ਦਿੱਲੀ ਪੁਲਿਸ ਵੱਲੋਂ ਸਿੱਖ ਨੌਜਵਾਨ ਨਾਲ ਮਾਰਕੁੱਟ ਮਾਮਲੇ ’ਚ ਦਿੱਲੀ ਕਮੇਟੀ ਹੋਈ ਸਖ਼ਤ

ਨਵੀਂ ਦਿੱਲੀ : ਕਲਿਆਣਪੁਰੀ ’ਚ 26 ਅਪ੍ਰੈਲ 2018 ਨੂੰ ਇੱਕ ਸਿੱਖ ਨੌਜਵਾਨ ਜਸਪਾਲ ਸਿੰਘ ਨਾਲ ਹੋਈ ਮਾਰਕੁੱਟ ਦੇ ਵਾਇਰਲ ਹੋਏ ਵੀਡੀਓ ਤੋਂ ਬਾਅਦ ਦਿੱਲੀ ਪੁਲਿਸ ਦੀ ਕਾਰਜਸ਼ੈਲੀ ’ਤੇ ਸਵਾਲ ਖੜੇ ਹੋ ਗਏ ਹਨ। ਇਸ ਵੀਡੀਓ ’ਚ ਨਜ਼ਰ ਆ ਰਿਹਾ ਹੈ ਕਿ ਕੁਝ ਪੁਲਿਸ ਵਾਲੇ ਇੱਕ ਸਿੱਖ ਨੌਜਵਾਨ ਨੂੰ ਲਗਾਤਾਰ ਅੰਨੇਵਾਹ ਸੋਟੀਆਂ ਨਾਲ ਕੁੱਟ ਰਹੇ ਹਨ। ਨਾਲ ਹੀ ਪੁਲਿਸ ਵੱਲੋਂ ਕੀਤੀ ਗਈ ਹਵਾਈ ਫਾਈਰਿੰਗ ਦੀ ਆਵਾਜ਼ ਵੀ ਆ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਕੱਲ ਪੀੜਤ ਦਾ ਪਰਿਵਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਵੀ ਸ਼ਿਕਾਇਤ ਲੈ ਕੇ ਪੁਜਿਆ ਸੀਂ।

ਜਿਸ ’ਤੇ ਅੱਜ ਕਾਰਵਾਈ ਕਰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇੱਕ ਸ਼ਿਕਾਇਤੀ ਪੱਤਰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਦਿੱਲੀ ਦੇ ਉਪਰਾਜਪਾਲ ਅਨਿਲ ਬੈਂਜਲ, ਮੁਖਮੰਤਰੀ ਅਰਵਿੰਦ ਕੇਜਰੀਵਾਲ, ਪੁਲਿਸ ਕਮਿਸ਼ਨਰ ਅਮੁੱਲਯ ਪਟਨਾਇਕ ਅਤੇ ਕੌਮੀ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਨੂੰ ਭੇਜਿਆ ਹੈ। ਜਿਸ ’ਚ ਉਨ੍ਹਾਂ ਨੇ ਮਾਮਲੇ ਦੀ ਜਾਂਚ ਸੀ.ਬੀ.ਆਈ. ਜਾਂ ਕ੍ਰਾਇਮ ਬ੍ਰਾਂਚ ਨੂੰ ਸੌਂਪਣ ਦੀ ਮੰਗ ਕਰਦੇ ਹੋਏ ਦੋਸ਼ੀ ਪੁਲਿਸ ਅਧਿਕਾਰਿਆਂ ਨੂੰ ਮਾਮਲੇ ਦੀ ਜਾਂਚ ਪੂਰੀ ਹੋਣ ਤਕ ਬਰਖਾਸਤ ਕਰਨ ਦੀ ਮੰਗ ਕੀਤੀ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਅਤੇ ਕਮੇਟੀ ਮੈਂਬਰ ਭੁਪਿੰਦਰ ਸਿੰਘ ਭੁੱਲਰ ਨੇ ਮੀਡੀਆ ਨੂੰ ਦੱਸਿਆ ਕਿ ਪਰਿਵਾਰ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਪੁਲਿਸ ਨੇ ਜਸਪਾਲ ’ਤੇ ਝੂਠਾ ਮੁਕੱਦਮਾ ਬਣਾਇਆ ਹੈ। ਜਸਪਾਲ ਜਦੋਂ ਆਪਣੀ 1.5 ਸਾਲ ਦੀ ਬੱਚੀ ਨੂੰ ਲੈ ਕੇ ਆਈਸ਼ਕ੍ਰੀਮ ਦਿਵਾਉਣ ਬਾਜ਼ਾਰ ਵੱਲ ਜਾ ਰਿਹਾ ਸੀ ਤਾਂ ਪੁਲਿਸ ਵਾਲਿਆਂ ਨੇ ਉਸਦੇ ਹੱਥੋਂ ਬੱਚੀ ਨੂੰ ਖੋਹ ਕੇ ਹੇਠਾਂ ਸੁੱਟਦੇ ਹੋਏ ਅੰਨੇਵਾਹ ਡੰਡੇਂ ਨਾਲ ਕੁੱਟਿਆ। ਜਿਸ ਕਰਕੇ ਜਸਪਾਲ ਦੀ ਬਾਂਹ ਵੀ ਟੁੱਟ ਗਈ। ਥਾਣੇ ਲੈ ਜਾਣ ਉਪਰੰਤ ਉਸਦੇ ਮੂੰਹ ’ਤੇ ਪੁਲਿਸ ਵਾਲਿਆਂ ਵੱਲੋਂ ਪੇਸ਼ਾਬ ਕਰਨ ਦਾ ਪਰਿਵਾਰ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ।

