ਦਿੱਲੀ ਫਤਹਿ ਦਿਹਾੜਾ ਹੁਣ ਕੌਮੀ ਦਿਹਾੜੇ ਵੱਜੋਂ ਜਾਣਿਆ ਜਾਵੇਗਾ : ਗਿਆਨੀ ਗੁਰਬਚਨ ਸਿੰਘ

ਨਵੀਂ ਦਿੱਲੀ : ਦਿੱਲੀ ਫਤਹਿ ਦਿਹਾੜੇ ਨੂੰ ਨਾਨਕਸ਼ਾਹੀ ਕੈਲੰਡਰ ’ਚ ਕੌਮੀ ਦਿਹਾੜੇ ਵੱਜੋਂ ਸ਼ਾਮਿਲ ਕੀਤਾ ਜਾਵੇਗਾ। ਇਸ ਗੱਲ ਦਾ ਐਲਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਾਥੀ ਜਥੇਦਾਰ ਸਾਹਿਬਾਨਾਂ ਨਾਲ ਗੱਲਬਾਤ ਉਪਰੰਤ ਲਾਲ ਕਿਲਾ ਮੈਦਾਨ ’ਚ ਕੀਤਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਅਤੇ ਨਿਹੰਗ ਜਥੇਬੰਦੀਆਂ ਦੇ ਸਹਿਯੋਗ ਨਾਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਤੀਜ਼ੀ ਜਨਮ ਸ਼ਤਾਬਦੀ ਅਤੇ ਦਿੱਲੀ ਫ਼ਤਹਿ ਦਿਹਾੜੇ ਨੂੰ ਮੁਖ ਰੱਖਕੇ ਕਰਵਾਏ ਗਏ ਸਮਾਗਮ ਦੌਰਾਨ ਕੌਮ ਦੇ ਨਾਂ ਸੰਦੇਸ਼ ਦਿੰਦੇ ਹੋਏ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਦਿੱਲੀ ਫ਼ਤਹਿ ਦਿਹਾੜਾ 11 ਮਾਰਚ ਵੱਜੋਂ ਨਾਨਕਸ਼ਾਹੀ ਕੈਲੰਡਰ ’ਚ ਕੌਮੀ ਦਿਹਾੜੇ ਵੱਜੋਂ ਦਰਜ ਕੀਤਾ ਜਾਵੇਗਾ। ਜਥੇਦਾਰ ਨੇ ਆਹਲੂਵਾਲੀਆ ਸਮਾਜ ਦੇ ਸਿੱਖੀ ਤੋਂ ਦੂਰ ਜਾ ਚੁੱਕੇ ਪਰਿਵਾਰਾਂ ਨੂੰ ਵਾਪਿਸ ਸਿੱਖੀ ਵੱਲ ਪਰਤਣ ਦੀ ਵੀ ਅਪੀਲ ਕੀਤੀ।

ਮੀਂਹ ਕਰਕੇ ਦੋ ਵਾਰ ਪ੍ਰੋਗਰਾਮ ’ਚ ਅੜਿੱਕੇ ਖੜੇ ਹੋਣ ਦੇ ਬਾਵਜੂਦ ਸੰਗਤਾਂ ਦਾ ਉਤਸ਼ਾਹ ਘੱਟ ਨਹੀਂ ਹੋਇਆ। ਮਹਾਨ ਜਰਨੈਲਾਂ ਦੀ ਬਹਾਦਰੀ ਬਾਰੇ ਦੱਸਣ ਲਈ ਹੋਏ ਇਤਿਹਾਸਕ ਪ੍ਰੋਗਰਾਮ ’ਚ ਗਤਕਾ ਅਖਾੜਿਆਂ, ਭਾਈ ਤਰਸ਼ੇਮ ਸਿੰਘ ਮੋਰਾਂਵਾਲੀ ਦੇ ਢਾਡੀ ਜਥੇ ਤੇ ਦਿੱਲੀ ਕਮੇਟੀ ਦੀ ਢਾਡੀ ਕੌਂਸਲ ਦੇ ਢਾਡੀ ਪ੍ਰਸੰਗ, ਗਾਇਕ ਰਾਜਵਿੰਦਰ ਸਿੰਘ ਜਿੰਦਾ ਢਿੱਲੋ ਦੀ ਇਤਿਹਾਸਿਕ ਗੀਤ ਪੇਸ਼ਕਾਰੀ ਅਤੇ ਪਟਿਆਲਾ ਰੰਗਮੰਚ ਦੇ ਕਲਾਕਾਰਾਂ ਨੇ ਲਾਈਟ ਐਂਡ ਸਾਉਂਡ ਸ਼ੋਅ ਰਾਹੀਂ ਸਮਾਂ ਬੰਨ ਦਿੱਤਾ।

