ਪ੍ਰਸਿੱਧ ਪਹਿਲਵਾਨ ਅਰਜੁਨ ਭੁੱਲਰ ਵਲੋਂ ਦਸਤਾਰ ਸਜਾ ਕੇ ਯੂ.ਐਫ.ਸੀ ਮੁਕਾਬਲੇ ਵਿਚ ਉਤਰਨ ਦੇ ਫੇਸਲੇ ਤੋਂ ਪੂਰਾ ਸਿੱਖ ਸਮਾਜ ਉਤਸ਼ਾਹਿਤ

ਪਰਮਜੀਤ ਸਿੰਘ ਬਾਗੜੀਆ,  ਵਿਦੇਸ਼ਾਂ ਵਿਚ ਖਾਸਕਰ ਪੱਛਮੀ ਦੇਸ਼ਾਂ ਵਿਚ ਸਿੱਖ ਆਪਣੇ ਧਰਮ ਅਤੇ ਸੱਭਿਆਚਾਰ ਪੱਖ ਤੋਂ ਆਪਣੀ ਨਿਵੇਕਲੀ ਪਹਿਚਾਣ ਸਥਾਪਤ ਕਰਨ ਲਈ ਸਰਗਰਮ ਵੀ ਹਨ ਅਤੇ ਕਿਤੇ ਕਿਤੇ ਜੱਦੋ ਜਹਿਦ ਵੀ ਕਰ ਰਹੇ ਹਨ। ਪ੍ਰਸਿੱਧ ਯੂ.ਐਫ.ਸੀ. ਫਾਈਟਰ ਅਤੇ ਪਹਿਲੇ ਸਿੱਖ ਫਾਈਟਰ ਹੋਣ ਦਾ ਮਾਣ ਪ੍ਰਾਪਤ ਕਰਨ ਵਾਲਾ ਅਰਜਨ ਭੁੱਲਰ ਗਲੈਨਡੇਲ, ਐਰੀਜੋਨਾ (ਯੂ.ਐਸ.ਏ) ਵਿਖੇ 14 ਅਪ੍ਰੈਲ ਨੂੰ ਆਪਣੀ ਨਿਰਧਾਰਤ ਫਾਈਟ ਦੌਰਾਨ ਸਿਰ ਤੇ ਦਸਤਾਰ ਸਜਾ ਕੇ ਦੁਨੀਆ ਦੇ ਇਸ ਵੱਡੇ ਅਖਾੜੇ ਵਿਚ ਉਤਰੇਗਾ। ਭੁੱਲਰ ਨੇ ਆਪਣੇ ਇਸ ਯਤਨ ਨੂੰ ਸਿੱਖਾਂ ਦੇ ਖਾਲਸਾਈ ਪੁਰਬ ਵਿਸਾਖੀ ਨੂੰ ਸਮਰਪਿਤ ਕੀਤਾ ਹੈ। ਏਥੇ ਇਹ ਵੀ ਵਰਨਣਯੋਗ ਹੈ ਕਿ ਕੈਨੇਡੀਅਨ ਰੈਸਲਰ ਭੁੱਲਰ 2012 ਦੀ ਲੰਡਨ ਉਲੰਪਿਕ ਵਿਚ ਕੈਨੇਡਾ ਦੀ ਪ੍ਰੀਤਨਿਧਤਾ ਕਰ ਚੱਕਾ ਹੈ ਅਤੇ ਬੀਤੇ ਸਾਲ ਸਤੰਬਰ ਵਿਚ ਲੁਈਸ ਹੈਨਰਿਕ ਨੂੰ ਹਰਾ ਕੇ ਭਾਰਤੀ ਮੂਲ ਦੇ ਪਹਿਲੇ ਯੂ.ਐਫ.ਸੀ ਫਾਈਟਰ ਚੈਂਪੀਅਨ ਬਣਨ ਵਾਲੇ ਅਰਜੁਨ ਭੁੱਲਰ ਨੇ ਪੂਰੇ ਅਮਰੀਕਾ ਵਿਚ ਅਮਰੀਕਾ ਵਾਸੀਆਂ ਨੂੰ ਸਿੱਖਾਂ ਦੀ ਵੱਖਰੀ ਪਹਿਚਾਣ ਪ੍ਰਤੀ ਜਾਗਰੂਕ ਕਰਨ ਲਈ ਸਰਗਰਮ ਸੰਸਥਾ ‘ਨੈਸ਼ਨਲ ਸਿੱਖ ਕੰਪੇਨ’ ਦਾ ਹਿੱਸਾ ਬਣ ਕੇ ਸਿੱਖਾਂ ਅਤੇ ਦਸਤਾਰ ਬਾਰੇ ਅਮਰੀਕੀ ਸਮਾਜ ਨੂੰ ਜਾਣੂ ਕਰਵਾਉਣ ਲਈ ਆਪਣੀ ਖੇਡ ਨੂੰ ਜਰੀਆ ਬਣਾਇਆ ਹੈ। ਉਹ ਆਸਵੰਦ ਹੈ ਕਿ ਉਸਦੇ ਇਸ ਯਤਨ ਨਾਲ ਸਿੱਖ ਭਾਈਚਾਰੇ ਦੇ ਹਿਤ ਉਭਰਨਗੇ ਅਤੇ ਉਸਦੀ ਪਸੰਦੀਦਾ ਖੇਡ ਵਿਚ ਭਾਰਤੀਆਂ ਦੀ ਅਤੇ ਹੋਰਨਾਂ ਏਸ਼ੀਅਨ ਭਾਈਚਾਰਿਆਂ ਦੀ ਸ਼ਮੂਲੀਅਤ ਵਿਚ ਵਾਧਾ ਹੋਵੇਗਾ। ਅਰਜਨ ਭੁੱਲਰ ਆਪਣੀ ਨਿਰਧਾਰਤ ਫਾਈਟ ਨੂੰ ਮੁੱਖ ਰੱਖਦਿਆਂ ਮਹੀਨੇ ਭਰ ਤੋਂ ਐਰੀਜੋਨਾ ਦੇ ਫੀਨਿਕਸ ਸ਼ਹਿਰ ਵਿਖੇ ਪੁੱਜਾ ਹੋਇਆ ਹੈ ਜਿੱਥੇ ਉਹ ਕਈ ਥਾਈਂ ਗੁਰਦੁਆਰਿਆਂ ਵਿਚ ਨਤਮਸਤਕ ਹੋਣ ਦੇ ਨਾਲ ਨਾਲ ਸਿੱਖ ਭਾਈਚਾਰੇ ਨੂੰ ਵੀ ਮਿਲਿਆ।

ਸਿੱਖਨੈੱਟ ਦੇ ਹਵਾਲੇ ਨਾਲ ਪ੍ਰਾਪਤ ਖਬਰ ਅਨੁਸਾਰ ਸਿੱਖ ਜਗਤ ਵਿਚ ਵੱਡੀ ਅਤੇ ਉਤਸ਼ਾਹੀ ਘਟਨਾ ਵਜੋਂ ਵੇਖੇ ਜਾ ਰਹੇ ਇਸ ਯਤਨ ਬਾਰੇ ਅਰਜਨ ਭੁੱਲਰ ਦਾ ਆਖਣਾ ਹੈ ਕਿ ਰਿੰਗ ਵਿਚ ਪਗੜੀ ਸਜਾਉਣਾ ਮੇਰੇ ਲਈ ਵੱਡੇ ਮਾਣ ਵਾਲੀ ਗੱਲ ਹੈ, ਸਾਰੀ ਦੁਨੀਆਂ ਵਿਚ ਬਹੁਤੇ ਲੋਕ ਸਿੱਖਾਂ ਬਾਰੇ ਅਤੇ ਸਿੱਖਾਂ ਦੀ ਦਸਤਾਰ ਬਾਰੇ ਅਜੇ ਬਹੁਤਾ ਨਹੀਂ ਜਾਣਦੇ, ਅਸੀਂ (ਸਿੱਖ) ਕਿਸੇ ਵੀ ਜਾਤ,ਧਰਮ ਅਤੇ ਨਸਲ ਪ੍ਰਤੀ ਬਰਾਬਰਤਾ ਵਿਚ ਵਿਸ਼ਵਾਸ਼ ਰੱਖਦੇ ਹਾਂ, ਇਤਿਹਾਸ ਵਿਚ ਅਸੀਂ ਇਕ ਕੌਮ ਵਜੋਂ ਇਸ ਤਰਾਂ ਲੜੇ ਹਾਂ ਕਿ ਦਸਤਾਰ ਉਨ੍ਹਾਂ ਕਦਰਾਂ ਕੀਮਤਾਂ ਨੂੰ ਬਣਾਈ ਰੱਖਣ ਦਾ ਸੁਨੇਹਾ ਦਿੰਦੀ ਹੈ। ਅਰਜਨ ਭੁੱਲਰ ਮਾਣ ਨਾਲ ਆਖਦਾ ਹੈ ਕਿ ਮੇਰੇ ਲਈ ਸਿੱਖਾਂ ਨੂੰ ਪ੍ਰਤੀਨਿੱਧ ਕਰਨਾ ਬਹੁਤ ਮਹੱਵਪੂਰਨ ਹੈ ਕਿ ਜਿਸ ਭਾਈਚਾਰੇ ਵਿਚੋਂ ਮੈਂ ਹਾਂ ਅਤੇ ਜਿਹੜਾ ਭਾਈਚਾਰਾ ਮੇਰੇ ਆਸ ਪਾਸ ਹੈ।

ਏਥੇ ਇਹ ਵਰਨਣਯੋਗ ਹੈ ਕਿ 9/11 ਦੇ ਹਾਦਸੇ ਤੋਂ ਬਾਅਦ ਸਿੱਖਾਂ ਨੂੰ ਇਸਲਾਮੀ ਭਾਈਚਾਰੇ ਵਿਚੋਂ ਸਮਝਣ ਦੇ ਭੁਲੇਖੇ ਸਦਕਾ ਪਹਿਲਾ ਨਫਤਰੀ ਜੁਰਮ ਵੀ ਫੀਨਿਕਸ ਸ਼ਹਿਰ ਵਿਖੇ ਹੀ ਹੋਇਆ ਸੀ ਜਿਸ ਵਿਚ ਨਸਲੀ ਗੋਰਿਆਂ ਨੇ ਸਥਾਨਕ ਸਿੱਖ ਬਲਬੀਰ ਸਿੰਘ ਸੋਢੀ ਦੀ ਪਗੜੀਧਾਰੀ ਹੋਣ ਕਰਕੇ ਹੀ ਜਾਨ ਲੈ ਲਈ ਸੀ। ਅਰਜਨ ਭੁੱਲਰ ਸੋਢੀ ਦੇ ਪਰਿਵਾਰ ਨੂੰ ਵੀ ਮਿਲ ਚੁੱਕਾ ਹੈ। ਭੁੱਲਰ ਦੇ ਇਸ ਯਤਨ ਤੋਂ ਉਤਸ਼ਾਹਿਤ ਸਿੱਖ ਭਾਈਚਾਰੇ ਦੀ ਆਗੂ ਅਤੇ ਫੀਨਿਕਸ ਸ਼ਹਿਰ ਵਿਚ ‘ਅਸੀਂ ਸਿੱਖ ਹਾਂ’ ਮੁਹਿੰਮ ਦੀ ਮੁਖੀ ਬੀਬੀ ਅੰਜਲੀਨ ਕੌਰ ਦਾ ਆਖਣਾ ਹੈ ਕਿ ਸਿੱਖ ਸਮਾਜ ਦੇ ਬੱਚਿਆਂ ਨੇ ਇਸ ਤੋਂ ਪਹਿਲਾਂ ਅਮਰੀਕਾ ਵਿਚ ਕਦੇ ਕੋਈ ਅਜਿਹਾ ਸਫਲ ਖਿਡਾਰੀ ਨਹੀਂ ਦੇਖਿਆ ਜੋ ਉਨਹਾਂ ਵਰਗਾ ਹੋਵੇ, ਉਨ੍ਹਾਂ ਵਰਗੀ ਬੋਲੀ ਅਤੇ ਕਦਰਾਂ ਕੀਮਤਾਂ ਵਾਲਾ ਹੋਵੇ, ਅਰਜੁਨ ਸਾਡੇ ਲਈ ਇਕ ਫਾਈਟਰ ਪਹਿਲਵਾਨ ਤੋਂ  ਵੱਧ ਕੇ ਸਾਡੇ ਬੱਚਿਆਂ ਲਈ ਰੋਲ ਮਾਡਲ ਹੈ ਜੋ ਪ੍ਰੇਰਦਾ ਹੈ ਕਿ ਤੁਸੀ ਉਹ ਕੁਝ ਪ੍ਰਾਪਤ ਕਰ ਸਕਦੇ ਹੋ ਜੋ ਕਰਨ ਦਾ ਸੁਫਨਾ ਸਿਰਜਦੇ ਹੋ।

ਅਮਰੀਕਾ ਵਿਚ 9/11 ਹਾਦਸੇ ਤੋਂ ਬਾਅਦ ਸਿੱਖਾਂ ਵਿਰੁੱਧ ਪਹਿਚਾਣ ਦੀ ਗਲਤੀ ਸਦਕਾ 300 ਤੋਂ ਵੱਧ ਨਸਲੀ ਹਮਲੇ ਜਾਂ ਘਟਨਾਵਾਂ ਹੋਈਆਂ ਹਨ ਦੂਜਾ 60 ਪ੍ਰਤੀਸ਼ਤ ਅਮਰੀਕੀ ਲੋਕ ਸਿੱਖਾਂ ਅਤੇ ਸਿੱਖ ਧਰਮ ਬਾਰੇ ਜਾਣਦੇ ਤੱਕ ਨਹੀਂ  ਇਸੇ ਕਰਕੇ ਅਮਰੀਕਾ ਦਾ ਪੂਰਾ ਸਿੱਖ ਸਮਾਜ ਸਿੱਖਾਂ ਦੀ ਪਹਿਚਾਣ ਦੇ ਮਾਮਲੇ ਵਿਚ ਇਸ ਉਸਾਰੂ ਅਤੇ ਹਾਂ ਪੱਖੀ ਸੁਨੇਹੇ ਨੂੰ ਅਮਰੀਕੀ ਸਮਾਜ ਵਿਚ ਜਨ ਸਧਾਰਨ ਪੱਧਰ ਤੱਕ ਲਿਜਾਣ ਲਈ ਪੱਬਾਂ ਭਾਰ ਹੋਇਆ ਪਿਆ ਹੈ। ਵੱਖ ਵੱਖ ਲੋਕ ਸੰਪਰਕ ਏਜੰਸੀਆਂ ਅਤੇ ਇਸਿ਼ਤਿਹਾਰਬਾਜੀ ਕੰਪਨੀਆਂ ਨਾਲ ਸੰਪਰਕ ਸਾਧੇ ਜਾ ਰਹੇ ਹਨ। ਸਿੱਖ ਇਸ ਲੜਾਈ ਨੂੰ ਅਮਰੀਕਾ ਵਿਚ ਛੇੜੀ ਸਿੱਖਾਂ ਦੀ ਵੱਖਰੀ ਪਹਿਚਾਣ ਬਾਰੇ ਜਾਣੂੰ ਕਰਾਉਣ ਦੀ ਵੱਡੀ ਲੜਾਈ ਨਾਲ ਮੇਲ ਕੇ ਵੇਖ ਰਹੇ ਹਨ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>