ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਨੇ ਭਰਵੀਂ ਹਾਜ਼ਰੀ ‘ਚ ਮਾਂ ਦਿਵਸ ਮਨਾਇਆ

ਕੈਲਗਰੀ : ‘ਮਰਦਾਂ ਦੇ ਸੀਨੇ ‘ਚ ਵੀ ਮਾਂ ਵਰਗੀ ਮਮਤਾ ਬੀਜੋ’ ਇਹ ਲਫਜ਼ ਡਾ. ਬਲਵਿੰਦਰ ਕੌਰ ਬਰਾੜ- ਪ੍ਰਧਾਨ ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਨੇ, ਜੈਂਸਿਸ ਸੈਂਟਰ ਵਿਖੇ, ਇਸ ਸੰਸਥਾ ਦੀ ਮਈ ਮਹੀਨੇ ਦੀ ਮੀਟਿੰਗ ਦੀ ਭਰਵੀਂ ਹਾਜ਼ਰੀ ਵਿੱਚ, ਮਾਂ-ਦਿਵਸ ਮਨਾ ਰਹੀਆਂ ਭੈਣਾਂ ਨੂੰ ਸੰਬੋਧਨ ਕਰਕੇ ਕਹੇ। ਉਹਨਾਂ ਕਿਹਾ ਕਿ- ‘ਜੇ ਅਸੀਂ, ਮਾਂ-ਦਾਦੀ ਜਾਂ ਨਾਨੀ ਦਾ ਰੋਲ ਨਿਭਾਉਂਦਿਆਂ, ਲੜਕਿਆਂ ਦੇ ਅੰਦਰ ਵੀ ਕੋਮਲਤਾ ਦਾ ਬੀਜ ਬੀਜ ਦੇਈਏ ਤਾਂ ਦੁਨੀਆਂ ਤੇ ਕਦੇ ਕੋਈ ਜੰਗ ਨਾ ਹੋਵੇ’। ਉਹਨਾਂ ਸੁਖਵਿੰਦਰ ਅੰਮ੍ਰਿਤ ਦੇ ਮਾਂ ਤੇ ਲਿਖੇ ਹੋਏ ਕੁੱਝ ਸ਼ਬਦਾਂ ਦੀ ਸਾਂਝ ਵੀ ਪਾਈ। ਮਾਂ ਦਿਵਸ ਨੂੰ ਸਮਰਪਿਤ ਇਸ ਮੀਟਿੰਗ ਵਿੱਚ, ਸਕੱਤਰ ਗੁਰਦੀਸ਼ ਕੌਰ ਗਰੇਵਾਲ ਨੇ, ਪ੍ਰੋ. ਮੋਹਨ ਸਿੰਘ ਦੀਆਂ ਸਤਰਾਂ-

ਮਾਂ ਵਰਗਾ ਘਣਛਾਵਾਂ ਬੂਟਾ, ਮੈਂਨੂੰ ਨਜ਼ਰ ਨਾ ਆਏ,
ਜਿਸ ਤੋਂ ਲੈ ਕੇ ਛਾਂ ਉਧਾਰੀ, ਰੱਬ ਨੇ ਸੁਰਗ ਬਣਾਏ।
ਬਾਕੀ ਕੁੱਲ ਦੁਨੀਆਂ ਦੇ ਬੂਟੇ, ਜੜ੍ਹ ਸੁੱਕਿਆਂ ਮੁਰਝਾਂਦੇ,
ਐਪਰ ਫੁੱਲਾਂ ਦੇ ਮੁਰਝਾਇਆਂ, ਇਹ ਬੂਟਾ ਸੁੱਕ ਜਾਏ।

