ਗਊ ਦਾ ਪਿਸ਼ਾਬ ਤੇ ਵਿਗਿਆਨਕ ਸੋਚ

ਰਾਮ ਲਾਲ ਮੇਰਾ ਦੋਸਤ ਸੀ। ਅਸੀਂ ਇੱਕੋ ਸਕੂਲ ਵਿਚ ਪੜ੍ਹਾਉਂਦੇ ਰਹੇ ਹਾਂ। ਸਵੇਰੇ ਹੀ ਸਕੂਲ ਆਉਣ ਸਾਰ ਉਸਦਾ ਪਹਿਲਾ ਕੰਮ ਹੁੰਦਾ ਸੀ ਸਕੂਲ ਦੇ ਬਗੀਚੇ ਵਿਚੋਂ ਫੁੱਲ ਤੋੜਨਾ ਤੇ ਸੂਰਜ ਦੇਵਤਾ ਨੂੰ ਭੇਂਟ ਕਰ ਦੇਣਾ। ਸਾਨੂੰ ਇਸ ਗੱਲ ਨਾਲ ਦੁੱਖ ਪਹੁੰਚਦਾ ਸੀ। ਬਗੀਚੇ ਵਿਚ ਮਿਹਨਤ ਨਾਲ ਲਗਾਏ, ਖਿੜੇ ਫੁੱਲ ਹਜ਼ਾਰਾਂ ਵਿਦਿਆਰਥੀਆਂ ਨੂੰ ਖੁਸ਼ੀ ਦਿੰਦੇ ਸਨ। ਅਸੀਂ ਗੱਲਾਂ ਗੱਲਾਂ ਵਿਚ ਉਸ ਤੱਕ ਆਪਣਾ ਰੋਸ ਵੀ ਪੁਚਾ ਦਿੰਦੇ ਸਾਂ। ਪਰ ਉਸਨੇ ਕਦੇ ਗੁੱਸਾ ਨਹੀਂ ਸੀ ਕੀਤਾ।

ਉਹ ਸਕੂਲ ਆਉਣ ਤੋਂ ਪਹਿਲਾਂ ਰੋਜ਼ਾਨਾ ਗਊਸ਼ਾਲਾ ਵਿਚ ਪਹੁੰਚਦਾ ਅਤੇ ਗਊ ਦੇ ਇੱਕ ਕਿਲੋ ਚੋਂਦੇ ਦੁੱਧ ਦਾ ਨਾਸ਼ਤਾ ਕਰਦਾ। ਅਸੀਂ ਉਸਨੂੰ ਕਹਿਣਾ ‘‘ਰਾਮ ਲਾਲ ਤੂੰ ਪੰਜਾਹ ਸਾਲ ਦੀ ਉਮਰ ਵਿਚ ਐਨਾ ਦੁੱਧ ਕਿਵੇਂ ਹਜ਼ਮ ਕਰ ਲੈਂਦਾ ਹੈ?’’ ਤਾਂ ਉਸਨੇ ਕਹਿਣਾ ਮੈਂ ਹਰ ਰੋਜ਼ ਵੀਹ ਕਿਲੋਮੀਟਰ ਸਾਈਕਲ ਵੀ ਚਲਾਉਂਦਾ ਹਾਂ। ਖੈਰ ਸਾਨੂੰ ਉਸਦੀ ਇਹ ਗੱਲ ਤਾਂ ਜਚ ਜਾਂਦੀ ਕਿ ਕਸਰਤ ਉਸਦੇ ਦੁੱਧ ਨੂੰ ਹਜ਼ਮ ਤਾਂ ਕਰ ਦਿੰਦੀ ਹੋਊ ਪਰ ਉਸ ਵਲੋਂ ਬਗੈਰ ਉਬਾਲੇ ਤੋਂ ਹੀ ਦੁੱਧ ਪੀ ਜਾਣਾ ਕਦੇ ਵੀ ਸਾਡੀ ਸਤੁੰਸ਼ਟੀ ਨਾ ਕਰਵਾਉਂਦਾ।

ਸਮਾਂ ਬੀਤਦਾ ਗਿਆ। ਇੱਕ ਦਿਨ ਉਹ ਕਹਿਣ ਲੱਗਿਆ ਕਿ ‘‘ਬਾਦਾਮ ਬਹੁਤ ਗਰਮ ਹੁੰਦੇ ਹਨ।’’ ਮੈਂ ਖੁਰਾਕੀ ਵਸਤਾਂ ਵਿਚ ਵੱਧ ਘੱਟ ਕੈਲੋਰੀਆਂ ਦੀ ਹੋਂਦ ਵਿਚ ਤਾਂ ਯਕੀਨ ਰੱਖਦਾ ਸਾਂ। ਪਰ ਬਾਦਾਮਾਂ ਦੇ ਗਰਮ ਹੋਣ ਦੀ ਗੱਲ ਮੈਨੂੰ ਜਚੀ ਨਹੀਂ। ਮੈਂ ਉਸਨੂੰ ਕਿਹਾ ਕਿ ਮੈਂ ਕਿੰਨੇ ਬਾਦਾਮ ਤੈਨੂੰ ਖਾ ਕੇ ਵਿਖਾਵਾ। ਉਹ ਕਹਿਣ ਲੱਗਿਆ ਕਿ ਤੂੰ ਵੀਹ ਬਾਦਾਮ ਨਹੀਂ ਖਾ ਸਕਦਾ। ਖੈਰ ਸਾਡੀ ਸੌ ਰੁਪਏ ਦੀ ਸ਼ਰਤ ਲੱਗ ਗਈ। ਉਸਨੇ ਬਾਦਾਮ ਮੰਗਵਾ ਲਏ। ਇੱਕ ਇੱਕ ਕਰਕੇ ਉਹ ਮੇਰੇ ਹੱਥ ਤੇ ਰੱਖਦਾ ਰਿਹਾ ਤੇ ਮੈਂ ਬਾਦਾਮ ਖਾਂਦਾ ਗਿਆ। ਇਸ ਤਰ੍ਹਾਂ ਕਰਦੇ ਹੋਏ ਉਸੇ ਦਿਨ ਮੈਂ ਦੋ ਵਾਰ ਵੀਹ ਵੀਹ ਬਾਦਾਮ ਖਾ ਕੇ ਦੋ ਸੌ ਰੁਪਏ ਉਸ ਤੋਂ ਜਿੱਤ ਲਏ।

ਉਸਨੂੰ ਆਪਣੇ ਹਾਰੇ ਹੋਏ ਦੋ ਸੌ ਰੁਪਏ ਚੁਭਦੇ ਰਹੇ ਤੇ ਅਗਲੇ ਦਿਨ ਉਹ ਕਹਿਣ ਲੱਗਿਆ ਕਿ ‘‘ਗਊ ਦਾ ਪੇਸ਼ਾਬ ਸਰੀਰ ਨੂੰ ਬਹੁਤ ਠੰਡ ਪਹੁੰਚਾਉਂਦਾ ਹੈ।’’ ਮੈਂ ਆਖਿਆ ਕਿਵੇਂ ਪੁਚਾਉਂਦਾ ਹੈ ਠੰਡ? ਉਹ ਕਹਿਣ ਲੱਗਿਆ ਕਿ ‘‘ਜੇ ਤੂੰ ਮੇਰੇ ਨਾਲ ਸੌ ਰੁਪਏ ਦੀ ਸ਼ਰਤ ਲਾ ਲਵੇ ਤਾਂ ਮੈਂ ਤੈਨੂੰ ਗਊ ਦਾ ਪਿਸ਼ਾਬ ਪੀ ਕੇ ਵਿਖਾ ਸਕਦਾ ਹੈ।’’ ਦੋ ਸੌ ਰੁਪਏ ਮੈਂ ਉਸ ਤੋਂ ਤਾਜੇ ਤਾਜੇ ਹੀ ਜਿੱਤੇ ਸਨ। ਇਸ ਲਈ ਮੈਂ ਇਹ ਨਜ਼ਾਰਾ ਵੇਖਣ ਲਈ ਵੀ ਤਿਆਰ ਹੋ ਗਿਆ। ਪਿੰਡ ਸੰਘੇੜੇ ਦੀ ਗਊਸ਼ਾਲਾ ਵਿਚੋਂ ਗਊ ਮੂਤਰ ਦਾ ਇੱਕ ਜੱਗ ਲਿਆਂਦਾ ਗਿਆ। ਰਾਮ ਲਾਲ ਨੇ ਉਸੇ ਵੇਲੇ ਗਲਾਸ ਭਰ ਲਿਆ ਤੇ ਪੀ ਗਿਆ ਅਤੇ ਮੈਥੋ ਆਪਣੇ ਸੌ ਰੁਪਏ ਮੁੜਵਾ ਲਏ। ਇਸਦੇ ਨਾਲ ਹੀ ਇੱਕ ਹੋਰ ਐਮ. ਏ. ਬੀ. ਐਡ. ਅਤੇ ਗੁਰਸਿੱਖ ਅਧਿਆਪਕ ਕਹਿਣ ਲੱਗਿਆ ‘‘ਸਾਡੇ ਇੱਕ ਸੌ ਰੁਪਏ ਤੇਰੀ ਜੇਬ ਵਿਚ ਰਹਿ ਗਏ ਨੇ ਉਹ ਵੀ ਅਸੀਂ ਮੁੜਵਾਉਣੇ ਹਨ।’’ ਮੈਂ ਕਿਹਾ ‘‘ਕਿ ਇੱਕ ਗਲਾਸ ਤੂੰ ਪੀ ਲੈ।’’ ਉਸੇ ਸਮੇਂ ਉਸਨੇ ਗਊ ਦੇ ਪਿਸ਼ਾਬ ਦਾ ਗਿਲਾਸ ਡੀਕ ਲਾ ਕੇ ਪੀ ਲਿਆ।

