ਕਹਾਣੀਕਾਰ ਲਾਲ ਸਿੰਘ ਦੇ ਸੱਤਵੇ ਕਹਾਣੀ ਸ੍ਰੰਗਹਿ “ਸੰਸਾਰ “ ਉੱਤੇ ਵਿਚਾਰ ਗੋਸ਼ਟੀ

ਪੰਜਾਬੀ ਲੇਖਕ ਸਭਾ (ਰਜਿ.) ਜਲੰਧਰ ਵੱਲੋਂ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਉੱਘੇ ਕਹਾਣੀਕਾਰ ਲਾਲ ਸਿੰਘ ਦਸੂਹਾ ਦੇ ਕਹਾਣੀ ਸ੍ਰੰਗਹਿ ‘ਸੰਸਾਰ ’ ਤੇ ਪਿਆਰਾ ਸਿੰਘ ਭੋਗਲ ਦੀ  ਪ੍ਰਧਾਨਗੀ ਹੇਠ ਵਿਚਾਰ ਚਰਚਾ ਗੋਸ਼ਟੀ ਕਰਵਾਈ ਗਈ । ਇਸ ਸਮਾਗਮ ਦੌਰਾਨ ਪ੍ਰਧਾਨਗੀ ਮੰਡਲ ਵਿੱਚ ਸਭਾ ਦੇ ਪ੍ਰਧਾਨ ਹਰਜਿੰਦਰ ਸਿੰਘ ਅਟਵਾਲ, ਜਨਰਲ ਸਕੱਤਰ ਗੁਰਮੀਤ, ਕਹਾਣੀਕਾਰ ਲਾਲ ਸਿੰਘ ਦਸੂਹਾ ਅਤੇ ਡਾ ਜੇ.ਬੀ.ਸੇਖੋਂ ਸ਼ੁਸ਼ੋਭਿਤ ਸਨ । ਕਹਾਣੀਕਾਰ ਲਾਲ ਸਿੰਘ ਦੇ ਕਹਾਣੀ ਸ੍ਰੰਗਹਿ “ਸੰਸਾਰ“ ਪੇਪਰ ਪੇਸ਼ ਕਰਦਿਆਂ ਡਾ. ਜੇ.ਬੀ.ਸੇਖੋਂ ਨੇ ਮੁੱਖ ਰੂਪ ਵਿੱਚ ਕਿਹਾ ਕਿ ਲਾਲ ਸਿੰਘ ਸਮਕਾਲੀ ਪੰਜਾਬੀ ਕਹਾਣੀ ਦੇ ਵੱਖਰੇ ਰੁਝਾਨਾਂ ਵਿੱਚ ਪ੍ਰਤੀਨਿਧੀ ਭੂਮਿਕਾ ਨਿਭਾ ਰਿਹਾ ਹੈ । ਲਾਲ ਸਿੰਘ ਪ੍ਰੋੜ ਉਮਰ ਦਾ ਕਥਾਕਾਰ ਹੈ , ਪਰ ਉਸ ਦੀ ਕਥਾ ਚੇਤਨਾ ਵਿੱਚ ਉਹ ਸਭ ਕੁਝ ਹੈ , ਜੋ ਕਿ ਚੌਥੇ ਪੜਾਅ ਦੇ ਨੌਜਵਾਨ ਕਹਾਣੀਕਾਰਾਂ ਦੀਆਂ ਰਚਨਾਵਾਂ ਵਿੱਚ ਮੌਜੂਦ ਹੈ । ਉਹ ਮਾਰਕਸੀ ਪ੍ਰਗਤੀਵਾਦੀ ਸਿਧਾਂਤ ਦੀ ਮੌਖਿਕ ਅਤੇ ਕੱਟੜਤਾ ਵਾਲੀ ਗਲਪੀ ਦ੍ਰਿਸ਼ਟੀ ਦਾ ਪੂਜਕ ਨਹੀ ਸਗੋਂ ਕਾਰਪੋਰੇਟ ਸੈਕਟਰ ਦੀ ਸੱਤਾ ਨਾਲ ਸਾਂਝ ਭਿਆਲੀ ਦੇ ਯੁੱਗ ਵਿੱਚ ਲੋਕ ਹਿਤੂ ਸਿਧਾਤਾਂ ਦੀ ਪ੍ਰਸੰਗਿਕਤਾ ਨੂੰ ਸੰਵਾਦ ਦੇ ਨਜ਼ਰੀਏ ਤੋਂ ਪੇਸ਼ ਕਰਨ ਵਾਲੀ ਲੇਖਕ ਹੈ । ਵਿਚਾਰ ਗੋਸ਼ਟੀ ਦੌਰਾਨ ਉੱਘੇ ਲੇਖਕ ਡਾ. ਭੁਪਿੰਦਰ ਕੌਰ ਕਪੂਰਥਲਾ, ਪ੍ਰਿੰਸੀਪਲ ਜਨਮੀਤ ਹੁਸ਼ਿਆਰਪੁਰ , ਡਾ ਕਰਮਜੀਤ ਸਿੰਘ ਕੁਰਕਸ਼ੇਤਰ , ਡਾ. ਸੁਖਵਿੰਦਰ ਸਿੰਘ ਰੰਧਾਵਾ , ਮਦਨ ਵੀਰਾ ,ਪ੍ਰੋ ਬਲਦੇਵ ਸਿੰਘ ਬੱਲੀ , ਡਾ. ਕੀਰਤੀ ਕੇਸਰ, ਡਾ. ਪਰਗਟ ਸਿੰਘ ਰੰਧਾਵਾ , ਡਾ. ਲਖਵਿੰਦਰ  ਸਿੰਘ ਜੌਹਲ, ਡਾ.ਸੁਖਵਿੰਦਰ ਸਿੰਘ ਸੰਘਾ, ਪ੍ਰੋ. ਗੋਪਾਲ ਬੁੱਟਰ ਹੁਰਾਂ ਬਹਿਸ ਵਿੱਚ ਹਿੱਸਾ ਲਿਆ । ਸਮਾਗਮ ਦੀ ਪ੍ਰਧਾਨਗੀ ਕਰ ਰਹੇ ਪ੍ਰੋ. ਪਿਆਰਾ ਸਿੰਘ ਭੋਗਲ ਨੇ ਕਿਹਾ ਕਿ ਲਾਲ ਸਿੰਘ ਸਚਮੁੱਚ ਸਮਕਾਲੀ ਕਹਾਣੀ ਦਾ ਲਾਲ ਹੈ ਜਿਸਦਾ ਲਗਾਤਾਰ ਲਿਖਦੇ ਰਹਿਣਾ ਅਤ ਵਰਤਮਾਨ ਦੇ ਵਰਤਾਰਿਆਂ ਨਾਲ ਅਪਡੇਟ ਰਹਿ ਕੇ ਮਨੁੱਖ ਮਾਰੂ ਪ੍ਰਬੰਧ ਨੂੰ ਵੰਗਾਰਨਾ ਇਸ ਕਿਤਾਬ ਦੀ ਵੱਡੀ ਸਾਰਥਿਕਤਾ ਹੈ । ਉਹਨਾਂ ਕਿਹਾ ਕਿ ਲਾਲ ਸਿੰਘ ਦੀ ਕਹਾਣੀ ਪੰਜਾਬੀ ਸਮਾਜ ਦੇ ਜਾਤੀ ਜਮਾਤੀ ਪ੍ਰਸੰਗਾਂ ਨੂੰ ਪ੍ਰਸਤਤ ਕਰਦੀ ਪੰਜਾਬੀ ਦੇ ਰਾਜਨੀਤਕ, ਆਰਥਿਕ ਅਤੇ ਸਮਾਜਿਕ ਢਾਂਚੇ ਉੱਤੇ ਕਾਬਜ਼ ਧਿਰਾਂ ਵੱਲੋਂ ਮਿਹਨਤਕਸ਼ ਵਰਗਾਂ ਦੀ ਕੀਤੀ ਜਾਂਦੀ ਲੁੱਟ ਖਸੁੱਟ ਪ੍ਰਤੀ ਤਿੱਖੇ ਪ੍ਰਵਚਨ ਉਚਾਰਦੀ ਹੈ। ਉਸਦੀਆਂ ਸਮੁੱਚੀਆਂ ਕਹਾਣੀਆਂ ਦਾ ਕੇਂਦਰੀ ਨੁਕਤਾ ਸਾਮਰਾਜੀ ਤਾਕਤਾਂ ਦੇ ਵਿਦੇਸ਼ੀ ਅਤੇ ਦੇਸੀ ਰੂਪਾਂ ਦੁਆਰਾ ਹਾਸ਼ੀਅਤ ਵਰਗਾਂ ਨਾਲ ਕੀਤੇ ਜਾਂਦੇ ਸਮਾਜਿਕ ਅਨਿਆਂ ਵਿਰੁੱਧ ਉਗਰ ,ਖਰ੍ਹਵੇਂ ਅਤੇ ਬੜਬੋਲੇ ਉਚਾਰਾਂ ਵਾਲੇ ਕਥਾ ਸ਼ਿਲਪ ਦਾ ਪ੍ਰਸਾਰ ਕਰਨਾ ਹੈ । ਇਸ ਪੱਖੋਂ ਉਹ ਵਕਤ ਦੀ ਚਾਲ ਨੂੰ ਪਛਾਣ ਕੇ ਆਪਣੀ ਕਹਾਣੀ ਨੂੰ ਚਿੰਤਨ ਪ੍ਰਧਾਨ ਬਣਾਉਣ ਵਾਲਾ ਸੁਚੇਤ ਕਥਾਕਾਰ ਹੈ। ਖੁਦਕੁਸ਼ੀਆਂ ਦੇ ਰਾਹ ਪਈ ਪੰਜਾਬ ਦੀ ਕਿਸਾਨੀ , ਨੌਜਵਾਨਾਂ ਦੀ ਦਿਸ਼ਾਹੀਣਤਾ, ਦਿਹਾਤੀ ਖੇਤਰ ਵਿੱਚ ਉਪਭੋਗਤਾਵਾਦੀ ਰੁਚੀਆਂ ਦੇ ਦਖ਼ਲ , ਗਲੋਬਲ ਪਿੰਡ ਦੇ ਵਿਕਾਸ ਮਾਡਲ ਵੱਲੋਂ ਮੰਡੀ ਅਤੇ ਬਾਜ਼ਾਰ ਦੇ ਖੜ੍ਹੇ ਕੀਤੇ ਤਲਿੱਸਮ ਵਿੱਚ ਉਲਝੀ ਪੰਜਾਬੀ ਬੰਦਿਆਈ ਨੂੰ ਆਏ ਸੰਕਟਾਂ ‘ਤੇ ਰੁਦਨ ਕਰਨਾ ਵੀ ਉਸ਼ਦਜੇ ਕਥਾ ਮਰਕਜ਼ ਦਾ ਹਿੱਸਾ ਰਿਹਾ ਹੈ । ਡਾ. ਭੁਪਿੰਦਰ ਕੌਰ ਕਪੂਰਥਲਾ ਨੇ ਵਿਚਾਰ ਚਰਚਾ ਦੌਰਾਨ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਲਾਲ ਸਿੰਘ ਦਾ ਪਹਿਲਾ ਕਹਾਣੀ ਸੰਗ੍ਰਹਿ “ ਮਾਰਖੋਰੇ ” 1984 ਵਿੱਚ ਛਪਦਾ ਹੈ ਇਸ ਪਿੱਛੋਂ 1986 ਵਿੱਚ “ਬਲੌਰ ”, 1990 ਵਿੱਚ “ ਧੁੱਪ-ਛਾਂ “ ,1996 ਵਿੱਚ ਕਾਲੀ ਮਿੱਟੀ , 2003 ਵਿੱਚ “ਅੱਧੇ ਅਧੂਰੇ ” ਅਤੇ 2009 ਵਿੱਚ “ ਗੜ੍ਹੀ ਬਖ਼ਸ਼ਾ ਸਿੰਘ ” ਨਾਮਕ ਕਥਾ ਸੰਗ੍ਰਿਹ ਛਪਦੇ ਹਨ । ਲੇਖਣੀ ਦੀ ਇਹ ਵਿਰਾਸਤ ਲਾਲ ਸਿੰਘ ਨੂੰ ਉਸ ਕਹਾਣੀ ਦੇ ਵੀ ਸਮਾਨ ਅੰਤਰ ਰੱਖਦੀ ਹੈ ਜਿਸਦੀ ਪੰਜਾਬੀ ਕਹਾਣੀ ਦੇ ਤੀਜੇ ਪੜਾਅ ਦੇ ਪਿਛਲੇ ਸਮਿਆਂ ਦੌਰਾਨ ਦੇਹ ਦੇ ਜਸ਼ਨੀ ਸਰੋਕਾਰਾਂ ਅਤੇ ਵਰਜਿਤ ਰਿਸ਼ਤਿਆਂ ਨੂੰ ਕਹਾਣੀ ਦਾ ਇਕੋ ਇੱਕ ਕੇਂਦਰ ਬਣਾ ਕੇ ਪ੍ਰਸਤੁਤ ਕਰਦੀ ਰਹੀ ਹੈ।ਡਾ. ਕਰਮਜੀਤ ਸਿੰਘ ਕੁਰਕਸ਼ੇਤਰ ਨੇ ਕਿਹਾ ਕਿ ਸੱਤਾ ਦਾ ਧਰਮ ਅਤੇ ਕਾਰਪੋਰੇਟ ਸੈਕਟਰ ਨਾਲ ਨਾਪਾਕ ਗਠਜੋੜ ਸਮੁੱਚੀ ਲੋਕਾਈ ਲਈ ਕਿੰਨਾ ਖਤਰਨਾਕ ਹੈ ਇਸਦੇ ਕਥਾ ਵੇਰਵੇ ਜੁਬਾੜੇ ਕਹਾਣੀ ਵਿਚ ਦਰਜ ਹਨ । ਕਾਰਪੋਰੇਟ ਸੈਕਟਰ ਨੇ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਵਿਚ ਮੈਰਿਜ ਪੈਲਸ , ਰਿਜ਼ੋਰਟ , ਮਾਲਜ਼ ਅਤੇ ਹਾਬੜ ਉਸਾਰੀ ਨੇ ਅਖੌਤੀ ਵਿਕਾਸ ਮਾਡਲ ਦਾ ਮਾਰੂ ਅਧਿਆਇ ਸ਼ੁਰੂ ਕਰ ਦਿੱਤਾ ਹੈ । ਕਹਾਣੀ ਵਿੱਚ ਜ਼ਮੀਨਾਂ ਦੇ ਉਜਾੜੇ, ਖੇਤੀ ਦੀ ਮੰਦਹਾਲੀ ਅਤੇ ਸਰਕਾਰਾਂ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਕਰਕੇ ਰਾਮਗੋਪਾਲ ਅਤੇ ਮਹਿੰਗਾ ਰਾਮ ਵਰਗੇ ਪਾਤਰ ਆਪਣੇ ਦੇਸ਼ ਵਿੱਚ ਇਕ ਬੇਗਾਨਗੀ ਦੇ ਅਹਿਸਾਸ ਵਿੱਚੋਂ ਗੁਜ਼ਰਦੇ ਹਨ । ਕਹਾਣੀ ਵਿਚ ਕਾਰਪੋਰੇਟ ਸੈਕਟਰ ਦਾ ਵਰਤਾਰਾ ਕਸਬਿਆਂ ਅੰਦਰ ਛੋਟੇ ਵਪਾਰੀ , ਮਧਲੇ ਕਿਸਾਨ ਅਤੇ ਮਿਹਨਤਕਸ਼ ਵਰਗਾਂ  ਨੂੰ ਨਿਗਲਦਾ ਦਿਖਾਇਆ ਗਿਆ ਹੈ ਜਿਸ ਨਾਲ ਲੋਕਾਂ ਦੀ ਆਪਸੀ ਸਾਂਝ , ਮਿਲਵਰਤਨ ਅਤੇ ਸਹਿਹੋਂਦ ਦੀ ਭਾਵਨਾ ਖਤਮ ਹੁੰਦੀ ਦਿਸਦੀ ਹੈ । ਜਲੰਧਰ ਦੂਰਦਰਸ਼ਨ ਤੋਂ ਡਾ. ਲਖਵਿੰਦਰ  ਸਿੰਘ ਜੌਹਲ ਨੇ ਕਿਹਾ ਕਿ ਕਹਾਣੀਕਾਰ ਲਾਲ ਸਿੰਘ ਪੁਸਤਕ “ਸੰਸਾਰ ” ਦੇ ਕੇਂਦਰੀ ਥੀਮ ਵੀ ਸਮਕਾਲ ਦੇ ਸੰਸਾਰੀਕਰਨ ਦੇ ਵਰਤਾਰੇ ਦੀ ਗ੍ਰਿਫਤ ਵਿੱਚ ਆਏ ਪੰਜਾਬੀ ਜਨ ਜੀਵਨ, ਸੂਚਨਾ ਸੰਚਾਰ ਸਾਧਨਾਂ ਦੇ ਵਹਿਣ ਵਿੱਚ ਰੁੜੀ ਜਾਂਦੀ ਨੌਜਵਾਨ ਪੀੜ੍ਹੀ ਦੇ ਦੁਖਾਂਤ , ਨਵ ਪੂੰਜੀਵਾਦ ਤੋਂ ਪੈਦਾ ਉਪਭੋਗਤਾਵਾਦੀ ਰੁਝਾਨਾਂ ਅਤੇ ਲੋਕ ਪੱਖੀ ਲਹਿਰਾਂ ਦੀ ਸਿਧਾਂਤਕ ਵਿਹਾਰਕ ਵਿੱਥ ਤੋਂ ਉਪਜੇ ਸੰਤਾਪ ਅਤੇ ਸੱਤਾ ਦੇ ਸ਼ੋਸ਼ਣ ਵਿੱਚ ਪਿਸਦੇ ਪੰਜਾਬੀ ਬੰਦੇ ਦੇ ਸਹਿਜ ਜੀਵਨ ਵਿੱਚ ਆਈ ਅਸਹਿਜਤਾ ਦੇ ਵਿਖਿਆਨ ਪੇਸ਼ ਕਰਨਾ ਹੈ । ਉੱਘੇ ਚਿੰਤਕ ਅਤੇ ਲੇਖਕ ਮਦਨ ਵੀਰਾ ਨੇ ਕਹਾਣੀਕਾਰ ਲਾਲ ਸਿੰਘ ਦੀ ਲਿਖਣੀ ਤੇ ਚੱਲ ਰਹੀ ਬਹਿਸ ਦੌਰਾਨ ਕਿਹਾ ਕਿ ਸਿੱਖ ਇਤਿਹਾਸ ਦੇ ਪ੍ਰਸੰਗਾਂ, 1857 ਦੇ ਗਦਰ , ਗਦਰੀ ਬਾਬਿਆਂ, ਬੱਬਰ ਅਕਾਲੀਆਂ ਅਤੇ ਆਜ਼ਾਦੀ ਦੇ ਹੋਰ ਪਰਵਾਨਿਆਂ ਦੀ ਮਨੁੱਖ ਨੂੰ ਗੁਲਾਮੀ ਤੋਂ ਮੁਕਤ ਕਰਨ ਦੀ ਭਾਵਨਾ ਦਾ ਸਿੱਧਾ ਬੁਲਾਰਾ ਹੈ । ਸੱਤਾ ਦੇ ਗਲਿਆਰਿਆਂ ਵਿਚ ਕਾਬਜ਼ ਆਗੂਆਂ , ਸਰਮਾਏਦਾਰੀ ਦਲਾਲਾਂ , ਅਖੌਤੀ ਧਾਰਮਿਕ ਰਹਿਬਰਾਂ ਦੀ ਤਿੱਕੜੀ ਦੇ ਗਠਜੋੜ ਨੂੰ ਉਹ ਵੰਗਾਰਦਾ ਹੈ ਅਤੇ ਵਿਕਾਸ ਮਾਡਲ ਦੀ ਥਾਂ ਕਾਰਪੋਰੇਟ ਘਰਾਣਿਆਂ ਵੱਲੋਂ ਦੇਸ਼ ਦੇ ਵਿਨਾਸ਼ ਮਾਡਲ ਦੀ ਬਣਾਈ ਜਾ ਰਹੀ ਰੂਪ ਰੇਖਾ ਪ੍ਰਤੀ ਪੂਰਨ ਸੁਚੇਤ ਹੈ ।