ਲੰਡਨ, (ਮਨਦੀਪ ਖੁਰਮੀ) – ਸਿਆਣਿਆਂ ਦਾ ਕਥਨ ਹੈ ਕਿ “ਤਕੜੇ ਦਾ ਸੱਤੀਂ ਵੀਹੀਂ ਸੌ”। ਜਿੰਨਾ ਚਿਰ ਦੱਬੇ ਕੁਚਲੇ ਨਿਤਾਣੇ ਲੋਕਾਂ ਨੂੰ ਜਾਗਰੂਕ ਕਰਕੇ ਆਪਣੀ ਹੋਣੀ ਦੇ ਮਾਲਿਕ ਨਹੀਂ ਬਣਾਇਆ ਜਾਂਦਾ, ਓਨੀ ਦੇਰ ਆਰਥਿਕ, ਸਰੀਰਕ ਤੇ ਮਾਨਸਿਕ ਲੁੱਟ ਹੁੰਦੀ ਹੀ ਰਹੇਗੀ। ਇਸ ਤਰ੍ਹਾ ਦੀ ਹੀ ਚੇਤਨਾ ਦੇ ਪਸਾਰੇ ਹਿਤ ਗਲਾਸਗੋ ਦੇ ਸੈਟਰਲ ਗੁਰਦੁਆਰਾ ਸਾਹਿਬ ਦੇ ਕਾਨਫਰੰਸ ਹਾਲ ਵਿੱਚ ਭਾਰਤ ਵਿੱਚ ਘੱਟ ਗਿਣਤੀਆਂ ਉੱਤੇ ਹੋ ਰਹੇ ਹਮਲਿਆਂ ਅਤੇ ਹਾਲਾਤਾਂ ਬਾਰੇ ਇੱਕ ਸੈਮੀਨਾਰ ਵਿਚਾਰ-ਗੋਸ਼ਟੀ ਕੀਤੀ ਗਈ। ਜਿਸ ਵਿੱਚ ਮਹਿਮਾਨ ਬੁਲਾਰਿਆਂ ਵਜੋਂ ਡਾ: ਸੁਖਪ੍ਰੀਤ ਸਿੰਘ ਉੱਦੋਕੇ, ਡਾ: ਭੀਮ ਰਾਓ ਅੰਬੇਦਕਰ ਸਾਹਿਬ ਦੇ ਮਿਸ਼ਨ ਨੂੰ ਅੱਗੇ ਲੈ ਕੇ ਜਾਣ ਵਾਲੀ ਸੰਸਥਾ ਬਾਮਸੇਫ ਦੇ ਮੁੱਖੀ ਵਾਮਨ ਮੇਸ਼ਰਾਮ, ਟੀ.ਵੀ. ਚੈਨਲ ਵਾਇਸ ਆਫ ਖਾਲਸਾ ਵੱਲੋਂ ਸੁਖਵਿੰਦਰ ਸਿੰਘ ਅਮਰੀਕਾ ਅਤੇ ਲੰਡਨ ਤੋਂ ਐੱਚ. ਐੱਲ਼. ਬੇਦੀ ਨੇ ਸਿਰਕਤ ਕੀਤੀ। ਸੈਮੀਨਾਰ ਦੀ ਸ਼ੁਰੂਆਤ ਸੋਹਣ ਲਾਲ ਗੰਡਾ ਦੇ ਸਵਾਗਤੀ ਭਾਸ਼ਣ ਨਾਲ ਹੋਈ। ਫਿਰ ਸ: ਸੁਖਵਿੰਦਰ ਸਿੰਘ ਅਮਰੀਕਾ ਨੇ ਭਾਰਤ ਵਿੱਚ ਘੱਟ ਗਿਣਤੀਆਂ ਦੇ ਸੱਚ ਨੂੰ ਦਬਾ ਕੇ ਉਹਨਾਂ ਦੀ ਅਵਾਜ਼ ਨੂੰ ਬੰਦ ਕਰਨ ਦੇ ਕੀਤੇ ਜਾ ਰਹੇ ਯਤਨਾਂ ਬਾਰੇ ਵਿਸਥਾਰ ਪੂਰਵਕ ਵਿਚਾਰ ਪੇਸ਼ ਕੀਤੇ। ਇਸ ਤੋਂ ਬਾਅਦ ਸ਼੍ਰੀ ਮੇਸ਼ਰਾਮ ਨੇ ਦੱਸਿਆ ਕਿ ਕਿਵੇਂ ਭਾਰਤ ਵਿੱਚ ਲੋਕ-ਤੰਤਰ ਨੂੰ ਬ੍ਰਾਹਮਣ-ਤੰਤਰ ਵਿੱਚ ਤਬਦੀਲ ਕਰਨ ਦਾ ਨਿਰੰਤਰ ਯਤਨ ਕੀਤਾ ਜਾ ਰਿਹਾ ਹੈ ਜੋ ਕਿ ਪੁਰਾਤਨ ਸਮਿਆਂ ਤੋਂ ਲੈ ਕੇ ਘੱਟ ਗਿਣਤੀਆਂ ਨਾਲ ਅੱਜ ਤੱਕ ਹੋ ਰਿਹਾ ਹੈ। ਉਹਨਾਂ ਜ਼ੋਰ ਦਿੰਦਿਆਂ ਕਿਹਾ ਕਿ ਇਸ ਜ਼ਲਾਲਤ ਭਰੇ ਵਿਤਕਰੇ ਤੋਂ ਛੁਟਕਾਰਾ ਸਿਰਫ ਤੇ ਸਿਰਫ ਚੇਤਨ ਹੋ ਕੇ ਹੀ ਪਾਇਆ ਜਾ ਸਕਦਾ ਹੈ। ਇਸ ਤੋਂ ਉਪਰੰਤ ਡਾ: ਸੁਖਪ੍ਰੀਤ ਸਿੰਘ ਓਦੋਕੇ ਨੇ ਭਾਰਤ ਵਿੱਚ ਘੱਟ ਗਿਣਤੀਆਂ ਦੇ ਹਾਲਾਤਾਂ, ਉਹਨਾਂ ਤੇ ਹੋ ਰਹੇ ਮਾਨਸਿਕ ਸਰੀਰਕ ਹਮਲਿਆਂ, ਬਿਪਰਵਾਦੀ ਬ੍ਰਾਹਮਣਵਾਦੀ ਨੀਤੀਆਂ, ਭਾਰਤੀ ਸਰਕਾਰਾਂ ਦੀ ਘੱਟ ਗਿਣਤੀਆਂ ਵਿਰੁੱਧ ਮਾਰੂ ਹੱਲਾਸ਼ੇਰੀ ਤੇ ਕੂਟਨੀਤਿਕ ਸਾਜਿਸ਼ਾ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ। ਅੰਤ ਵਿੱਚ ਸੈਟਰਲ ਗੁਰਦੁਆਰਾ ਗਲਾਸਗੋ ਦੇ ਪ੍ਰਧਾਨ ਸੁਰਜੀਤ ਸਿੰਘ ਚੌਧਰੀ ਨੇ ਆਈਆਂ ਹੋਈਆਂ ਸੰਗਤਾ ਦਾ ਧੰਨਵਾਦ ਕਰਦਿਆਂ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਵੀ ਭੇਂਟ ਕੀਤੇ। ਮੰਚ ਸੰਚਾਲਕ ਦੇ ਫ਼ਰਜ਼ ਹਰਜੀਤ ਦੁਸਾਂਝ ਨੇ ਨਿਭਾਏ। ਇਸ ਸਮੇਂ ਪ੍ਰਬੰਧਕ ਸੱਜਣਾ ਵਿੱਚ ਹਰਪਾਲ ਸਿੰਘ, ਤਰਲੋਚਨ ਮੁਠੱਡਾ, ਦਲਜੀਤ ਦਿਲਬਰ, ਮੁਲਕ ਰਾਜ ਮੁਠੱਡਾ ਤੋਂ ਇਲਾਵਾ ਆਸਟਰੇਲੀਆ ਤੋਂ ਕਪਿਲ ਠੋਕਲ, ਇਟਲੀ ਤੋਂ ਜਸਵਿੰਦਰ ਸੋਂਧੀ ਬਾਮਸੇਫ ਸਮੇਤ ਵਿਸ਼ੇਸ਼ ਤੌਰ ‘ਤੇ ਹਾਜ਼ਿਰ ਸਨ।