵਿੱਚ ਮਾਓ ਜੇ ਤੁੰਗ ਦੀ ‘ਲਾਲ ਕਿਤਾਬ’ ਕਾਰਣ ਬਹੁਤ ਸਾਰੇ ਨੌਜਵਾਨਾਂ ਨੂੰ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਸੀ। ਮੈਂ ਗ੍ਰਿਫਤਾਰੀ ਤੋਂ ਸਾਲ ਕੁ ਪਹਿਲਾਂ ਹੀ ਇਸ ਕਿਤਾਬ ਨੂੰ ਮੁੜ ਪ੍ਰਕਾਸ਼ਿਤ ਕੀਤਾ ਸੀ। ਅਜਿਹੀਆਂ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਮੈਂ ਤਰਕਭਾਰਤੀ ਪ੍ਰਕਾਸ਼ਨ ਵੱਲੋਂ ਹੁਣ ਤੱਕ ਪ੍ਰਕਾਸ਼ਿਤ ਕਰ ਚੁੱਕਾ ਸੀ ਜੋ ਦੱਬੇ ਕੁਚਲੇ ਲੋਕਾਂ ਨੂੰ ਸੰਘਰਸ਼ ਲਈ ਪ੍ਰੇਰਿਤ ਕਰਦੀਆਂ ਹਨ।

ਉਪਰੋਕਤ ਦੋਹੇਂ ਗੱਲਾਂ ਤੋਂ ਇਹ ਗੱਲ ਸਾਫ਼ ਹੋ ਚੱਲੀ ਸੀ ਕਿ ਸਾਜ਼ਿਸ਼ ਤਹਿਤ ਸਰਕਾਰ ਅਤੇ ਪੁਲਿਸ ਨੇ ਮੈਨੂੰ ਨਿਸ਼ਾਨਾ ਬਣਾਇਆ ਹੈ, ਮੇਰੇ ਕਾਰਣ ਅਜਿਹਾ ਕੇਸ ਹੀ ਉਨ੍ਹਾਂ ਨੂੰ ਸੰਗਮ ਪ੍ਰਕਾਸ਼ਨ ਸਮਾਣਾ ਦੇ ਮਾਲਕ ਸ੍ਰੀ ਅਸ਼ੋਕ ਕੁਮਾਰ ਜੀ ਤੇ ਵੀ ਦਰਜ ਕਰਨਾ ਪਿਆ। ਜਿਉਂ ਹੀ ਸਾਡੀ ਗ੍ਰਿਫ਼ਤਾਰੀ ਹੋਈ ਤਾਂ ਇਸ ਦਾ ਵਿਰੋਧ ਵੀ ਹੋਣਾ ਸ਼ੁਰੂ ਹੋ ਗਿਆ। ਸਭ ਤੋਂ ਪਹਿਲਾਂ ਪੰਜਾਬ ਵਿੱਚ ਅਨਸੂਚਿਤ ਜਾਤੀ ਕਮੀਸ਼ਨ ਦੇ ਚੇਅਰਮੈਨ ਪਾਂਧੀ ਜੀ ਨੇ ਸਾਡੇ ਹੱਕ ਵਿੱਚ ਬਿਆਨ ਦਿੱਤਾ। ਪੁਲਿਸ ਨੇ ਕਾਹਲੀ ਵਿੱਚ ਮੇਰੇ ਨਾਲ ਹੀ ਮੇਰੇ ਸਾਥੀ ਜਗਜੀਤ ਸਾਹੋਕੇ ਜੀ ਤੇ ਵੀ ਐਸ.ਸੀ.