ਈਦ ਦੇ ਮੌਕੇ ਤੇ ਵਿਸ਼ੇਸ਼

ਦਯਾ, ਪਰਉਪਕਾਰ, ਉਦਾਰਤਾ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ  ‘‘ਈਦ-ਉਲ-ਫ਼ਿਤਰ”/ ਰੋਜ਼ੇਦਾਰਾਂ ਲਈ ਇਨਾਮ ਦਾ ਦਿਨ ਹੈ ਈਦ / ਈਦ ਉਲ ਫ਼ਿਤਰ ਦਾ ਤਿਉਹਾਰ ਆਪਸੀ ਮਿਲਵਰਤਨ ਅਤੇ ਭਾਈਚਾਰਕ ਸਾਂਝ ਨੂੰ ਵਧਾਉਂਦਾ ਹੈ।

ਈਦ ਆਪਸੀ ਮਿਲਵਰਤਨ ਅਤੇ ਭਾਈਚਾਰੇ ਦਾ ਪਵਿੱਤਰ ਤਿਉਹਾਰ ਹੈ। ਇਸ ਤਿਉਹਾਰ ਨੂੰ ਭਾਰਤ ਦੇ ਸਭ ਧਰਮਾਂ ਦੇ ਲੋਕਾਂ ਦੁਆਰਾ ਸਾਂਝੇ ਰੂਪ ਵਿੱਚ ਮਨਾਉਣਾ ਭਾਰਤ ਦੇ ਧਰਮ ਨਿਰਪੱਖ ਦੇਸ਼ ਹੋਣ ਦਾ ਪ੍ਰਤੱਖ ਪ੍ਰਮਾਣ ਹੈ। ਈਦ ਦਾ ਤਿਉਹਾਰ ਜਿੱਥੇ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਉਂਦਾ ਹੈ ਉੱਥੇ ਮੁਕਦੱਸ ਕਿਤਾਬ ਦੇ ਮੁਤਾਬਕ ਈਦ ਵਾਲੇ ਦਿਨ ਅੱਲ੍ਹਾ (ਰੱਬ) ਆਪਣੇ ਫਰਿਸ਼ਤਿਆਂ ਨੂੰ ਗਵਾਹ ਬਣਾ ਕੇ ਕਹਿੰਦਾ ਹੈ ਕਿ ਮੈਂ ਉਹਨਾਂ ਸਾਰੇ ਲੋਕਾਂ ਦੀ ਮਗਫਰਿਤ (ਬਖਸ਼ਿਸ) ਕਰ ਦਿੱਤੀ, ਜਿਹਨਾਂ ਨੇ ਰਮਜ਼ਾਨ ਮਹੀਨੇ ਦੇ ਰੋਜ਼ੇ ਪੂਰੇ ਅਸੂਲਾਂ ਅਤੇ ਆਦਾਬ ਦੇ ਨਾਲ ਰੱਖੇ ਅਤੇ ਈਦ ਦੀ ਨਮਾਜ਼ ਖੁਸ਼ੀ-ਖੁਸ਼ੀ ਅਦਾ ਕੀਤੀ ਹੈ।

ਇਸਲਾਮ ਧਰਮ ਪੰਜ ਥੰਮਾਂ ਜਾਂ ਸਿਧਾਤਾਂ ਤੇ ਖੜ੍ਹਾ ਹੈ। ਜਿਸ ਵਿੱਚ  ਸਭ ਤੋਂ ਪਹਿਲਾਂ ਥੰਮ ਹੈ ਇੱਕ ਰੱਬ ਤੇ ਵਿਸ਼ਵਾਸ਼ ਕਰਨਾ ਤੇ ਕੇਵਲ ਉਸ ਦੀ ਹੀ ਪੂਜਾ/ਬੰਦਗੀ ਕਰਨਾ ਅਤੇ ਮੁਹੰਮਦ (ਸਲ.) ਨੂੰ ਪੈਗੰਬਰ ਮੰਨ ਕੇ ਉਹਨਾਂ ਦੁਆਰਾ ਆਪਣੇ ਜੀਵਨ ਵਿੱਚ ਅਪਣਾਏ ਸਿਧਾਤਾਂ ਨੂੰ ਅਪਣਾਉਣਾ। ਦੂਜਾ ਹੈ ਦਿਨ ‘ਚ ਪੰਜ ਵਾਰ ਨਮਾਜ਼ ਪੜ੍ਹਨਾ ਭਾਵ ਆਪਣੇ ਰੱਬ ਦੀ ਪੂਜਾ ਕਰਨਾ। ਤੀਜਾ ਥੰਮ ਹੈ ਜ਼ਕਾਤ ਭਾਵ ਆਪਣੀ ਨੇਕ ਕਮਾਈ ਦਾ 40ਵਾਂ ਹਿੱਸਾ (ਢਾਈ ਪ੍ਰਤੀਸ਼ਤ) ਗਰੀਬਾਂ, ਯਤੀਮਾਂ, ਲੋੜਵੰਦਾਂ ਨੂੰ ਰੱਬ ਦੀ ਰਜ਼ਾ ਲਈ ਦਾਨ ਦੇਣਾ। ਚੋਥਾ ਹੈ ਰਮਜ਼ਾਨ ਦੇ ਪਵਿੱਤਰ ਮਹੀਨੇ ਵਿੱਚ ਇੱਕ ਮਹੀਨੇ ਦੇ ਰੋਜ਼ੇ/ਵਰਤ ਰੱਖਣਾ। ਪੰਜਵਾਂ ਥੰਮ ਹੈ ਹੱਜ ਕਰਨਾ। ਭਾਵ ਆਪਣੀ ਜਿੰਦਗੀ ਵਿੱਚ ਇੱਕ ਵਾਰ ਮੱਕੇ (ਜੋ ਕਿ ਸਾਊਦੀ ਅਰਬ ਦਾ ਇੱਕ ਸ਼ਹਿਰ ਹੈ ਅਤੇ ਮੁਹੰਮਦ ਸਾਹਿਬ ਦਾ ਜਨਮ ਸਥਾਨ ਹੈ) ਦੀ ਯਾਤਰਾ ਕਰਨੀ।ਈਦ-ਉਲ-ਫ਼ਿਤਰ ਦਾ ਤਿਉਹਾਰ ਰਮਜ਼ਾਨ ਦੇ ਮਹੀਨੇ ਦੇ ਖਤਮ ਹੋਣ ਤੋਂ ਬਾਅਦ ਅਗਲੇ ਦਿਨ ਮਨਾਇਆ ਜਾਂਦਾ ਹੈ। ਈਦ-ਉਲ-ਫ਼ਿਤਰ ਅਰਬੀ ਭਾਸ਼ਾ ਦੇ ਦੋ ਸ਼ਬਦਾਂ ‘ਈਦ’ ਅਤੇ ‘ਫ਼ਿਤਰ’ ਦੇ ਸੁਮੇਲ ਨਾਲ ਬਣਿਆ ਹੈ। ਈਦ ਦਾ ਅਰਥ ਹੈ ਖੁਸ਼ੀ ਦਾ ਉਹ ਦਿਨ ਜਿਹੜਾ ਵਾਰ ਵਾਰ ਆਵੇ ਅਤੇ ਫ਼ਿਤਰ ਦਾ ਅਰਥ ਹੈ ਰੋਜ਼ਾ ਖੋਲਣਾ।ਇਸ ਲਈ ਮੁਸਲਿਮ ਭਾਈਚਾਰੇ ਦੇ ਲੋਕ ਇਹ ਤਿਉਹਾਰ ਹਰ ਸਾਲ ਹਿਜਰੀ ਸੰਨ (ਇਸਲਾਮੀ ਕੈਲੰਡਰ) ਦੇ ਨੌਵੇਂ ਮਹੀਨੇ ਰਮਜ਼ਾਨ ਦੇ ਰੋਜ਼ੇ ਰੱਖਣ ਤੋਂ ਬਾਅਦ ਦਸਵੇਂ ਮਹੀਨੇ ਵਿੱਚ ਸ਼ੱਵਾਲ ਦੀ ਪਹਿਲੀ ਤਾਰੀਖ ਨੂੰ ਮਨਾਉਂਦੇ ਹਨ। ਈਦ-ਉਲ-ਫਿਤਰ ਦਾ ਪਵਿੱਤਰ ਤਿਉਹਾਰ ਮੁਸਲਿਮ ਭਾਈਚਾਰੇ ਵੱਲੋਂ ਧਾਰਮਿਕ ਤੌਰ ’ਤੇ ਭਾਰਤ ਅਤੇ ਵਿਸ਼ਵ ਪੱਧਰ ਤੇ ਬਹੁਤ ਹੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਤਿਉਹਾਰ ਨੂੰ ਇਨਾਮ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ ਕਿਉਂਕਿ ਇੱਕ ਮੁਸਲਮਾਨ ਰਮਜ਼ਾਨ ਦੇ ਪਵਿੱਤਰ ਮਹੀਨੇ ਵਿੱਚ ਆਪਣੇ ਨਫ਼ਸ, ਜਰੂਰਤਾਂ ਆਦਿ ਦੀ ਕੁਰਬਾਨੀ ਦਿੰਦੇ ਹੋਏ ਰੱਬ ਦੀ ਬੰਦਗੀ ਅਤੇ ਰੱਬ ਦੇ ਹੁਕਮਾਂ ਨੂੰ ਪੂਰਾ ਕਰਨ ਦੀ ਹਰ ਸੰਭਵ ਕੋਸ਼ਿਸ ਕਰਦਾ ਹੋਇਆ ਵੱਧ ਤੋਂ ਵੱਧ ਸਮਾਂ ਰੱਬ ਦੀ ਭਗਤੀ ਵਿੱਚ ਗੁਜ਼ਾਰਦਾ ਹੈ। ਬੰਦੇ ਦੀ ਇਸ ਭਗਤੀ ਅਤੇ ਪ੍ਰਹੇਜ਼ਗਾਰੀ ਤੋਂ ਖੁਸ਼ ਹੋ ਕਿ ਰੱਬ ਵੱਲੋਂ ਉਸ ਨੂੰ ਇਨਾਮ ਦੇ ਰੂਪ ’ਚ ਈਦ-ਉਲ-ਫ਼ਿਤਰ ਦਾ ਦਿਨ ਤਿਉਹਾਰ ਦੇ ਰੂਪ ਵਿੱਚ ਦਿੱਤਾ ਗਿਆ ਹੈ। ਜਿਸ ਵਿੱਚ ਇਨਸਾਨ ਖੁਸ਼ੀ ਅਤੇ ਜਸ਼ਨ ਮਨਾ ਸਕਦਾ ਹੈ। ਇਸਲਾਮ ਧਰਮ ਦੇ ਆਖਰੀ ਪੈਗੰਬਰ ਮੁੰਹਮਦ (ਸਲ.) ਨੇ ਈਦ ਦੇ ਦਿਨ ਰੋਜ਼ਾ ਰੱਖਣ ਦੀ ਮਨਾਹੀ ਕੀਤੀ ਹੈ ਤੇ ਈਦ ਦੇ ਦਿਨ ਹਰੇਕ ਮੁਸਲਮਾਨ ਨੂੰ ਆਪਣੀ ਹੈਸੀਅਤ ਦੇ ਅਨੁਸਾਰ ਉੱਤਮ ਪਹਿਰਾਵਾ ਪਾਉਣ ਦਾ ਆਦੇਸ਼ ਦਿੱਤਾ ਹੈ। ਮੁਹੰਮਦ (ਸਲ.) ਈਦ ਦੇ ਦਿਨ ਖੁਦ ਵੀ ਨਵਂੇ ਕੱਪੜੇ ਪਾਉਂਦੇ ਸਨ ਅਤੇ ਖੁਸ਼ਬੂ ਲਗਾਉਂਦੇ ਸਨ। ਇਸ ਲਈ ਮੁਸਲਮਾਨਾਂ ਵੱਲੋਂ ਵੀ ਈਦ ਦੀ ਤਿਆਰੀ ਕਈ ਦਿਨ ਪਹਿਲਾਂ ਜਾਂ ਇਹ ਕਿਹਾ ਜਾ ਸਕਦਾ ਹੈ ਕਿ ਰਮਜ਼ਾਨ ਦੇ ਸ਼ੁਰੂ ਹੋਣ ਦੇ ਨਾਲ ਹੀ ਆਰੰਭ ਕਰ ਦਿੱਤੀ ਜਾਂਦੀ ਹੈ। ਲੋਕ ਨਵੇਂ ਕੱਪੜੇ, ਜੁੱਤੀਆਂ ਅਤੇ ਸਗੇ-ਸਬੰਧੀਆਂ ਲਈ ਤੋਹਫਿਆਂ ਦੀ ਖ੍ਰੀਦੋ ਫਰੋਖਤ ਸ਼ੁਰੂ ਕਰ ਦਿੰਦੇ ਹਨ।  