ਪ੍ਰੋਗਰਾਮ ਦੌਰਾਨ ਗਿਆਨੀ ਗੁਰਬਚਨ ਸਿੰਘ, ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇੱਕਬਾਲ ਸਿੰਘ, ਤਖਤ ਸ੍ਰੀ ਕੇਸ਼ਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੂਬੀਰ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ, ਦਲ ਪੰਥ ਬਾਬਾ ਬਿੱਧੀ ਚੰਦ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਤਰਨਾ ਦਲ ਦੇ ਮੁਖੀ ਬਾਬਾ ਨਿਹਾਲ ਸਿੰਘ ਹਰਿਆਵੇਲਾਂ, ਇੱਕ ਹੱਥ ਨਾਲ ਦਸਤਾਰ ਸਜਾਉਣ ਵਾਲੇ ਕਮਲਪ੍ਰੀਤ ਸਿੰਘ, ਆਪਣੀ ਅੱਖ ਤੇ ਪੱਟੀ ਬੰਨ ਕੇ ਦੂਜੇ ਨੂੰ ਦਸਤਾਰ ਬੰਨਣ ਵਾਲੇ ਚੰਨਪ੍ਰੀਤ ਸਿੰਘ, ਰਾਜਸਭਾ ਮੈਂਬਰ ਬਲਵਿੰਦਰ ਸਿੰਘ ਭੁੰਦੜ ਸਣੇ ਸਮਾਗਮ ’ਚ ਸਹਿਯੋਗ ਦੇਣ ਵਾਲੇ ਸਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ।

ਇਸ ਮੌਕੇ ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ, ਭਾਈ ਲੌਂਗੋਵਾਲ, ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਭੁੰਦੜ ਆਦਿਕ ਨੇ ਸੰਗਤਾਂ ਨੂੰ ਸੰਬੋਧਿਤ ਕੀਤਾ। ਤ੍ਰਿਲੋਚਨ ਸਿੰਘ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਨਾਂ ’ਤੇ ਦਿੱਲੀ ਦੀ ਇੱਕ ਸੜਕ ਦਾ ਨਾਂ, ਯਾਦਗਾਰ ਅਤੇ ਲਾਲ ਕਿਲੇ ’ਚ ਰੋਜ਼ਾਨਾ ਦਿਖਾਏ ਜਾਂਦੇ ਲਾਈਟ ਐਂਡ ਸਾਊਂਡ ਸ਼ੋਅ ’ਚ ਦਿੱਲੀ ਫਤਹਿ ਦਾ ਇਤਿਹਾਸ ਦਰਜ਼ ਕਰਵਾਉਣ ਲਈ ਦਿੱਲੀ ਕਮੇਟੀ ਨੂੰ ਪਹਿਲ ਕਰਨ ਦੀ ਅਪੀਲ ਕੀਤੀ। ਤ੍ਰਿਲੋਚਨ ਸਿੰਘ ਨੇ ਦਿੱਲੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਨੂੰ ਗੁਰੂ ਘਰਾਂ ’ਤੇ ਸੋਨਾ ਲਗਾਉਣ ਦੀ ਥਾਂ ਸੋਨੇ ਦੇ ਦਸਵੰਧ ਨੂੰ ਕੌਮ ਦਾ ਪ੍ਰਚਾਰ ਟੀ.ਵੀ. ਰਾਹੀਂ ਕਰਨ ਲਈ ਵਰਤਣ ਦੀ ਨਸੀਹਤ ਦਿੱਤੀ।

ਭਾਈ ਲੌਂਗੋਵਾਲ ਨੇ ਇਤਿਹਾਸਕ ਹਵਾਲਿਆਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਲਾਲ ਕਿਲੇ ਦੀ ਕੰਧਾਂ ਸਿੰਘਾਂ ਦੀਆਂ ਕੁਰਬਾਨੀਆਂ ਦਾ ਇਤਿਹਾਸ ਸੰਭਾਲ ਕੇ ਬੈਠੀ ਹੈ। ਚਾਹੇ ਮੁਗਲਾ ਨਾਲ ਲੜਾਈ ਦੀ ਗੱਲ ਹੋਵੇ ਜਾਂ ਅੰਗਰੇਜਾਂ ਨਾਲ ਸਿੰਘਾਂ ਨੇ ਹਮੇਸ਼ਾ ਹੀ ਦੇਸ਼ ਕੌਮ ਦੀ ਰਾਖੀ ਕੀਤੀ ਹੈ। ਜੇਕਰ ਅੱਜ ਲਾਲ ਕਿਲੇ ’ਤੇ ਝੰਡਾ ਝੂਲ ਰਿਹਾ ਹੈ ਤਾਂ ਉਹ ਸਿੱਖ ਯੋਧਿਆਂ ਦੀ ਕੁਰਬਾਨੀ ਸਦਕਾ ਹੈ। ਭਾਈ ਲੌਂਗੋਵਾਲ ਨੇ ਨੌਜਵਾਨਾਂ ਨੂੰ ਨਸ਼ਾਂ ਅਤੇ ਪਤਿਤਪੁਣਾਂ ਤਿਆਗ ਕੇ ਸਿੱਖ ਸਰੂਪ ਨੂੰ ਸੰਭਾਲਣ ਦਾ ਸੱਦਾ ਦਿੱਤਾ।

