ਸੁਖਬੀਰ ਨੇ ਕੈਪਟਨ ਨੂੰ ਕੇਂਦਰ ਦੀ ਤਰਜ ’ਤੇ ਧਾਰਮਿਕ ਸਥਾਨਾਂ ਨੂੰ ਟੈਕਸ ਰਾਹਤ ਦੇਣ ਦੀ ਦਿੱਤੀ ਚੁਣੌਤੀ

ਨਵੀਂ ਦਿੱਲੀ : ਧਾਰਮਿਕ ਸਥਾਨਾਂ ਵਿਖੇ ਚਲਣ ਵਾਲੇ ਲੰਗਰਾਂ ’ਤੇ ਲਗਣ ਵਾਲੇ ਆਪਣੇ ਹਿੱਸੇ ਦੇ ਜੀ. ਐਸ. ਟੀ. ਨੂੰ ਵਾਪਸ ਮੋੜਨ ਦੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋਟੀਫੀਕੇਸ਼ਨ ਦਾ ਸ਼੍ਰੋਮਣੀ ਅਕਾਲੀ ਦਲ ਨੇ ਸਵਾਗਤ ਕੀਤਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ, ਸਾਂਸਦ ਨਰੇਸ਼ ਗੁਜਰਾਲ ਅਤੇ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਅੱਜ ਮੱਥਾ ਟੇਕ ਕੇ ਪੱਤਰਕਾਰਾਂ ਨੂੰ ਸੰਬੋਧਿਤ ਕੀਤਾ।

ਸੁਖਬੀਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਆਦਿਕ ਦਾ ਧਾਰਮਿਕ ਸਥਾਨਾਂ ਦੇ ਲੰਗਰਾਂ ਦੀ ਰਸਦ ’ਤੇ ਲਗਣ ਵਾਲੇ ਜੀ. ਐਸ. ਟੀ. ਨੂੰ ਵਾਪਸ ਮੋੜਨ ਦੇ ਲਏ ਗਏ ਆਦੇਸ਼ ਦਾ ਧੰਨਵਾਦ ਕਰਦੇ ਹੋਏ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਦੀ ਤਰਜ਼ ’ਤੇ ਸਾਰੇ ਧਰਮਾਂ ਦੇ ਧਾਰਮਿਕ ਸਥਾਨਾਂ ਨੂੰ ਛੋਟ ਦੇਣ ਦੀ ਮੰਗ ਕੀਤੀ। ਸੁਖਬੀਰ ਨੇ ਕਿਹਾ ਕਿ ਅੱਜ ਸਾਕਾ ਨੀਲਾ ਤਾਰਾ ਦੀ ਸ਼ੁਰੂਆਤ ਦਾ ਦਿਹਾੜਾ ਹੈ। ਕਾਂਗਰਸ ਸਰਕਾਰ ਨੇ ਸਿੱਖਾਂ ਦੇ ਪੱਵਿਤਰ ਸਥਾਨ ਸ੍ਰੀ ਹਰਿਮੰਦਰ ਸਾਹਿਬ ਵੱਲ ਅੱਜ ਦੇ ਦਿਨ ਕੂਚ ਕਰਕੇ ਸਿੱਖਾਂ ਦਾ ਕਤਲ ਕੀਤਾ ਸੀ। ਪਰ ਮੋਦੀ ਸਰਕਾਰ ਨੇ ਅੱਜ ਸਿੱਖਾਂ ਦੇ ਲੰਗਰਾਂ ਦੀ ਰਸਦ ’ਤੇ ਲਗਣ ਵਾਲੇ ਜੀ. ਐਸ. ਟੀ. ਨੂੰ ਵਾਪਸ ਮੋੜਨ ਦਾ ਐਲਾਨ ਕੀਤਾ ਹੈ। ਜੋ ਕਿ ਗੁਰਦੁਆਰਿਆਂ ਦੇ ਨਾਲ ਹੀ ਦੂਜੇ ਧਾਰਮਿਕ ਅਦਾਰਿਆਂ ਲਈ ਵੀ ਵੱਡੀ ਰਾਹਤ ਹੈ।

