ਵਿਧਾਨਪਾਲਿਕਾ ਦੀ ਪਵਿੱਤਰਤਾ ਨੂੰ ਲੱਗ ਰਿਹਾ ਖੋਰਾ ਚਿੰਤਾ ਦਾ ਵਿਸ਼ਾ

ਭਾਰਤ ਨੂੰ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਹੋਣ ਦਾ ਮਾਣ ਪ੍ਰਾਪਤ ਹੈ। ਲੋਕਤੰਤਰੀ ਸਰਕਾਰ ਵਿੱਚ ਵਿਧਾਨ-ਪਾਲਿਕਾ ਨੂੰ ਸਰਕਾਰ ਦਾ ਇੱਕ ਮੱਹਤਵਪੂਰਨ ਅੰਗ ਮੰਨਿਆ ਜਾਂਦਾ ਹੈ। ਭਾਰਤੀ ਸੰਵਿਧਾਨ ਦੇ ਅਨੁਛੇਦ 79 ਅਧੀਨ ਵਿਧਾਨ-ਪਾਲਿਕਾ ਦੀ ਵਿਵਸਥਾ ਸੰਸਦ ਦੇ ਰੂਪ ਵਿੱਚ ਕੀਤੀ ਗਈ ਹੈ ਇਸੀ ਤਰ੍ਹਾਂ ਸੰਵਿਧਾਨ ਦੇ ਅਨੁਛੇਦ 168 ਅਧੀਨ ਰਾਜਾਂ ਵਿੱਚ ਵਿਧਾਨ ਮੰਡਲਾਂ ਦੀ ਵਿਵਸਥਾ ਕੀਤੀ ਗਈ ਹੈ। ਦੇਸ਼ ਦੇ ਪ੍ਰਸ਼ਾਸਨ ਨੂੰ ਚਲਾਉਣ ਲਈ ਕਾਨੂੰਨ ਬਣਾਉਣ, ਪਹਿਲਾਂ ਬਣੇ ਕਾਨੂੰਨਾਂ ਵਿੱਚ ਸੋਧ ਕਰਨ ਜਾਂ ਸਮੇਂ ਦੇ ਅਨੁਸਾਰ ਪੁਰਾਣੇ ਕਾਨੂੰਨਾਂ ਨੂੰ ਰੱਦ ਕਰਨ ਦੀ ਸਮੁੱਚੀ ਜ਼ਿੰਮੇਵਾਰੀ ਵਿਧਾਨ ਪਾਲਿਕਾ ਦੀ ਹੀ ਹੁੰਦੀ ਹੈ। ਭਾਰਤ ਵਿੱਚ ਸੰਘਾਤਮਕ ਢਾਂਚਾ ਹੋਣ ਕਾਰਨ ਕੇਂਦਰ ਅਤੇ ਰਾਜਾਂ ਲਈ ਅਲੱਗ-ਅਲੱਗ ਵਿਧਾਨ ਪਾਲਿਕਾਵਾਂ ਦੀ ਵਿਵਸਥਾ ਕੀਤੀ ਗਈ ਹੈ। ਕੇਂਦਰੀ ਵਿਸ਼ਿਆ ਤੇ ਕਾਨੂੰਨ ਬਣਾਉਣ ਦੀ ਜ਼ਿੰਮੇਵਾਰੀ ਲੋਕ ਸਭਾ, ਰਾਜ ਸਭਾ ਅਤੇ ਰਾਸ਼ਟਰਪਤੀ ਦੁਆਰਾ ਸਾਂਝੇ ਰੂਪ ਵਿੱਚ ਨਿਭਾਈ ਜਾਂਦੀ ਹੈ।

ਭਾਰਤ ਦੇ ਕਈ ਰਾਜਾਂ ਵਿੱਚ ਦੋ ਸਦਨੀ ਵਿਧਾਨਪਾਲਿਕਾ ਹੈ ਅਤੇ ਕਈਆਂ ਵਿੱਚ ਇੱਕ ਸਦਨੀ ਵਿਧਾਨ ਪਾਲਿਕਾ ਹੈ। ਵਿਧਾਨ ਪਾਲਿਕਾ ਉਹ ਸੰਸਥਾ ਹੈ ਜਿੱਥੇ ਦੇਸ਼ ਦੇ ਕਰੋੜਾਂ ਲੋਕਾਂ ਦੀ ਕਿਸਮਤ ਦਾ ਫੈਸਲਾ ਕੀਤਾ ਜਾਂਦਾ ਹੈ। ਇਸ ਸੰਸਥਾ ਦੀ ਮੱਹਤਤਾ ਅਤੇ ਇਸਦੇ ਕੰਮਾ ਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਕੇਂਦਰੀ ਸੰਸਦ ਅਤੇ ਰਾਜਾਂ ਦੀਆਂ ਵਿਧਾਨ ਸਭਾਵਾਂ ਵੀ ਮੰਦਿਰ, ਮਸਜਿਦ, ਗੁਰਦੁਆਰੇ ਜਾਂ ਚਰਚ ਆਦਿ ਦੇ ਵਾਂਗ ਪਵਿੱਤਰ ਸਥਾਨ ਹੀ ਹਨ ਇਸ ਲਈ ਹਰੇਕ ਭਾਰਤੀ ਦੇ ਮਨ ਵਿੱਚ ਇੰਨ੍ਹਾਂ ਪ੍ਰਤੀ ਸ਼ਰਧਾ ਅਤੇ ਸਤਿਕਾਰ ਦਾ ਹੋਣਾ ਜਰੂਰੀ ਹੈ। ਸੰਸਦ ਅਸਲ ਵਿੱਚ ਰਾਸ਼ਟਰੀ ਗੌਰਵ ਦਾ ਪ੍ਰਤੀਕ ਹੈ ਪਰ ਬਹੁਤ ਦੁੱਖ ਦੀ ਗੱਲ ਹੈ ਕਿ ਪਿਛਲੇ ਕੁਝ ਸਮੇਂ ਤੋਂ ਸੰਸਦ/ਵਿਧਾਨ ਸਭਾਵਾਂ ਵਿੱਚ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਜੋ ਸੰਸਦ/ਵਿਧਾਨ ਸਭਾਵਾਂ ਦੇ ਸਤਿਕਾਰ ਅਤੇ ਗੌਰਵ ਦੇ ਪਤਨ ਲਈ ਜ਼ਿੰਮੇਵਾਰ ਹਨ। ਅੱਜ-ਕੱਲ ਅਕਸਰ ਦੇਖਣ ਵਿੱਚ ਆ ਰਿਹਾ ਹੈ ਕਿ ਵਿਧਾਨ ਪਾਲਿਕਾ ਵਿੱਚ ਜਨਤਾ ਦੇ ਚੁਣੇ ਹੋਏ ਪ੍ਰਤੀਨਿੱਧੀ ਭਾਵ ਕਾਨੂੰਨ ਬਣਾਉਣ ਵਾਲੀ ਸੰਸਥਾ ਦੇ ਮੈਂਬਰ ਖੁਦ ਹੀ ਆਪਣੇ ਬਣਾਏ ਹੋਏ ਕਾਨੂੰਨਾਂ ਦੀ ਉਲੰਘਣਾ ਕਰਦੇ ਸ਼ਰੇਆਮ ਨਜ਼ਰ ਆਉਂਦੇ ਹਨ। ਸੰਸਦ ਦੇ ਵਿੱਚ ਲੋਕਤੰਤਰ ਦੇ ਰੱਖਵਾਲੇ ਆਪੇ ਤੋਂ ਬਾਹਰ ਹੋ ਕੇ ਚੱਪਲਾ, ਕੁਰਸੀਆਂ, ਮਾਇਕ ਆਦਿ ਦੀ ਵਰਤੋਂ ਕਰਦੇ ਹੋਏ ਹਿੰਸਕ ਕਾਰਵਾਈਆਂ ਵਿੱਚ ਰੁਝੇ ਹੋਏ ਆਮ ਦਿਖਾਈ ਦਿੰਦੇ ਹਨ। ਗਾਲਾਂ ਕੱਢਣੀਆਂ ਅਤੇ ਅਸੰਸਦੀ ਭਾਸ਼ਾ ਦੀ ਵਰਤੋਂ ਕਰਨੀ ਤਾਂ ਆਮ ਜਿਹੀ ਗੱਲ ਬਣ ਗਈ ਹੈ।

ਸੰਸਦ ਵਿੱਚ ਵਿਰੋਧੀ ਦਲ ਅਤੇ ਸੱਤਾਧਾਰੀ ਦਲ ਵੱਲੋਂ ਹਠਧਰਮੀ ਦੀ ਰਾਜਨੀਤੀ ਦੇ ਕਾਰਨ ਬਿਨ੍ਹਾਂ ਮਤਲਬ ਸੰਸਦ ਦੀ ਕਾਰਵਾਈ ਵਿੱਚ ਵਿਘਣ ਪਾਇਆ ਜਾਂਦਾ ਹੈ। ਜਿਸ ਕਾਰਨ ਜਨਤਾ ਦੇ ਕਰੋੜਾਂ ਰੁਪਏ ਦੀ ਬਰਬਾਦੀ ਹੁੰਦੀ ਹੈ। ਕਈ ਮਹੱਤਵਪੂਰਨ ਫੈਸਲੇ ਲੈਣੋ ਰਹਿ ਜਾਂਦੇ ਹਨ। ਭਾਰਤੀ ਸੰਸਦ, ਰਾਜਾਂ ਦੀਆਂ ਵਿਧਾਨ ਸਭਾਵਾਂ ਅਤੇ ਪਰਿਸ਼ਦਾਂ ਦਾ ਜੋ ਦ੍ਰਿਸ਼ ਅੱਜ ਕੱਲ ਦੇਖਣ ਨੂੰ ਮਿਲਦਾ ਹੈ ਉਹ ਕਾਨੂੰਨ ਬਣਾਉਣ ਵਾਲੀਆਂ ਸੰਸਥਾਵਾਂ ਦਾ ਨਜ਼ਰ ਨਾ ਆ ਕੇ ਕਿਸੇ ਸ਼ਹਿਰ ਦੀ ਸਬਜੀ ਮੰਡੀ ਜਾਂ ਮੱਛੀ ਬਾਜ਼ਾਰ ਦਾ ਦ੍ਰਿਸ਼ ਵਧੇਰੇ ਨਜ਼ਰ ਆਉਂਦਾ ਹੈ। ਜੋ ਭਾਰਤੀ ਲੋਕਾਂ ਲਈ ਅਤੇ  ਭਾਰਤ ਦੇ ਮਾਣ ਸਨਮਾਨ ਲਈ ਚੰਗਾ ਚਿੰਨ੍ਹ ਨਹੀਂ ਹੈ। ਕਿੰਨੀ ਅਨੋਖੀ ਅਤੇ ਹੱਸੋਹੀਣੀ ਗੱਲ ਹੈ ਕਿ ਵਿਸ਼ਵ ਨੂੰ ਅਹਿੰਸਾ ਦੇ ਸਿਧਾਂਤ ਦੀ ਸੇਧ ਦੇਣ ਵਾਲੇ ਭਾਰਤ ਦੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਅਹਿੰਸਾ ਦੇ ਸਿਧਾਂਤ ਦੀ ਮੱਹਤਤਾ ਨੂੰ ਮੰਨਦੇ ਹੋਏ ਅੰਤਰਰਾਸ਼ਟਰੀ ਪੱਧਰ ਤੇ ਹਰ ਸਾਲ ਉਨ੍ਹਾਂ ਦੇ ਜਨਮ ਦਿਨ 2 ਅਕਤੂਬਰ ਨੂੰ ਅਹਿੰਸਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਪਰ ਉਸੀ ਮਹਾਤਮਾ ਦੇ ਆਪਣੇ ਦੇਸ਼ ਦੀਆਂ ਕਾਨੂੰਨ ਬਣਾਉਣ  ਵਾਲੀਆਂ ਸਰਵਉੱਚ ਅਤੇ ਪਵਿੱਤਰਤਾ ਦੀਆਂ ਪ੍ਰਤੀਕ ਸੰਸਥਾਵਾਂ ਵਿੱਚ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਦੇ ਚੁਣੇ ਹੋਏ ਪ੍ਰਤੀਨਿੱਧੀਆਂ ਦੁਆਰਾ ਆਪਣੀ ਜ਼ਾਇਜ ਅਤੇ ਨਜ਼ਾਇਜ ਮੰਗਾਂ ਮਨਾਉਣ ਲਈ ਹਿੰਸਕ ਸਾਧਨਾਂ ਦੀ ਵਰਤੋਂ ਕਰਨ ਨੂੰ ਆਪਣਾ ਜਨਮ ਸਿੱਧ ਅਧਿਕਾਰ ਮੰਨਿਆ ਜਾਂਦਾ ਹੈ। ਸੋਚਣ ਵਾਲੀ ਗੱਲ ਹੈ ਕਿ ਜੋ ਨੁਮਾਇੰਦੇ ਸੰਸਦ ਵਿੱਚ ਆਪਣੀ ਗੱਲ ਦਲੀਲ ਨਾਲ ਨਹੀਂ ਸਗੋਂ ਸ਼ਕਤੀ ਦੀ ਵਰਤੋਂ ਕਰਕੇ ਜਾਇਜ਼ ਅਤੇ ਨਜਾਇਜ਼ ਢੰਗਾਂ ਨਾਲ ਮੰਨਵਾਉਣ ਦੀ ਹਰ ਸੰਭਵ ਕੋਸ਼ਿਸ ਕਰਦੇ ਹਨ, ਉਹਨਾਂ ਤੋਂ ਆਮ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਬਾਰੇ ਕਿਵੇਂ ਸੋਚਿਆ ਜਾ ਸਕਦਾ ਹੈ। ਕਈ ਵਾਰੀ ਮੈਂਬਰਾਂ ਦੁਆਰਾ ਸੰਸਦ ਵਿੱਚ ਅਜਿਹੀ ਸ਼ਬਦਾਬਲੀ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਅਸੰਸਦੀ ਅਤੇ ਇਤਰਾਜ਼ ਯੋਗ ਹੁੰਦੀ ਹੈ। ਅਜਿਹੇ ਸਬਦਾਂ ਦੀ ਵਰਤੋਂ ਦੇ ਫਸਲਰੂਪ ਸਦਨ ਵਿੱਚ ਹੰਗਾਮਾ ਖੜ੍ਹਾ ਹੋ ਜਾਂਦਾ ਹੈ ਅਤੇ ਸਦਨ ਦੀ ਪਵਿੱਤਰਤਾ ਅਤੇ ਸਦਾਚਾਰ ਦੀ ਕੋਈ ਵੀ ਪਰਵਾਹ ਨਹੀਂ ਕੀਤੀ ਜਾਂਦੀ। ਕਈ ਵਾਰੀ ਸਦਨ ਦੇ ਪ੍ਰਧਾਨ ਦੁਆਰਾ ਮਜ਼ਬੂਰਨ ਕਿਸੇ ਮੈਂਬਰ ਦੇ ਭਾਸ਼ਣ ਨੂੰ ਸਦਨ ਦੀ ਕਾਰਵਾਈ ਦੇ ਰਿਕਾਰਡ ਵਿੱਚੋਂ ਕੱਢਣ ਦਾ ਹੁਕਮ ਦੇਣਾ ਪੈਂਦਾ ਹੈ। ਪਿਛਲੇ ਕੁਝ ਸਾਲਾਂ ਤੋਂ ਅਜਿਹੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਕੁਝ ਸਮਾਂ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਕੁਝ ਮੈਂਬਰਾਂ ਦੀ ਖਿੱਚਾ-ਧੂਹੀ ਵਿੱਚ ਪੱਗਾਂ ਤੱਕ ਲੱਥ ਗਈਆਂ ਹਨ। ਇਸ ਤਰ੍ਹਾਂ ਕਰਕੇ ਅਸੀਂ ਵਿਸ਼ਵ ਦੇ ਲੋਕਤੰਤਰ ਅਤੇ ਅਹਿੰਸਾ ਦੇ ਪ੍ਰੇਮੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਾਂ?

