ਕੋਬਰਾ ਪੋਸਟ ਨੇ ਵੱਡਾ ਸਟਿੰਗ ਕਰਕੇ ਭਾਰਤੀ ਵਿਕਾਊ ਮੀਡੀਆ ਕੀਤਾ ਨੰਗਾ

ਚੰਡੀਗੜ੍ਹ,(ਪਰਮਜੀਤ ਸਿੰਘ ਬਾਗੜੀਆ) : ਪ੍ਰੈਸ ਨੂੰ ਭਾਰਤੀ ਲੋਕਤੰਤਰ ਦਾ ਚੌਥਾ ਥੰਮ  ਕਿਹਾ ਜਾਂਦਾ ਹੈ। ਭਾਰਤੀ ਮੀਡੀਆ ਕਰੋੜਾਂ ਲੋਕਾਂ ਦੀ ਅਵਾਜ ਸਰਕਾਰ ਤੱਕ ਪਹੁੰਚਾਉਂਦਾ ਹੈ। ਇਹ ਮੀਡੀਆ ਹੀ ਹੈ ਜੋ ਸਰਕਾਰੀ ਜਬਰ, ਮਨੁੱਖੀ ਅਧਿਕਾਰਾਂ, ਫੈਲੇ ਭ੍ਰਿਸ਼ਟਾਚਾਰ, ਧਾਰਮਿਕ ਕੱਟੜਤਾ ਅਤੇ ਵੱਖ ਵੱਖ ਪਾਰਟੀਆਂ ਦੀ ਰਾਜਨੀਤਕ ਭੂਮਿਕਾ ਆਦਿ ਮੁੱਦਿਆਂ ‘ਤੇ ਤਿੱਖੀ ਨਜਰ ਰੱਖਦਾ ਹੈ ਇਥੇ ਮੀਡੀਆ ਹਮੇਸ਼ਾ ਅਜਾਦ ਹੋਣ ਦੀ ਗੱਲ ਕਰਦਾ ਹੈ ਪਰ ਇਹ ਹੁਣ ਸਭ ਨੂੰ ਪਤਾ ਹੈ ਕਿ ਭਾਰਤੀ ਮੀਡੀਆ ਨੂੰ ਕੁਝ ਸਥਾਪਤ ਮੀਡੀਆ ਸਮੂਹ ਚਲਾ ਰਹੇ ਹਨ। ਮੀਡੀਆ ਸਮੂਹਾਂ ਵਲੋਂ ਸਰਕਾਰਾਂ ਦੇ ਬਣਾਉਣ ਅਤੇ ਫਿਰ ਪੈਸਾ ਲੈ ਕੇ ਵਿਰੋਧੀ ਧਿਰਾਂ ਨਾਲ ਮਿਲਕੇ ਸਰਕਾਰਾਂ ਵਿਰੁੱਧ ਭੁਗਤਣ  ਜਿਹੇ ਕਿਰਦਾਰ ਦਾ ਖੁਲਾਸਾ ਹੋਇਆ। ਅੰਗਰੇਜੀ ਨਿਊਜ ਪੋਰਟਲ ਕੋਬਰਾ ਪੋਸਟ ਡਾਟ ਕਾਮ ਨੇ ਕਰੋੜਾਂ ਅਰਬਾਂ ਰੁਪਏ ਦੀ ਪੀਲੀ ਪੱਤਰਕਾਰੀ ਕਰਨ ਲਈ ਤਿਆਰ ਬੈਠੇ ਵੱਡੇ ਅਖਬਾਰ ਸਮੂਹਾਂ ਨੂੰ ਨੰਗਾ ਕਰਕੇ ਤਹਿਲਕਾ ਮਚਾ ਦਿੱਤਾ ਹੈ ਭਾਵੇਂ ਕੱਲ੍ਹ ਨੂੰ ਭਾਰਤ ਦੇ ਵਿਕਾਊ ਮੀਡੀਏ ਵਿਚ ਇਸਦੀ ਗੱਲ ਹੋਵੇ ਭਾਵੇਂ ਨਾ ਪਰ ਦੁਨੀਆ ਦੇ ਸਿਖਰਲੇ ਮੀਡੀਆ ਸਮੂਹ ਬੀ.ਬੀ.ਸੀ. ਨੇ ਇਸ ਨੂੰ ਏਸ਼ੀਆ ਦੀ ਹਿੱਟ ਸਟੋਰੀ ਵਜੋਂ ਚਮਕਾਇਆ ਹੈ। ਇਸ ਰਿਪੋਰਟ ਨੇ ਵਿਸ਼ਵ ਦੇ ਮੀਡੀਆ ਜਗਤ ਵਿਚ ਭਾਰਤੀ ਮੀਡੀਆ ਦਾ ਜਲੂਸ ਕੱਢ ਕੇ ਰੱਖ ਦਿੱਤਾ ਹੈ।

ਬੀ.ਬੀ.ਸੀ. ਦੇ ਸਾਊਥ ਏਸ਼ੀਆ ਪੱਤਰਕਾਰ ਜਸਟਿਨ ਰੌਲਟ ਦੀ ਰਿਪੋਰਟ ਅਨੁਸਾਰ ਇਕ ਸਮਾਚਾਰ ਸੰਸਥਾ ਕੋਬਰਾ ਪੋਸਟ ਨੇ ਆਪਣੇ ਇਕ ਗੁਪਤ ਅਪ੍ਰੇਸਨ਼ ਰਾਹੀ ਇਹ ਖੁਲਾਸਾ ਕੀਤਾ ਹੈ ਕਿ ਭਾਰਤੀ ਮੀਡੀਆ ਸੱਤਾਧਾਰੀ ਭਾਜਪਾ ਦੀ ਮਦਦ ਕਰਨ ਤੇ ਧੰਨ ਲੈ ਕੇ ਪਾਰਟੀ ਦੇ ਹਿੰਦੂਤਵ ਦੇ ਏਜੰਡੇ ਨੂੰ ਉਭਾਰਨ ਲਈ ਤਿਆਰ ਬੈਠਾ ਹੈ। ਪ੍ਰਿਸੱਧ ਅਖਬਾਰਾਂ ਅਤੇ ਸਮਾਚਾਰ ਸਮੂਹਾਂ ਦੇ ਸੀਨੀਅਰ ਪੱਤਰਕਾਰਾਂ ਨੇ ਇਸ ਕੰਮ ਲਈ ਪੈਸਾ ਲੈਣ ਦੀ ਆਪਣੀ ਹਾਂ ਦਾ ਪ੍ਰਗਟਾਵਾ ਕੀਤਾ ਹੈ। ਖੋਜੀ ਪੱਤਰਕਾਰਤਾ ਨੂੰ ਅਧਾਰ ਬਣਾ ਕੇ ਚੱਲਣ ਵਾਲੀ ਕੋਬਰਾ ਪੋਸਟ ਨੇ ਆਪਣੀ ਇਸ ਸਟਿੰਗ ਸਟੋਰੀ ਨੂੰ “ਅਪਰੇਸ਼ਨ 136” ਦਾ ਨਾਂ ਇਸ ਲਈ ਦਿੱਤਾ ਹੈ ਕਿਊਂ ਕਿ  ਵਰਲਡ ਪ੍ਰੈਸ ਫਰੀਡਮ ਇਨਡੈਕਸ 2017 ਵਿਚ ਭਾਰਤ ਦਾ ਰੈਕਿੰਗ  ਸਥਾਨ 136ਵਾਂ ਹੈ।

ਵੈਬਸਾਈਟ ਨੇ ਇਨ੍ਹਾਂ ਲਾਲਚੀ ਤੇ ਵਿਕਾਊ ਪੱਤਰਕਾਰਾਂ,ਸੰਪਾਦਕਾਂ ਅਤੇ ਮੀਡੀਆ ਐਗਜੀਕਿਉਟਿਵਾਂ ਦੀਆਂ ਰਿਕਾਰਡਿੰਗਾਂ ਪਾ ਕੇ ਇਹ ਕੌੜਾ ਸੱਚ ਨੰਗਾ ਕੀਤਾ ਹੈ ਕਿ ਪੈਸੇ ਦੇ ਲਾਲਚ ਵਿਚ ਇਹ ਮੀਡੀਆ ਧਿਰਾਂ ਸਮਾਜ ਵਿਚ ਸਿਰਫ ਫਿਰਕੂਪੁਣਾ ਫੈਲਾਉਣ ਲਈ ਹੀ ਨਹੀਂ ਸਗੋਂ ਖਾਸ ਪਾਰਟੀ ਦੇ ਹੱਕ ਵਿਚ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਵੀ ਤਿਆਰ ਹਨ।

