ਮਿੱਟੀ ਦੀ ਅਵਾਜ਼ ਕਾਵਿ ਸੰਗ੍ਰਹਿ ਸਮਾਜਿਕ ਬੁਰਾਈਆਂ ਵਿਰੁੱਧ ਲਾਮਬੰਦ ਹੋਣ ਦੀ ਤਾਕੀਦ – ਉਜਾਗਰ ਸਿੰਘ

ਬਲਜਿੰਦਰ ਬਾਲੀ ਰੇਤਗੜ੍ਹ ਦੀ ਕਵਿਤਾਵਾਂ ਦੀ ਪੁਸਤਕ ਸਮਾਜਿਕ ਬੁਰਾਈਆਂ ਵਿਰੁੱਧ ਲਾਮਬੰਦ ਕਰਨ ਲਈ ਪ੍ਰੇਰਨਾਦਾਇਕ ਸਾਬਤ ਹੋਵੇਗੀ। ਇਸ ਪੁਸਤਕ ਦੀਆਂ ਕਵਿਤਾਵਾਂ ਧਾਰਮਿਕ ਅਕੀਦੇ ਨਾਲ ਸਮਾਜਿਕ ਊਣਤਾਈਆਂ ਦੇ ਖ਼ਿਲਾਫ ਜਹਾਦ ਖੜ੍ਹਾ ਕਰਨ ਲਈ ਪ੍ਰੇਰਦੀਆਂ ਹਨ। ਸਿੱਖ ਗੁਰੂ ਸਾਹਿਬਾਨ, ਉਨ੍ਹਾਂ ਦੇ ਪਰਿਵਾਰਾਂ, ਚਰਖੜੀਆਂ ਤੇ ਚੜ੍ਹੇ, ਦੇਗਾਂ ਵਿਚ ਉਬਾਲੇ ਗਏ, ਤੱਤੀ ਤਵੀ ਤੇ ਬੈਠੇ ਅਤੇ 1984 ਦੇ ਕਤਲੇਆਮ ਮੌਕੇ ਜਿਓਂਦੇ ਸਾੜੇ ਗਏ ਸਿੰਘਾਂ ਅਤੇ ਸਿੰਘਣੀਆਂ ਦੀਆਂ ਕੁਰਬਾਨੀਆਂ ਵਾਲੀਆਂ ਕਵਿਤਾਵਾਂ ਜ਼ੁਲਮ ਵਿਰੁੱਧ ਆਵਾਜ਼ ਬੁ¦ਦ ਕਰਨ ਦੀ ਸਿੱਖਿਆ ਦਿੰਦੀਆਂ ਹਨ। ਨਵਰੰਗ ਪਬਲੀਕੇਸ਼ਨਜ਼ ਸਮਾਣਾ ਵੱਲੋਂ ਪ੍ਰਕਾਸ਼ਤ 143 ਪੰਨਿਆਂ, 150 ਰੁਪਏ ਕੀਮਤ ਵਾਲੀ, ਗੀਤਾਂ, ਕਵਿਤਾਵਾਂ ਅਤੇ ਗ਼ਜ਼ਲਾਂ ਦੀ ਇਸ ਪੁਸਤਕ ਦੇ ਸ਼ੁਰੂਆਤੀ ਗੀਤ ਅਤੇ ਕਵਿਤਾਵਾਂ ਧਾਰਮਿਕ ਵਿਰਾਸਤ ਦਾ ਗੁਣਗਾਨ ਕਰਦੀਆਂ ਹਨ ਪ੍ਰੰਤੂ ਹੌਲੀ ਹੌਲੀ ਬਹੁਤੀਆਂ ਕਵਿਤਾਵਾਂ ਸਮਾਜ ਨੂੰ ਘੁਣ ਵਾਂਗ ਚਿੰਬੜੀਆਂ ਕੁਰੈਹਤਾਂ ਦਾ ਜ਼ਿਕਰ ਕਰਦੀਆਂ ਹੋਈਆਂ, ਇਨਸਾਨ ਨੂੰ ਉਨ੍ਹਾਂ ਦਾ ਮੁਕਾਬਲਾ, ਹਿੰਮਤ, ਦਲੇਰੀ ਅਤੇ ਦ੍ਰਿੜ੍ਹਤਾ ਨਾਲ ਕਰਨ ਲਈ ਚੇਤੰਨ ਕਰਦੀਆਂ ਹਨ। ਕਵੀ ਮੁੱਢਲੇ ਤੌਰ ਤੇ ਗੀਤ ਲਿਖਦਾ ਹੈ। ਇਸ ਪੁਸਤਕ ਵਿਚ ਗੀਤ ਅਤੇ ਕਵਿਤਾਵਾਂ ਹੀ ਹਨ ਪ੍ਰੰਤੂ ਇਕਾ ਦੁੱਕਾ ਗ਼ਜ਼ਲਾਂ ਵੀ ਹਨ। ਧਾਰਮਿਕ ਗੀਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਦੇ ਗੁਣਗਾਨ ਗਾਉਂਦੇ ਹਨ, ਜਿਨ੍ਹਾਂ ਤੋਂ ਨੌਜਵਾਨ ਪੀੜ੍ਹੀ ਨੂੰ ਪ੍ਰੇਰਨਾ ਲੈ ਕੇ ਹਰ ਸਮੱਸਿਆ ਦਾ ਮੁਕਾਬਲਾ ਕਰਨ ਲਈ ਦ੍ਰਿੜ੍ਹ ਸੰਕਲਪ ਕਰਾਉਂਦੀਆਂ ਹਨ। ਇਸਦੇ ਨਾਲ ਹੀ ਧਰਮ ਦੇ ਅਨੁਆਈਆਂ ਦੇ ਧਾਰਮਿਕ ਪਖੰਡਾਂ ਦਾ ਵੀ ਜ਼ਿਕਰ ਕਰਦੀਆਂ ਹਨ। ਭਰੂਣ ਹੱਤਿਆ ਅਤੇ ਖ਼ੁਦਕਸ਼ੀਆਂ ਨੂੰ ਆਪਣੀਆਂ ਕਵਿਤਾਵਾਂ ਅਤੇ ਗੀਤਾਂ ਦਾ ਵਿਸ਼ਾ ਬਣਾਉਂਦਿਆਂ ਕਵੀ ਨੇ ਹੌਸਲੇ ਦਾ ਪੱਲਾ ਫੜਨ ਦੀ ਨਸੀਹਤ ਦਿੱਤੀ ਹੈ। ਉਸ ਅਨੁਸਾਰ ਜੁਗਾਂ ਜੁਗਾਂਤਰਾਂ ਤੋਂ ਇਹ ਸਮਾਜਿਕ ਬੁਰਾਈਆਂ ਸਾਡੇ ਸਮਾਜ ਦਾ ਅੰਗ ਬਣ ਚੁੱਕੀਆਂਹਨ, ਇਸ ਲਈ ਇਨ੍ਹਾਂ ਤੋਂ ਖਹਿੜਾ ਛੁਡਾਉਣ ਲਈ ਸਮਾਜ ਨੂੰ ਸੰਗਠਤ ਹੋ ਕੇ ਹੰਭਲਾ ਮਾਰਨਾ ਪਵੇਗਾ। ਇਸਤਰੀ ਜ਼ਾਤੀ ਦੀ ਤਰਾਸਦੀ ਵਿਚਲੀਆਂ ਕਵਿਤਾਵਾਂ ਵਿਚ ਉਹ ਲਿਖਦਾ ਹੈ ਕਿ ਇਕ ਪਾਸੇ ਸਮਾਜ ਇਸਤਰੀ ਨੂੰ ਸ਼ਕਤੀ, ਭਗਤੀ, ਬਹਾਦਰੀ ਅਤੇ ਦਲੇਰੀ ਦਾ ਪ੍ਰਤੀਕ ਸਮਝਦਾ ਹੈ, ਇਸਦੇ ਨਾਲ ਹੀ ਉਹ ਕਹਿੰਦਾ ਹੈ ਕਿ ਝਾਂਸੀ ਦੀ ਰਾਣੀ, ਮਾਈ ਭਾਗੋ ਅਤੇ ਮਾਤਾ ਗੁਜਰੀ ਦੇ ਰੂਪ ਇਸਤਰੀ ਨਾਲ ਆਦਮੀ ਅਨੇਕਾਂ ਕਿਸਮ ਦੇ ਧੱਕੇ ਕਰਦਾ ਆਇਆ ਹੈ। ਉਹ ਪਤੀ ਦੀਆਂ ਮਾਰਾਂ, ਬਲਾਤਕਾਰਾਂ, ਭਰੂਣ ਹੱਤਿਆਵਾਂ ਅਤੇ ਤੇਜ਼ਾਬੀ ਹਮਲਿਆਂ ਦਾ ਸ਼ਿਕਾਰ ਹੁੰਦੀਆਂ ਹਨ। ਪੁਤਰਾਂ ਦੇ ਮੋਹ ਕਰਕੇ ਗਰਭ ਵਿਚ ਹੀ ਉਸਨੂੰ ਖ਼ਤਮ ਕਰ ਦਿੱਤਾ ਜਾਂਦਾ ਹੈ। ਉਸਦੇ ਪੈਰਾਂ ਵਿਚ ਬੇੜੀਆਂ ਪਾ ਕੇ ਚਾਰਦੀਵਾਰੀ ਵਿਚ ਕੈਦ ਕੀਤੀਆਂ ਜਾਂਦੀਆਂ ਹਨ। ਹਰ ਇਲਜ਼ਾਮ ਆਦਮੀ ਉਪਰ ਨਹੀਂ ਸਗੋਂ ਇਸਤਰੀ ਉਪਰ ਲਗਾਇਆ ਜਾਂਦਾ ਹੈ, ਜਦੋਂ ਕਿ ਗੁਨਾਹਗਾਰ ਆਦਮੀ ਦੇਵੇਂ ਬਰਾਬਰ ਹੁੰਦੇ ਹਨ। ਚੁੰਨੀ ਮੈਂ ਦਰੋਪਤੀ ਦੀ ਨਾਮ ਦੀ ਕਵਿਤਾ ਵਿਚ ਕਵੀ ਲਿਖਦਾ ਹੈ-

ਆਦਿ ਸ਼ਕਤੀ, ਭਗਾਉਤੀ ਸੀ, ਫਿਰ ਵੀ ਮੈਂ ਅਬਲਾ ਹਾਂ ਕਿਉਂ?
ਤੇਜ਼-ਨੂਰੀ ਦੀ ਰੌਸ਼ਨੀ ਸੀ, ਫਿਰ ਵੀ ਮੈਂ ਚਕਲਾ ਹਾਂ ਕਿਉਂ?