ਐਸ. ਐਕਟ ਦੀਆਂ ਧਾਰਾਵਾਂ ਹੇਠ ਪਰਚਾ ਦਰਜ ਕਰ ਦਿੱਤਾ ਸੀ ਜੋ ਕਿ ਸਰਾਸਰ ਗਲਤ ਸੀ। ਸਾਹੋਕੇ ਜੀ ਖੁਦ ਉਸੇ ਭਾਈਚਾਰੇ ਵਿਚੋਂ ਸਨ, ਕਾਨੂੰਨ ਅਨੁਸਾਰ ਅਜਿਹਾ ਨਹੀਂ ਕੀਤਾ ਜਾ ਸਕਦਾ ਸੀ। ਸਾਡੇ ਸਭ ਤੇ ਜੋ ਮੁੱਖ ਧਾਰਾ ਸੀ ਉਹ ਇਹੀ ਸੀ, ਸਾਡੇ ਹੱਕ ਵਿੱਚ ਪਾਂਧੀ ਜੀ ਦਾ ਬਿਆਨ ਆਉਣ ਤੋਂ ਬਾਅਦ ਪੁਲਿਸ ਨੇ ਮਜਬੂਰੀ ਵਿੱਚ ਉਹ ਧਾਰਾ ਸਾਹੋਕੇ ਜੀ ਤੋਂ ਹਟਾ ਲਈ ਜਿਸ ਕਾਰਣ ਪੁਲਿਸ ਦਾ ਕੇਸ ਪਹਿਲੇ ਸੱਟੇ ਹੀ ਕਮਜ਼ੋਰ ਹੋ ਗਿਆ। ਜੇਲ੍ਹ ਵਿੱਚ ਜਦੋਂ ਸਾਨੂੰ ਇਸਦੀ ਸੂਚਨਾ ਮਿਲੀ ਤਾਂ ਸਾਨੂੰ ਕੁਝ ਧਰਵਾਸ ਮਿਲੀ ਕਿ ਸ਼ਾਇਦ ਹੁਣ ਸਾਡੀ ਜ਼ਮਾਨਤ ਕੁਝ ਜਲਦੀ ਹੋ ਜਾਵੇ। ਪਹਿਲਾਂ ਜੇਲ੍ਹ ਵਿੱਚ ਬੰਦ ਕੈਦਿਆਂ ਨੇ ਸਾਨੂੰ ਕਹਿ ਦਿੱਤਾ ਸੀ ਕਿ ਜਿਸ ਧਾਰਾ ਵਿੱਚ ਤੁਸੀਂ ਬੰਦ ਹੋ ਥੋਡੀ ਜਮਾਨਤ ਤਿੰਨ ਚਾਰ ਮਹੀਨੇ ਨਹੀਂ ਹੁੰਦੀ। ਅਜਿਹੀ ਹੀ ਸ਼ੰਕਾ ਮੇਰੇ ਸਤਿਕਾਰਯੋਗ ਪ੍ਰਸਿੱਧ ਲੇਖਕ ਮਾਲਵਿੰਦਰਜੀਤ ਸਿੰਘ ਵੜੈਚ ਜੀ ਵੀ ਮੇਰੀ ਪਤਨੀ ਨੀਲਮ ਨਾਲ ਫ਼ੋਨ ’ਤੇ ਪ੍ਰਗਟ ਕਰ ਚੁੱਕੇ ਸਨ। ਜਿਸ ਕਾਰਨ ਉਹ ਵਾਹਵਾ ਚਿੰਤਤ ਸੀ।

ਹੁਣ ਤੱਕ ਇਹ ਮਾਮਲਾ ਵਾਹਵਾ ਚਰਚਾ ਵਿੱਚ ਆ ਚੁੱਕਾ ਸੀ, ਖਾਸਕਰ ਅੰਗਰੇਜੀ ਮੀਡੀਏ ਨੇ ਉਸ ਮੌਕੇ ਇਸ ਨੂੰ ਖੂਬ ਤਵੱਜੋ ਦਿੱਤੀ। ‘ਦਾ ਟ੍ਰਿਬਿਊਨ’ ਨੇ ਸੰਪਾਦਕੀ ਲਿਖੀ, ਇੰਡੀਅਨ ਐਕਸਪ੍ਰੈਸ, ਟਾਈਮਜ਼ ਆਫ਼ ਇੰਡੀਆ ਨੇ ਕਈ ਵੱਡੀਆਂ ਵੱਡੀਆਂ ਖ਼ਬਰਾਂ ਲਾ ਦਿੱਤੀਆਂ ਸਨ। ਹਫ਼ਤੇ ਕੁ ਬਾਅਦ ਜੇਲ੍ਹ ਵਿੱਚ ਇੱਕ ਦਿਨ ਚੰਡੀਗੜ੍ਹ ਤੋਂ ਮੈਨੂੰ ਹਿੰਦੋਸਤਾਨ ਟਾਈਮਜ਼ ਦਾ ਪੱਤਰਕਾਰ ਅਰੀਸ਼ ਛਾਬੜਾ ਮਿਲਣ ਆਇਆ ਜੇਲ੍ਹ ਵਿੱਚ ਸੁਲਾਖਾਂ ਪਿੱਛੇ ਬੰਦ ਦੀ ਚੋਰੀ ਛਿਪੇ ਮੇਰੀ ਫੋਟੋ ਵੀ ਖਿੱਚੀ, ਇਹ ਫੋਟੋ ਮੇਰੇ ਕੋਲ ਹੁਣ ਵੀ ਸਾਂਭੀ ਹੋਈ ਹੈ। ਅਗਲੇ ਦਿਨ ਉਸਨੇ ਇੱਕ ਪੂਰਾ ਪੰਨਾ ਇਸ ਕੇਸ ’ਤੇ ਆਪਣੇ ਅਖ਼ਬਾਰ ਵਿੱਚ ਛਾਪਿਆ ਜਿਸ ਵਿੱਚ ਮੇਰੇ ਜੇਲ੍ਹ ਵਿੱਚ ਬੰਦ ਦੀ ਫੋਟੋ ਵੀ ਸੀ ਅਤੇ ਨਾਲ ਹੀ ਕੈਪਸ਼ਨ ਸੀ ‘ਰਜਬ ਅਲੀ ਤਾਂ ਮਹਿਜ਼ ਬਹਾਨਾ ਹੈ ਮਾਮਲਾ ਕੁਝ ਹੋਰ ਹੈ’।
ਕਈ ਵੱਡੇ ਵੱਡੇ ਬੁੱਧਜੀਵੀ, ਜਮਹੂਰੀ ਸੰਸਥਾਵਾਂ ਦੇ ਆਗੂ ਸਾਡੇ ਹੱਕ ਵਿੱਚ ਬਿਆਨ ਦੇ ਰਹੇ ਸਨ, ਇਹਨਾਂ ਵਿੱਚ ਉਸ ਵੇਲੇ ਬਾਦਲ ਸਰਕਾਰ ਦੇ ਇੱਕ ਮੰਤਰੀ ਜੀ ਨੇ ਵੀ ਮੇਰੇ ਹੱਕ ਵਿੱਚ ਬਿਆਨ ਦੇ ਦਿੱਤਾ। ਇਹ ਮੰਤਰੀ ਕਾਫ਼ੀ ਬੁੱਧੀਜੀਵੀ ਸਨ, ਮੰਨਿਆ ਜਾਂਦਾ ਸੀ ਕਿ ਬਾਦਲ ਸਰਕਾਰ ਵੱਲੋਂ ਸ਼ੁਰੂ ਕੀਤੀ ਸੁਵਿਧਾ ਸੈਂਟਰ ਦੀ ਸਹੂਲਤ ਪਿੱਛੇ ਉਨ੍ਹਾਂ ਦਾ ਦਿਮਾਗ ਹੀ ਕੰਮ ਕਰਦਾ ਸੀ। ਬਿਆਨ ਛਪਦੇ ਹੀ ਮੌਕੇ ਦੇ ਡੀਜੀਪੀ ਨੇ ਮੰਤਰੀ ਜੀ ਨੂੰ ਫ਼ੋਨ ਕੀਤਾ ਅਤੇ ਬਿਆਨ ਵਾਪਸ ਲੈਣ ਲਈ ਦਬਾਅ ਬਣਾਉਣਾ ਸ਼ੁਰੂ ਕੀਤਾ। ਜਦੋਂ ਉਨ੍ਹਾਂ ਇਨਕਾਰ ਕਰ ਦਿੱਤਾ ਤਾਂ ਇੱਕ ਪੁਲਿਸ ਅਧਿਕਾਰੀ ਉਨ੍ਹਾਂ ਦੇ ਘਰ ਪਹੁੰਚ ਗਿਆ ਤੇ ਕਹਿਣ ਲੱਗਾ ਕਿ ਮੈਂ ਤਾਂ ਸਿਰਫ਼ ਤੁਹਾਡੀ ਲਾਇਬਰੇਰੀ ਵੇਖਣ ਆਇਆ ਸੀ, ਤੁਸੀਂ ਕਿਹੋ ਜਿਹੀਆਂ ਕਿਤਾਬਾਂ ਪੜ੍ਹਦੇ ਹੋ। ਪੁਲਿਸ ਖਿਲਾਫ਼ ਰੋਜ ਛਪ ਰਹੇ ਬਿਆਨਾਂ ਤੋਂ ਅੱਕ ਕੇ ਐਸ.ਐਸ.ਪੀ. ਬਰਨਾਲਾ ਨੇ ਨੀਲ ਕਮਲ ਨੂੰ ਕਿਹਾ ਕਿ ਉਹ ਇਹਨਾਂ ਖਬਰਾਂ ਨੂੰ ਰੁਕਵਾਵੇ, ਪਰ ਉਸਨੇ ਅਸਮਰੱਥਤਤਾ ਜਾਹਿਰ ਕਰ ਦਿੱਤੀ।

ਇਸ ਪੂਰੇ ਵਿਵਾਦ ਦੌਰਾਨ ਇਕ ਘਟਨਾ ਦਾ ਵਿਸ਼ੇਸ਼ ਰੂਪ ਵਿੱਚ ਜ਼ਿਕਰ ਕਰਨਾ ਚਾਹਾਂਗਾ ਜਿਨੀਂ ਦਿਨੀਂ ਮੈਂ ਜੇਲ੍ਹ ਵਿੱਚ ਬੰਦ ਸੀ। ਕਿਸਾਨਾਂ ਮਜ਼ਦੂਰਾਂ ਅਤੇ ਅਗਾਂਹਵਧੂ ਮੈਗਜ਼ੀਨਾਂ ਅਧਾਰਿਤ ਚਾਰ ਧਿਰਾਂ ਵੱਲੋਂ ਇੱਕ ਵੱਡਾ ਇਕੱਠ ਜਗਰਾਓ ਵਿੱਚ ਕੀਤਾ ਜਾ ਰਿਹਾ ਸੀ। ਪ੍ਰੋਗਰਾਮ ਤੋਂ ਤੁਰੰਤ ਪਹਿਲਾਂ ਮੇਰੀ ਰਿਹਾਈ ਲਈ ਮਤਾਂ ਪਾਸ ਕਰਨ ਜਾਂ ਨਾ ਕਰਨ ਬਾਰੇ ਚਰਚਾ ਪ੍ਰਬੰਧਕੀ ਧਿਰਾਂ ਵਿੱਚ ਹੋ ਰਹੀ ਸੀ। ਇੱਕ ਧਿਰ ਮੇਰੇ ਹੱਕ ਵਿੱਚ ਮਤਾ ਪਾਸ ਕਰਨ ਦੇ ਖਿਲਾਫ਼ ਸੀ। ਕਾਮਰੇਡਾਂ ਦੀ ਇਹ ਧਿਰ ਦਾ ਸਮਝਣਾਂ ਸੀ ਕਿ ਮੈਂ ਕਿਤਾਬ ਛਾਪਕੇ ਗਲਤ ਗੱਲ ਕੀਤੀ ਹੈ। ਇਹ ਦਲਿਤਾਂ ਪ੍ਰਤੀ ਮੇਰੇ ਨਜ਼ਰੀਏ ਨੂੰ ਦਰਸਾਉਂਦਾ ਹੈ। ਬਾਕੀ ਤਿੰਨ ਧਿਰਾਂ ਮਤੇ ਨੂੰ ਪਾਸ ਕਰਨ ਦੇ ਹੱਕ ਵਿੱਚ ਸਨ। ਅੰਤ ਨੂੰ ਮਤਾ ਪਾਸ ਕਰ ਦਿੱਤਾ ਗਿਆ। ਮੇਰਾ ਵਿਰੋਧ ਕਰਨ ਵਾਲੀ ਇਹ ਇਕੋ ਧਿਰ ਸੀ ਜਿਸ ਦਾ ਹਮਾਇਤੀ ਸਮਝਕੇ ਸਰਕਾਰ ਨੇ ਮੇਰੇ ਖਿਲਾਫ਼ ਇਹ ਪੂਰਾ ਕੇਸ ਤਿਆਰ ਕੀਤਾ ਸੀ।

ਪੰਦਰਵੇਂ ਦਿਨ ਮੈਂ ਜੇਲ੍ਹ ਵਿੱਚੋਂ ਰਿਹਾਅ ਹੋ ਕੇ ਘਰ ਪਹੁੰਚ ਗਿਆ। ਸੈਸ਼ਨ ਜੱਜ ਸਮਝਦਾਰ ਸਨ ਉਨ੍ਹਾਂ ਜ਼ਮਾਨਤ ਦਿੰਦਿਆਂ ਮੇਰੇ ਹੱਕ ਵਿੱਚ ਕਈ ਟਿੱਪਣੀਆਂ ਵੀ ਕੀਤੀਆਂ। ਤਿੰਨ ਕੁ ਮਹੀਨਿਆਂ ਬਾਅਦ ਇਸੇ ਸੈਸ਼ਨ ਜੱਜ ਸਾਹਿਬ ਨੇ ਮੈਨੂੰ ਕੇਸ ਵਿੱਚੋਂ ਬਾ-ਇੱਜਤ ਬਰੀ ਕਰ ਦਿੱਤਾ। ਪੁਲਿਸ ਮੇਰੇ ਖਿਲਾਫ਼ ਚਾਰਜ ਅਪਰੂਵ ਕਰਵਾਉਣ ਵਿੱਚ ਨਾਕਾਮਯਾਬ ਰਹੀਂ ਜਿਸ ਕਾਰਨ ਮੇਰਾ ਇਸ ਕੇਸ ਤੋਂ ਖਹਿੜਾ ਛੁੱਟ ਸਕਿਆ।

ਜੇਲ੍ਹੋਂ ਰਿਹਾਅ ਹੋਣ ਤੋਂ ਕੁਝ ਦਿਨਾਂ ਬਾਅਦ ਮਾਨਸਾ ਵਿਖੇ ਕਾਮਰੇਡ ਸੁਖ਼ਦਰਸ਼ਨ ਨੱਤ ਜੀ ਦੇ ਮੁੰਡੇ ਦੇ ਵਿਆਹ ਦੀ ਪਾਰਟੀ ਸੀ ਮੈਂ ਵੀ ਭੈਣ ਇਕਬਾਲ ਉਦਾਸੀ ਨਾਲ ਉਸ ਪ੍ਰੋਗਰਾਮ ਵਿੱਚ ਗਿਆ ਸੀ। ਵਿਆਹ ਵਿੱਚ ਆਏ ਬਹੁਤੇ ਮਿੱਤਰ ਅਜਿਹੇ ਸਨ ਜਿੰਨ੍ਹਾਂ ਉ¤ਤੇ ਮਜ਼ਦੂਰਾਂ ਕਿਸਾਨਾਂ ਦੇ ਅੰਦੋਲਨਾਂ ਦੌਰਾਨ ਕਈ-ਕਈ ਕੇਸ ਚੱਲ ਰਹੇ ਸਨ। ਜਿੰਨ੍ਹਾਂ ਵਿੱਚੋਂ ਬਹੁਤੇ ਕਈ ਕਈ ਮਹੀਨੇ ਜੇਲ੍ਹਾਂ ਵਿੱਚ ਵੀ ਕੱਟ ਆਏ ਸਨ। ਮੈਨੂੰ ਵੇਖਦੇ ਸਾਰ ਉਹ ਸਭ ਹੱਸਣ ਲੱਗੇ ਉਹਨਾਂ ਵਿੱਚੋਂ ਇੱਕ ਬੋਲਿਆ ਚੰਗਾ ਹੋਇਆ ਤੂੰ ਵੀ ਹੱਜ ਕੱਟ ਆਇਆ ਅੱਗੇ ਰੋਜ-ਰੋਜ ਸਾਥੋਂ ਜੇਲ੍ਹ ਦੇ ਕਿੱਸੇ ਸੁਣਦਾ ਤੰਗ ਕਰਦਾ ਸੀ। ਮੈਂ ਵੀ ਉਹਨਾਂ ਵੱਲ ਵੇਖਕੇ ਹੱਸਣ ਲੱਗਿਆ, ਹੁਣ ਮੈਨੂੰ ਭੂਆ ਦੇ ਕਹੇ ਦਾ ਕੋਈ ਅਫਸੋਸ ਨਹੀਂ ਸੀ…।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>