ਕਿਵੇਂ ਕੀਤਾ ਏਡਾ ਵੱਡਾ ਸਟਿੰਗ ?  ਕੋਬਰਾ ਪੋਸਟ ਦੇ ਰਿਪੋਰਟਰ ਪੁਸ਼ਪ ਸਰਮਾਂ ਅਤੇ ਸਾਥੀ ਖੋਜੀ ਪੱਤਰਕਾਰਾਂ ਨੇ ਨੇ ਇਕ ਅਮੀਰ ਹਿੰਦੂ ਮਠ ਦੇ ਪ੍ਰਤੀਨਿਧ ਵਜੋਂ ਦੇਸ਼ ਦੇ 25 ਮੀਡੀਆ ਸਮੂਹਾਂ ਨਾਲ ਇਹ ਗੱਲ ਗਿਣੀ ਮਿੱਥੀ ਕਿ ਉਹ ਨੇੜੇ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਹਿੰਦੂਵਾਦੀ ਪਾਰਟੀ ਭਾਜਪਾ ਦੀ ਜਿੱਤ ਯਕੀਨੀ ਬਣਾਉਣ ਲਈ ਕਰੋੜਾਂ- ਅਰਬਾਂ ਰੁਪਏ ਦੇਣਾ ਚਾਹੁੰਦੇ ਹਨ। ਏਨਾ ਹੀ ਨਹੀਂ ਮੀਡੀਆ ਪੈਸੇ ਲਈ ਹਿੰਦੂ ਗ੍ਰੰਥਾਂ ਅਤੇ ਮਿਥਿਹਾਸ ਦੀਆ ਖਾਸ ਸਟੋਰੀਆਂ ਪ੍ਰਕਾਸ਼ਤ ਕਰਨ, ਮੀਡੀਆ ਵਿਚ ਮੁੱਖ ਵਿਰੋਧੀ ਕਾਂਗਰਸ ਦੇ ਮੁਖੀ ਰਾਹੁਲ ਗਾਂਧੀ ਨੂੰ ਟਾਰਗੈਟ ਬਣਾਈ ਰੱਖਣ ਅਤੇ ਕੁਝ ਕੱਟੜਪੰਥੀ ਤੇ ਸਮਾਜਿਕ ਸਦਭਾਵਨਾ ਲਈ ਖਤਰਾ ਬਣਨ ਵਾਲੇ ਹਿੰਦੂ ਆਗੂਆਂ ਦੇ ਭੜਕਾਉ ਭਾਸ਼ਨਾਂ ਨੂੰ ਸ਼ੋਸਲ ਮੀਡੀਆ ‘ਤੇ ਵਾਇਰਲ ਕਰਨ ਲਈ ਵੀ ਤਿਆਰ ਹੋਇਆ ਤਾਂ ਜੋ ਹਿੰਦੂ ਵੋਟਾਂ ਦਾ ਧਰੁਵੀਕਰਨ ਕਰਕੇ ਭਾਜਪਾ ਨੂੰ ਚੋਣ ਫਾਇਦਾ ਪਹੁੰਚਾਇਆ ਜਾ ਸਕੇ। ਇਨ੍ਹਾਂ 25 ਮੀਡੀਆ ਸਮੂਹਾਂ ਵਿਚੋਂ ਬਹੁਤਿਆਂ ਨੇ ਪੇਡ ਪੱਤਰਕਾਰਤਾ ਲਈ ਸੌਦੇਬਾਜੀ ਕੀਤੀ ਸਿਰਫ ਗਿਣਤੀ ਦੇ ਅਦਾਰਿਆਂ (ਉਹ ਵੀ ਦੱਖਣ ਭਾਰਤੀ ਸ਼ਹਿਰਾਂ ਦੇ) ਨੇ ਹੀ  ਇਹ ਪੇਸ਼ਕਸ਼ ਹਿੱਕ ਠੋਕ ਕੇ ਠੁਕਰਾਈ ਹੈ । ਬੀ.ਬੀ.ਸੀ. ਦੇ ਪੱਤਰਕਾਰ ਜਸਟਿਨ ਰੌਲਟ ਨੇ ਆਖਿਆ ਹੈ ਕਿ ਇਹ ਖੁਲਾਸਾ ਦੱਸਦਾ ਹੈ ਕਿ ਭਾਰਤੀ ਮੀਡੀਆ ਇਖਲਾਕੀ ਤੌਰ ਤੇ ਡੁੱਬ ਰਿਹਾ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>