ਸੁਖਬੀਰ ਨੇ ਦੱਸਿਆ ਕਿ ਅਕਾਲੀ ਦਲ ਦੀ ਸਰਕਾਰ ਨੇ ਪੰਜਾਬ ਦੇ ਤਿੰਨਾਂ ਤਖ਼ਤ ਸਾਹਿਬਾਨਾਂ ਦੇ ਨਾਲ ਹੀ ਦੁਰਗਿਆਨਾ ਮੰਦਿਰ ਦੇ ਲੰਗਰ ਨੂੰ ਵੈਟ ਤੋਂ ਮੁਕਤ ਕੀਤਾ ਹੋਇਆ ਸੀ। ਪਰ ਮੌਜੂਦਾ ਕੈਪਟਨ ਸਰਕਾਰ ਨੇ ਸਿਰਫ਼ ਸ੍ਰੀ ਦਰਬਾਰ ਸਾਹਿਬ ਨੂੰ ਸੂਬੇ ਦੇ ਜੀ. ਐਸ. ਟੀ. ਤੋਂ ਛੋਟ ਦਿੱਤੀ ਹੈ। ਸੁਖਬੀਰ ਨੇ ਕਿਹਾ ਕਿ ਜੀ. ਐਸ. ਟੀ. ਲਗਣ ਉਪਰੰਤ ਉਨ੍ਹਾਂ ਨੇ ਅਕਾਲੀ ਸਾਂਸਦਾ ਨੂੰ ਲੈ ਕੇ ਪ੍ਰਧਾਨ ਮੰਤਰੀ ਅਤੇ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਪ੍ਰਧਾਨ ਮੰਤਰੀ ਨੇ ਇਸ ਬਾਰੇ ਕਾਨੂੰਨੀ ਜਰੂਰਤਾਂ ਨੂੰ ਸਮਝਣ ਉਪਰੰਤ ਫੈਸਲਾ ਲੈਣ ਦਾ ਭਰੋਸਾ ਦਿੱਤਾ ਸੀ। ਹਰਸਿਮਰਤ ਨੇ ਇਸ ਮਾਮਲੇ ਨੂੰ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਨੂੰ ਨਾਲ ਲੈ ਕੇ ਜੰਗੀ ਪੱਧਰ ’ਤੇ ਲੜਾਈ ਲੜੀ ਹੈ। ਸੁਖਬੀਰ ਨੇ ਕਿਹਾ ਕਿ ਸਾਡੀ ਲੜਾਈ ਦਾ ਫਾਇਦਾ ਗੁਰਦੁਆਰਿਆਂ, ਮੰਦਰ, ਮਸਜਿਦ, ਚਰਚ, ਆਦਿਕ ਦੇ ਨਾਲ ਹੀ ਰਵੀਦਾਸ ਅਤੇ ਬਾਲਮੀਕੀ ਭਾਈਚਾਰੇ ਨਾਲ ਸੰਬੰਧਿਤ ਧਰਮ ਸਥਾਨਾਂ ਨੂੰ ਵੀ ਮਿਲਿਆ ਹੈ। ਸੁਖਬੀਰ ਨੇ ਇਸ ਜਿੱਤ ਨੂੰ ਪਰਮਾਤਮਾ ਦੀ ਕ੍ਰਿਪਾ ਕਰਾਰ ਦਿੰਦੇ ਹੋਏ ਉਕਤ ਫੈਸਲੇ ਨਾਲ ਚੰਗਾ ਸੁਨੇਹਾ ਲੋਕਾਂ ’ਚ ਜਾਣ ਦਾ ਦਾਅਵਾ ਕੀਤਾ।

ਹਰਸਿਮਰਤ ਨੇ ਅੱਜ ਦੇ ਦਿਹਾੜੇ ਨੂੰ ਇਤਿਹਾਸਕ ਦੱਸਦੇ ਹੋਏ ਕਿਹਾ ਕਿ ਗੁਰੂ ਸਾਹਿਬਾਨਾਂ ਨੇ ਸਾਨੂੰ ਸਰਬਤ ਦੇ ਭਲੇ ਦਾ ਪਾਠ ਪੜਾਇਆ ਸੀ। ਉਸੇ ਪਾਠ ’ਤੇ ਚਲਦੇ ਹੋਏ ਮੋਦੀ ਸਰਕਾਰ ਨੇ ਅੱਜ ਧਾਰਮਿਕ ਸਥਾਨਾਂ ਦੇ ਲੰਗਰਾਂ ’ਤੇ ਲਗਣ ਵਾਲੇ ਸੀ. ਜੀ. ਐਸ. ਟੀ. ਅਤੇ ਆਈ. ਜੀ. ਐਸ. ਟੀ. ਦੇ ਤੌਰ ’ਤੇ ਪ੍ਰਾਪਤ ਹੋਣ ਵਾਲੇ ਆਪਣੇ ਹਿੱਸੇ ਦੇ ਟੈਕਸ ਨੂੰ ਵਾਪਸ ਮੋੜਨ ਦਾ ‘‘ਸੇਵਾ ਭੋਜ ਯੋਜਨਾ’’ ਤਹਿਤ ਐਲਾਨ ਕੀਤਾ ਹੈ। ਜਿਸ ਬਾਰੇ ਜਰੂਰੀ ਦਿਸ਼ਾ ਨਿਰਦੇਸ਼ ਛੇਤੀ ਹੀ ਸਰਕਾਰ ਵੱਲੋਂ ਵੈਬਸਾਈਟ ’ਤੇ ਅੱਪਲੋਡ ਕੀਤੇ ਜਾਣਗੇ। ਅੱਜ ਦੇ ਫੈਸਲੇ ਨੂੰ ਅਕਾਲੀ ਦਲ ਦੀ ਵੱਡੀ ਜਿੱਤ ਦੱਸਦੇ ਹੋਏ ਇਸ ਮਾਮਲੇ ’ਚ ਆਏ ਔਕੜਾ ਦਾ ਵੀ ਹਰਸਿਮਰਤ ਨੇ ਹਵਾਲਾ ਦਿੱਤਾ।

