ਭਾਈ ਮੰਡ ਬਰਗਾੜੀ ਮੋਰਚੇ ਨੂੰ ਹਾਈਜੈਕ ਕਰਨ ਦੀਆਂ ਸਾਜ਼ਿਸ਼ਾਂ ਪ੍ਰਤੀ ਸੁਚੇਤ ਰਹੇ

ਅੰਮ੍ਰਿਤਸਰ – ਭਾਈ ਅਮਰੀਕ ਸਿੰਘ ਅਜਨਾਲਾ ਵੱਲੋਂ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ, ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਖ਼ਾਲਸਾ ਅਤੇ ਸ਼ਹੀਦ ਪਰਿਵਾਰਾਂ ਪ੍ਰਤੀ ਕੀਤੀ ਗਈ ਦੂਸ਼ਣਬਾਜ਼ੀ ਦਾ ਦਮਦਮੀ ਟਕਸਾਲ ਨੇ ਸਖ਼ਤ ਨੋਟਿਸ ਲਿਆ ਹੈ। ਟਕਸਾਲ ਆਗੂ ਭਾਈ ਸਰਚਾਂਦ ਸਿੰਘ ਨੇ ਭਾਈ ਅਜਨਾਲਾ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਭਾਈ ਧਿਆਨ ਸਿੰਘ ਮੰਡ ਵੱਲੋਂ ਪੰਥਕ ਮੰਗਾਂ ਨੂੰ ਲੈ ਕੇ ਬਰਗਾੜੀ ਵਿਖੇ ਲਾਏ ਗਏ ਮੋਰਚੇ ਦੀ ਅਖੌਤੀ ਹਮਾਇਤ ਦੀ ਆੜ ‘ਚ ਭਾਈ ਅਜਨਾਲਾ ਵੱਲੋਂ ਜਿਸ ਤਰਾਂ ਦਮਦਮੀ ਟਕਸਾਲ ਦੇ ਮੁੱਖੀ ਅਤੇ ਹੋਰਨਾਂ ਖ਼ਿਲਾਫ਼ ਬੇਲੋੜੀ ਦੂਸ਼ਣਬਾਜ਼ੀ ਕੀਤੀ ਗਈ ਹੈ, ਉਸ ਨਾਲ ਇਕ ਗੱਲ ਤਾਂ ਸਾਫ਼ ਹੈ ਕਿ ਭਾਈ ਅਜਨਾਲਾ ਆਪਣਾ ਦਿਮਾਗ਼ੀ ਤਵਾਜ਼ਨ ਖੋਹ ਚੁੱਕਿਆ ਹੈ ਅਤੇ ਉਨ੍ਹਾਂ ਨੂੰ ਇਲਾਜ ਲਈ ਇਕ ਚੰਗੇ ਹਕੀਮ ਦੀ ਲੋੜ ਹੈ।

ਭਾਈ ਮੰਡ ਨੂੰ ਸੁਚੇਤ ਹੋਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਮੋਰਚੇ ਨੂੰ ਹਾਈਟੈੱਕ ਕਰਨ ਪਰ ਹਾਈਜੈਕ ਨਾ ਹੋਣ ਦੇਣ। ਸੰਗਤ ਵੱਲੋਂ ਮੋਰਚੇ ਨੂੰ ਮਿਲ ਰਹੇ ਹੁੰਗਾਰੇ ਨੂੰ ਦੇਖ ਕੁੱਝ ਸ਼ਰਾਰਤੀ ਕਿਸਮ ਦੇ ਲੋਕ ਉਸ ਨੂੰ ਹਾਈਜੈਕ ਕਰਨ ਦੇ ਫ਼ਿਰਾਕ ‘ਚ ਹਨ। ਉਨ੍ਹਾਂ ਕਿਹਾ ਕਿ ਪੰਥ ‘ਤੇ ਹੋ ਰਹੇ ਹਮਲਿਆਂ ਨੂੰ ਲੈ ਕੇ ਜਿੱਥੇ ਹਰ ਕੋਈ ਪੰਥ ਦਰਦੀ ਪੰਥਕ ਏਕਤਾ ਦੀ ਮਜ਼ਬੂਤੀ ਦੀ ਲੋੜ ‘ਤੇ ਜੋਰ ਦੇ ਰਹੇ ਹਨ, ਉੱਥੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਭਾਈ ਅਜਨਾਲਾ ਵੱਲੋਂ ਪੰਥਕ ਏਕਤਾ ਅਤੇ ਬਰਗਾੜੀ ਮੋਰਚੇ ਨੂੰ ਤਾਰਪੀਡੋ ਕਰਨ ਦੀ ਕਵਾਇਦ ਕਿਨ੍ਹਾਂ ਦੇ ਇਸ਼ਾਰਿਆਂ ‘ਤੇ ਸ਼ੁਰੂ ਕੀਤੀ ਗਈ ਜਾਂ ਫਿਰ ਕੀ ਅਜਿਹਾ ਪੰਥ ਵਿਰੋਧੀ ਮੁਜ਼ਾਹਰਾ ਉਨ੍ਹਾਂ ਦੀ ਆਪਣੀ ਸੌੜੀ ਸੋਚ ਦਾ ਨਤੀਜਾ ਹੈ?  ਸਭ ਨੂੰ ਇਲਮ ਹੈ ਕਿ ਪੰਥ ਵਿਰੋਧੀ ਤਾਕਤਾਂ ਨੂੰ ਕੌਮ ਦੀ ਏਕਤਾ ਰਤੀ ਭਰ ਵੀ ਪਸੰਦ ਨਹੀ। ਇਸ ਲਈ ਉਹ ਦਮਦਮੀ ਟਕਸਾਲ ਅਤੇ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਸਮੇਤ ਸ਼ਹੀਦ ਪਰਿਵਾਰ ਨੂੰ ਨੀਵਾਂ ਦਿਖਾਉਣ ਲਈ ਤਰਾਂ ਤਰਾਂ ਦੀਆਂ ਸਾਜ਼ਿਸ਼ਾਂ ‘ਚ ਲੱਗੀਆਂ ਹੋਈਆਂ ਹਨ। ਫਿਰ ਇਹ ਅੰਦਾਜਾ ਲਾਇਆ ਜਾਣਾ ਔਖਾ ਨਹੀਂ ਹੈ ਕਿ ਪੰਥਕ ਹਸਤੀਆਂ ‘ਤੇ ਨਿਸ਼ਾਨਾ ਸਾਧ ਕੇ ਭੱਦੀ ਸ਼ਬਦਾਵਲੀ ਰਾਹੀ ਭਾਈ ਅਜਨਾਲਾ ਕਿਸ ਦੀ ਸੇਵਾ ਕਰ ਰਿਹਾ ਹੈ? ਉਨ੍ਹਾਂ ਕਿਹਾ ਕਿ ਹੈਰਾਨੀ  ਦੀ ਗਲ ਹੈ ਕਿ ਭਾਈ ਧਿਆਨ ਸਿੰਘ ਮੰਡ ਵੱਲੋਂ ਪੰਥਕ ਮੰਗਾਂ ਮੰਨਵਾਉਣ ਲਈ ਬਰਗਾੜੀ ਵਿਖੇ 1 ਜੂਨ ਤੋਂ ਮੋਰਚੇ ਦੀ ਸ਼ੁਰੂਆਤ ਕੀਤੀ ਗਈ, ਪਰ ਭਾਈ ਅਜਨਾਲਾ 18 ਦਿਨ ਤਕ ਖ਼ਾਮੋਸ਼ ਰਿਹਾ ਅਤੇ ਹਵਾ ਦਾ ਰੁਖ ਦੇਖਦਾ ਰਿਹਾ। ਦੂਜੇ ਪਾਸੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਆਪਣੀ ਜ਼ਿੰਮੇਵਾਰੀ ਨੂੰ ਬਾਖ਼ੂਬੀ ਸਮਝਦਿਆਂ ਪੰਥ ਦੀਆਂ ਮੰਗਾਂ ਦਾ ਸਮਰਥਨ ਕਰਨ ਲਈ 6 ਜੂਨ ਨੂੰ ਮਹਿਤਾ ਵਿਖੇ ਕੀਤੇ ਗਏ ਵਿਸ਼ਾਲ ਸ਼ਹੀਦੀ ਸਮਾਗਮ ਉਪਰੰਤ ਪੰਥਕ ਹਿਤਾਂ ਲਈ ਤੁਰੰਤ ਬਿਨਾ ਸਮਾਂ ਗਵਾਏ ਬਰਗਾੜੀ ਪਹੁੰਚ ਗਏ, ਜਿੱਥੇ ਉਨ੍ਹਾਂ ਦਾ ਪੰਥਕ ਸ਼ਖ਼ਸੀਅਤਾਂ ਅਤੇ ਜਥੇਬੰਦੀਆਂ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਜਿੱਥੇ ਉਨ੍ਹਾਂ ਵੱਲੋਂ ਨਾ ਕੇਵਲ ਮੰਗਾਂ ਦਾ ਸਮਰਥਨ ਕੀਤਾ ਗਿਆ, ਸਗੋਂ ਸਮਰਥਾ ਅਨੁਸਾਰ ਮਾਇਆ ਭੇਟ ਕਰਨ ਤੋਂ ਇਲਾਵਾ ਮੋਰਚੇ ‘ਚ ਸ਼ਾਮਿਲ ਸੰਗਤ ਲਈ ਹਰ ਐਤਵਾਰ ਲੰਗਰ ਦਾ ਪ੍ਰਬੰਧ ਕਰਨ ਦਾ ਐਲਾਨ ਕੀਤਾ ਗਿਆ, ਜੋ ਕਿ ਸੰਤ ਭਿੰਡਰਾਂਵਾਲਿਆਂ ਦੇ ਜਨਮ ਅਸਥਾਨ ਗੁਰਦਵਾਰਾ ਸੰਤ ਖ਼ਾਲਸਾ ਤੋਂ ਇਹ ਸੇਵਾ ਨਿਰੰਤਰ ਜਾਰੀ ਹੈ। ਹੈਰਾਨੀ ਅਤੇ ਅਫ਼ਸੋਸ ਦੀ ਗਲ ਹੈ ਕਿ ਭਾਈ ਅਜਨਾਲਾ ਨੂੰ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਵਾਲੇ ਪਾਵਨ ਸਰੂਪ ਲੱਭਣ ਜਾਂ ਬਹਿਬਲ ਕਲਾਂ ‘ਚ ਸ਼ਹੀਦ ਹੋਏ ਸਿੰਘਾਂ ਨੂੰ ਇਨਸਾਫ਼ ਦਿਵਾਉਣ ਦੇ ਖਿਆਲ ਨਾਲੋਂ ਦੂਜਿਆਂ ਦੇ ਮੁਕਾਬਲੇ ਆਪਣਾ ਕਦ ਬੌਣਾ ਪੈ ਜਾਣ ਅਤੇ ਆਪਣਾ ਨਿਜ ਸਵਾਰਥ ਦਾ ਵਧੇਰੇ ਫ਼ਿਕਰ ਖਾਈ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਜੋ ਪੰਥਕ ਕਾਰਜ ਕੀਤੇ ਜਾਂ ਕੀਤੇ ਜਾ ਰਹੇ ਹਨ ਉਹ ਪ੍ਰਾਪਤੀਆਂ ਸਦਾ ਯਾਦ ਰੱਖਣਯੋਗ ਹਨ, ਬਾਬਾ ਹਰਨਾਮ ਸਿੰਘ ਖ਼ਾਲਸਾ ਦੇ ਯਤਨਾਂ ਸਦਕਾ ਕਈ ਹੋਰ ਬੰਦੀ ਸਿੰਘ ਕੁੱਝ ਹੀ ਦਿਨਾਂ ‘ਚ ਆਪਣੇ ਪਰਿਵਾਰਾਂ ਕੋਲ ਹੋਣਗੇ। ਉਨ੍ਹਾਂ ਸਵਾਲ ਉਠਾਇਆ ਕਿ ਅਜਿਹੀ ਸਥਿਤੀ ‘ਚ ਕੀ ਕਿਸੇ ਦੇ ਵਿਰੋਧ ‘ਚ ਆਪਣੀ ਹੋਂਦ ਤਲਾਸ਼ ਕਰਨ ਵਾਲੇ ਭਾਈ ਅਜਨਾਲਾ ਨੂੰ ਬਾਬਾ ਹਰਨਾਮ ਸਿੰਘ ਖ਼ਾਲਸਾ ਦੀ ਪੰਥ ‘ਚ ਦਿਨੋ ਦਿਨ ਵੱਧ ਰਹੇ ਮਕਬੂਲੀਅਤ ਤੋਂ ਸਾੜਾ ਤਾਂ ਨਹੀਂ ਲਗ ਰਿਹਾ? ਜਾਂ ਫਿਰ ਕੀ ਭਾਈ ਅਜਨਾਲਾ 6 ਜੂਨ ਦੌਰਾਨ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਮਹਿਤਾ ਵਿਖੇ ਹੋਈ ਸ਼ਹੀਦੀ ਸਮਾਗਮ ਨੂੰ ਮਿਲੀ ਸਫਲਤਾ ਅਤੇ ਸੰਗਤਾਂ ਦਾ ਰਿਕਾਰਡ ਤੋੜ ਇਕੱਠ ਵੇਖ ਬੌਖਲਾਹਟ ‘ਚ ਨਹੀਂ ਆ ਗਿਆ? ਆਪਣੇ ਆਪ ਨੂੰ ਸਭ ਤੋਂ ਸਿਆਣਾ ਸਮਝਣ ਦਾ ਭਰਮ ਪਾਲੀ ਬੈਠੇ ਭਾਈ ਅਜਨਾਲਾ ਈਰਖਾਲੂ ਅਤੇ ਜ਼ੁਬਾਨ ‘ਤੇ ਸੰਜਮ ਨਾ ਰਖ ਸਕਣ ਕਰਕੇ ਕਈ ਵਾਰ ਅਨਾੜੀ ਸਿਆਸਤਦਾਨ ਤਾਂ ਸਾਬਿਤ ਹੋ ਹੀ ਚੁੱਕਿਆ ਹੈ।  ਵਿਸ਼ਵ ਪੱਧਰ ‘ਤੇ ਦਮਦਮੀ ਟਕਸਾਲ ਕਈ ਚੁਨੌਤੀਆਂ ਹਨ, ਪਰ ਇਸ ਹਕੀਕਤ ਨੂੰ ਕੋਈ ਨਹੀਂ ਨਕਾਰ ਸਕਦਾ ਕਿ ਭਾਈ ਅਜਨਾਲਾ ਨੇ ਬਾਬਾ ਹਰਨਾਮ ਸਿੰਘ ਖ਼ਾਲਸਾ ਨਾਲ ਈਰਖਾ ਵੱਸ ਦਮਦਮੀ ਟਕਸਾਲ ‘ਚ ਅੰਦਰੂਨੀ ਵਿਰੋਧ ਦੀ ਸ਼ੁਰੂਆਤ ਕੀਤੀ। ਉਨ੍ਹਾਂ ਭਾਈ ਅਜਨਾਲਾ ਨੂੰ ਨੀਵੇਂ ਪੱਧਰ ਦੀ ਰਾਜਨੀਤੀ ਨਾ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਉਹ ਆਪਣੀ ਜ਼ਹਿਨੀਅਤ ਵਿਚੋਂ ਸੌੜੀ ਸੋਚ ਨੂੰ ਬਾਹਰ ਕੱਢਣ ਅਤੇ ਉਸਾਰੂ ਸੋਚ ਅਪਣਾਉਂਦਿਆਂ ਪੰਥ ਦੀ ਚੜ੍ਹਦੀ ਕਲਾ ਲਈ ਅਹਿਮ ਰੋਲ ਅਦਾ ਕਰਨ ਦਾ ਯਤਨ ਕਰਨ, ਅਜਿਹਾ ਨਾ ਹੋਵੇ ਕਿ ਉਹ ਪੰਥਕ ਏਕਤਾ ਅਤੇ ਬਰਗਾੜੀ ਮੋਰਚੇ ਨੂੰ ਤਾਰਪੀਡੋ ਕਰਨ ਦਾ ਕਲੰਕ ਆਪਣੇ ਮੱਥੇ ਲਵਾ ਬੈਠਣ। ਯਾਦ ਰਹੇ ਕਿ ਸਮਾਂ ਕਿਸੇ ਨੂੰ ਮੁਆਫ਼ ਨਹੀਂ ਕਰੇਗਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>