ਇਹਨਾਂ  ਦਿਨਾਂ ’ਚ ਬਾਜ਼ਾਰਾਂ ਵਿੱਚ ਬਹੁਤ ਚਹਿਲ-ਪਹਿਲ ਹੁੰਦੀ ਹੈ। ਅਮੀਰ-ਗਰੀਬ, ਬੱਚੇ, ਜਵਾਨ, ਬੁੱਢੇ, ਔਰਤਾਂ ਸਭ ਆਪਣੀ ਹੇੈਸੀਅਤ ਦੇ ਅਨੁਸਾਰ ਖ੍ਰੀਦਦਾਰੀ ਕਰਦੇ ਹਨ। ਇਸਦੇ ਨਾਲ ਹੀ ਮੁੰਹਮਦ (ਸਲ.) ਨੇ ਈਦ ਦੇ ਦਿਨ ਖੁਤਬਾ (ਭਾਸ਼ਣ) ਦਿੰਦੇ ਹੋਏ ਔਰਤਾਂ ਅਤੇ ਮਰਦਾਂ ਨੂੰ ਸਾਂਝੇ ਰੂਪ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਦਾਨ ਕਰੋ, ਦਾਨ ਕਰੋ ਭਾਵ ਇਸ ਦਿਨ ਰੁਪਏ ਪੈਸੇ ਆਦਿ ਦੇ ਰੂਪ ਵਿੱਚ ਦਾਨ ਦੇਣ ਤੇ ਬਹੁਤ ਜ਼ੋਰ ਦਿੱਤਾ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਈਦ ਦੀ ਖੁਸ਼ੀ ਮਨਾਉਂਦੇ ਹੋਏ ਗਰੀਬ, ਯਤੀਮ, ਵਿਧਵਾਵਾਂ ਆਦਿ ਲੋਕਾਂ ਦੇ ਨਾਲ ਹਮਦਰਦੀ ਭਰਿਆ ਵਰਤਾਓ ਕੀਤਾ ਜਾਵੇ ਤਾਂ ਜੋ ਉਹ ਵੀ ਈਦ ਦੀਆਂ  ਖੁਸ਼ੀਆਂ ਮਾਨਣ ਲਈ ਤੁਹਾਡੇ ਨਾਲ ਸ਼ਾਮਿਲ ਹੋ ਸਕਣ। ਇਸ ਲਈ ਮੁਹੰਮਦ (ਸ.) ਦੇ ਸੰਦੇਸ਼ਾਂ ਤੇ ਅਮਲ ਕਰਦਿਆਂ ਇੱਕ ਅਮੀਰ ਵਿਅਕਤੀ ਉਦੋਂ ਹੀ ਆਪਣੀ ਖੁਸ਼ੀ ਨੂੰ ਪੂਰੀ ਸਮਝਦਾ ਹੈ ਜਦੋਂ ਉਸਦਾ ਗਰੀਬ ਭਰਾ, ਗੁਆਂਢੀ ਆਦਿ ਵੀ ਉਸਦੀ ਖੁਸ਼ੀ ਵਿੱਚ ਸ਼ਾਮਿਲ ਹੁੰਦਾ ਹੈ। ਇਸ ਕਰਕੇ ਹੀ ਇਸਲਾਮ ਵਿੱਚ ਈਦ ਦਾ ਮਤਲਬ ਸਿਰਫ ਨਵੇਂ ਅਤੇ ਵਧੀਆ ਕੱਪੜੇ ਪਹਿਨਣਾ, ਖੁਸ਼ਬੂ ਲਗਾਉਣਾ ਅਤੇ ਮਿੱਠੀਆ ਚੀਜਾਂ ਖਾ ਲੈਣਾ ਹੀ ਨਹੀਂ ਸਗੋਂ ਈਦ ਦਾ ਅਸਲ ਭਾਵ ਹੈ ਸਮੂਹਿਕ ਰੂਪ ਵਿੱਚ ਰੱਬ ਨੂੰ ਯਾਦ ਕਰਦਿਆਂ ਉਸ ਵੱਲ ਧਿਆਨ ਕਰਕੇ ਉਸਦੀ ਨੇੜਤਾ ਹਾਸਲ ਕਰਨਾ ਅਤੇ ਉਸ ਦੇ ਨਾਮ ਤੇ ਗਰੀਬਾਂ ਤੇ ਲੋੜਵੰਦਾਂ ਦੀ ਸਹਾਇਤਾ ਕਰਨਾ ਹੈ। ਇਸ ਕਰਕੇ  ਮੁਹੰਮਦ (ਸਲ.) ਨੇ ਮੁਸਲਮਾਨਾਂ ਨੂੰ ਹੁਕਮ ਦਿੱਤਾ ਕਿ ਈਦ-ਉਲ-ਫ਼ਿਤਰ ਦਾ ‘ਸਦਕਾ-ਏ-ਫ਼ਿਤਰ’ (ਦਾਨ) ਈਦ ਦੀ ਨਮਾਜ ਪੜ੍ਹਨ ਤੋਂ ਪਹਿਲਾਂ ਦੇਣਾ ਜਰੂਰੀ ਹੈ। ਸਦਕਾ-ਏ-ਫ਼ਿਤਰ ਨੂੰ ਰੋਜ਼ੇਦਾਰਾਂ ਵੱਲੋਂ ਰੋਜ਼ੇ ਦੀ ਹਾਲਾਤ ਵਿੱਚ ਜਾਣੇ ਅਨਜਾਣੇ ਵਿੱਚ ਹੋਏ ਗੁਨਾਹਾਂ ਤੋਂ ਪਾਕ ਕਰਨ ਦਾ ਸਾਧਨ ਦੱਸਿਆ ਗਿਆ ਹੈ। ਈਦ ਦੇ ਦਿਨ ਮੁਸਲਿਮ ਭਾਈਚਾਰੇ ਦੇ ਲੋਕ ਸਵੇਰੇ ਜਲਦੀ ਉੱਠ ਕੇ, ਇਸ਼ਨਾਨ ਕਰਕੇ, ਨਵੇਂ-ਨਵੇਂ  ਕੱਪੜੇ ਪਾ ਕੇ ਖੁਸ਼ਬੂ (ਇਤਰ) ਆਦਿ ਲਗਾ ਕੇ ਨੇੜਲੀਆਂ ਵੱਡੀਆਂ ਮਸਜਿਦਾਂ ਖਾਸਕਰ ਈਦਗਾਹ ਵਿੱਚ ਈਦ ਦੀ ਨਮਾਜ਼ ਪੜ੍ਹਨ ਲਈ ਜਾਂਦੇ ਹਨ। ਈਦਗਾਹ ਪਹੁੰਚ ਕੇ ਲੋਕ ਬਿਨਾਂ ਕਿਸੇ  ਭੇਦ-ਭਾਵ ਤੋਂ ਇੱਕਠੇ ਹੋ ਕੇ ਈਦ ਦੀ ਨਮਾਜ਼ ਅਦਾ ਕਰਦੇ ਹਨ। ਦੇਸ਼ ਦੀਆਂ ਸਾਰੀਆਂ ਈਦਗਾਹਾਂ ਅਤੇ ਵੱਡੀਆਂ ਮਸਜਿਦਾਂ ਵਿੱਚ ਅਜਿਹਾ ਹੀ ਮਨਮੋਹਣਾ ਦ੍ਰਿਸ਼ ਦੇਖਣ ਨੂੰ ਮਿਲਦਾ ਹੈ। ਈਦ ਦੀ ਨਮਾਜ਼ ਅਦਾ ਕਰਨ ਤੋਂ ਬਾਅਦ ਲੋਕ ਸਾਰੇ ਗਿਲੇ-ਸ਼ਿਕਵੇ ਭੁੱਲਾ ਕੇ ਇੱਕ ਦੂਜੇ ਦੇ ਗਲੇ ਮਿਲ ਕੇ ਆਪਸੀ ਭਾਈਚਾਰੇ ਅਤੇ ਸਹਿਚਾਰ ਦਾ ਸੰਦੇਸ਼ ਦਿੰਦੇ ਹਨ। ਈਦ-ਉਲ-ਫ਼ਿਤਰ ਨੂੰ ‘ਮਿੱਠੀ ਈਦ’ ਵੀ ਕਿਹਾ ਜਾਂਦਾ ਹੈ। ਇਸ ਕਰਕੇ ਮੁਸਲਮਾਨਾਂ ਦੇ ਘਰਾਂ ਵਿੱਚ ਮਿੱਠੀਆਂ ਸੇਵੀਆਂ, ਖੀਰ ਜਾਂ ਮਿੱਠੇ ਚਾਵਲ ਆਦਿ ਈਦ ਵਾਲੇ ਦਿਨ ਜ਼ਰੂਰ ਬਣਾਏ ਜਾਂਦੇ ਹਨ। ਇਸਦੇ ਨਾਲ ਹੋਰ ਅਨੇਕਾਂ ਤਰ੍ਹਾਂ ਦੇ ਪਕਵਾਨ ਵੀ ਬਣਾਏ ਜਾਂਦੇ ਹਨ। ਲੋਕ ਆਪਣੇ ਸਗੇ-ਸੰਬੰਧੀਆਂ, ਦੋਸਤਾਂ ਅਤੇ ਮਿੱਤਰਾਂ  ਨਾਲ ਮਿਠਾਈਆਂ ਜਾਂ ਤੋਹਫਿਆਂ ਦੇ ਰੂਪ ’ਚ ਲੈਣ-ਦੇਣ ਕਰਦੇ ਹਨ। ਵੱਖ ਵੱਖ ਧਰਮਾਂ ਰੂਪੀ ਫੂੱਲਾਂ ਦੇ ਗੁਲਦਸਤੇ ਦਾ ਖਿਤਾਬ ਹਾਸਲ ਸ਼ਹਿਰ ਮਾਲੇਰਕੋਟਲਾ ਵਿੱਚ ਮੁਸਲਿਮ ਭਰਾਵਾਂ ਵੱਲੋਂ ਦੂਜੇ ਧਰਮਾਂ ਦੇ ਦੋਸਤਾਂ-ਮਿੱਤਰਾਂ ਨੂੰ ਈਦ ਦੀ ਖੁਸ਼ੀ ਵਿੱਚ ਸ਼ਾਮਿਲ ਕਰਨ ਲਈ ਤੋਹਫਿਆਂ ਦੇ ਰੂਪ ਵਿੱਚ ਸ਼ੁਭ ਕਾਮਨਾਵਾਂ ਦਿੱਤੀਆਂ ਜਾਂਦੀਆਂ ਹਨ। ਇਸ ਤਰ੍ਹਾਂ ਇੱਥੇ ਈਦ ਦਾ ਤਿਉਹਾਰ ਹਿੰਦੂ, ਸਿੱਖ, ਮੁਸਲਿਮ ਆਦਿ ਸਭ ਧਰਮਾਂ ਦੇ ਲੋਕ ਰਲ ਮਿਲ ਕੇ ਮਨਾਉਂਦੇ ਹਨ। ਮੁੰਹਮਦ (ਸਲ.) ਨੇ ਈਦ ਦੇ ਦਿਨ ਮੁਸਲਮਾਨਾਂ ਨੂੰ ਖੂਬ ਖਾਣ-ਪੀਣ ਦੇ ਨਾਲ ਅੱਲ੍ਹਾ ਦਾ ਜ਼ਿਕਰ (ਪੂਜਾ) ਕਰਨ ਅਤੇ ਉਸ ਨੂੰ ਯਾਦ ਰੱਖਣ ਲਈ ਵੀ ਕਿਹਾ ਹੈ। ਜਿਸ ਨੇ ਤਹਾਨੂੰ ਪੈਦਾ ਕੀਤਾ ਹੈ ਅਤੇ ਇਹ ਖੁਸ਼ੀ ਦਾ ਮੌਕਾ  ਦਿੱਤਾ ਹੈ। ਈਦ ਦੇ ਦਿਨ ਖੁਸ਼ੀ ਦਾ ਇਜ਼ਹਾਰ ਕਰਨਾ ਵੀ ਦੀਨ (ਧਰਮ) ਦਾ ਹੀ ਇੱਕ ਹਿੱਸਾ ਹੈ। ਇਸ ਤਰ੍ਹਾਂ ਇਹ ਤਿਉਹਾਰ ਖੁਸ਼ੀ ਦੇ ਨਾਲ-ਨਾਲ ਦਯਾ, ਪਰਉਪਕਾਰ, ਉਦਾਰਤਾ, ਭਾਈਚਾਰਕ ਸਾਂਝ ਨੂੰ ਵਧਾਉਣ ਦਾ ਸੰਦੇਸ਼ ਵੀ ਦਿੰਦਾ ਹੈ। ਇੱਥੇ ਮੈਂ ਇਹ ਜਰੂਰ ਕਹਾਗਾਂ ਕਿ ਤੁਹਾਡੇ ਲਈ ਉਹ ਹਰ ਦਿਨ  ਈਦ, ਦੀਵਾਲੀ ਗੁਰਪੂਰਬ, ਕ੍ਰਿਸਮਿਸ ਆਦਿ ਹਨ ਜਿਸ ਦਿਨ ਤੁਹਾਨੂੰ ਅੰਦਰੂਨੀ ਖੁਸ਼ੀ ਦਾ ਅਹਿਸਾਸ ਹੁੰਦਾ ਹੈ। ਇਸ ਤਰ੍ਹਾਂ ਦੀ ਸਦੀਵੀ ਖੁਸ਼ੀ ਤਾਂ ਬੇਸਹਾਰਿਆਂ ਦੀ ਸੇਵਾ ਅਤੇ ਸਹਾਇਤਾ ਕਰਕੇ ਹੀ ਮਿਲ ਸਕਦੀ ਹੈ ਪਰ ਬਹੁਤ ਦੁੱਖ ਦੀ ਗੱਲ ਹੈ ਕਿ ਅੱਜ ਭਾਰਤੀ ਸਮਾਜ ਦੇ ਲੋਕਾਂ ਤੋਂ (ਭਾਵੇਂ ਉਹ ਕਿਸੇ ਵੀ ਧਰਮ ਨੂੰ ਮੰਨਣ ਵਾਲੇ ਹੀ ਕਿਉਂ ਨਾ ਹੋਣ) ਇਹ ਭਾਵਨਾ ਤਾਂ ਕੋਹਾਂ ਦੂਰ ਹੋ ਚੁੱਕੀ ਜਾਪਦੀ ਹੈ । ਅਸਲ ਵਿੱਚ ਅੱਜ ਦਾ ਮਨੁੱਖ ਪਦਾਰਥਵਾਦ ਦੇ ਪ੍ਰਭਾਵ ਕਾਰਨ ਸਮੂਹਿਕ ਹਿੱਤਾਂ ਦੇ ਨਾਲੋਂ ਨਿੱਜੀ ਹਿੱਤਾਂ ਨੂੰ ਪਹਿਲ ਦਿੰਦਾ ਹੈ। ਇਸ ਨਿੱਜਤਾ ਦੇ ਕਾਰਨ ਹੀ ਚਿੰਤਾਵਾਂ ਵਿੱਚ ਗ੍ਰਹਿਸਤ ਹੋ ਕਿ ਅਨੇਕਾਂ ਬੀਮਾਰੀਆਂ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ। ਮਨੁੱਖ ਨੂੰ ਇਹ ਸਮਝ ਕਰਨੀ ਚਾਹੀਦੀ ਹੈ ਕਿ ਅਸਲ ਖੁਸ਼ੀ ਦਾ ਅਹਿਸਾਸ ਤਿਉਹਾਰਾਂ ਨੂੰ ਰਲ-ਮਿਲਕੇ ਮਨਾਉਣ ਵਿੱਚ ਹੈ ਨਾ ਕਿ ਨਿੱਜੀ ਹਿੱਤਾਂ ਨੂੰ ਪਹਿਲ ਦੇਣ ਵਿੱਚ।  ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਤਿਉਹਾਰਾਂ ਨੂੰ ਮਨਾਉਂਦੇ ਸਮੇਂ ਫਜੂਲ ਖਰਚਿਆਂ ਨੂੰ ਛੱਡ ਕਿ ਉਹੀ ਪੈਸਾ ਦੀਨ-ਦੁਖੀਆਂ, ਬੇ-ਸਹਾਰਾ ਲੋਕਾਂ ਤੇ ਖਰਚ ਕਰਕੇ ਸੱਚੀ ਖੁਸ਼ੀ ਨੂੰ ਮਹਿਸੂਸ ਕਰਨ ਦਾ ਯਤਮ ਕਰੀਏ। ਦੁਨੀਆ ਵੀ ਉਹਨਾਂ ਲੋਕਾਂ ਨੂੰ ਯਾਦ ਰੱਖਦੀ ਹੈ ਜਿਹੜੇ ਆਪਣਾ ਸਮੁੱਚਾ ਜੀਵਨ ਦੂਜਿਆਂ ਦੀ ਸਹਾਇਤਾ ਅਤੇ ਸੇਵਾ ਕਰਨ ਵਿੱਚ ਲਗਾ ਦਿੰਦੇ ਹਨ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>