ਇਸ ਸਭ ਕੁਝ ਦਾ ਮੁੱਖ ਕਾਰਨ ਹੱਠਧਰਮੀ ਦੀ ਰਾਜਨੀਤੀ ਹੈ। ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਅਪਰਾਧੀ ਪ੍ਰਵਿਰਤੀ ਵਾਲੇ ਲੋਕਾਂ ਦਾ ਸ਼ਾਮਿਲ ਹੋਣਾ ਹੈ। ਹੱਠਧਰਮੀ ਦੀ ਰਾਜਨੀਤੀ ਤੇ ਚਲਦੇ ਸ਼ਾਸਕ ਦਲ ਆਪਣੇ ਬਹੁਮਤ ਦੇ ਕਾਰਨ ਕਈ ਵਾਰੀ  ਅਜਿਹਾ ਤਾਨਾਸ਼ਾਹੀ ਰੱਵਈਆ ਅਪਣਾਉਂਦਾ ਹੈ ਕਿ ਵਿਰੋਧੀ ਦਲ ਦੇ ਮੈਂਬਰ ਰੋਸ ਵਜੋਂ ਉੱਠ ਕੇ ਸਦਨ ਦਾ ਬਾਈਕਾਟ ਕਰਕੇ ਜਾਣ ਲਈ ਮਜ਼ਬੂਰ ਹੋ ਜਾਂਦੇ ਹਨ। ਇਸੇ ਤਰ੍ਹਾਂ ਵਿਰੋਧੀ ਦਲ ਦੇ ਮੈਂਬਰ ਵੀ ਕਈ ਵਾਰ ਆਪਣੇ ਵਿਚਾਰਾਂ ਤੇ ਕਠੋਰਤਾ ਨਾਲ ਡਟ ਜਾਂਦੇ ਹਨ ਜਿਸ ਦੇ ਨਤੀਜੇ ਵਜੋਂ ਸਦਨ ਦੇ ਪ੍ਰਧਾਨ ਲਈ ਸਦਨ ਦੀ ਕਾਰਵਾਈ ਨੂੰ ਸੁਚਾਰੂ ਰੂਪ ਵਿੱਚ ਚਲਾਉਣਾ ਸੰਭਵ ਨਹੀਂ ਹੁੰਦਾ ਇਸ ਕਾਰਨ ਕਈ ਵਾਰ ਸਦਨ ਦੀ ਕਾਰਵਾਈ ਕਈ-ਕਈ ਦਿਨ ਨਹੀਂ ਚਲਦੀ ਜਿਸਦੇ ਕਾਰਨ ਲੋਕਾਂ ਦੇ ਧਨ ਦੀ ਬਰਬਾਦੀ ਹੁੰਦੀ ਹੈ ਅਤੇ ਇਹਨਾਂ ਹੰਗਾਮਿਆ ਅਤੇ ਅਨੁਸ਼ਾਸਨਹੀਣਤਾ ਦੇ ਕਾਰਨ ਸਦਨ ਦੀ ਮਾਣ, ਮਰਿਆਦਾ, ਸਤਿਕਾਰ ਅਤੇ ਪਵਿੱਤਰਤਾ ਭੰਗ ਹੁੰਦੀ ਹੈ। ਜੋ ਕਿ ਭਾਰਤ ਨੂੰ ਇੱਕ ਵਿਕਸਤ ਰਾਸ਼ਟਰ ਬਣਾਉਣ ਵਿੱਚ ਬਹੁਤ ਵੱਡੀ ਰੁਕਾਵਟ ਨਜ਼ਰ ਆ ਰਹੀ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>