ਪਰਮਿੰਦਰ ਨੇ ਕਿਹਾ ਕਿ ਵੀਡੀਓ ਅਤੇ ਪਰਿਵਾਰ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਦੀ ਸਹੀ ਤਰੀਕੇ ਨਾਲ ਘੋਖ ਕਰਨ ਉਪਰੰਤ ਇਹ ਸਾਫ਼ ਨਜ਼ਰ ਆਉਂਦਾ ਹੈ ਕਿ ਦੇਸ਼ ਦੀ ਰਾਜਧਾਨੀ ਦਿੱਲੀ ਦੀ ਪੁਲਿਸ ਵਾਸਤੇ ਮਨੁੱਖੀ ਅਧਿਕਾਰਾਂ ਦੀ ਕੋਈ ਕਦਰ ਕੀਮਤ ਨਹੀਂ ਹੈ। ਕੇਸ਼ਾਂ ਤੋਂ ਸਿੱਖ ਨੌਜਵਾਨ ਨੂੰ ਘਸੀਟ ਕੇ ਪੁਲਿਸ ਕਿਹੜੇ ਕਾਨੂੰਨ ਦੀ ਪਾਲਨਾ ਕਰ ਰਹੀ ਹੈ, ਇਸ ਸਮਝ ਤੋਂ ਬਾਹਰ ਹੈ।ਪਰਮਿੰਦਰ ਨੇ ਸਵਾਲ ਕੀਤਾ ਕਿ ਪੁਲਿਸ ਦੇ ਕਿਸ ਅਧਿਕਾਰੀ ਦੇ ਆਦੇਸ਼ ’ਤੇ ਗੋਲੀ ਚਲਾਈ, ਕਿਉਂ ਚਲਾਈ ਅਤੇ ਕਿਨ੍ਹੇ ਰਾਉਂਡ ਚਲਾਈ ? ਪੁਲਿਸ ਦੀ ਗੋਲੀ ਨਾਲ ਗਾਂ ਮਰਨ ਦੀ ਸਾਹਮਣੇ ਆਈ ਗੱਲ ਉਪਰੰਤ ਗਊ ਭਗਤਾਂ ਨੇ ਪੁਲਿਸ ਖਿਲਾਫ਼ ਮੋਰਚਾ ਕਿਉਂ ਨਹੀਂ ਲਾਇਆ ? ਜੇਕਰ ਜਸਪਾਲ ਨੇ ਕੋਈ ਅਪਰਾਧ ਕੀਤਾ ਸੀ ਤਾਂ ਪੁਲਿਸ ਵਾਲਿਆ ਨੂੰ ਉਸ ਨਾਲ ਗੈਰਮਨੁੱਖੀ ਵਤੀਰਾ ਕਰਨ ਦਾ ਹੱਕ ਕਿਸ ਨੇ ਦਿੱਤਾ ਸੀ ?

ਪੁਲਿਸ ਦੀ ਕਾਰਵਾਈ ’ਤੇ ਸ਼ੱਕ ਦੀ ਸੂਈ ਮੋੜਦੇ ਹੋਏ ਕਮੇਟੀ ਦੇ ਇਲਾਕਾ ਮੈਂਬਰ ਭੁੱਲਰ ਨੇ ਖੁਲਾਸਾ ਕੀਤਾ ਕਿ ਪੁਲਿਸ ਦੂਜੇ ਭਾਈਚਾਰੇ ਦੇ ਲੋਕਾਂ ਦੇ ਦਬਾਵ ਹੇਠ ਪਿੱਛਲੇ ਲੰਬੇ ਸਮੇਂ ਤੋਂ ਸਿਕਲੀਘਰ ਭਾਈਚਾਰੇ ਦੇ ਲੋਕਾਂ ਖਿਲਾਫ਼ ਇੱਕ ਤਰਫਾ ਜਬਰ ਦੀ ਕਾਰਵਾਈ ਕਰ ਰਹੀ ਹੈ। ਕਿੳਂੁਕਿ ਸਿਕਲੀਘਰ ਭਾਈਚਾਰੇ ਦੇ ਇੱਕ ਮੈਬਰ ਦੇ ਕਤਲ ਦਾ ਮੁਕੱਦਮਾ ਦੂਜੇ ਭਾਈਚਾਰੇ ਦੇ ਦਬੰਗ ਲੋਕਾਂ ’ਤੇ ਬਣਿਆ ਹੋਇਆ ਹੈ। ਇਸ ਕਰਕੇ ਆਏ ਦਿਨ ਦਿੱਲੀ ਪੁਲਿਸ ਸਿਕਲੀਘਰ ਭਾਈਚਾਰੇ ਦੇ ਨੌਜਵਾਨਾਂ ’ਤੇ ਦਿਮਾਗੀ ਪ੍ਰਭਾਓ ਪਾਉਣ ਵਾਸਤੇ ਉਨ੍ਹਾਂ ਨੂੰ ਝੂਠੇ ਮੁੱਕਦਮਿਆਂ ’ਚ ਫਸਾਉਣ ਦੀ ਵਿਊਂਤਬੰਦੀ ਕਰਦੀ ਰਹਿੰਦੀ ਹੈ, ਤਾਂਕਿ ਉਹ ਪਰੇਸ਼ਾਨ ਹੋ ਕੇ ਪੁਰਾਣੇ ਮਾਮਲੇ ’ਚ ਦੂਜੀ ਧਿਰ ਨਾਲ ਸਮਝੌਤਾ ਕਰ ਲੈਣ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>