ਵਿਲਕਦੀ ਮੈਂ ਰਹਿਮ ਲਈ, ਬੇ-ਵਸ ਹਾਂ ਜ਼ਮੀਰ ਚੰਦਰੀ।
ਪਾਂਡਵਾਂ ਦੇ ਹੱਥੋਂ ਹੀ ਚੁੰਨੀ ਮੈਂ ਦਰੋਪਤੀ ਦੀ, ਹੋਈ ਲੀਰੋ ਲੀਰ ਚੰਦਰੀ।
ਮਾਂ-ਗੁਜਰੀ, ਹਾਂ ਭਾਗੋ ਵੀ, ਵਾਂਗ ਝਾਂਸੀ, ਸੁਲਤਾਨਾਂ ਲੜੀ ਮੈਂ।
ਪਤੀ ਦੀਆਂ ਮਾਰਾਂ, ਤੇਜ਼ਾਬ ਫ਼ੁਹਾਰਾਂ, ਕਦੇ ਅੱਗਾਂ ਵਿਚ ਸੜੀ ਮੈਂ।

ਕਵੀ ਸਮਾਜਿਕ ਸਰੋਕਾਰਾਂ ਨਾਲ ਜੁੜਿਆ ਹੋਇਆ ਲਗਦਾ ਹੈ ਕਿਉਂਕਿ ਉਸਦੀਆਂ ਬਹੁਤੀਆਂ ਕਵਿਤਾਵਾਂ ਅਤੇ ਗੀਤ ਸਮਾਜ ਵਿਚ ਹੋ ਰਹੀ ਬੇਇਨਸਾਫੀ ਦੇ ਵਿਰੁਧ ਹਨ। ਦੇਸ਼ ਦੀ ਵੰਡ, ਧਾਰਮਿਕ ਪਖੰਡਾਂ, ਖ਼ੁਦਕਸ਼ੀਆਂ, ਨਸ਼ੇ,  ਮੰਦਰ ਮਸਜਿਦ ਦੇ ਝਗੜੇ, ਰੁੱਖਾਂ ਦੀ ਮਹੱਤਤਾ, ਹਵਾ ਅਤੇ ਪਾਣੀ ਦਾ ਪ੍ਰਦੂਸ਼ਣ ਅਤੇ ਕੁਦਰਤ ਨਾਲ ਖਿਲਵਾੜ ਵਰਗੇ ਮਹੱਤਵਪੂਰਨ ਵਿਸ਼ਿਆਂ ਨਾਲ ਸੰਬੰਧਤ ਹੀ ਬਹੁਤੀਆਂ ਕਵਿਤਾਵਾਂ ਹਨ ਜੋ ਮਨੁਖੀ ਮਨਾਂ ਵਿਚ ਜਾਗ੍ਰਤੀ ਪੈਦਾ ਕਰਦੀਆਂ ਹਨ। ਕਵੀ ਦਾ ਸਮਾਜਿਕ ਸਰੋਕਾਰਾਂ ਬਾਰੇ ਚਿੰਤਤ ਹੋਣਾ ਇਸ ਗੱਲੋਂ ਸ਼ਪਸਟ ਹੁੰਦਾ ਹੈ ਕਿ ਉਸਦੀਆਂ ਇਕੋ ਵਿਸ਼ੇ ਉਪਰ ਕਈ ਕਈ ਕਵਿਤਾਵਾਂ ਹਨ।  ਦੁਹਰਾਓ ਬਹੁਤ ਜ਼ਿਆਦਾ ਹੈ ਪ੍ਰੰਤੂ ਰੜਕਦਾ ਨਹੀਂ ਕਿਉਂਕਿ ਇਹ ਵਿਸ਼ੇ ਬੜੇ ਸੰਜੀਦਾ ਹਨ।  ਕਵਿਤਾਵਾਂ ਦੇ ਸਿਰਲੇਖ ਵੀ ਰਲਦੇ ਮਿਲਦੇ ਹਨ। ਕਈ ਵਾਰ ਇਕੋ ਕਵਿਤਾ ਵਿਚ ਕਈ ਵਿਸ਼ੇ ਛੇੜਲੈਂਦਾ ਹੈ। ਚੰਨ ਵਾਂਗੂੰ ਚਮਕਾਂਗੇ ਨਾਮ ਦੀ ਕਵਿਤਾ ਵਿਚ ਕਵੀ ਇਨਸਾਨ ਨੂੰ ਦਿਲਾਸਾ ਦਿੰਦਾ ਹੈ ਕਿ ਸਮਾਂ ਸਦਾ ਇਕੋ ਜਿਹਾ ਨਹੀਂ ਹੁੰਦਾ, ਚੰਗੇ ਮਾੜੇ ਦਿਨ ਆਉਂਦੇ ਰਹਿੰਦੇ ਹਨ। ਹਾਲਾਤ ਤੋਂ ਡਰਨਾ ਨਹੀਂ ਚਾਹੀਦਾ ਸਗੋਂ ਮੁਕਾਬਲਾ ਕਰਨ ਦੀ ਸਮਰੱਥਾ ਬਣਾਉਣੀ ਚਾਹੀਦੀ ਹੈ। ਖ਼ੁਦਕਸ਼ੀ ਦੇ ਆਲਮ ਕਵਿਤਾ ਵਿਚ ਸੁਝਾਅ ਦਿੰਦਾ ਹੈ ਕਿ ਰੁਤਬਾ ਹੀ ਸਭ ਕੁਝ ਨਹੀਂ ਹੁੰਦਾ। ਨਿਸ਼ਾਨਾ ਨਿਸਚਤ ਕਰਕੇ ਨਵੇਂ ਰਾਹ ਬਣਾਉਣੇ ਚਾਹੀਦੇ ਹਨ, ਪੁਰਾਣੀਆਂ ਪਗਡੰਡੀਆਂ ਨੂੰ ਤਿਲਾਂਜਲੀ ਦੇਣੀ ਬਣਦੀ ਹੈ। ਵਿਨਾਸ਼ ਨਾਮ ਦੀ ਕਵਿਤਾ ਵਿਚ ਉਹ ਲਿਖਦਾ ਹੈ ਕਿ ਇਨਸਾਨ ਦੀ ਸੋਚ ਗਿਰਾਵਟ ਵੱਲ ਜਾ ਰਹੀ ਹੈ ਪ੍ਰੰਤੂ ਉਸਨੂੰ ਆਪਣੀ ਸੋਚ ਉਸਾਰੂ ਰੱਖਣੀ ਚਾਹੀਦੀ ਹੈ। ਕੁਦਰਤ ਦੀਆਂ ਦਾਤਾਂ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ, ਦਰੱਖਤ ਵੱਢਣੇ ਨਹੀਂ ਸਗੋਂ ਲਗਾਉਣੇ ਚਾਹੀਦੇ ਹਨ। ਪਾਣੀ ਤੇ ਹਵਾ ਗੰਧਲੀ ਹੋ ਰਹੀ ਹੈ। ਇਸ ਸਾਰੇ ਕੁਝ ਦਾ ਜ਼ਿੰਮੇਵਾਰ ਇਨਸਾਨ ਖ਼ੁਦ ਹੈ। ਭਰਿਸ਼ਟ ਅਤੇ ਲੁਟੇਰੇ ਲੋਕਾਂ ਦਾ ਮੁਕਾਬਲਾ ਕਰੋ, ਅਣਖ ਦਾ ਪੱਲਾ ਨਾ ਛੱਡੋ। ਜ਼ਿੰਦਗੀ ਅਣਮੁਲੀ ਹੈ, ਇਸਦਾ ਸਦਉਪਯੋਗ ਕਰੋ। ਸਿਆਸਤਦਾਨਾਂ, ਧਰਮ ਦੇ ਠੇਕਦਾਰਾਂ ਅਤੇ ਅਧਿਕਾਰੀਆਂ ਦੀ ਮਿਲੀ ਭੁਗਤ ਕਰਕੇ ਪੰਜਾਬ ਵਿਚ ਪੈਦਾ ਹੋਈ ਬਦਅਮਨੀ ਨਾਲ ਸੰਬੰਧਤ ਕਵੀ ਦੀਆਂ ਇਕ ਦਰਜਨ ਦੇ ਲਗਪਗ ਕਵਿਤਾਵਾਂ ਹਨ, ਜਿਨ੍ਹਾਂ ਵਿਚ ਧਾਰਮਿਕ ਦੰਗੇ, ਫਸਾਦ, ਬਲਾਤਕਾਰ, ਲੁਟਾਂ ਖੋਹਾਂ, ਧੋਖੇਬਾਜ਼ਾਂ ਅਤੇ ਕਾਤਲਾਂ ਦੀਆਂ ਕੋਝੀਆਂ ਹਰਕਤਾਂ ਦਾ ਪਰਦਾ ਫਾਸ਼ ਕੀਤਾ ਗਿਆ ਹੈ। ਸੂਫ਼ੀ ਗੀਤ:ਜੁਗਨੀ ਨਾਂਮ ਦੀ ਕਵਿਤਾ ਵਿਚ ਧਾਰਮਿਕ ਪੰਖੰਡੀਆਂ ਬਾਰੇ ਲਿਖਦਾ ਹੈ-
ਤੇਰੇ ਹਿਜਰ ਦੀਆਂ ਪੀੜਾਂ ਝੱਲਾਂ ਕਿਵੇਂ,

ਹਾਵਾਂ ਵਿਰਾਗ਼ ਦੀਆਂ ਦਿਲੀਂ ਠੱਲ੍ਹਾਂ ਕਿਵੇਂ।
ਤੂੰ ਮਜ਼ਾਰਾਂ ‘ਚ ਨਾ ਮੰਦਰਾਂ-ਦਰਗਾਹਾਂ ‘ਚ ਨਾ,
ਜੁਗਨੀ ਲੱਭਦੀ ਫਿਰੇ, ਹੋਈ ਦਿਲਗੀਰ ਰਾਂਝਣਾ ਵੇ।
ਕਾਜੀ ਵੀ ਪੁਜਾਰੀ ਵੀ, ਅੱਗ ਲਾਉਂਦੇ ਘਰਾਂ ਨੂੰ,
ਪਾਪੀ ਦਿਲ ਦੇ ਕਰਾਂ ਸਿੱਜਦੇ ਕਿਹੜੇ ਦਰਾਂ ਨੂੰ।

ਦੇਸ਼ ਦੀ ਵੰਡ ਦੇ ਦਰਦ ਨਾਲ ਸੰਬੰਧਤ ਵੀ ਅੱਧੀ ਦਰਜਨ ਕਵਿਤਾਵਾਂ ਹਨ ਜਿਹੜੀਆਂ ਭਾਈਚਾਰਕ ਸਦਭਾਵਨਾ ਦੀਆਂ ਪ੍ਰਤੀਕ ਹਨ। ਬਲਜਿੰਦਰ ਬਾਲੀ ਰੇਤਗੜ੍ਹ ਪੰਜਾਬ ਨੂੰ ਮੁੜ ਘੁਗ ਵਸਦਾ ਵੇਖਣ ਵਾਲੀਆਂ ਕਵਿਤਾਵਾਂ ਵੀ ਲਿਖਦਾ ਹੈ। ਸਿਆਸਤਦਾਨਾ ਨੂੰ ਆੜੇ ਹੱਥੀਂ ਲੈਂਦਾ ਚਿਮਨੀਆਂ ਦੀ ਲਾਟ ਨਾਂ ਦੀ ਕਵਿਤਾ ਵਿਚ ਲਿਖਦਾ ਹੈ-

ਵੇਚ ਨੇਤਾ ਖਾਅ ਗਏ ਹੱਕ, ਲਾਅਵੇਂ ਜਿਨ੍ਹਾਂ ਲਈ ਨਾਅਰੇ।
ਖ਼ੁਦ ਵੇਚੀਂ ਬੈਠੇ ਜ਼ਮੀਰ, ਆਸ ਜਿਹਨਾਂ ਤੇ ਰੱਖੀ ਪਿਆਰੇ।
ਝੰਡਾ ਰੱਤ ਆਪਣੀ ‘ਚ ਰੰਗ, ਉਚਾ ਹੋਰ ਚੁੱਕਣਾ ਪਊ।

ਸੌਣ ਦਾ ਵਕਤ ਨਹੀਂ ਕਵਿਤਾ ਵਿਚ ਨੌਜਵਾਨਾਂ ਅਤੇ ਕਿਸਾਨਾ ਨੂੰ ਸਲਾਹ ਦਿੰਦਾ ਹੈ ਕਿ ਪੜ੍ਹਾਈ ਇਕ ਗਹਿਣਾ ਹੈ। ਖ਼ੁਦਕਸ਼ੀਆਂ ਕੋਈ ਹਲ ਨਹੀਂ ਅਤੇ ਨਾ ਹੀ ਧਰਮਾਂ ਦੇ ਠੇਕਦਾਰ ਕੁਝ ਸੁਆਰ ਸਕਦੇ ਹਨ, ਇਸ ਲਈ ਇਸ ਲਈ ਕਿਤਾਬਾਂ ਚੁੱਕ ਕੇ ਹੀ ਕੁਝ ਪ੍ਰਾਪਤੀ ਹੋ ਸਕਦੀ ਹੈ-

ਚੱਲ ਉਠ ਜਵਾਨਾ, ਓਏ ਉਠ ਕਿਸਾਨਾ,
ਨਾ ਕਰ ਖ਼ੁਦਕਸ਼ੀਆਂ, ਛੱਡ ਮਾਤਮ ਨਾ ਰੋ ਤੂੰ।
ਉਠ ਪਕੜ ਕਿਤਾਬਾਂ, ਚੱਕੀਆਂ ਵਿਚ ਨਾ ਪਿਸ,
ਚੋਰ-ਡਕੈਤ ਲੁਟੇਰੇ ਸਾਧੂ, ਧਰਮਾ ਵਿਚ ਨਾ ਘਿਸ।
ਲੁੱਟ ਹਾਕਮ-ਨੇਤਾ ਖਾਂਦੇ, ਐਵੇਂ ਪਾਗਲ ਨਾ ਹੋ ਤੂੰ।

ਜਿਥੇ ਕਵੀ ਆਪਣੀਆਂ ਸਮਾਜਕ ਸਰੋਕਾਰਾਂ ਨਾਲ ਲਬਰੇਜ਼ ਕਵਿਤਾਵਾਂ ਲਿਖਦਾ ਹੈ, ਉਥੇ ਉਸਨੇ 25 ਦੇ ਲਗਪਗ ਇਸ਼ਕ ਮੁਹੱਬਤ ਨਾਲ ਸੰਬੰਧਤ ਕਵਿਤਾਵਾਂ ਵੀ ਲਿਖੀਆਂ ਹਨ, ਜਿਨ੍ਹਾਂ ਵਿਚ ਇੰਤਜ਼ਾਰ, ਕੋਈ ਹੋਰ ਸੀ, ਰੁੱਸਣਾਂ ਤੂੰ ਰੁੱਸ, ਗੀਤਾਂ ਦਾ ਦਰਿਆ, ਜਿੱਦਾਂ ਅੜੀਆਂ ਵਰਗਾ, ਪੁਰੇ ਜਿਹੀ ਸੀ ਹਵਾ, ਚੰਦਰੇ ਬੱਦਲ, ਇਖਲਾਕ, ਦਿਲ ਰੋਇਆ ਨਾਂ ਕਰ, ਤਲੁ-ਕਾਅਤ, ਮਿਰਜਾ, ਦੀਵਾ, ਸਾਉਣ, ਤੇਰੇ ਖ਼ਤ, ਜਖ਼ਮ ਦਿਲ ਦੇ, ਮੋਰ ਕਲਹਿਰੀ, ਮੌਤ ਦਾ ਗ਼ਮ, ਦੁਆਵਾਂ ਅਤੇ ਗੁਨਾਹ ਆਦਿ ਵੀ ਲਿਖੀਆਂ ਹਨ। ਉਨ੍ਹਾਂ ਕਵਿਤਾਵਾਂ ਵਿਚ ਕਵੀ ਨੇ ਇਸ਼ਕ ਦੇ ਜਾਲ ਵਿਚ ਫਸੇ ਪ੍ਰੇਮੀਆਂ ਦੇ ਦਰਦ ਨੂੰ ਲੋਕਾਈ ਦਾ ਦਰਦ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ਼ਕ ਮੁਹੱਬਤ ਦੀਆਂ ਕਵਿਤਾਵਾਂ ਵਿਚ ਧੋਖੇਬਾਜ਼ ਪ੍ਰੇਮੀਆਂ ਦਾ ਵੀ ਜ਼ਿਕਰ ਕਤਾ ਗਿਆ ਹੈ ਕਿਉਂਕਿ ਸਮਾਜਿਕ ਗਿਰਾਵਟ ਦਾ ਪ੍ਰਭਾਵ ਪਿਆਰ ਦੇ ਵਣਜ ਵਿਚ ਵੀ ਵੇਖਣ ਨੂੰ ਮਿਲਦਾ ਹੈ। ਇਸ਼ਕ ਵਿਚ ਪਰੁਤੇ ਪ੍ਰੇਮੀ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਾ ‘ਮਹਿਕ ਸ਼ਬਦਾਂ ਦੀ’ ਕਵਿਤਾ ਵਿਚ ਲਿਖਦਾ ਹੈ-

