ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸੂਰਜੀ ਊਰਜਾ ਪਲਾਂਟ ਦੀ ਹੋਈ ਸ਼ੁਰੂਆਤ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੂਰਜ ਦੀ ਕਿਰਣਾਂ ਰਾਹੀਂ ਬਿਜਲੀ ਉਤਪਾਦਨ ਦੀ ਅੱਜ ਸ਼ੁਰੂਆਤ ਕੀਤੀ ਗਈ। ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ 1.5 ਮੇਗਾਵਾਟ ਖ਼ਮਤਾ ਵਾਲੇ ਸੂਰਜੀ ਉਰਜਾ ਪਲਾਂਟ ਦਾ ਅਰਦਾਸ ਉਪਰੰਤ ਉਦਘਾਟਨ ਕੀਤਾ ਗਿਆ। ਕੇਂਦਰੀ ਨਵਿਆਉਣਯੋਗ ਊਰਜਾ ਮੰਤਰੀ ਆਰ.ਕੇ. ਸਿੰਘ, ਕੇਂਦਰੀ ਵਾਤਾਵਰਨ ਮੰਤਰੀ ਡਾ. ਹਰਸ਼ਵਰਧਨ, ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ, ਵਾਤਾਵਰਨ ਸੰਭਾਲ ਲਈ ਕਾਰਜ ਕਰਨ ਵਾਲੇ ਸੰਤ ਬਲਬੀਰ ਸਿੰਘ ਸੀਂਚੇਵਾਲ, ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਬਾਬਾ ਬਚਨ ਸਿੰਘ ਕਾਰਸੇਵਾ ਵਾਲੇ, ਲੋਕਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਕੌਮੀ ਘੱਟਗਿਣਤੀ ਵਿਦਿਅਕ ਅਦਾਰਾ ਕਮਿਸ਼ਨ ਦੇ ਮੈਂਬਰ ਡਾ. ਜਸਪਾਲ ਸਿੰਘ ਅਤੇ ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ ਨੇ ਇਸ ਮੌਕੇ ਹਾਜਰੀ ਭਰੀ।

ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ ਆਰ.ਕੇ. ਸਿੰਘ, ਹਰਸ਼ਵਰਧਨ, ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸਿੱਖ ਸਿਧਾਂਤਾ ਅਤੇ ਵਾਤਾਵਰਨ ਸੰਭਾਲ ਵਿੱਚਲੇ ਸੰਬੰਧਾਂ ਨੂੰ ਲੋਕਾਂ ਦੀ ਸੇਵਾ ਲਈ ਵਰਤਣ ਦਾ ਸੱਦਾ ਦਿੱਤਾ। ਆਰ.ਕੇ. ਸਿੰਘ ਨੇ ਸਿੱਖ ਪਰੰਪਰਾਵਾਂ ਦੀ ਸ਼ਲਾਘਾ ਕਰਦੇ ਹੋਏ ਵਾਤਾਵਰਨ ’ਚ ਵੱਧਦੇ ਪ੍ਰਦੂਸ਼ਣ ਬਾਰੇ ਵਿਸਤਾਰ ’ਚ ਜਾਣਕਾਰੀ ਦਿੱਤੀ। ਆਰ.ਕੇ. ਸਿੰਘ ਨੇ ਕਿਹਾ ਕਿ ਦਿੱਲੀ ਸਣੇ ਦੇਸ਼ ’ਚ 20 ਪ੍ਰਦੂਸ਼ਿਤ ਸ਼ਹਿਰ ਹਨ। ਪ੍ਰਦੂਸ਼ਣ ਨੂੰ ਖਤਮ ਕਰਨ ਵਾਸਤੇ ਯੂਰੋਪ ਦੀ ਤਰ੍ਹਾਂ ਸਾਨੂੰ ਕਾਰਜ ਕਰਨਾ ਪਵੇਗਾ। ਦਿੱਲੀ ਕਮੇਟੀ ਨੇ 1.5 ਮੇਗਾਵਾਟ ਸੂਰਜੀ ਉਰਜਾ ਪਲਾਂਟ ਲਗਾ ਕੇ ਕਾਬਿਲੇ ਤਾਰੀਫ਼ ਕੰਮ ਕੀਤਾ ਹੈ। ਹੁਣ ਇਸ ਨੂੰ ਵੇਖ ਕੇ ਬਾਕੀ ਧਾਰਮਿਕ ਅਦਾਰੇ ਪ੍ਰੇਰਣਾ ਲੈਣਗੇ।

ਆਰ.ਕੇ. ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਨੇ 2022 ਤਕ 1 ਲੱਖ 75 ਹਜ਼ਾਰ ਮੇਗਾਵਾਟ ਬਿਜਲੀ ਕੁਦਰਤੀ ਸਰੋਤਾਂ ਤੋਂ ਉਤਪਾਦਨ ਕਰਨ ਦਾ ਟੀਚਾ ਰੱਖਿਆ ਸੀ। ਪਰ 2018 ’ਚ ਹੀ ਅਸੀ 1 ਲੱਖ 80 ਹਜ਼ਾਰ ਮੇਗਾਵਾਟ ਖਮਤਾ ਦੇ ਪਲਾਂਟ ਸਥਾਪਿਤ ਕਰਨ ’ਚ ਕਾਮਯਾਬ ਹੋ ਗਏ ਹਾਂ। ਇਸ ਲਈ ਅਸੀ 2022 ਦਾ ਟੀਚਾ 2 ਲੱਖ 25 ਹਜ਼ਾਰ ਮੇਗਾਵਾਟ ਦਾ ਕਰ ਦਿੱਤਾ ਹੈ। ਸਿੱਖਾਂ ਨੇ ਸਾਫ਼ ਅਤੇ ਹਰਿਤ ਊਰਜਾ ਦੇ ਉਤਪਾਦਨ ’ਚ ਧਾਰਮਿਕ ਅਦਾਰਿਆਂ ਵੱਲੋਂ ਸਭ ਤੋਂ ਪਹਿਲੇ ਪਹਿਲ ਕਰਕੇ ਹਰ ਖੇਤਰ ’ਚ ਅੱਗੇ ਰਹਿਣ ਦੇ ਸਿੱਖ ਫਲਸਫ਼ੇ ਨੂੰ ਮੁੜ੍ਹ ਦੋਹਰਾਇਆ ਹੈ। ਵਾਹਿਗੁਰੂ ਦੀ ਕ੍ਰਿਪਾ ਅਤੇ ਕੰਮ ਕਰਨ ਦੇ ਨਿਸ਼ਚੈ ਸੱਦਕਾ ਅਸੀ ਆਪਣੇ ਰਾਸ਼ਟਰ ਨੂੰ 24 ਘੰਟੇ ਵਾਲਾ ਬਿਜਲੀ ਰਾਸ਼ਟਰ ਬਣਾਉਣ ’ਚ ਕਾਮਯਾਬ ਹੋਵਾਂਗੇ।

ਡਾ. ਹਰਸ਼ਵਰਧਨ ਨੇ ਗੁਰੂ ਹਰਿਰਾਇ ਸਾਹਿਬ ਦੇ ਵਾਤਾਵਰਨ ਪ੍ਰੇਮ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਵਾਤਾਵਰਨ ਮੰਤਰਾਲੇ ਵੱਲੋਂ ਲਗਭਗ 700 ਮਨੁੱਖੀ ਆਦਤਾਂ/ਕਾਰਜਾਂ ’ਚ ਮਾਮੂਲੀ ਬਦਲਾਵ ਲਈ ਗੁਰੂ ਹਰਿਰਾਇ ਸਾਹਿਬ ਤੋਂ ਪ੍ਰੇਰਣਾ ਲੈ ਕੇ ‘‘ਗ੍ਰੀਨ ਗੁੱਡ ਡੀਡਸ’’ ਨਾਮਕ ਮੁਹਿੰਮ ਸ਼ੁਰੂ ਕੀਤੀ ਗਈ ਹੈ। ਤਾਂਕਿ ਰੋਜਮੱਰਾ ਦੇ ਜੀਵਨ ਵਿਚ ਆਦਤਾਂ ’ਚ ਬਦਲਾਵ ਰਾਹੀਂ ਵਾਤਾਵਰਨ ਨੂੰ ਸੰਭਾਲਣ ਦਾ ਟੀਚਾ ਪੂਰਾ ਕੀਤਾ ਜਾ ਸਕੇ। ਗੁਰੂ ਸਾਹਿਬ ਨੇ ਦੱਰਖ਼ਤ, ਜੀਵ ਜੰਤੂ ਅਤੇ ਜਾਨਵਰਾਂ ਲਈ ਸੁਖਾਵੇ ਵਾਤਾਵਰਨ ਦਾ ਮਾਹੌਲ ਸਿਰਜਣ ਲਈ ਹਰਿਆਲੀ ਦੇ ਨਿਰਮਾਣ ਆਦਿਕ ਵਾਸਤੇ ਭਰਪੂਰ ਕਾਰਜ਼ ਕੀਤਾ ਸੀ। ਪਰ ਅੱਜ ਵਾਤਾਵਰਨ ’ਚ ਵੱਧਦੇ ਪ੍ਰਦੂਸ਼ਣ ਨੇ ਸਾਨੂੰ ਫਿਰ ਗੁਰੂ ਸਿੰਧਾਂਤਾ ਵੱਲ ਮੁੜਨ ਨੂੰ ਮਜਬੂਰ ਕੀਤਾ ਹੈ। ਹਰਸ਼ਵਰਧਨ ਨੇ ਦੱਸਿਆ ਕਿ ‘‘ਗ੍ਰੀਨ ਗੁੱਡ ਡੀਡਸ’’ ਮੁਹਿੰਮ ਨੂੰ ਹੁਣ ਸੰਯੁਕਤ ਰਾਸ਼ਟਰ ਅਤੇ ਬ੍ਰਿਕਸ਼ ਵਰਗੇ ਸੰਗਠਨ ਅਪਨਾਉਣ ਵੱਲ ਤੁਰ ਪਏ ਹਨ।

ਜੀ.ਕੇ. ਨੇ ਗੁਰੂ ਸਾਹਿਬਾਨਾਂ ਦੇ ਵਾਤਾਵਰਨ ਪ੍ਰੇਮ ਦਾ ਹਵਾਲਾ ਦਿੰਦੇ ਹੋਏ ਸੂਰਜੀ ਊਰਜਾ ਪਲਾਂਟ ਤੋਂ ਬਾਅਦ ਦਿੱਲੀ ਕਮੇਟੀ ਵੱਲੋਂ ਹੁਣ ਪਾਣੀ ਦੀ ਬਰਬਾਦੀ ਨੂੰ ਰੋਕਣ, ਮੀਂਹ ਦੇ ਪਾਣੀ ਦੇ ਮੁੜ੍ਹ ਇਸਤੇਮਾਲ ਸਣੇ ਥਾਲੀਆਂ ’ਚ ਰਹਿ ਜਾਂਦੇ ਲੰਗਰ ਦੇ ਹਿੱਸੇ ਦੀ ਬਰਬਾਦੀ ਨੂੰ ਰੋਕਣ ਵਾਸਤੇ ਜੰਗੀ ਪੱਧਰ ’ਤੇ ਕਾਰਜ ਸ਼ੁਰੂ ਕਰਨ ਦਾ ਐਲਾਨ ਕੀਤਾ। ਜੀ.