ਕੀ ਸਾਡੇ ਪੰਜਾਬੀ ਇਤਿਹਾਸਕ ਜਾਂ ਸਾਡੇ ਸੂਰਮਿਆਂ ਦੀਆਂ ਫ਼ਿਲਮਾਂ ਦੇਖਣ ਦੇ ਰੌਂਅ ਵਿੱਚ ਹਨ?

ਪੰਜਾਬ ਅਤੇ ਪੰਜਾਬੀ ਮਾਂ-ਬੋਲੀ ਪ੍ਰਤੀ ਸੁਹਿਰਦ, ਚਿੰਤਕ ਅਤੇ ਸ਼ੁਭਚਿੰਤਕ ਹਮੇਸ਼ਾ ਗ਼ਿਲਾ-ਸ਼ਿਕਵਾ ਕਰਦੇ ਰਹਿੰਦੇ ਹਨ ਕਿ ਲਿਖਣ ਵਾਲ਼ੇ ਚੰਗਾ ਨਹੀਂ ਲਿਖਦੇ, ਗਾਉਣ ਵਾਲ਼ੇ ਚੰਗਾ ਗਾਉਂਦੇ ਨਹੀਂ, ਫ਼ਿਲਮਾਂ ਵਾਲ਼ੇ ਚੰਗੀਆਂ ਫ਼ਿਲਮਾਂ ਨਹੀਂ ਬਣਾ ਰਹੇ, ਸਾਡੇ ਬੱਚਿਆਂ ਨੂੰ “ਗੰਦ” ਪਰੋਸਿਆ ਜਾ ਰਿਹਾ ਹੈ ਅਤੇ ਗਲਤ ਰੰਗਤ ਦੇ ਕੇ ਕੁਰਾਹੇ ਪਾਇਆ ਜਾ ਰਿਹਾ ਹੈ। ਅਸੀਂ ਵੀ ਇਸ ਗੱਲ ਨਾਲ਼ ਸੌ ਪ੍ਰਤੀਸ਼ਤ ਸਹਿਮਤ ਹਾਂ ਕਿ ਇਹ ਗੱਲਾਂ ਹੋ ਰਹੀਆਂ ਹਨ ਅਤੇ ਇਸ ਪ੍ਰਦੂਸ਼ਤ ਅਤੇ ਗੰਧਲ਼ੇ ਵਰਤਾਰੇ ਨੂੰ ਠੱਲ੍ਹ ਪੈਣੀ ਚਾਹੀਦੀ ਹੈ। ਪਰ ਸਭ ਤੋਂ ਵੱਡਾ ਸੁਆਲ ਹੈ ਕਿ ਠੱਲ੍ਹ ਪਵੇ ਕਿਵੇਂ…? ਸਾਡੇ ਕੋਲ “ਸਿੰਮ-ਸਿੰਮ ਖੁੱਲ੍ਹ ਜਾ” ਵਰਗਾ ਮੰਤਰ ਜਾਂ ਅਲਾਦੀਨ ਦਾ ਚਿਰਾਗ ਤਾਂ ਹੈ ਨਹੀਂ, ਜਿਸ ਨਾਲ਼ ਰਾਤੋ-ਰਾਤ ਕੋਈ ਕ੍ਰਿਸ਼ਮਾਂ ਕੀਤਾ ਜਾ ਸਕੇ? ਇਸ ਪ੍ਰਤੀ ਸਾਨੂੰ ਆਪਾ ਪੜਚੋਲ਼ ਵੀ ਕਰਨੀ ਹੋਵੇਗੀ ਕਿ ਅਸੀਂ ਕਿੱਥੇ ਖੜ੍ਹੇ ਹਾਂ ਤੇ ਸਾਡੇ ਫ਼ਰਜ਼ ਕੀ ਨੇ…? ਕੀ ਅਸੀਂ ਆਪਣੇ ਫ਼ਰਜ਼ਾਂ ਪ੍ਰਤੀ ਸੁਚੇਤ ਹਾਂ…? ਕੀ ਅਸੀਂ ਆਪਣੇ ਫ਼ਰਜ਼ ਤਨਦੇਹੀ ਨਾਲ਼ ਨਿਭਾਅ ਰਹੇ ਹਾਂ…? ਬੜੇ ਅਫ਼ਸੋਸ ਨਾਲ਼ ਹਿੱਕ ‘ਤੇ ਪੱਥਰ ਰੱਖ ਕੇ ਕਹਿਣਾ ਪੈਂਦਾ ਹੈ ਕਿ ਅਸੀਂ ਓਸ ਦੇਸ਼ ਦੇ ਵਾਸੀ ਹਾਂ, ਜਿੱਥੇ ਸਰਕਾਰੀ ਕਰਮਚਾਰੀ ਕੰਮ ਨਾ ਕਰਨ ਦੀ ਤਨਖ਼ਾਹ ਲੈਂਦਾ ਹੈ, ਤੇ ਕੰਮ ਕਰਨ ਦੀ ਰਿਸ਼ਵਤ! ਪ੍ਰਦੂਸ਼ਣ ਕੋਈ ਵੀ ਹੋਵੇ, ਵਾਤਾਵਰਣ ਪ੍ਰਤੀ ਸਾਡਾ ਵੀ ਕੋਈ ਫ਼ਰਜ਼ ਬਣਦਾ ਹੈ। ਪਰ ਕਈ ਵਾਰ ਇਹ ਹੀ ਮਹਿਸੂਸ ਹੁੰਦਾ ਹੈ ਕਿ ਗੰਦ ਪਾਉਣਾ ਤਾਂ ਅਸੀਂ ਆਪਣੇ ਫ਼ਰਜ਼ਾਂ ਵਿੱਚ ਸ਼ਾਮਲ ਕਰ ਲਿਆ ਹੈ! ਜੇ ਕੋਈ ਚੰਗਾ ਲਿਖਦਾ, ਚੰਗਾ ਗਾਉਂਦਾ ਤੇ ਚੰਗੀਆਂ ਫ਼ਿਲਮਾਂ ਬਣਾਉਂਦਾ ਹੈ, ਤਾਂ ਅਸੀਂ ਪੜ੍ਹਦੇ, ਸੁਣਦੇ ਅਤੇ ਦੇਖਦੇ ਨਹੀਂ! ਬਦਕਿਸਮਤੀ ਹੀ ਕਹੀ ਜਾ ਸਕਦੀ ਹੈ ਕਿ ਸਾਡੀ ਅੱਖ ਓਦੋਂ ਜਾ ਕੇ ਖੁੱਲ੍ਹਦੀ ਹੈ, ਜਦ ਸਾਰਾ ਢਾਂਚਾ “ਭਰਾੜ੍ਹ” ਹੋ ਕੇ ਸਾਡੇ ਗਲ਼ ਆ ਪੈਂਦਾ ਹੈ ਅਤੇ ਸਾਡੀ ਹਾਲਤ ਓਸ ਮਿਰਗ ਵਰਗੀ ਬਣ ਜਾਂਦੀ ਹੈ, ਜਿਸ ਦੇ ਅੱਗੇ ਖੱਡ ਅਤੇ ਪਿੱਛੇ ਬਘਿਆੜ੍ਹ ਖੜ੍ਹੇ ਹੋਣ!

ਮਸਲਾ ਕੋਈ ਵੀ ਵੱਡਾ ਨਹੀਂ ਹੁੰਦਾ। ਕਿਸੇ ਵੀ ਮਸਲੇ ਦਾ ਹੱਲ ਲੱਭ ਕੇ, ਅਤੇ ਸੁਹਿਰਦਤਾ ਨਾਲ਼ ਉਸ ਹੱਲ ਨੂੰ ਅੰਜ਼ਾਮ ਦੇ ਕੇ ਹੀ ਕਿਸੇ ਵਹਿਣ ਨੂੰ ਮੋੜਿਆ ਜਾ ਸਕਦਾ ਹੈ। ਜੇ ਇੱਕ ਲਕੀਰ ਨੂੰ ਛੋਟਾ ਕਰਨਾ ਹੈ ਤਾਂ ਉਸ ਦੇ ਬਰਾਬਰ ਸਾਨੂੰ ਉਸ ਤੋਂ ਵੱਡੀ ਲਕੀਰ ਖਿੱਚਣੀ ਪਵੇਗੀ। ਦਿਨ ਰਾਤ ਸਰਕਾਰਾਂ ਨੂੰ ਉਲਾਂਭੇ ਦੇਣ ਨਾਲ਼ ਕੁਛ ਨਹੀਂ ਬਣਨਾ, ਸਾਨੂੰ ਖ਼ੁਦ ਨੂੰ ਵੀ ਕੋਈ ਹੱਥ ਪੱਲਾ ਹਿਲਾਉਣਾ ਪੈਣਾ ਹੈ। ਦੁਨੀਆਂ ਭਰ ਦੇ ਅਗਾਂਹਵਧੂ ਅਤੇ ਅੱਜ ਦੇ ਖ਼ੁਸ਼ਹਾਲ ਮੁਲਕਾਂ ਵੱਲ ਮੋਟੀ ਜਿਹੀ ਝਾਤੀ ਮਾਰ ਲਵੋ, ਕਿ ਜਦ ਵੀ ਇਨਕਲਾਬ ਆਇਆ, ਉਹ “ਆਮ ਲੋਕਾਂ” ਨੇ ਲੈ ਕੇ ਆਂਦਾ, ਕਿਸੇ ਰਾਜੇ, ਸਰਕਾਰ ਜਾਂ ਕਿਸੇ ਮੰਤਰੀ ਨੇ ਨਹੀਂ! ਜਦ ਵੀ ਕ੍ਰਾਂਤੀ ਦੀ ਕੋਈ ਲਹਿਰ ਉਠੀ, ਤਾਂ ਤੱਪੜ ‘ਤੇ ਬੈਠਣ ਵਾਲਿਆਂ ਵੱਲੋਂ ਉਠੀ, ਕਿਸੇ ਸਿੰਘਾਸਣ ਜਾਂ ਕੀਮਤੀ ਗੱਦਿਆਂ ਉਪਰ ਬੈਠਣ ਵਾਲ਼ੇ ਨੇ ਕਿਸੇ ਸੰਘਰਸ਼ ਦੀ ਲਹਿਰ ਵਿੱਚ ਕੋਈ ਯੋਗਦਾਨ ਨਹੀਂ ਪਾਇਆ। ਆਲੀਸ਼ਾਨ ਕੋਠੀਆਂ ਦੇ ਮਾਲਕ ਅਤੇ ਕਰੋੜਾਂ ਦੀਆਂ ਕਾਰਾਂ ‘ਚ ਸਫ਼ਰ ਕਰਨ ਵਾਲ਼ੇ ਕਿਸੇ ਸੰਗਰਾਮ ਵਿੱਚ ਕਿਉਂ ਹਿੱਸਾ ਲੈਣਗੇ…? ਜੇ “ਨਾਨਕ ਸ਼ਾਹ ਫ਼ਕੀਰ” ਫ਼ਿਲਮ ਰੁਕੀ, ਤਾਂ ਆਮ ਲੋਕਾਂ ਵੱਲੋਂ ਅਵਾਜ਼ ਉਠਾਉਣ ‘ਤੇ ਰੁਕੀ, ਨਾ ਕਿ ਕਿਸੇ ਜੱਥੇਦਾਰ ਜਾਂ ਕਿਸੇ ਮੰਤਰੀ ਦੇ ਕਹਿਣ ‘ਤੇ ਰੋਕੀ ਗਈ! ਜਦ ਕੋਈ ਵੀ ਲਹਿਰ, “ਲੋਕ ਲਹਿਰ” ਬਣਦੀ ਹੈ, ਤਾਂ ਵੱਡੇ-ਵੱਡੇ ਸਾਮਰਾਜ ਹਿੱਲ ਜਾਂਦੇ ਹਨ। ਆਮ ਲੋਕਾਂ ਦਾ ਹੋਕਰਾ ਕਿਸੇ ਤੋਪ ਦੇ ਖੜਾਕ ਨਾਲ਼ੋਂ ਘੱਟ ਨਹੀਂ ਹੁੰਦਾ!

ਹੁਣ ਘੁੰਮਦੀ ਉਂਗਲ਼ ਸਾਡੇ ਪੰਜਾਬੀਆਂ ਉਪਰ ਆ ਖੜ੍ਹਦੀ ਹੈ ਕਿ ਕੀ ਅਸੀਂ ਇਸ ਗੰਧਲ਼ੇ ਮਾਹੌਲ ਨੂੰ ਸਾਫ਼ ਸੁਥਰਾ, ਰਮਣੀਕ ਅਤੇ ਨਿਰਮਲ ਬਣਾਉਣ ਲਈ ਆਪਣਾ ਵੀ ਕੋਈ ਹਿੱਸਾ ਪਾ ਰਹੇ ਹਾਂ?  ਜਾਂ ਅਸੀਂ ਸਿਰਫ਼ “ਹੋਅ-ਹੱਲਾ” ਕਰ ਕੇ ਰੌਲ਼ਾ ਹੀ ਪਾਉਣ ਵਾਲ਼ੇ ਹੀ ਹਾਂ? ਕੀ ਅਸੀਂ ਆਪਣੇ ਸੂਰਬੀਰ ਯੋਧਿਆਂ ਦੇ ਇਤਿਹਾਸ, ਉਹਨਾਂ ਦੀਆਂ ਕੁਰਬਾਨੀਆਂ ਨੂੰ ਕੋਈ ਅਹਿਮੀਅਤ ਵੀ ਦਿੰਦੇ ਹਾਂ, ਕਿ ਜਾਂ ਸਿਰਫ਼ ਨਿਰਾਸ਼ਾ ਵਿੱਚ ਸਿਰ ਹਿਲਾ ਕੇ ਸਾਰਨ ਜੋਕਰੇ ਹੀ ਹਾਂ…?? ਪਿੱਛੇ ਜਿਹੇ ਦੋ ਪੰਜਾਬੀ ਸੈਨਿਕਾਂ ਉਪਰ ਇਤਿਹਾਸਕ ਫ਼ਿਲਮਾਂ “ਸੱਜਣ ਸਿੰਘ ਰੰਗਰੂਟ” ਅਤੇ “ਸੂਬੇਦਾਰ ਜੋਗਿੰਦਰ ਸਿੰਘ” ਸਿਨੇਮਾਂ ਘਰਾਂ ਵਿੱਚ ਆਈਆਂ। ਆਉਣ ਤੋਂ ਪਹਿਲਾਂ ਮੈਨੂੰ ਬੜੀ ਉਤਸੁਕਤਾ ਸੀ ਕਿ ਸਾਡੇ ਪੰਜਾਬੀ ਰੌਲ਼ੇ-ਰੱਪੇ ਅਤੇ ਦਾਰੂ-ਬੱਤੇ ਵਾਲੀਆਂ ਫ਼ਿਲਮਾਂ ਤੋਂ “ਅੱਕੇ” ਪਏ ਹਨ ਅਤੇ ਇਹਨਾਂ ਦੋਵੇਂ ਫ਼ਿਲਮਾਂ ਨੂੰ ਪੰਜਾਬੀਆਂ ਵੱਲੋਂ ਪੁਰਜੋਰ ਹੁੰਗਾਰਾ ਮਿਲ਼ੇਗਾ। ਜਰਮਨ ਜਾਂ ਯੂਰਪੀਅਨ ਇਤਿਹਾਸਕ ਫ਼ਿਲਮਾਂ ਵਾਂਗ ਇਹਨਾਂ ਫ਼ਿਲਮਾਂ ਦਾ ਟਿਕਟ ਖਿੜਕੀ ਉਪਰ ਰਿਕਾਰਡ ਟੁੱਟੇਗਾ ਅਤੇ ਬੇਹੂਦਾ ਗੁੰਦਾਗਰਦੀ ਅਤੇ ਨਸ਼ੇ-ਪੱਤੇ ਵਾਲੀਆਂ ਫ਼ਿਲਮਾਂ ਬਣਾਉਣ ਵਾਲਿਆਂ ਨੂੰ ਵੀ ਕੋਈ ਸਬਕ ਮਿਲ਼ੇਗਾ ਕਿ ਪੰਜਾਬੀਆਂ ਦਾ “ਟੇਸਟ” ਨਿਰਾਲਾ ਹੈ ਅਤੇ ਹੁਣ ਸਾਡੇ ਪੰਜਾਬੀ ਬੇਹੂਦਾ ਮਾਰਧਾੜ ਵਾਲੀਆਂ ਫ਼ਿਲਮਾਂ ਦੇਖਣ ਦੀ ਮਨੋਦਸ਼ਾ ਵਿੱਚ ਨਹੀਂ। ਪਰ ਇਹ ਮੇਰੀ ਖ਼ੁਸ਼ਫ਼ਹਿਮੀ ਹੀ ਰਹੀ ਅਤੇ ਇਹ ਆਸ ਸਿਰਫ਼ ਅਤੇ ਸਿਰਫ਼ ਮੇਰਾ ਭਰਮ ਬਣ ਕੇ ਮੱਥੇ ਵੱਜੀ!

ਅੰਗਰੇਜ, ਨਿੱਕਾ ਜੈਲਦਾਰ, ਨਿੱਕਾ ਜੈਲਦਾਰ-2 ਵਰਗੀਆਂ ਸੁਪਰ ਹਿੱਟ ਫ਼ਿਲਮਾਂ ਦੇ ਬਹੁ-ਚਰਚਿਤ ਡਾਇਰੈਕਟਰ ਸਿਮਰਜੀਤ ਸਿੰਘ ਨੇ ਫ਼ੈਸਲਾ ਲਿਆ ਕਿ ਸਾਡੇ ਸੂਰਬੀਰ ਯੋਧਿਆਂ ਉਪਰ ਵੀ ਕੋਈ ਫ਼ਿਲਮ ਬਣਨੀ ਚਾਹੀਦੀ ਹੈ। ਸਿੱਟੇ ਵਜੋਂ “ਸੂਬੇਦਾਰ ਜੋਗਿੰਦਰ ਸਿੰਘ” ਫ਼ਿਲਮ ਦੀ ਸ਼ੁਰੂਆਤ ਹੋਈ। ਸੂਬੇਦਾਰ ਜੋਗਿੰਦਰ ਸਿੰਘ ਸਾਡੇ ਇਲਾਕੇ ਦੀ ਇੱਕ ਮਾਣਮੱਤੀ ਸਖਸ਼ੀਅਤ ਸੀ, ਜਿਸ ਦਾ ਬੁੱਤ ਮੋਗਾ ਸ਼ਹਿਰ ਦੇ ਮੁੱਖ ਚੌਂਕ ਵਿੱਚ ਲੱਗਿਆ ਰਿਹਾ ਅਤੇ ਅੱਜ ਕੱਲ੍ਹ ਕਚਿਹਰੀਆਂ ਵਿੱਚ ਸ਼ਸ਼ੋਭਿਤ ਹੈ। ਜਦ ਵੀ ਅਸੀਂ ਡੀ. ਐੱਮ. ਕਾਲਜ ਮੋਗਾ ਪੜ੍ਹਨ ਜਾਂਦੇ, ਸਾਨੂੰ ਮਾਹਲਾ ਪਿੰਡ ਦੇ ਵਸਨੀਕ, ਸੂਬੇਦਾਰ ਜੋਗਿੰਦਰ ਸਿੰਘ ਦੇ ਬੁੱਤ ਦੇ ਰੋਜ਼ਾਨਾ ਦਰਸ਼ਣ ਹੁੰਦੇ। ਸੂਬੇਦਾਰ ਜੀ ਦੇ ਇਤਿਹਾਸ ਬਾਰੇ ਤਾਂ ਬਹੁਤਾ ਪਤਾ ਨਹੀਂ ਸੀ, ਪਰ ਫ਼ੇਰ ਵੀ ਦਰਸ਼ਣ ਕਰ ਕੇ ਮਾਣ ਨਾਲ਼ ਛਾਤੀ ਤਣ ਜਾਂਦੀ। ਸੂਬੇਦਾਰ ਜੋਗਿੰਦਰ ਸਿੰਘ 1962 ਦੇ “ਸੀਨੋ-ਇੰਡੀਅਨ ਯੁੱਧ” ਵਿੱਚ ਸ਼ਹੀਦ ਹੋਣ ਵਾਲ਼ਾ ਯੋਧਾ ਸੀ, ਜਿਸ ਨੇ ਸ਼ਹੀਦ ਹੋਣ ਤੱਕ ਤਿੰਨ ਜੰਗਾਂ ਵਿੱਚ ਅੱਗੇ ਹੋ ਕੇ ਹਿੱਸਾ ਲਿਆ ਅਤੇ ਅਖੀਰ ਸ਼ਹੀਦੀ ਪ੍ਰਾਪਤ ਕੀਤੀ। ਸਾਡੇ ਪਿੰਡਾਂ ਦਾ ਇਹ ਮਾਣਮੱਤਾ ਸੂਰਬੀਰ ਪਰਮਵੀਰ ਚੱਕਰ ਵਿਜੈਤਾ ਹੈ। ਇਸ ਫ਼ਿਲਮ ਨੂੰ ਸ੍ਰੀ ਗੰਗਾ ਨਗਰ, ਲੇਹ-ਲੱਦਾਖ, ਕਾਰਗਿਲ ਅਤੇ ਸੂਰਤਗੜ੍ਹ ਇਲਾਕਿਆਂ ਵਿੱਚ ਫ਼ਿਲਮਾਇਆ ਗਿਆ। ਸੂਰਤਗੜ੍ਹ ਏਅਰਫ਼ੋਰਸ ਬੇਸ ਸਟੇਸ਼ਨ ‘ਤੇ ਵੀ ਇਸ ਫ਼ਿਲਮ ਦੀ ਸ਼ੂਟਿੰਗ ਹੋਈ ਅਤੇ ਸ੍ਰੀ ਨਗਰ ਲੇਹ-ਹਾਈਵੇਅ ਉਪਰ ਵੀ ਇਸ ਫ਼ਿਲਮ ਦੇ ਕਈ ਸੀਨ ਫ਼ਿਲਮਾਏ ਗਏ। ਲਵਲੀ ਸ਼ਰਮਾਂ ਇਸ ਫ਼ਿਲਮ ਦਾ ਸਹਾਇਕ ਡਾਇਰੈਕਟਰ ਸੀ ਅਤੇ ਇਸ ਫ਼ਿਲਮ ਉਪਰ ਕਰੀਬ ਸਤਾਰਾਂ ਕਰੋੜ ਰੁਪਏ ਖਰਚੇ ਹੋਏ।

ਹੁਣ ਗੱਲ ਕਰੀਏ ਫ਼ਿਲਮ “ਸੱਜਣ ਸਿੰਘ ਰੰਗਰੂਟ” ਦੀ! ਸਰਦਾਰ ਸੱਜਣ ਸਿੰਘ 1893 ਤੋਂ 1947 ਤੱਕ ਰਤਲਾਮ ਸਟੇਟ ਦੀ ਵਜਾਰਤ ਦੇ ਮਹਾਰਾਜਾ ਦੱਸੇ ਜਾਂਦੇ ਹਨ, ਜੋ ਬ੍ਰਿਟਿਸ਼ ਇੰਡੀਅਨ ਆਰਮੀ ਦੇ ਅਫ਼ਸਰ ਵੀ ਸਨ। ਇਹਨਾਂ ਨੇ ਪਹਿਲੇ ਵਿਸ਼ਵ ਯੁੱਧ ਦੌਰਾਨ ਪੱਛਮੀ ਫ਼ਰੰਟ ਵਿੱਚ ਸੇਵਾ ਨਿਭਾਈ। ਮੂਹਰਲੀ ਕਤਾਰ ਵਿੱਚ ਜੰਗ ਲੜਨ ਵਾਲ਼ੇ ਸਰਦਾਰ ਸੱਜਣ ਸਿੰਘ ਪਹਿਲਾ ਪੰਜਾਬੀ ਸਿੱਖ ਸੀ, ਜਿਸ ਨੂੰ ਬ੍ਰਿਟਿਸ਼-ਭਾਰਤੀ ਸੈਨਾਂ ਵੱਲੋਂ ਪਹਿਲੇ ਵਿਸ਼ਵ-ਯੁੱਧ ਵਿੱਚ ਲੜਨ ਲਈ ਨਿਯੁਕਤ ਕੀਤਾ ਗਿਆ। ਪਹਿਲੇ ਵਿਸ਼ਵ ਯੁੱਧ ਦੇ ਸਿਰਲੱਥ ਯੋਧਿਆਂ ਦੀ ਬਾਤ ਪਾਉਣ ਵਾਲ਼ੀ ਇਹ ਪਹਿਲੀ ਪੰਜਾਬੀ ਫ਼ਿਲਮ ਸੀ, ਜਿਸ ਨੂੰ ਰੂਸ ਵਰਗੇ ਮੁਲਕ ਵਿੱਚ ਵੀ ਰਿਲੀਜ਼ ਕੀਤਾ ਗਿਆ। ਇਸ ਫ਼ਿਲਮ ਦਾ ਡਾਇਰੈਕਟਰ ਪੰਕਜ ਬਤਰਾ ਸੀ, ਅਤੇ ਇਸ ਫ਼ਿਲਮ ਉਪਰ ਕਰੀਬ ਸੋਲ਼ਾਂ ਕਰੋੜ ਰੁਪਏ ਲਾਗਤ ਆਈ।

ਹੁਣ ਗੱਲ ਦਰਸ਼ਕਾਂ ਉਪਰ ਆ ਖੜ੍ਹਦੀ ਹੈ ਕਿ ਸਿਰਲੱਥ ਯੋਧਿਆਂ ਦੀ ਸੱਚੀ ਦਾਸਤਾਨ ਉਪਰ ਬਣੀਆਂ ਇਹਨਾਂ ਇਤਿਹਾਸਕ ਫ਼ਿਲਮਾਂ ਨੂੰ ਅਸੀਂ ਪੰਜਾਬੀਆਂ ਨੇ ਕਿੰਨਾਂ ਕੁ ਹੁੰਗਾਰਾ ਦਿੱਤਾ? ਜੇ ਅਸੀਂ ਚੰਗੀਆਂ ਫ਼ਿਲਮਾਂ ਨੂੰ ਹੁੰਗਾਰਾ ਨਹੀਂ ਦਿੰਦੇ, ਤਾਂ ਕੀ ਸਾਨੂੰ ਬੇਹੂਦਾ ਫ਼ਿਲਮਾਂ ਬਾਰੇ ਰੌਲ਼ਾ ਪਾਉਣਾ ਸ਼ੋਭਾ ਦਿੰਦਾ ਹੈ?? ਹਰ ਫ਼ਿਲਮ ਨੂੰ ਸਫ਼ਲ ਵੀ ਦਰਸ਼ਕਾਂ ਨੇ ਕਰਨਾ ਹੁੰਦੈ, ਤੇ ਸੁੱਟਦੇ ਵੀ ਦਰਸ਼ਕ ਹੀ ਨੇ! …ਤੇ ਦਰਸ਼ਕ ਕੌਣ ਨੇ…? ਦਰਸ਼ਕ ਹਾਂ ਅਸੀਂ…!! ਹਾਂ, ਇਹ ਗੱਲ ਮੈਂ ਮੰਨਦਾ ਹਾਂ, ਕਿ ਹਰ ਫ਼ਿਲਮ ਵਪਾਰ ਨੂੰ ਮੁੱਖ ਰੱਖ ਕੇ ਹੀ ਬਣਾਈ ਜਾਂਦੀ ਹੈ, ਚਾਹੇ ਫ਼ਿਲਮ ਬਣਾਉਣ ਵਾਲਿਆਂ ਦਾ ਮਕਸਦ ਸਿਰਫ਼ ਵਪਾਰ ਜਾਂ ਪੈਸਾ ਬਣਾਉਣਾ ਹੀ ਹੋਵੇ, ਪਰ ਸਾਡੇ ਪੰਜਾਬੀਆਂ ਦੀ ਬਹਾਦਰੀ ਦੇ ਕਿੱਸੇ ਸੁਣਾਉਂਦੀ ਇੱਕ ਚੰਗੀ ਇਤਿਹਾਸਕ ਫ਼ਿਲਮ ਤਾਂ ਸਾਡੀ ਝੋਲ਼ੀ ਪਾਉਂਦੇ ਹਨ? ਜੇ ਉਹ ਸੁਚੱਜੇ ਢੰਗ ਨਾਲ਼ ਫ਼ਿਲਮ ਵਿੱਚੋਂ ਵਪਾਰ ਕਰਦੇ ਹਨ, ਕਿਸੇ ਨਾਲ਼ ਠੱਗੀ ਨਹੀਂ ਮਾਰਦੇ, ਕਿਸੇ ਨਾਲ਼ ਧੋਖਾ ਜਾਂ ਛਲ਼ ਨਹੀਂ ਕਰਦੇ, ਕਿਸੇ ਦਾ ਦਿਲ ਨਹੀਂ ਦੁਖਾਉਂਦੇ, ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨਹੀਂ ਭੜ੍ਹਕਾਉਂਦੇ, ਤਾਂ ਮੈਂ ਦਾਅਵੇ ਨਾਲ਼ ਆਖਦਾ ਹਾਂ ਕਿ ਉਹ ਫ਼ਿਰ ਵੀ ਵਧੀਆ ਕਾਰਜ ਕਰਕੇ ਸਾਨੂੰ ਇਤਿਹਾਸ, ਜਾਂ ਸਾਨੂੰ ਸਾਡੇ ਯੋਧੇ ਸੂਰਬੀਰਾਂ ਦੇ ਸਨਮੁਖ ਤਾਂ ਕਰਦੇ ਹਨ! ਜੇ ਕੋਈ ਆਪਣੀ ਜੇਬ ਵਿੱਚੋਂ ਪੈਸਾ ਖਰਚ ਕੇ ਮੁਨਾਫ਼ਾ ਕਮਾਉਂਦਾ ਹੈ, ਤਾਂ ਮੇਰੀ ਨਜ਼ਰ ਵਿੱਚ ਬੁਰਾ ਨਹੀਂ! ਪਰ ਮੈਂ ਨਿੱਜੀ ਤੌਰ ‘ਤੇ ਕਈ ਅਜਿਹੇ “ਗਿੱਦੜਮਾਰਾਂ” ਨੂੰ ਜਾਣਦਾ ਹਾਂ, ਜਿਹਨਾਂ ਨੇ ਦੂਜਿਆਂ ਦੀ ਜੇਬ ਵੀ ਕਤਰੀ, ਕਿਸੇ ਦਾ ਬਣਦਾ ਹੱਕ ਵੀ ਨਹੀਂ ਦਿੱਤਾ! ਹੋਰ ਤਾਂ ਹੋਰ, ਕਿਸੇ ਦਾ ਸ਼ੁਕਰੀਆ ਅਦਾ ਕਰਨ ਦੀ ਵੀ ਤਕਲੀਫ਼ ਨਹੀਂ ਕੀਤੀ। ਅਜਿਹੇ ਮਤਲਬੀ ਬਟੇਰੇ ਅਤੇ ਲੁਟੇਰੇ ਤਾਂ ਸਿਰਫ਼ ਲਾਹਣਤ ਦੇ ਹੱਕਦਾਰ ਨੇ!!

ਪਿਛਲੇ ਹਫ਼ਤੇ ਮੈਂ ਪੜ੍ਹ ਰਿਹਾ ਸੀ ਕਿ ਪੁਰਾਤਨ ਸਮੇਂ ਵਿੱਚ ਜੰਗਲਾਂ ਦੇ ਵਸਨੀਕ ਕਬਾਇਲੀ ਲੋਕ, ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਆਪਣੇ ਬਜ਼ੁਰਗਾਂ ਦੀਆਂ ਕਬਰਾਂ ਉਪਰ ਲਿਜਾ ਕੇ ਉਹਨਾਂ ਦੀਆਂ ਮਾਰੀਆਂ ਮੱਲਾਂ, ਕਬੀਲੇ ਪ੍ਰਤੀ ਨਿਭਾਹੀਆਂ ਵਫ਼ਾਦਾਰੀਆਂ, ਦਿਖਾਈਆਂ ਬਹਾਦਰੀਆਂ ਅਤੇ ਦਿੱਤੀਆਂ ਕੁਰਬਾਨੀਆਂ ਬਾਰੇ ਸੀਨਾਂ-ਬਸੀਨਾਂ ਦੱਸਦੇ ਆ ਰਹੇ ਸਨ, ਜੋ ਹੁਣ ਕਿਤਾਬੀ ਰੂਪ ਵਿੱਚ ਸਾਂਭਿਆ ਜਾਣ ਲੱਗਿਆ ਹੈ। ਅਗਰ ਅਸੀਂ ਵੀ ਇਤਿਹਾਸ ਨੂੰ ਸਲਾਮਤ ਰੱਖਣਾ ਚਾਹੁੰਦੇ ਹਾਂ, ਅਤੇ ਸਾਡੀ ਇੱਛਾ ਹੈ ਕਿ ਸਾਡੇ ਬੱਚੇ ਵੀ ਇਸ ਇਤਿਹਾਸ ਤੋਂ ਜਾਣੂੰ ਹੋਣ ਅਤੇ ਆਪਣੇ ਵਿਰਸੇ ਨਾਲ਼ ਜੁੜਨ, ਅਗਰ ਸਾਡੀ ਚਾਹਤ ਹੈ ਕਿ ਸਾਡੇ ਬੱਚੇ ਸਾਡੇ ਬਜ਼ੁਰਗਾਂ ਦੇ ਪਾਏ ਪੂਰਨੇ ਦੇਖਣ ਅਤੇ ਦੇਖ ਕੇ ਮਾਣ ਮਹਿਸੂਸ ਕਰਨ, ਅਗਰ ਅਸੀਂ ਲੋੜਦੇ ਹਾਂ ਕਿ ਸਾਡਾ ਆਲ਼ਾ ਦੁਆਲ਼ਾ ਗੰਧਲ਼ਾ ਨਾ ਹੋਵੇ, ਸੁਖਾਵਾਂ ਅਤੇ ਨਿਰਮਲ ਬਣੇ, ਅਗਰ ਅਸੀਂ ਲੋਚਦੇ ਹਾਂ ਕਿ ਸਾਡੇ ਬੱਚੇ ਅਣਖ਼ੀ ਅਤੇ ਸ਼ੁੱਧ ਪੰਜਾਬੀ ਹੋਣ, ਤਾਂ ਸਾਨੂੰ ਆਪਣੇ ਇਤਿਹਾਸ, ਆਪਣੇ ਸੂਰਬੀਰ ਪੁਰਖਿਆਂ ਉਪਰ ਬਣੀਆਂ ਫ਼ਿਲਮਾਂ ਦਿਖਾ ਕੇ, ਉਹਨਾਂ ਨੂੰ ਬਿਖੜੇ ਪੈਂਡਿਆਂ ਤੋਂ ਰੋਕ, ਇੱਕ ਨਵੀਂ ਰੰਗਤ ਦੇਣੀਂ ਹੋਵੇਗੀ! ਸਾਡੇ ਸੂਰਬੀਰਾਂ ਦਾ ਇਤਿਹਾਸ ਜਾਨਣ ਅਤੇ ਸਾਂਭਣ ਲਈ ਸਭ ਤੋਂ ਸੌਖਾ ਅਤੇ ਕਾਰਗਾਰ ਤਰੀਕਾ ਫ਼ਿਲਮ ਹੈ। ਅਗਰ ਅਸੀਂ “ਸੂਬੇਦਾਰ ਜੋਗਿੰਦਰ ਸਿੰਘ” ਅਤੇ “ਸੱਜਣ ਸਿੰਘ ਰੰਗਰੂਟ” ਵਰਗੀਆਂ ਇਤਿਹਾਸਕ ਫ਼ਿਲਮਾਂ ਨੂੰ ਭਰਵਾਂ ਹੁੰਗਾਰਾ ਨਾ ਦਿੱਤਾ, ਤਾਂ ਕੋਈ ਵੀ ਨਿਰਮਾਤਾ ਕਦੇ ਵੀ ਅਜਿਹੀਆਂ ਫ਼ਿਲਮਾਂ ਉਪਰ ਪੈਸੇ ਲਾਉਣ ਦਾ ਜ਼ੋਖ਼ਮ ਨਹੀਂ ਉਠਾਵੇਗਾ ਅਤੇ ਕੱਲ੍ਹ ਦੀ ਪੀੜ੍ਹੀ ਸਾਨੂੰ “ਕੀਤੀਆਂ ਦੁੱਲਿਆ ਤੇਰੀਆਂ, ਪੇਸ਼ ਲੱਧੀ ਦੇ ਆਈਆਂ” ਆਖ ਕੇ ਦੋਸ਼ੀ ਠਹਿਰਾਵੇਗੀ। ਬੇਹੂਦਾ ਮਾਰਧਾੜ ਅਤੇ ਨਸ਼ੇ-ਪੱਤੇ ਵਾਲ਼ੀਆਂ ਫ਼ਿਲਮਾਂ ਦੇਖ ਕੇ ਤਾਂ ਬੱਚੇ ਨਸ਼ੇੜੀ ਅਤੇ ਖਰੂਦੀ ਹੀ ਬਣਨਗੇ। ਪੰਜਾਬੀ ਪੜ੍ਹਨਾ ਜਾਂ ਲਿਖਣਾ ਤਾਂ ਬਾਹਰ ਦੀ ਜੰਮਪਲ ਪੀੜ੍ਹੀ ਲੱਗਭੱਗ ਤਿਆਗ ਹੀ ਚੁੱਕੀ ਹੈ, ਪੰਜਾਬੀ ਸਿਨੇਮਾਂ ਹੀ ਉਹਨਾਂ ਲਈ ਇੱਕ ਕੜੀ ਬਚੀ ਹੈ, ਜੇ ਅਸੀਂ ਚੰਗੀਆਂ ਫ਼ਿਲਮਾਂ ਦਿਖਾ ਕੇ ਉਹਨਾਂ ਨੂੰ ਸਮੇਂ ਦੇ ਹਾਣ ਨਾਲ਼ ਜੋੜ ਸਕੀਏ!

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>