ਮਹਿਕ ਸ਼ਬਦਾਂ ਦੀ, ਲਫ਼ਜ਼ਾਂ ਦੀ ਖ਼ੁਸ਼ਬੋ, ਹਰ ਥਾਂ ਐਵੇਂ ਉਪਜਦੀ ਨਹੀਂ ਯਾਰਾ।
ਹੈ ਜ਼ਖ਼ਮਾਂ ਦੀ ਚੀਸ, ਤਪਸ਼ਾਂ ਦੀ ਲੋਅ, ਬਿਨ ਅੱਗ ਤੋਂ ਸੁਲਗਦੀ ਨਹੀਂ।
ਬ੍ਰਿਹਾ ਦੀ ਭੱਠੀ, ਇਸ਼ਕ ਦੀ ਤੜਫਣ, ਰਾਤਾਂ ਦਾ ਜਾਗਣ, ਯਾਦਾਂਦੀ ਧੜਕਣ।
ਨੈਣਾਂ ਦੀ ਮੌਣੋਂ ਪਾਕਿ ਅੰਮ੍ਰਿਤਧਾਰਾ, ਜਦੋਂ ਤਾਈਂ ਛਲਕਦੀ ਨਹੀਂ ਯਾਰਾ।
ਵਫ਼ਾ ਦੀ ਖ਼ਾਹਿਸ਼ ਦੇ,ਬੇ-ਵਫਾਈ ਦੇ ਪੀਹਣੇ,ਦਿਲੀਂ ਖੰਜਰਾਂ ਦੇ ਵਾਰ, ਆਪੇ ਜ਼ਖ਼ਮ ਵੀ ਸੀਣੇ।

ਹੋਣੀ ਦੀ ਦਾਸਤਾਂ ਸਿਰਲੇਖ ਵਾਲੀ ਕਵਿਤਾ ਵਿਚ ਨੌਜਵਾਨ ਪੁਤਰਾਂ ਵੱਲੋਂ ਮਾਪਿਆਂ ਨਾਲ ਕੀਤੀ ਜਾਂਦੀ ਬੇਰੁਖੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਕਵੀ ਦੀ ਪਲੇਠੀ ਪੁਸਤਕ ਹੋਣ ਕਰਕੇ ਬਹੁਤਾ ਕਿੰਤੂ ਪਰੰਤੂ ਕਰਨ ਦੀ ਲੋੜ ਨਹੀਂ ਪ੍ਰੰਤੂ ਫਿਰ ਵੀ ਉਸਨੂੰ ਅਜੇ ਬੜੀ ਮਿਹਨਤ ਦੀ ਲੋੜ ਹੈ। ਕਵਿਤਾਵਾਂ ਦੇ ਸਿਰਲੇਖ ਅਤੇ ਇਕੋ ਵਿਸ਼ੇ ਨੂੰ ਵਾਰ ਵਾਰ ਹਰ ਕਵਿਤਾ ਵਿਚ ਸ਼ਾਮਲ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਭਵਿਖ ਵਿਚ ਚੰਗਾ ਲਿਖਣ ਦੀ ਆਸ ਕੀਤੀ ਜਾ ਸਕਦੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>