ਕੇ. ਨੇ ਕਿਹਾ ਕਿ ਦਿੱਲੀ ਸਰਕਾਰ ਨੇ ਸਿਰਫ਼ 150 ਕਿਲੋਵਾਟ ਦਾ ਸੂਰਜੀ ਊਰਜਾ ਪਲਾਂਟ ਲਗਾ ਕੇ ਵੱਡੇ ਪੱਧਰ ’ਤੇ ਪ੍ਰਚਾਰ ਕੀਤਾ ਸੀ। ਜਦਕਿ ਅਸੀ ਚੁੱਪ-ਚੁਪੀਤੇ 1500 ਕਿਲੋਵਾਟ ਦਾ ਪਲਾਂਟ ਸਥਾਪਿਤ ਕੀਤਾ ਹੈ । ਜਿਸ ਨਾਲ ਲਗਭਗ 250 ਟ੍ਰੱਕ ਭਰਨ ਵਰਗੀ 1800 ਮੀਟ੍ਰਿਕ ਟਨ ਕਾਰਬਨ ਨਿਕਾਸੀ ਰੋਕਣ ’ਚ ਕਾਮਯਾਬੀ ਪ੍ਰਾਪਤ ਹੋਵੇਗੀ। ਉਕਤ ਕਾਰਬਨ ਵਾਤਾਵਰਨ ’ਤੇ ਮਾੜਾ ਪ੍ਰਭਾਵ ਪਾਉਂਦਾ ਜੇਕਰ ਉਕਤ ਬਿਜਲੀ ਸੂਰਜੀ ਉਰਜਾ ਦੀ ਥਾਂ ਕੋਲੇ ਰਾਹੀ ਬਣਾਈ ਗਈ ਹੁੰਦੀ। ਜੀ.ਕੇ. ਨੇ ਗੁਰੂ ਸਾਹਿਬਾਨਾਂ ਵੱਲੋਂ ਨਦੀਆਂ ਦੇ ਕੰਡੇ ਰਹਿਕੇ ਸਿੱਖ ਧਰਮ ਦੇ ਪ੍ਰਚਾਰ ਦੇ ਸਥਾਪਿਤ ਕੀਤੇ ਗਏ ਕੇਂਦਰਾਂ ਦਾ ਵੀ ਹਵਾਲਾ ਦਿੱਤਾ। ਜੀ.ਕੇ. ਨੇ ਮਹਾਪੁਰਸ਼ਾ ਵੱਲੋਂ ਵਾਤਾਵਰਨ ਨੂੰ ਬਚਾਉਣ ਵਾਸਤੇ ਕੀਤੇ ਗਏ ਕਾਰਜਾਂ ਦੀ ਵੀ ਸ਼ਲਾਘਾ ਕੀਤੀ।

ਸਿਰਸਾ ਨੇ ਕਿਹਾ ਕਿ ਸਿੱਖ ਧਰਮ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ। ਸਿੱਖਾਂ ਨੇ ਹਰ ਕੁਦਰਤੀ ਕਰੋਪੀ ਦੌਰਾਨ ਵੱਧ ਚੜ੍ਹ ਕੇ ਕਾਰਜ ਕੀਤੇ ਹਨ। ਗੁਰੂਆਂ ਨੇ 400 ਸਾਲ ਪਹਿਲੇ ਵਾਤਾਵਰਨ ਦੀ ਰੱਖਿਆ ਦੇ ਕਾਰਜਾਂ ਦੀ ਸ਼ੁਰੂਆਤ ਕੀਤੀ ਸੀ। ਜਿਸ ਸਿਧਾਂਤ ਦੀ ਪਾਲਨਾ ਕਰਦੇ ਹੋਏ ਹੁਣ ਦਿੱਲੀ ਕਮੇਟੀ ਵਾਤਾਵਰਨ ਬਚਾਉਣ ਲਈ ਕਾਰਜ ਕਰ ਰਹੀ ਹੈ। ਸਿਰਸਾ ਨੇ ਸਾਫ਼ ਕੀਤਾ ਕਿ ਸਿੱਖ ਅਹਿਸਾਨ ਫਰਾਮੋਸ਼ ਨਹੀਂ ਹਨ। ਇਸੇ ਕਰਕੇ ਜਿਸ ਵਾਤਾਵਰਨ ਦਾ ਇਸਤੇਮਾਲ ਆਪਣੀ ਸਹੂਲੀਅਤ ਲਈ ਕਰਦੇ ਹਨ ਉਸ ਨੂੰ ਸੰਭਾਲਣ ਦਾ ਕਾਰਜ ਵੀ ਆਪਣੇ ਜਿੰਮੇ ਲੈਂਦੇ ਹਨ। ਇਸ ਮੌਕੇ ਮਹਿਮਾਨਾਂ ਨੂੰ ਕਮੇਟੀ ਵੱਲੋਂ ਬੂਟੇ ਅਤੇ ਯਾਦਗਾਰੀ ਚਿਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>