ਇਸ ਗੱਲ ਨੂੰ ਬੀਤਿਆ ਦੋ ਦਹਾਕੇ ਹੋ ਗਏ। ਕੁਝ ਦਿਨ ਪਹਿਲਾਂ ਹੀ ਮੈਨੂੰ ਮਾਨਸਾ ਤੋਂ ਫੋਨ ਆਇਆ ਡਾਕਟਰ ਸੁਰਿੰਦਰ ਕਹਿਣ ਲੱਗਿਆ ਮਾਨਸਾ ਵਿਚ ਇੱਕ ਜਥੇਬੰਦੀ ਨੇ ਸ਼ਬੀਲ ਲਾਈ ਹੋਈ ਹੈ ਤੇ ਉਹ ਲੋਕਾਂ ਨੂੰ ਗਊ ਦਾ ਪਿਸ਼ਾਬ ਮੁਫ਼ਤ ਪਿਲਾ ਰਹੇ ਹਨ। ਉਹ ਕਹਿੰਦੇ ਹਨ ਕਿ ‘‘ਗਊ ਦਾ ਪਿਸ਼ਾਬ ਜੇ ਰੋਜ਼ਾਨਾ ਪੀਤਾ ਜਾਵੇ ਤਾਂ ਕੈਂਸਰ, ਸੂਗਰ, ਗੁਰਦੇ ਫੇਲ ਹੋ ਜਾਣਾ, ਟੀ. ਬੀ. ਅਤੇ ਦਿਲ ਦੀਆਂ ਬਿਮਾਰੀਆਂ ਵਰਗੇ ਭਿਆਨਕ ਰੋਗ ਕਦੇ ਹੋ ਹੀ ਨਹੀਂ ਸਕਦੇ। ਜੇ ਕਿਸੇ ਨੂੰ ਪਹਿਲਾਂ ਹੋਏ ਹਨ ਉਹ ਸਦਾ ਲਈ ਇਨ੍ਹਾਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਨ।’’ ਇਸ ਗੱਲ ਨੇ 7-8 ਸਾਲ ਪਹਿਲਾ ਅੰਧਰੰਗ ਕਾਰਨ ਵਿਛੜੇ ਮੇਰੇ ਦੋਸਤ ਰਾਮ ਲਾਲ ਦਾ ਮੁਹਾਂਦਰਾ ਮੇਰੇ ਸਾਹਮਣੇ ਲਿਆ ਖੜਾਇਆ।

ਰਾਮ ਲਾਲ ਦੇ ਗਊ ਦਾ ਪਿਸ਼ਾਬ ਪੀ ਜਾਣ ਤੋਂ ਸਾਡੇ ਵਿਚ ਇਸ ਵਿਸ਼ੇ ਬਾਰੇ ਵਿਚਾਰ ਵਟਾਂਦਰਾ ਕਈ ਮਹੀਨੇ ਲਗਾਤਾਰ ਜਾਰੀ ਰਿਹਾ ਸੀ। ਮੈਨੂੰ ਪਤਾ ਸੀ ਹਰ ਕਿਸੇ ਜੀਵ ਦਾ ਪਿਸ਼ਾਬ ਇੱਕ ਕਿਸਮ ਦਾ ਉਸਦਾ ਖੂਨ ਹੀ ਹੁੰਦਾ ਹੈ। ਗੁਰਦੇ ਸੌ ਲਿਟਰ ਖੂਨ ਵਿਚੋਂ ਵਾਰ ਵਾਰ ਛਾਣ ਕੇ ਸਿਰਫ਼ ਇੱਕ ਲਿਟਰ ਪਿਸ਼ਾਬ ਅਲੱਗ ਕਰਦੇ ਹਨ। ਪਿਸ਼ਾਬ ਵਿਚ ਉਨ੍ਹਾਂ ਸਭ ਪਦਾਰਥਾਂ ਦੀ ਕੁਝ ਨਾ ਕੁਝ ਮਾਤਰਾ ਰਹਿ ਜਾਂਦੀ ਹੈ ਜੋ ਖੂਨ ਵਿਚ ਹੁੰਦੀ ਹੈ। ਮੇਰੇ ਦੇਸ਼ ਦੇ ਵਸਨੀਕ ਪਿਸ਼ਾਬ ਨੂੰ ਤਾਂ ਪਵਿੱਤਰ ਕਹਿੰਦੇ ਹਨ ਪਰ ਗਊ ਮਾਸ ਖਾਣਾ ਉਹ ਗੁਨਾਹ ਸਮਝਦੇ ਹਨ ਪਰ ਕਿਉਂ? ਸਾਡੇ ਦੇਸ਼ ਵਿਚ ਗਊ ਦੇ ਪਿਸ਼ਾਬ ਦੀ ਮਹੱਤਤਾ ਇਸ ਕਰਕੇ ਹੈ ਕਿਉਂਕਿ ਸਾਡੇ ਦੇਸ਼ ਦੇ ਲੋਕ ਗਊ ਨੂੰ ਮਾਤਾ ਕਹਿ ਕੇ ਪੂਜਦੇ ਰਹੇ ਹਨ। ਭਾਵੇ ਅੱਜ ਦੇ ਮਸ਼ੀਨਰੀ ਯੁੱਗ ਨੇ ਗਊ ਦੀ ਮਹੱਤਤਾ ਨੂੰ ਘੱਟ ਕਰ ਦਿੱਤਾ ਹੈ।

ਅੱਜ ਸਾਡੇ ਦੇਸ਼ ਵਿਚ ਗਊ ਦੇ ਪਿਸ਼ਾਬ ਦੀ ਵਰਤੋਂ ਹਜ਼ਾਰਾਂ ਪਦਾਰਥਾਂ ਵਿਚ ਕੀਤੀ ਜਾ ਰਹੀ ਹੈ। ਸੁਰਖੀ, ਬਿੰਦੀ, ਵਾਲਾਂ ਦਾ ਤੇਲ, ਸੰਦਲ ਦੀ ਲੱਕੜ, ਆਯੁਰਵੈਦ ਦੀਆਂ ਦਵਾਈਆਂ, ਕੋਕੇ ਕੋਲੇ ਤੇ ਪੈਪਸੀ ਦੀ ਥਾਂ ਪਿਸ਼ਾਬ ਦਾ ਡਰਿੰਕ। ਇੱਕ ਦਿਨ ਮੇਰੇ ਬੇਟੇ ਨੂੰ ਨੀਂਦ ਨਹੀਂ ਸੀ ਆ ਰਹੀ ਉਸਨੇ ਸੌਣ ਦਾ ਬੜਾ ਯਤਨ ਕੀਤਾ ਪਰ ਪਤਾ ਨਹੀਂ ਕਿਉਂ ਉਹ ਫਿਰ ਉਠ ਬੈਠਦਾ। ਉਸਨੇ ਕਮਰੇ ਵਿਚ ਕਿਸੇ ਮਰੀ ਹੋਈ ਚੂਹੀ ਜਾਂ ਛਿਪਕਲੀ ਨੂੰ ਲੱਭਣ ਦਾ ਯਤਨ ਵੀ ਕੀਤਾ ਪਰ ਉਸਦੇ ਸਮਝ ਕੁਝ ਨਹੀਂ ਸੀ ਆ ਰਿਹਾ। ਸਵੇਰੇ ਘਰ ਵਿਚ ਆਇਆ ਮੇਰਾ ਪੋਤਾ ਸਿਰਹਾਣੇ ਲਾਗੇ ਟੇਬਲ ਤੇ ਪਈ ਸ਼ੀਸ਼ੀ ਨੂੰ ਪੜ੍ਹ ਕੇ ਕਹਿਣ ਲੱ੍ਯਗਆ ‘‘ਰਾਤੀ ਸਾਰਿਕਾ ਚਾਚੀ ਨੇ ਆਪਣੇ ਵਾਲਾਂ ਨੂੰ ਜੋ ਬਾਬਾ ਰਾਮਦੇਵ ਦਾ ਤੇਲ ਲਾਇਆ ਸੀ ਉਸ ਵਿਚ ਗਊ ਦਾ ਪਿਸ਼ਾਬ ਹੈ।’’ ਫਿਰ ਵਿਸ਼ਵ ਨੂੰ ਸਮਝ ਆਇਆ ਕਿ ਅਸਲ ਵਿਚ ਮਾਜਰਾ ਕੀ ਸੀ। ਕਹਿੰਦੇ ਨੇ ਉਤਰਾਖੰਡ ਦੀ ਸਰਕਾਰ ਨੇ ਤਾਂ ਮੱਝਾਂ ਤੇ ਗਊਆਂ ਦੇ ਦੁੱਧ ਦੀ ਤਰ੍ਹਾਂ ਹੀ ਗਊ ਦਾ ਪਿਸ਼ਾਬ ਘਰਾਂ ਵਿਚੋਂ ਖਰੀਦਣ ਵਾਲੀਆਂ ਡੇਰੀਆਂ ਦੇ ਪ੍ਰਬੰਧ ਵੀ ਕਰਨੇ ਸ਼ੁਰੂ ਕਰ ਦਿੱਤੇ ਹਨ।