ਜੀ.ਕੇ. ਨੇ ਅਬਦਾਲੀ ਵੱਲੋਂ ਜਬਰਨ ਚੁੱਕ ਕੇ ਲੈ ਜਾ ਰਹੀਆਂ ਬਹੂ-ਬੇਟੀਆਂ ਨੂੰ ਸ੍ਰ. ਜੱਸਾ ਸਿੰਘ ਆਹਲੂਵਾਲੀਆ ਵੱਲੋਂ ਛੁਡਾਏ ਜਾਣ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਹਾਂ ਸਿੱਖਾਂ ਦੇ 12 ਵੱਜਦੇ ਹਨ। ਮੇਰੇ ਵੀ ਵੱਜਦੇ ਹਨ। ਜਦੋਂ ਵੱਜਦੇ ਹਨ ਤਾਂ ਸਿੱਖ ਕੁੜੀਆਂ ਨੂੰ ਆਜ਼ਾਦ ਕਰਵਾਉਂਦਾ ਹੈ, ਸੋਮਨਾਥ ਮੰਦਰ ਦੇ ਦਰਵਾਜ਼ੇ ਵਾਪਿਸ ਲਿਆਉਂਦਾ ਹੈ, 15 ਹਜ਼ਾਰ ਹਿੰਦੂਸਤਾਨੀ ਤੇ 2200 ਲੜਕੀਆਂ ਨੂੰ ਵਾਪਿਸ ਉਨ੍ਹਾਂ ਦੇ ਘਰਾਂ ’ਚ ਪੁਚਾਉਂਦਾ ਹੈ ਅਤੇ ਕੁਦਰਤੀ ਕਰੋਪੀ ਦੌਰਾਨ ਉੱਤਰਾਖੰਡ, ਕਸ਼ਮੀਰ, ਨੇਪਾਲ ਆਦਿਕ ’ਚ ਲੰਗਰ ਲਗਾਉਂਦਾ ਹੈ। ਸਮੇਂ ਦੇ ਉਲਟ ਮਾਹੌਲ ’ਚ ਬੰਗਲਾਦੇਸ਼ ਬਾਰਡਰ ’ਤੇ ਮਿਆਂਮਾਰ ਤੋਂ ਆਏ ਮੁਸਲਿਮ ਪਰਿਵਾਰਾਂ ਅਤੇ ਸੀਰੀਆ ’ਚ ਗ੍ਰਹਿ ਯੁੱਧ ਦਾ ਸਾਹਮਣਾ ਕਰ ਰਹੇ ਹਾਲਾਤ ਦੇ ਮਾਰੇ ਲੋਕਾਂ ਦਾ ਢਿੱਡ ਭਰਦਾ ਹੈ।

ਬੀਤੇ ਦਿਨੀਂ ਲਸ਼ਕਰ ਕਮਾਂਡਰ ਅਬਦੁੱਲ ਰਹਿਮਾਨ ਮੱਕੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ’ਤੇ ਕੀਤੀ ਗਈ ਟਿੱਪਣੀ ਦਾ ਹਵਾਲਾ ਦਿੰਦੇ ਹੋਏ ਮੱਕੀ ਨੂੰ ਸਵਾਲ ਪੁੱਛਿਆ ਕਿ ਜਾਂ ਆਪਣੇ ਭਰਾਵਾਂ ਨੂੰ ਪੁੱਛ ਕਿ ਉਨ੍ਹਾਂ ਨੂੰ ਸੀਰੀਆ ਅਤੇ ਮਿਆਂਮਾਰ ’ਚ ਲੰਗਰ ਕੌਣ ਛਕਾ ਰਿਹਾ ਹੈ। ਜੀ.ਕੇ. ਨੇ ਕਿਹਾ ਕਿ ਸਾਨੂੰ ਸੁਪਰੀਮ ਕੋਰਟ, ਸਰਕਾਰ ਜਾਂ ਕਿਸੇ ਦਹਿਸ਼ਤਗਰਦ ਤੋਂ ਸਿੱਖੀ ਦਾ ਸਰਟੀਫਿਕੇਟ ਨਹੀਂ ਚਾਹੀਦਾ। ਸੁਪਰੀਮ ਕੋਰਟ ਵੱਲੋਂ ਦਸਤਾਰ ਬਾਰੇ ਚੁੱਕੇ ਗਏ ਸਵਾਲ ’ਤੇ ਕੌਮ ’ਚ ਪਾਏ ਜਾ ਰਹੇ ਗੁੱਸੇ ਦੇ ਉਲਟ ਪ੍ਰਤੀਕਰਮ ਦਿੰਦੇ ਹੋਏ ਜੀ.ਕੇ. ਨੇ ਸੁਪਰੀਮ ਕੋਰਟ ਦੀ ਟਿੱਪਣੀ ਲਈ ਸਿੱਖਾਂ ਨੂੰ ਹੀ ਜਿੰਮੇਵਾਰ ਠਹਿਰਾ ਦਿੱਤਾ। ਜੀ.ਕੇ. ਨੇ ਕਿਹਾ ਕਿ ਅਸੀਂ ਕਸੂਰਵਾਰ ਹਾਂ ਜਦੋਂ ਸਾਡਾ ਨੌਜਵਾਨ ਦਸਤਾਰ ਨਾਲ ਸਮਝੌਤਾ ਕਰਕੇ ਬੋਦੀ ਅਤੇ ਟੋਪੀ ਦਾ ਸਹਾਰਾ ਲੈਂਦਾ ਹੈ ਤਾਂ ਲੋਕਾਂ  ਨੂੰ ਸਮਝਾਉਣਾ ਸਾਡੇ ਲਈ ਔਖਾ ਹੋ ਜਾਂਦਾ ਹੈ।

ਸਿਰਸਾ ਨੇ ਦਿੱਲੀ ਕਮੇਟੀ ਵੱਲੋਂ ਸਾਰੇ ਸਿੱਖ ਜਰਨੈਲਾਂ ਦੇ ਦਿਹਾੜੇ ਵੱਡੇ ਪੱਧਰ ’ਤੇ ਮਨਾਉਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਮਹਾਨ ਸਿੱਖ ਜਰਨੈਲਾਂ ਦੀ ਕੌਮ ਨੂੰ ਦਿੱਤੀ ਗਈ ਦੇਣ ਦਾ ਅਸੀਂ ਮੁੱਲ ਨਹੀਂ ਮੋੜ ਸਕਦੇ। ਨਾ ਸਰਕਾਰ ਦਾ ਕਸੂਰ ਹੈ ਨਾ ਅਹਿਲਕਾਰ ਦਾ । ਅਸੀਂ ਖੁਦ ਆਪਣੇ ਇਤਿਹਾਸ ਨੂੰ ਡੱਬੇ ’ਚ ਬੰਦ ਕਰਨ ਦੇ ਦੋਸ਼ੀ ਹਾਂ। ਮੁਗਲ, ਅੰਗ੍ਰੇਜ਼ ਅਤੇ ਹੁਣ ਦੀਆਂ ਸਰਕਾਰਾਂ ਵੀ ਸਿੱਖਾਂ ਦੀ ਗਰਜ਼ ਨੂੰ ਚੰਗੀ ਤਰਾਂ੍ਹ ਸਮਝਦੀਆਂ ਹਨ। ਜੇਕਰ ਕਮੀ ਹੈ ਤਾਂ ਸਾਡੇ ’ਚ ਹੈ।

ਭੁੰਦੜ ਨੇ ਦਿੱਲੀ ਕਮੇਟੀ ਦੇ ਜਤਨਾਂ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਸਿੱਖਾਂ ਨੂੰ ਬਾਹਰੋ ਘੱਟ ਅੰਦਰੋਂ ਜਿਆਦਾ ਮਾਰ ਪਈ ਹੈ। ਮਾਰਨ ਵਾਲੀ ਕੁਲ੍ਹਾੜੀ ਦਾ ਦੱਸਤਾ ਵੀ ਆਪਣਾ ਹੁੰਦਾ ਸੀ। ਇਸ ਲਈ ਆਓ! ਅਸੀਂ ਆਪਣੇ ਮਾਣਮੱਤੇ ਇਤਿਹਾਸ ਦੀ ਕਦਰ ਕਰਦੇ ਹੋਏ ਦਾਜ਼, ਨਸ਼ਾ ਅਤੇ ਪਤਿਤਪੁਣੇ ਨੂੰ ਤਿਆਗ ਕੇ ਸਿੱਖੀ ਦੀ ਚੜ੍ਹਦੀਕਲਾਂ ਦਾ ਰਾਹ ਸਾਫ਼ ਕਰੀਏ। ਸਟੇਜ਼ ਸਕੱਤਰ ਦੀ ਸੇਵਾ ਮੰਨੇ-ਪਰਮੰਨੇ ਵਿੱਦਵਾਨ ਭਾਈ ਭਗਵਾਨ ਸਿੰਘ ਜੋਹਲ ਨੇ ਨਿਭਾਈ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>