ਡਾ. ਪਰਗਟ ਸਿੰਘ ਰੰਧਾਵਾ ਨੇ ਕਿਹਾ ਕਿ ਕਹਾਣੀ ਵਿਚ ਮੌਜੂਦਾ ਸਮੇਂ ਅੰਦਰ ਰਾਜਨੀਤੀ ਵਿੱਚ ਪਰਿਵਾਰਵਾਦ, ਭ੍ਰਿਸ਼ਟ ਤੰਤਰ ਅਤੇ ਬੇਰੁਜ਼ਗਾਰੀ ਕਾਰਨ ਦਿਸ਼ਾਹੀਣਤਾ ਭੋਗਦੀ ਨੌਜਵਾਨ ਪੀੜ੍ਹੀ ਦੀ ਸੰਵੇਦਨਾ ਦਾ ਵਰਨਣ ਹੈ । ਡਾ.ਸੁਖਵਿੰਦਰ ਸਿੰਘ ਸੰਘਾ ਨੇ ਕਿਹਾ ਕਿ ਕਹਾਣੀਕਾਰ ਲਾਲ ਸਿੰਘ ਦੀਆਂ ਕਹਾਣੀਆਂ ਸਮਕਾਲ ਅੰਦਰ ਦਲਿਤ ਸੰਘਰਸ਼ ਜਿਸ ਕਿਸਮ ਦੇ ਜਾਤੀਗਤ ਟਕਰਾਅ ਅਤੇ ਧਾਰਮਿਕ ਘੁੰਮਣਘੇਰੀ, ਬੌਧਿਕ ਕੰਗਾਲੀ ਵਿਚਾਰਧਾਰਕ ਧੁੰਦਵਾਦ ਵਿੱਚੋ ਗੁਜ਼ਰ ਰਿਹਾ ਹੈ ਉਸਦਾ ਇਕ ਪੱਖ ਉਸ ਪੱਖ ਦਾ ਬਾਖੂਬੀ ਚਿੰਤਰਨ ਕਰਦੀਆਂ ਹਨ । ਲੇਖਕ ਦੇ ਦਲਿਤ ਪਾਤਰ ਨੌਕਰੀਪੇਸ਼ਾਂ ਮੱਧਸ਼੍ਰੇਣੀ ਵਿੱਚੋਂ ਹਨ ਜਿਹੜੇ ਕਿ ਅਗਲੀ ਪੀੜ੍ਹੀ ਨੂੰ ਜਾਤੀ ਚੇਤਨਾ ਨਾਲੋਂ ਜਮਾਤੀ ਚੇਤਨਾ ਦੇ ਵੱਡੇ ਸੰਕਲਪ ਨਾਲ ਜੋੜ ਕੇ ਉਨ੍ਹਾਂ ਦਾ ਮੁਕਤੀ ਮਾਰਗ ਬਣਨ ਦਾ ਯਤਨ ਕਰਦੇ ਹੈ । ਸਟੇਜ ਭੂਮਿਕਾ ਡਾ. ਓਮਿੰਦਰ ਸਿੰਘ ਜੌਹਲ ਹੁਰਾਂ ਸੁਚਾਰੂ ਢੰਗ ਨਾਲ ਨਿਭਾਈ । ਇਸ ਮੌਕੇ ਹੋਰਨਾਂ ਤੋ ਇਲਾਵਾ ਡਾ.ਜਸਵੰਤ ਰਾਏ , ਪ੍ਰਿੰਸੀਪਲ ਨਵਤੇਜ ਗੜ੍ਦੀਵਾਲਾ , ਅਮਰੀਕ ਡੋਗਰਾ , ਲੈਕ ਸੁਰਿੰਦਰ ਸਿੰਘ ਨੇਕੀ , ਮਾਸਟਰ ਕਰਨੈਲ ਸਿੰਘ, ਪੰਮੀ ਦਿਵੇਦੀ ਸਮੇਤ ਵੱਡੀ ਗਿਣਤੀ ਵਿੱਚ ਲੇਖਕ ਅਤੇ ਸਾਹਿਤ ਪ੍ਰੇਮੀ ਹਾਜ਼ਿਰ ਸਨ ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>