ਕਿਸੇ ਵੇਲੇ ਮੈਂ ਸੁਣਿਆ ਸੀ ਕਿ ਅਰਬ ਦੇ ਵਸਨੀਕ ਉ¤ਠਾਂ ਦੇ ਪਿਸ਼ਾਬ ਨੂੰ ਦਵਾਈਆਂ ਵਿਚ ਵਰਤਦੇ ਹਨ ਤੇ ਸੁਡਾਨ ਦੇ ਲੋਕ ਬੱਕਰੀਆਂ ਦੇ ਪਿਸ਼ਾਬ ਨੂੰ ਮਹੱਤਵਪੂਰਨ ਮੰਨਦੇ ਹਨ। ਨਾਈਜ਼ੀਰੀਆ ਵਿਚ ਯੂਰਬਾ ਭਾਸ਼ਾਈ ਲੋਕ ਬੱਚਿਆਂ ਨੂੰ ਪੈਂਦੇ ਮਿਰਗੀ ਦੇ ਦੌਰੇ ਰੋਕਣ ਲਈ ਉਨ੍ਹਾਂ ਦੇ ਮੂੰਹ ਵਿਚ ਗਊ ਦਾ ਪਿਸ਼ਾਬ ਪਾ ਦਿੰਦੇ ਹਨ। ਪਰ ਇਕ ਗੱਲ ਜੋ ਮੇਰੀ ਸਮਝ ਤੋਂ ਬਾਹਰ ਹੈ ਉਹ ਇਹ ਹੈ ਕਿ ਜੇ ਅਰਬ ਦੇ ਵਸ਼ਨੀਕਾਂ ਨੂੰ ਗਊ ਦਾ ਪਿਸ਼ਾਬ ਪੀਣ ਲਈ ਕਿਹਾ ਜਾਵੇ ਤਾਂ ਉਹ ਪੂਰੀ ਤਰ੍ਹਾਂ ਨਾਂਹ ਕਰ ਜਾਣਗੇ ਪਰ ਜੇ ਭਾਰਤੀ ਲੋਕਾਂ ਨੂੰ ਉਠ ਜਾਂ ਬੱਕਰੀ ਦਾ ਪੇਸ਼ਾਬ ਪੀਣ ਦੀ ਸਲਾਹ ਦਿੱਤੀ ਜਾਵੇ ਤਾਂ ਉਹ ਕਹਿਣਗੇ ‘‘ਜੇ ਮੂੰਹ ਚੱਜ ਦਾ ਨਹੀਂ ਤਾਂ ਗੱਲ ਤਾਂ ਚੱਜ ਦੀ ਕਰ ਲਿਆ ਕਰ।’’ ਅੱਜ ਵਿਗਿਆਨ ਦੀਆਂ ਖੋਜਾਂ ਨੇ ਸਮੁੱਚੀ ਦੁਨੀਆਂ ਨੂੰ ਤਾਂ ਇਕ ਪਿੰਡ ਦੇ ਰੂਪ ਵਿਚ ਬਦਲ ਦਿੱਤਾ ਹੈ ਪਰ ਸਾਡੇ ਅਲੱਗ ਅਲੱਗ ਖਿੱਤਿਆਂ ਦੇ ਅੰਧ ਵਿਸ਼ਵਾਸ ਉਸੇ ਤਰ੍ਹਾਂ ਹੀ ਮੌਜੂਦ ਨੇ। ਸਾਨੂੰ ਦੂਸਰਿਆਂ ਦੇ ਅੰਧਵਿਸ਼ਵਾਸਾਂ ਉਪਰ ਤਾਂ ਹਾਸਾ ਆਉਂਦਾ ਹੈ ਪਰ ਆਪਣੇ ਅੰਧਵਿਸ਼ਵਾਸਾਂ ਵੇਲੇ ਅਸੀਂ ਚੁੱਪ ਵੱਟ ਲੈਂਦੇ ਹਾਂ।

ਇਸ ਵਿਚ ਪੂਰੀ ਸਚਾਈ ਹੈ ਕਿ ਗਊ ਜਾਂ ਹੋਰ ਜੀਵਾਂ ਦੇ ਪਿਸ਼ਾਬ ਵਿਚ ਦੋ ਦਰਜਨ ਤੋਂ ਵੱਧ ਤੱਤ ਤੇ ਯੋਗਿਕ ਪਾਏ ਜਾਂਦੇ ਹਨ। ਇਨ੍ਹਾਂ ਵਿਚ ਨਾਈਟ੍ਰੋਜਨ, ਸਲਫਰ, ਅਮੋਨੀਆ, ਕਾਪਰ, ਆਇਰਨ, ਯੂਰੀਆ, ਯੂਰਿਕ ਐਸਿਡ, ਫਾਸਫੇਟ, ਸੋਡੀਅਮ, ਪੋਟਾਸ਼ੀਅਮ ਆਦਿ ਪ੍ਰਮੁੱਖ ਹਨ। ਕੀ ਇਹ ਸਾਰੇ ਹੀ ਮਨੁੱਖੀ ਸਿਹਤ ਲਈ ਫਾਇਦੇਮੰਦ ਹਨ? ਨਹੀਂ ਇਹ ਅਸੰਭਵ ਹੈ ਜੇ ਇਨ੍ਹਾਂ ਵਿਚੋਂ ਕੁਝ ਸਾਡੀ ਸਿਹਤ ਲਈ ਲਾਭਦਾਇਕ ਵੀ ਹੋਣਗੇ ਤਾਂ ਕੁਝ ਜ਼ਰੂਰ ਹੀ ਨੁਕਸਾਨਦਾਇਕ ਵੀ ਹੋਣਗੇ। ਸੋ ਲੋੜ ਹੈ ਇਹ ਜਾਨਣ ਦੀ ਕਿ ਕਿਹੜੇ ਲਾਭਦਾਇਕ ਹਨ ਤੇ ਕਿਹੜੇ ਨੁਕਸਾਨ ਕਰਦੇ ਹਨ।