ਹਰਸਿਮਰਤ ਨੇ ਕਿਹਾ ਕਿ ਪੰਜਾਬ ਦੇ ਖਜਾਨਾ ਮੰਤਰੀ ਨੇ ਜੀ।ਐਸ।ਟੀ। ਕੌਂਸਿਲ ’ਚ ਇੱਕ ਵਾਰ ਵੀ ਇਸ ਮਸਲੇ ਨੂੰ ਨਹੀਂ ਚੁੱਕਿਆ। ਜਦਕਿ ਪੰਜਾਬ ਦੇ ਗੁਰਦੁਆਰਿਆਂ ਨੂੰ ਟੈਕਸ ਰਾਹਤ ਦੇਣ ਵਾਸਤੇ ਪੰਜਾਬ ਦੇ ਖਜਾਨਾ ਮੰਤਰੀ ਦਾ ਬੋਲਣਾ ਜਰੂਰੀ ਸੀ। ਕਿਉਂਕਿ ਕੌਂਸਲ ਦੇ ਵਿੱਚ ਫੈਸਲੇ ਆਮ ਸਹਿਮਤੀ ਨਾਲ ਲਏ ਜਾਂਦੇ ਹਨ। ਪਰ ਮੈਂ ਇੱਕ ਆਮ ਸਿੱਖ ਹੋਣ ਦੇ ਨਾਤੇ ਇਸ ਲੜਾਈ ਦੀ ਸ਼ੁਰੂਆਤ ਕੀਤੀ। ਕਿਉਂਕਿ ਮੈਂ ਵੀ ਕੌਂਸਿਲ ਦੀ ਮੈਂਬਰ ਨਹੀਂ ਸੀ। ਇਸ ਲਈ ਬਿਹਾਰ ਦੇ ਮੁਖਮੰਤਰੀ ਨੀਤੀਸ਼ ਕੁਮਾਰ ਅਤੇ ਮਹਾਰਾਸ਼ਟਰ ਦੇ ਮੁਖਮੰਤਰੀ ਦਵਿੰਦਰ ਫ਼ੜਨਵੀਸ ਨਾਲ ਮੁਲਾਕਾਤ ਕਰਕੇ ਦੋਨੋਂ ਮੁਖਮੰਤਰੀਆਂ ਤੋਂ ਲੰਗਰ ਨੂੰ ਜੀ. ਐਸ. ਟੀ. ਮੁਕਤ ਕਰਨ ਬਾਰੇ ਸਮਰਥਨ ਪੱਤਰ ਪ੍ਰਾਪਤ ਕੀਤੇ। ਹੁਣ ਇਸ ਯੋਜਨਾ ਦਾ ਫਾਇਦਾ ਸਾਰੇ ਧਰਮਾਂ ਦੇ ਧਰਮ ਸਥਾਨਾਂ ਨੂੰ ਪ੍ਰਾਪਤ ਹੋਵੇਗਾ।

