ਗੁੰਮ-ਗੁਆਚ ਰਹੇ ਪੰਜਾਬੀ ਕਾਵਿ ਰੂਪਾਂ ਦੀ ਮੁੜ ਸੁਰਜੀਤੀ –ਡਾ.ਬਲਦੇਵ ਸਿੰਘ ਢਿੱਲੋਂ

ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਯੂਨੀਵਰਸਿਟੀ ਦੇ ਸੇਵਾ ਮੁਕਤ ਅਧਿਆਪਕ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਗਿੱਲ ਦੀ ਨਵ-ਪ੍ਰਕਾਸ਼ਿਤ ਰੁਬਾਈ ਪੁਸਤਕ ‘ਸੰਧੂਰਦਾਨੀ’ ਨੂੰ ਲੋਕ ਅਰਪਨ ਕਰਦਿਆਂ ਕਿਹਾ ਹੈ ਕਿ ਗੁੰਮ ਗੁਆਚ ਰਹੇ ਪੰਜਾਬੀ ਕਾਵਿ ਰੂਪਾਂ ਰੁਬਾਈ, ਦੋਹੜੇ, ਬੈਂਤ ਤੇ ਹੋਰ ਅਨੇਕਾਂ ਲੋਕ ਪ੍ਰਵਾਨਤ ਵੰਨਗੀਆਂ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ ਕਿਉਂਕਿ ਇਹਨਾਂ ਕੋਲ ਪੰਜਾਬੀ ਸੁਭਾਅ ਦੀ ਤਰਲਤਾ, ਨਿਰਛਲਤਾ, ਦਲੇਰੀ, ਸਬਰ, ਸਿਦਕ ਤੇ ਸੰਤੋਖ ਪ੍ਰਗਟ ਕਰਨ ਦੀ ਵਡੇਰੀ ਸਮਰੱਥਾ ਹੈ। ਉਹਨਾਂ ਕਿਹਾ ਕਿ ਆਪਣੇ ਇਸ ਰੁਬਾਈ ਸੰਗ੍ਰਹਿ ਨਾਲ ਗੁਰਭਜਨ ਗਿੱਲ ਨੇ ਅਨੇਕਾਂ ਖਿਆਲਾਂ ਨੂੰ ਸੂਤਰਬੱਧ ਕੀਤਾ ਹੈ ਜੋ ਗਾਹੇ ਬਗਾਹੇ ਮਨ ਚਿੱਤ ਚ ਤਾਂ ਆਉਂਦੇ ਹਨ ਪਰ ਸਦੀਵੀ ਰੂਪ ਧਾਰਨ ਨਹੀਂ ਕਰਦੇ। ਇਸ ਲਿਖਤ ਵਿੱਚੋਂ ਸਾਨੂੰ ਪੰਜਾਬ ਦੇ ਸੰਪੂਰਨ ਮੁਹਾਂਦਰੇ ਨੂੰ ਵਿਖਾਉਣ ਦੀ ਸਮਰੱਥਾ ਹੈ।
ਇਸ ਮੌਕੇ ਬੋਲਦਿਆਂ ਪੰਜਾਬ ਅਰਟਸ ਕੌਂਸਲ ਦੇ ਚੇਅਰਮੈਨ ਤੇ ਪ੍ਰਮੁੱਖ ਪੰਜਾਬੀ ਕਵੀ ਪਦਮ ਸ੍ਰੀ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਗੁਰਭਜਨ ਨੇ ਪਿਛਲੇ 45 ਸਾਲਾਂ ਨੂੰ ਆਪਣੀ ਕਾਵਿ ਨਿਰੰਤਰਤਾ ਬਰਕਰਾਰ ਰੱਖੀ ਹੈ। ਪਹਿਲਾਂ ਗਜ਼ਲ ਨੂੰ ਨਿਰੋਲ ਪੰਜਾਬੀ ਮੁਹਾਂਦਰਾ ਪਹਿਨਾਉਣ ਤੋਂ ਬਾਦ ਉਸ ਨੇ ਰੁਬਾਈ ਨੂੰ ਵੀ ਲੋਕ ਰੰਗਣ ਵਿੱਚ ਰੰਗ ਕੇ ਅਨੇਕਾਂ ਨਵੇਂ ਦ੍ਰਿਸ਼ ਸਿਰਜੇ ਹਨ।

ਪੰਜਾਬੀ ਸਾਹਿੱਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ.ਰਵਿੰਦਰ ਭੱਠਲ ਨੇ ਗੁਰਭਜਨ ਗਿੱਲ ਤੇ ਉਸ ਦੀ ਕਵਿਤਾ ਵਿੱਚ ਰੁਬਾਈ ਦੇ ਸਿਰਜਣ ਨੂੰ ਗਿਆਨ ਤੇ ਵੇਦਨਾ ਦੀ ਸੰਤੁਲਤ ਸੂਤਰਬੱਧਤਾ ਕਿਹਾ। ਉਹਨਾਂ ਕਿਹਾ ਕਿ ਗੁਰਭਜਨ ਗਿੱਲ ਰਿਸ਼ਤਿਆਂ ਦੀ ਧਰਮੀ ਧਰਾਤਲ ਤੇ ਮੋਹ ਮਿੱਟੀ ਚ ਗੁੰਨ੍ਹਿਆ ਵਜੂਦ ਹੈ ਜਿਸ ਵਿੱਚ ਉਸਦੀ ਸੋਚ ਦੀ ਸਚਿਆਈ ਤੇ ਗੈਰਤ ਦੀ ਬੁਲੰਦੀ ਹਾਜ਼ਰ ਹੈ। ਸ਼ਬਦਾਂ ਨੂੰ ਹਥਿਆਰ ਵਾਂਗ ਵਰਤ ਕੇ ਉਸ ਕਾਵਿ ਧਰਮ ਨਿਭਾਇਆ ਹੈ।

‘ਸੰਧੂਰਦਾਨੀ’ ਦੇ ਕਾਵਿ-ਮਨੋਰਥ ਅਤੇ ਸਾਹਿੱਤਕ ਸਮਰੱਥਾ ਬਾਰੇ ਪ੍ਰਸਿੱਧ ਪੰਜਾਬੀ ਵਿਦਵਾਨ ਤੇ ਅੱਜ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਨਿਯੁਕਤ ਹੋਏ ਅਧਿਆਪਕ ਡਾ. ਜਗਵਿੰਦਰ ਸਿੰਘ ਜੋਧਾ ਨੇ ਕਿਹਾ ਕਿ ਇਹ ਰੁਬਾਈ ਸੰਗ੍ਰਹਿ ਪੜ੍ਹਦਿਆਂ ਇੰਜ ਲੱਗਦਾ ਹੈ ਕਿ ਜਿਵੇਂ ਕੋਈ ਵੱਡਾ ਭਰਾ ਤੁਹਾਡੀ ਉਂਗਲੀ ਫੜ ਕੇ ਗੱਲਾ ਕਰਦਾ ਨਾਲ ਨਾਲ ਤੋਰਦਾ ਹੈ। ਕਵਿਤਾ, ਗੀਤ ਤੇ ਗਜ਼ਲ ਸੰਗ੍ਰਹਿ ਲਿਖਣ ਤੋਂ ਬਾਅਦ ‘ਸੰਧੂਰਦਾਨੀ’ ਦਾ ਸਿਰਜਣ ਨੌਜਵਾਨ ਕਵੀਆਂ ਲਈ ਪ੍ਰੇਰਕ ਬਣੇਗਾ। ਇਸ ਯੂਨੀਵਰਸਿਟੀ ਵਿੱਚ ਸੇਵਾ ਕਰਦਿਆਂ ਹਾਸਲ ਕੀਤੀ ਵਿਸ਼ਲੇਸ਼ਣੀ ਲਿਆਕਤ ਇਸ ਸੰਗ੍ਰਹਿ ਵਿਚੋਂ ਝਲਕਦੀ ਹੈ।

ਇਸ ਮੌਕੇ ਇੰਗਲੈਂਡ ਤੋਂ ਆਏ ਮਾਸਿਕ ਪੱਤਰ ‘ਸਾਹਿਬ’ ਦੇ ਸੰਪਾਦਕ ਤੇ ਪੰਜਾਬੀ ਇਤਿਹਾਸਕਾਰ ਰਣਜੀਤ ਸਿੰਘ ਰਾਣਾ (ਬਰਮਿੰਘਮ) ਡਾ. ਤਾਰਾ ਸਿੰਘ ਆਲਮ (ਸਾਊਥਾਲ) ਉੱਘੇ ਲੇਖਕ ਗੁਰਪ੍ਰੀਤ ਸਿੰਘ ਤੂਰ ਆਈ ਪੀ ਐਸ, ਤੇਜ ਪ੍ਰਤਾਪ ਸਿੰਘ ਸੰਧੂ, ਰੀਤਇੰਦਰ ਸਿੰਘ ਭਿੰਡਰ,  ਕੰਵਲਜੀਤ ਸਿੰਘ ਸ਼ੰਕਰ, ਰਾਜਦੀਪ ਸਿੰਘ ਤੂਰ, ਡਾ. ਪ੍ਰਿਤਪਾਲ ਕੌਰ ਚਾਹਲ, ਪੰਜਾਬੀ ਕਵੀ ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਸਰਬਜੀਤ ਵਿਰਦੀ, ਅਮਰਜੀਤ ਸ਼ੇਰਪੁਰੀ, ਡਾ. ਅਪਮਿੰਦਰ ਸਿੰਘ ਬਰਾੜ, ਡਾ. ਰਣਜੀਤ ਸਿੰਘ ਤਾਂਬੜ, ਡਾ. ਅਨਿਲ ਸ਼ਰਮਾ ਸਮੇਤ ਲੇਖਕ ਹਾਜ਼ਰ ਸਨ। ਸੰਚਾਰ ਅਤੇ ਅੰਤਰਰਾਸ਼ਟਰੀ ਸੰਪਰਕ ਕੇਂਦਰ ਵੱਲੋਂ ਕਰਵਾਏ ਇਸ ਪ੍ਰੋਗਰਾਮ ਵਿੱਚ ਪੰਜਾਬੀ ਸਾਹਿੱਤ ਅਕਾਦਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਮੁੱਖ ਮਹਿਮਾਨ ਡਾ. ਬਲਦੇਵ ਸਿੰਘ ਢਿੱਲੋਂ, ਡਾ. ਸੁਰਜੀਤ ਪਾਤਰ, ਪ੍ਰੋ: ਰਵਿੰਦਰ ਭੱਠਲ ਤੇ ਹੋਰ ਲੇਖਕਾਂ ਦਾ ਯੂਨੀਵਰਸਿਟੀ ਆ ਕੇ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਧੰਨਵਾਦ ਕੀਤਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>