ਕਈ ਵਾਰ ਵੱਡੀ ਉਮਰ ’ਚ ਗਊਆਂ ਦੇ ਗੁਰਦੇ ਵੀ ਫੇਲ ਹੋ ਜਾਂਦੇ ਹਨ ਤੇ ਉਹ ਖੂਨ ਦਾ ਵਧੀਆ ਢੰਗ ਨਾਲ ਫਿਲਟਰ ਨਹੀਂ ਕਰ ਸਕਦੀਆਂ। ਅਜਿਹੀਆਂ ਹਾਲਤਾਂ ਵਿਚ ਕਈ ਬਿਮਾਰੀਆਂ ਦੇ ਜਰਮ ਦੀ ਮਨੁੱਖੀ ਸਰੀਰ ਵਿਚ ਦਾਖਲ ਹੋਣ ਦਾ ਅੰਦੇਸ਼ਾ ਬਣਿਆ ਰਹਿੰਦਾ ਹੈ। ਅਸਲੀਅਤ ਇਹ ਹੈ ਕਿ ਭਾਰਤ ਵਿਚ ਗਊ ਮਾਸ ਦੀ ਵਰਤੋਂ ਰੋਕਣ ਲਈ ਗਊ ਮੂਤਰ ਦੇ ਫਾਇਦਿਆਂ ਦਾ ਪ੍ਰਚਾਰ ਇਕ ਗਿਣੀ ਮਿਥੀ ਯੋਜਨਾ ਰਾਹੀ ਕੀਤਾ ਜਾ ਰਿਹਾ ਹੈ। ਇਥੋਂ ਤਾਂ ਗਊਆਂ ਦੇ ਟਰੱਕਾਂ ਨੂੰ ਲੈ ਜਾਣੋ ਰੋਕਣ ਲਈ ਮਨੁੱਖੀ ਸਰੀਰਾਂ ਨੂੰ ਅੱਗ ਦੀ ਭੇਂਟ ਕਰਕੇ ਇਹ ਸਿੱਧ ਕੀਤਾ ਜਾਂਦਾ ਹੈ ਕਿ ਜਾਨਵਰਾਂ ਦੀ ਕੀਮਤ ਮਨੁੱਖਾਂ ਨਾਲੋਂ ਕਿਤੇ ਜ਼ਿਆਦਾ ਹੈ। ਅਜਿਹੀਆਂ ਕਈ ਘਟਨਾਵਾਂ ਉ¤ਤਰ ਭਾਰਤ ਦੇ ਕਈ ਖਿੱਤਿਆਂ ਵਿਚ ਹੋਈਆਂ ਹਨ। ਪਰ ਕਦੇ ਵੀ ਸਰਕਾਰਾਂ ਨੇ ਜਾਂ ਅਦਾਲਤਾਂ ਨੇ ਇਨ੍ਹਾਂ ਘਟਨਾਵਾਂ ਤੇ ਕਦੇ ਵੀ ਕੋਈ ਗੰਭੀਰ ਕਾਰਵਾਈ ਨਹੀਂ ਕੀਤੀ।

ਬਾਬਾ ਰਾਮਦੇਵ ਜੀ ਵੀ ਆਪਣੀਆਂ ਦਵਾਈਆਂ ਵਿਚ ਗਊ ਮੂਤਰ ਦੀ ਵਰਤੋਂ ਵੱਡੇ ਪੱਧਰ ਤੇ ਕਰ ਰਿਹਾ ਹੈ। ਅੱਧਾ ਲਿਟਰ ਗਊ ਦਾ ਪਿਸ਼ਾਬ ਸੱਤਰ ਰੁਪਏ ਵਿਚ ਵੇਚਿਆ ਜਾ ਰਿਹਾ ਹੈ। ਹਜ਼ਾਰਾਂ ਵਪਾਰੀਆਂ ਨੇ ਗਊ ਮੂਤਰ ਦਾ ਵਿਉਪਾਰ ਕਰਨ ਲਈ ਹਜ਼ਾਰਾਂ ਹੀ ਦੁਕਾਨਾਂ ਖੋਲ ਲਈਆਂ ਹਨ।

ਚਰਕ, ਧੰਨਵੰਤਰੀ ਵਰਗੇ ਸਾਡੇ ਪੁਰਾਣੇ ਵੇਦ ਆਪਣੇ ਸਮੇਂ ਦੇ ਤਜਰਬੇਕਾਰ ਤੇ ਬੁੱਧੀਮਾਨ ਵਿਅਕਤੀ ਸਨ ਉਨ੍ਹਾਂ ਨੇ ਬਹੁਤ ਸਾਰੇ ਲਾਭਦਾਇਕ ਨੁਕਸ਼ੇ ਆਪਣੀਆਂ ਪੁਸਤਕਾਂ ਵਿਚ ਦਰਸਾਏ ਹਨ। ਪਰ ਸੋਚਣ ਵਾਲੀ ਗੱਲ ਹੈ ਕਿ ਉਹ ਕਿਹੜੇ ਸਮੇਂ ਵਿਚ ਹੋਏ ਹਨ ਉਸ ਸਮੇਂ ਵਿਗਿਆਨ ਦੀਆਂ ਖੋਜਾਂ ਦੀ ਕੀ ਹਾਲਤ ਸੀ। ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ 100-200 ਸਾਲ ਪਹਿਲਾਂ ਸਾਡੇ ਪੁਰਖਿਆਂ ਕੋਲ ਤਾਂ ਜੂੰਆਂ ਮਾਰਨ ਲਈ ਵੀ ਕੋਈ ਦਵਾਈ ਨਹੀਂ ਸੀ। ਫਿਰ ਉਹ ਸਰੀਰ ਦੇ ਅੰਦਰੂਨੀ ਜਰਮਾਂ ਨੂੰ ਕਿਵੇਂ ਮਾਰ ਸਕਦੇ ਸਨ?