-ਨਾਲ ਮਾਂ ਦਿਵਸ ਦੀ ਵਧਾਈ ਦਿੱਤੀ ਤੇ ਕਿਹਾ ਕਿ- ਮਾਂ ਦੀ ਮਮਤਾ ਨੂੰ ਸਮਾਂ, ਦੂਰੀ, ਹਾਲਾਤ ਜਾਂ ਬੱਚਿਆਂ ਦਾ ਨਾਸ਼ੁਕਰਾਪਨ ਘੱਟ ਨਹੀਂ ਕਰ ਸਕਦੇ। ‘ਕੋਈ ਵਿਰਲਾ ਮਰਦ ਵੀ ਮਾਂ ਹੋ ਸਕਦਾ ਹੈ- ਜਿਵੇਂ ਕਿ ਭਗਤ ਪੂਰਨ ਸਿੰਘ’- ਜਿਸ ਦੀ ਮਾਤਾ ਮਹਿਤਾਬ ਕੌਰ ਨੇ ਆਪਣੇ ਬੱਚੇ ਦੀ ਸ਼ਖਸੀਅਤ ਨੂੰ ਇੱਕ ਸੁਚੱਜੇ ਕਲਾਕਾਰ ਵਾਂਗ ਇਸ ਤਰ੍ਹਾਂ ਘੜਿਆ ਕਿ- ਉਹ ਮਰਦ ਹੋਣ ਦੇ ਬਾਵਜੂਦ, ਹਜ਼ਾਰਾਂ ਲੂਲ੍ਹੇ, ਲੰਗੜੇ ਦੇ ਲਾਵਾਰਸ ਬੱਚਿਆਂ ਦੀ ਮਾਂ ਹੋ ਨਿਬੜਿਆ। ਉਸ ਨੇ ਇਸ ਦਿਨ ਤੇ, ਜਗਤ ਮਾਤਾ- ਮਾਤਾ ਗੁਜਰੀ ਜੀ ਨੂੰ ਵੀ, ਸੇਵਾ, ਸਿਦਕ ਤੇ ਕੁਰਬਾਨੀ ਦੀ ਮੂਰਤ ਵਜੋਂ ਨਤ-ਮਸਤਕ ਹੁੰਦਿਆਂ, ਆਪਣੀਆਂ ਲਿਖੀਆਂ ਕੁੱਝ ਸਤਰਾਂ ਦੀ ਸਾਂਝ ਪਾਈ।

ਕੋ-ਆਰਡੀਨੇਟਰ ਗੁਰਚਰਨ ਥਿੰਦ ਨੇ, ਮਾਂ ਦਿਵਸ ਦੇ ਪਿਛੋਕੜ ਨੂੰ ਬਿਆਨ ਕਰਦਿਆਂ, ਇਸ ਦਿਨ ਦੇ ਮੰਡੀਕਰਣ ਹੋਣ ਦਾ ਵੀ ਜ਼ਿਕਰ ਕੀਤਾ ਅਤੇ ਮਾਂ ਤੇ ਲਿਖੀ ਹੋਈ ਕਵਿਤਾ-‘ਜੱਗ ਦੀ ਜਨਣੀ ਮਾਂ ਇਹ ਨਾਰੀ, ਅਬਲਾ ਹੀ ਕਹਿਲਾਵੇ’ ਨਾਲ ਹਾਜ਼ਰੀ ਲਵਾਈ। ਉਹਨਾਂ ਮੈਂਬਰਾਂ ਨਾਲ ਕੁੱਝ ਸੂਚਨਾਵਾਂ ਵੀ ਸਾਂਝੀਆਂ ਕੀਤੀਆਂ। ਜਿਸ ਵਿੱਚ- ਆਉਣ ਵਾਲੇ ਸਮੇਂ ਵਿੱਚ- ਪੀੜ੍ਹੀ ਪਾੜਾ ਪੂਰਨਾ ਈਵੈਂਟ ਦਾ ਅਗਲਾ ਪੜਾਅ, ਕੰਪਿਊਟਰ ਦੀਆਂ ਕਲਾਸਾਂ ਅਤੇ ਅੰਗਰੇਜ਼ੀ ਸਿੱਖਣ ਦੀਆਂ ਚਾਹਵਾਨ ਭੈਣਾਂ ਲਈ ਇਸ ਦਾ ਵੀ ਪ੍ਰਬੰਧ ਕਰਨ ਦਾ ਜ਼ਿਕਰ ਕੀਤਾ। ਗੁਰਮੀਤ ਮੱਲੀ ਨੇ ਮਹਾਂਰਾਜਾ ਰਣਜੀਤ ਸਿੰਘ ਦੀ ਮਾਂ ਦਾ ਜ਼ਿਕਰ ਕੀਤਾ। ਸ਼ਾਇਰਾ ਸੁਰਿੰਦਰ ਗੀਤ ਨੇ ਮਾਂ-ਦਿਵਸ ਤੇ ਲਿਖੀ, ਇੱਕ ਮਾਂ ਦੇ ਹਾਵ-ਭਾਵ ਪ੍ਰਗਟਾਉਂਦੀ ਕਵਿਤਾ-‘ਸ਼ਬਦਾਂ ਨੂੰ ਉਹ ਕਰ ਇਕੱਠਾ ਆਖਣ ਲੱਗੀ- ਕੀ ਸਾਲ ਦੇ ਬਾਕੀ ਦੇ ਦਿਨ ਮੇਰੇ ਨਹੀਂ ਸਨ?’ ਸੁਣਾ ਕੇ ਵਾਹਵਾ ਖੱਟੀ। ਸਭਾ ਵਲੋਂ ਉਸਨੂੰ ਨਵੀਂ ਪੁਸਤਕ ਦੇ ਰਲੀਜ਼ ਹੋਣ ਦੀ ਵਧਾਈ ਵੀ ਦਿੱਤੀ ਗਈ ਜਦ ਕਿ ਅੰਮ੍ਰਿਤਾ ਪ੍ਰੀਤਮ ਦੀ ਸਾਹਿਤ ਨੂੰ ਮਹਾਨ ਦੇਣ ਦੀ ਚਰਚਾ ਵੀ ਛਿੜੀ।

ਸੀਮਾ ਚੱਠਾ ਨੇ ਸੁਰਿੰਦਰ ਗੀਤ ਦੀ ਲਿਖੀ ਹੋਈ ਗਜ਼ਲ-‘ਇੱਕ ਪਾਸੇ ਕੱਖਾਂ ਦੀਆਂ ਕੁੱਲੀਆਂ, ਇੱਕ ਪਾਸੇ ਹਨ ਮਹਿਲ ਮੁਨਾਰੇ’ ਤਰੰਨਮ ‘ਚ ਸੁਣਾ ਕੇ ਰੰਗ ਬੰਨ੍ਹ ਦਿੱਤਾ। ਹਰਚਰਨ ਬਾਸੀ ਨੇ ਗੁਰਦੀਸ਼ ਕੌਰ ਗਰੇਵਾਲ ਦੀ ਲਿਖੀ ਹੋਈ ਮਾਂ ਦੀ ਕਵਿਤਾ- ‘ਮਾਂ ਦੀ ਪੂਜਾ ਰੱਬ ਦੀ ਪੂਜਾ, ਮਾਂ ਤਾਂ ਰੱਬ ਦਾ ਨਾਂ ਹੈ ਦੂਜਾ’ ਅਤੇ ਟੱਪੇ, ਸਰਬਜੀਤ ਉੱਪਲ ਨੇ ਮਾਂ ਤੇ ਗੀਤ, ਕਮਲਾ ਸ਼ਰਮਾ ਨੇ ਮਾਂ ਦੀ ਖੂਬਸੂਰਤ ਕਵਿਤਾ, ਸਤਵਿੰਦਰ ਫਰਵਾਹਾ ਨੇ ਮਾਂ ਤੇ ਲਿਖਿਆ ਹਿੰਦੀ ਗੀਤ, ਸੁਰਿੰਦਰ ਸੰਧੂ ਨੇ ਪੁੱਤਰਾਂ ਦੀ ਮਾਵਾਂ ਪ੍ਰਤੀ ਬੇਰੁਖੀ ਦਾ ਗੀਤ, ਰਵਿੰਦਰ ਨੇ ਮਾਂ ਦਾ ਗੀਤ, ਸੁਰਿੰਦਰ ਵਿਰਦੀ ਨੇ ਕਵਿਤਾ ਅਤੇ ਹਰਜੀਤ ਕੌਰ ਜੌਹਲ ਨੇ ਮਾਂ ਦਾ ਲੋਕ  ਗੀਤ ਤੇ ਕੁੱਝ ਬੋਲੀਆਂ ਸੁਣਾ ਕੇ ਮਹੌਲ ਸੁਰਮਈ ਬਣਾ ਦਿੱਤਾ। ਜਸਵਿੰਦਰ ਬਰਾੜ ਨੇ ਇੱਕ ਬੱਚੇ ਦੇ ਮਾਂ ਪ੍ਰਤੀ ਭਾਵ ਪ੍ਰਗਟ ਕਰਦੇ ਹੋਏ ਕਿਹਾ ਕਿ-‘ਮੇਰੀ ਜ਼ਿੰਦਗੀ ‘ਚ ਕਦੇ ਕੋਈ ਦੁੱਖ ਨਾ ਹੁੰਦਾ, ਜੇ ਮੇਰੀ ਕਿਸਮਤ ਲਿਖਣ ਦੀ ਤਾਕਤ ਮੇਰੀ ਮਾਂ ਕੋਲ ਹੁੰਦੀ’। ਇਸ ਤੋਂ ਇਲਾਵਾ- ਜੋਗਿੰਦਰ ਪੁਰਬਾ ਅਤੇ ਬਲਜਿੰਦਰ ਗਿੱਲ ਨੇ ਵੀ ਮਾਂ ਸਬੰਧੀ ਆਪੋ ਆਪਣੇ ਵਿਚਾਰ ਸਾਂਝੇ ਕੀਤੇ ਜਦ ਕਿ ਰਜਿੰਦਰ ਕੌਰ ਚੋਹਕਾ ਨੇ ਮਾਂ-ਦਿਵਸ ਤੇ ਵਿਸਥਾਰ ਪੂਰਵਕ ਚਾਨਣਾ ਪਾਇਆ। ਸਭਾ ਦੀਆਂ ਬਾਕੀ ਮੈਂਬਰਾਂ ਨੇ ਵਧੀਆ ਸਰੋਤੇ ਹੋਣ ਦਾ ਸਬੂਤ ਦਿੱਤਾ।

ਮਾਂ-ਦਿਵਸ ਨੂੰ ਸਮਰਪਿਤ ਇਸ ਸਮਾਗਮ ਵਿੱਚ, ਕੇਕ ਕੱਟਣ ਦੀ ਰਸਮ ਸਭ ਤੋਂ ਸੀਨੀਅਰ ਮੈਂਬਰਾਂ- ਬੀਬੀ ਭਜਨ ਕੌਰ ਸੰਘਾ ਤੇ ਬਲਜਿੰਦਰ ਗਿੱਲ ਕੋਲੋਂ ਕਰਵਾਈ ਗਈ। ਲੰਚ ਬਰੇਕ ਵਿੱਚ, ਜਗੀਰ ਕੌਰ ਗਰੇਵਾਲ ਦੇ ਪੋਤੇ ਦੇ ਜਨਮ ਦਿਨ ਅਤੇ ਗੁਰਤੇਜ ਸਿੱਧੂ ਦੇ ਪੜਨਾਨੀ ਬਨਣ ਦੀ ਖੁਸ਼ੀ ਵਿੱਚ, ਸਭ ਨੇ ਚਾਹ ਨਾਲ, ਸਮੋਸੇ ਤੇ ਲੱਡੂ- ਮਠਿਆਈਆਂ ਦਾ ਆਨੰਦ ਮਾਣਿਆਂ ਅਤੇ ਤਾੜੀਆਂ ਦੀ ਗੂੰਜ ਨਾਲ ਵਧਾਈ ਦਿੱਤੀ। ਗੁਰਚਰਨ ਥਿੰਦ ਨੇ, ਡਰੱਗ-ਅਵੇਅਰਨੈਸ ਤੇ ਹੋਣ ਵਾਲੇ ਵਿਸ਼ੇਸ਼ ਸਮਾਗਮ ਲਈ, ਤਿੰਨ ਜੂਨ, ਸਵੇਰੇ ਗਿਆਰਾਂ ਵਜੇ ਦੁਬਾਰਾ ਇਸੇ ਸਥਾਨ ਤੇ ਇਕੱਠੇ ਹੋਣ ਦਾ ਸੱਦਾ ਦਿੱਤਾ। ਬੀਬੀ ਭਜਨ ਕੌਰ ਸੰਘਾ ਨੇ ਆਪਣੇ ਦੋਹਤੇ ਦੇ ਵਿਆਹ ਦੀ ਖੁਸ਼ੀ ਸਾਂਝੀ ਕਰਦਿਆਂ, ਸੋਲਾਂ ਜੂਨ ਦੀ ਅਗਲੀ ਮੀਟਿੰਗ, ਆਪਣੇ ਘਰ ਰੱਖਣ ਦੀ ਬੇਨਤੀ ਕੀਤੀ ਜੋ ਸਰਬ-ਸੰਮਤੀ ਨਾਲ ਪ੍ਰਵਾਨ ਕਰ ਲਈ ਗਈ। ਉਹਨਾਂ ਨੇ ਸੰਸਥਾ ਨੂੰ ਸੌ ਡਾਲਰ ਦਾਨ ਵਜੋਂ ਵੀ ਦਿੱਤੇ।

ਸਭਾ ਦੀ ਸਭ ਤੋਂ ਛੋਟੀ ਉਮਰ ਦੀ ਮੈਂਬਰ, ਖਜ਼ਾਨਚੀ ਸੀਮਾ ਚੱਠਾ ਨੂੰ ਉਸ ਦੀਆਂ ਸੇਵਾਵਾਂ ਲਈ, ਸਭਾ ਵਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸੀਮਾ, ਸਮੂਹ ਸੀਨੀਅਰ ਮੈਂਬਰਜ਼ ਨੂੰ ਕੰਪਿਊਟਰ ਸਿਖਾਉਣ ਦੀਆਂ ਵੋਲੰਟੀਅਰ ਸੇਵਾਵਾਂ ਵੀ ਦੇ ਰਹੀ ਹੈ। ਮੈਡਮ ਬਰਾੜ ਨੇ ਅੰਤ ਵਿੱਚ ਸਭ ਦਾ ਧੰਨਵਾਦ ਕੀਤਾ। ਟੂਰ ਕਮੇਟੀ ਦੇ ਇੰਚਾਰਜ ਹੋਣ ਕਾਰਨ ਉਹਨਾਂ, ਜੁਲਾਈ ਜਾਂ ਅਗਸਤ ਵਿੱਚ ਬੈਂਫ ਟੂਰ ਲਿਜਾਣ ਬਾਰੇ ਦੱਸਦਿਆਂ ਕਿਹਾ ਕਿ ਮੁਨਾਸਬ ਤਰੀਕ ਦਾ ਐਲਾਨ ਛੇਤੀ ਹੀ ਕਰ ਦਿੱਤਾ ਜਾਏਗਾ। ਯਾਦ ਰਹੇ ਕਿ ਸਭਾ ਵਲੋਂ  ਪਿਛਲੇ 2 ਸਾਲਾਂ ਵਿੱਚ 3 ਟੂਰ ਜਾ ਚੁੱਕੇ ਹਨ। ਵਧੇਰੇ ਜਾਣਕਾਰੀ ਲਈ- 403 590 9629, 403 402 9635 ਜਾਂ 403 404 1450 ਤੇ ਸੰਪਰਕ ਕੀਤਾ ਜਾ ਸਕਦਾ ਹੈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>