ਲੌਂਗੋਵਾਲ ਨੇ ਪ੍ਰਧਾਨ ਮੰਤਰੀ ਅਤੇ ਖਜਾਨਾ ਮੰਤਰੀ ਦਾ ਧੰਨਵਾਦ ਕਰਦੇ ਹੋਏ ਇਸ ਵਕਾਰੀ ਲੜਾਈ ਨੂੰ ਜਿੱਤਣ ਲਈ ਸੁਖਬੀਰ ਅਤੇ ਹਰਸਿਮਰਤ ਨੂੰ ਵਧਾਈ ਦਿੱਤੀ। ਜੀ।ਕੇ। ਨੇ ਕਿਹਾ ਕਿ ਮੋਦੀ ਸਰਕਾਰ ਦੇ ਫੈਸਲੇ ਨੂੰ ਬਰੀਕੀ ਨਾਲ ਸਮਝਣ ਦੀ ਲੋੜ ਹੈ। ਕਿਉਂਕਿ ਅੱਜ ਦੀ ਟੈਕਸ ਛੋਟ ਨਾਲ ਸੇਲ ਟੈਕਸ, ਐਕਸਾਈਜ ਅਤੇ ਸਰਵਿਸ ਟੈਕਸ ਦੇ ਰੂਪ ’ਚ ਧਾਰਮਿਕ ਸੰਸਥਾਂ ਵੱਲੋਂ ਲੰਗਰ ਦੀ ਰਸਦ ’ਤੇ ਦਿੱਤੇ ਜਾਣ ਵਾਲੇ ਟੈਕਸ ’ਚੋਂ ਕੇਂਦਰ ਸਰਕਾਰ ਦੇ ਹਿੱਸੇ ਦਾ ਟੈਕਸ ਵਾਪਸ ਹੋਵੇਗਾ। ਇਹ ਸਾਰੇ ਟੈਕਸ ਵੈਟ ਦੌਰਾਨ ਸਾਰੇ ਧਾਰਮਿਕ ਸਥਾਨ ਦਿੰਦੇ ਸੀ। ਕੇਂਦਰ ਸਰਕਾਰ ਨੇ ਬੇਸ਼ਕ ਭੋਜਨ ਦੇ ਅਧਿਕਾਰ ਦਾ ਕਾਨੂੰਨ ਪਾਸ ਕੀਤਾ ਹੋਇਆ ਹੈ ਪਰ ਗੁਰੂ ਨਾਨਕ ਦੇਵ ਜੀ ਨੇ ਲਗਭਗ 540 ਸਾਲ ਪਹਿਲਾਂ ਲੰਗਰ ਪ੍ਰਥਾ ਦੀ ਸ਼ੁਰੂਆਤ ਕਰਕੇ ਲੋੜਵੰਦਾਂ ਨੂੰ ਭੋਜਨ ਦਾ ਅਧਿਕਾਰ ਦੇ ਦਿੱਤਾ ਸੀ।

ਜੀ. ਕੇ. ਨੇ ਦਿੱਲੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ ਨੂੰ ਟੈਕਸ ਛੋਟ ਸੰਬੰਧੀ ਭੇਜੇ ਗਏ ਪੱਤਰਾਂ ਦਾ ਹਵਾਲਾ ਦਿੰਦੇ ਹੋਏ ਅੰਨਾ ਅੰਦੋਲਨ ਦੇ ਗੁਰਦੁਆਰਾ ਬੰਗਲਾ ਸਾਹਿਬ ਦੇ ਲੰਗਰ ਦੇ ਸਿਰ ’ਤੇ ਕਾਮਯਾਬ ਹੋਣ ਦਾ ਦਾਅਵਾ ਕੀਤਾ। ਜੀ. ਕੇ. ਨੇ ਕਿਹਾ ਕਿ ਜੇਕਰ ਕੇਜਰੀਵਾਲ ਅੰਦੋਲਨ ਤੋਂ ਬਾਅਦ ਪਾਰਟੀ ਬਣਾ ਕੇ ਮੁਖਮੰਤਰੀ ਬਣਿਆ ਹੈ ਤਾਂ ਉਸਦੇ ਪਿੱਛੇ ਲੰਗਰ ਦਾ ਵੱਡਾ ਯੋਗਦਾਨ ਹੈ। ਇਸ ਲਈ ਦਿੱਲੀ ਸਰਕਾਰ ਨੂੰ ਦਿੱਲੀ ਦੇ ਗੁਰਦੁਆਰਿਆਂ ਦੀ ਲੰਗਰਾਂ ਦੀ ਰਸਦ ਨੂੰ ਸੂਬਾ ਟੈਕਸ ਛੋਟ ਦੇਣੀ ਚਾਹੀਦੀ ਹੈ।

ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਆਏ ਹੋਏ ਸਮੂਹ ਪਤਿਵੰਤੇ ਸੱਜਣਾ ਦਾ ਧੰਨਵਾਦ ਕਰਦੇ ਹੋਏ ਬਾਦਲ ਜੋੜੇ ਨੂੰ ਸਿੱਕਿਮ ਦੇ ਗੁਰਦੁਆਰਾ ਡਾਂਗਮਾਰ ਸਾਹਿਬ ਦੀ ਮੁੜ੍ਹ ਬਹਾਲੀ ਦੇ ਮੁੱਦੇ ਨੂੰ ਆਪਣੇ ਹੱਥ ’ਚ ਲੈਣ ਦੀ ਅਪੀਲ ਕੀਤੀ। ਗੁਰਦੁਆਰਾ ਰਕਾਬਗੰਜ ਸਾਹਿਬ ਦੇ ਹੈਡ ਗ੍ਰੰਥੀ ਵੱਲੋਂ ਸਮੂਹ ਪਤਿਵੰਤਿਆ ਨੂੰ ਸਿਰੋਪਾਉ ਦੀ ਬਖਸ਼ਿਸ਼ ਕੀਤੀ ਗਈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>