1935 ਵਿਚ ਸਾਡੇ ਦੇਸ਼ ਵਿਚ ਔਸਤ ਉਮਰ ਹੀ 35 ਸਾਲ ਸੀ। ਚਰਕ ਹੁਰਾਂ ਦੇ ਜਮਾਨੇ ਵਿਚ ਔਸਤ ਆਯੂ ਸਿਰਫ਼ 20 ਸਾਲ ਸੀ। ਅੱਜ ਦੇ ਵਿਗਿਆਨ ਨੇ ਸਾਡੇ ਦੇਸ਼ ਵਿਚ ਹੀ ਔਸਤ ਉਮਰ 65 ਸਾਲਾਂ ਨੂੰ ਪੁਚਾ ਦਿੱਤੀ ਹੈ। ਜਾਪਾਨੀ ਇਸਤਰੀਆਂ ਦੀ ਔਸਤ ਆਯੂ 88 ਵਰ੍ਹੇ ਹੋ ਚੁੱਕੀ ਹੈ। ਚਰਕ ਵਰਗੇ ਵਿਦਵਾਨ ਦੋ ਹਜ਼ਾਰ ਸਾਲ ਪਹਿਲਾਂ ਹੋਏ ਹਨ। ਉਸ ਸਮੇਂ ਉਨ੍ਹਾਂ ਕੋਲ ਜਰਮਾਂ ਦਾ ਪਤਾ ਕਰਨ ਲਈ ਨਾ ਤਾਂ ਖੁਰਦਬੀਨਾਂ ਸਨ ਤੇ ਨਾ ਹੀ ਬਿਮਾਰੀਆਂ ਦਾ ਪਤਾ ਲਾਉਣ ਲਈ ਐਕਸ ਰੇ, ਤੇ ਅਲਟਰਾ ਸਾਊਂਡ ਸਨ। ਰਸਾਇਣਕ ਪ੍ਰਯੋਗਸ਼ਾਲਾਵਾਂ ਦਾ ਨਾਂ ਨਿਸ਼ਾਨ ਤੱਕ ਨਹੀਂ ਸੀ। ਸੋ ਅਜਿਹੇ ਸਮਿਆਂ ਵਿਚ ਜਰਮਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਦਾ ਕੋਈ ਪਤਾ ਨਹੀਂ ਸੀ।

ਅੱਜ ਤੋਂ ਸੱਠ ਸਾਲ ਪਹਿਲਾਂ ਸਾਡੇ ਦੇਸ਼ ਵਿਚ ਹੀ ਟੀ. ਬੀ. ਦਾ ਇਲਾਜ ਵੀ ਨਹੀਂ ਸੀ। ਪਰ ਦੇਸ਼ੀ ਗਊ ਮੂਤਰ ਤਾਂ ਉਦੋਂ ਵੀ ਵੱਧ ਮਾਤਰਾ ਵਿਚ ਸੀ ਕਿਉਂਕਿ ਉਸ ਸਮੇਂ ਅਮਰੀਕਨ ਨਸਲਾਂ ਤਾਂ ਸਾਡੇ ਦੇਸ਼ ਵਿਚ ਆਈਆਂ ਹੀ ਨਹੀਂ ਸਨ। ਜੇ ਉਸ ਸਮੇਂ ਟੀ. ਬੀ. ਦਾ ਇਲਾਜ ਹੁੰਦਾ ਤਾਂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੀ ਪਤਨੀ ਕਮਲਾ ਨਹਿਰੂ ਅਤੇ ਪਾਕਿਸਤਾਨੀ ਆਗੂ ਜਿਨਾਹ ਵੀ ਟੀ. ਬੀ. ਨਾਲ ਨਾ ਮਰਦੇ। ਭਾਵੇ ਅਮਰੀਕਨ ਨਸਲ ਦੀਆਂ ਗਊਆਂ ਖਾਂਦੀਆਂ ਤਾਂ ਭਾਰਤੀ ਚਾਰਾ ਹੀ ਹਨ ਪਰ ਪਿਸ਼ਾਬ ਪੀਣ ਦੇ ਮਸਲੇ ਵਿੱਚ ਉਨ੍ਹਾਂ ਨਾਲ ਭੇਦਭਾਵ ਕਿਉਂ ਕੀਤਾ ਜਾਂਦਾ ਹੈ? ਅੱਜ ਸਾਡੇ ਗਊ ਭਗਤਾਂ ਨੇ ਸਾਡੇ ਸ਼ਹਿਰਾਂ ਦੀਆਂ ਹਾਲਤਾਂ ਅਖੌਤੀ ਨਰਕਾਂ ਨਾਲੋਂ ਭੈੜੀਆਂ ਕਰ ਰੱਖੀਆਂ ਹਨ। ਜਿਸ ਪਾਸੇ ਵੀ ਜਾਓ ‘ਗਊ ਜਾਏ’ ਰਸਤਾ ਰੋਕੀ ਖੜੇ ਨਜ਼ਰ ਆਉਣਗੇ। ਪਿਛਲੇ ਮਹੀਨੇ ਹੀ ਮੇਰਾ 78 ਸਾਲਾਂ ਚਾਚਾ ਇਨ੍ਹਾਂ ਦੀ ਭੇਂਟ ਚੜਦਾ ਚੜਦਾ ਮਸਾ ਹੀ ਬਚਿਆ ਹੈ। ਕਿਹੜਾ ਸ਼ਹਿਰ ਹੈ ਜਿਥੇ ਹਰ ਸਾਲ 40-50 ਬੰਦੇ ਇਨ੍ਹਾਂ ਦਾ ਸ਼ਿਕਾਰ ਹੋ ਕੇ ਲੱਤਾਂ ਬਾਹਾਂ ਤੁੜਵਾਉਂਦੇ ਨਹੀਂ? ਸਭ ਤੋਂ ਵੱਧ ਦੇਵੀ ਦੇਵਤਿਆਂ ਤੇ ਧਾਰਮਿਕ ਸਥਾਨਾਂ ਵਾਲੇ ਦੇਸ਼ਾਂ ਵਿਚ ਹੀ ਅਜਿਹੀਆਂ ਬਿਮਾਰੀਆਂ ਤੇ ਦੁਰਘਟਨਾਵਾਂ ਵੀ ਸਭ ਤੋਂ ਵਧੇਰੇ ਹੁੰਦੀਆਂ ਹਨ।

ਬਹੁਤੇ ਸਾਰੇ ਵਿਦੇਸ਼ੀ ਸੈਲਾਨੀਆਂ ਨੂੰ ਸ਼ਹਿਰਾਂ ਵਿਚ ਘੁੰਮਦੀਆਂ ਇਨ੍ਹਾਂ ਗਊਆਂ ਦੀਆਂ ਫੋਟੋਆਂ ਖਿੱਚਦੇ ਮੈਂ ਅੱਖੀ ਤੱਕਿਆ ਹੈ। ਕਈ ਵਾਰੀ ਮੈਂ ਉਨ੍ਹਾਂ ਨੂੰ ਇਸਦਾ ਕਾਰਨ ਵੀ ਪੁੱਛਿਆ ਉਨ੍ਹਾਂ ਦਾ ਜੁਆਬ ਹੁੰਦਾ ਹੈ ਕਿ ‘‘ਇਹ ਅਜੀਬ ਵਰਤਾਰਾਂ ਹੈ ਸਾਡੇ ਦੇਸ਼ਾਂ ਵਿਚ ਤਾਂ ਪਸ਼ੂ ਸੜਕ ਤੇ ਆ ਹੀ ਨਹੀਂ ਸਕਦੇ।’’

ਅੱਜ ਵਿਗਿਆਨ ਦਾ ਯੁੱਗ ਹੈ। ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਸਾਨੂੰ ਵਿਗਿਆਨਕ ਸੋਚ ਹੀ ਅਪਣਾਉਣੀ ਚਾਹੀਦੀ ਹੈ। ਵਿਗਿਆਨਕ ਸੋਚ ਕਹਿੰਦੀ ਹੈ ਕਿ ਕੋਈ ਵੀ ਚੀਜ਼ ਮੂੰਹ ਵਿਚ ਪਾਉਣ ਤੋਂ ਪਹਿਲਾਂ ਉਸ ਵਿਚ ਮੌਜੂਦ ਰਸਾਇਣਕ ਪਦਾਰਥਾਂ ਦਾ ਵਿਸ਼ਲੇਸ਼ਣ ਹੋਣਾ ਚਾਹੀਦਾ ਹੈ। ਸਿਰਫ਼ ਫ਼ਾਇਦੇਮੰਦ ਪਦਾਰਥ ਹੀ ਸਾਡੇ ਅੰਦਰ ਜਾਣੇ ਚਾਹੀਦੇ ਹਨ। ਹਾਨੀਕਾਰਕ ਰਸਾਇਣਕ ਪਦਾਰਥ ਨਹੀਂ ਜਾਣੇ ਚਾਹੀਦੇ।

ਗਊ ਦੇ ਪੇਸ਼ਾਬ ਦਾ ਵੀ ਦੁਨੀਆਂ ਦੀਆਂ ਵੱਖ ਵੱਖ ਪ੍ਰਯੋਗਸ਼ਲਾਵਾਂ ਵਿਚ ਰਸਾਇਣਕ ਪ੍ਰੀਖਣ ਹੋਣਾ ਚਾਹੀਦਾ ਹੈ। ਇਸ ਪ੍ਰੀਖਣ ਦੇ ਨਾਲ ਨਾਲ ਪ੍ਰੀਖਣ ਕਰਨ ਵਾਲਿਆਂ ਦੀ ਨੀਅਤ ਵੀ ਧਿਆਨ ਵਿਚ ਰੱਖਣੀ ਚਾਹੀਦੀ ਹੈ। ਕਿ ਕੌਣ ਕਿਸ ਚੀਜ਼ ਦਾ ਪ੍ਰਚਾਰ ਕਿਸ ਨੀਅਤ ਨਾਲ ਕਰ ਰਿਹਾ ਹੈ? ਥੋੜੀ ਜਿਹੀ ਘੋਖਵੀ ਨਜ਼ਰ ਗਊ ਦੇ ਪਿਸ਼ਾਬ ਸਬੰਧੀ ਸਾਡਾ ਨਜ਼ਰੀਆ ਦਰੁਸਤ ਕਰ ਸਕਦੀ ਹੈ।

ਗੋ ਮੂਤਰ, ਗੰਗਾਜਲ, ਅਯੁੱਧਿਆ ਜਾਂ ਗੋਧਰਾ ਕਿਸੇ ਪਾਰਟੀ ਲਈ ਸਿਆਸਤ ਦੀ ਟੀਸੀ ਤੇ ਪਹੁੰਚਣ ਲਈ ਪੋੜੀ ਦੇ ਟੰਬੇ ਵੀ ਤਾਂ ਹੋ ਸਕਦੇ ਨੇ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>