ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੂੰ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਹੈ ਅਤੇ ਉਨ੍ਹਾਂ ਨੂੰ 10 ਸਾਲ ਦੀ ਜੇਲ੍ਹ ਦੀ ਸਜ਼ਾ ਅਤੇ 80 ਲੱਖ ਪੌਂਡ (72 ਕਰੋੜ ਰੁਪੈ) ਦਾ ਜੁਰਮਾਨਾ ਲਗਾਇਆ ਹੈ। ਉਨ੍ਹਾਂ ਦੀ ਧੀ ਮਰੀਅਮ ਨੂੰ 7 ਸਾਲ ਦੀ ਕੈਦ ਦੀ ਸਜ਼ਾ ਅਤੇ 18 ਕਰੋੜ ਰੁਪੈ ਦਾ ਜੁਰਮਾਨਾ ਅਦਾ ਕਰਨਾ ਹੋਵੇਗਾ। ਮਰੀਅਮ ਦੇ ਪਤੀ ਸਫਦਰ ਨੂੰ ਵੀ ਇੱਕ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਹ ਮਾਮਲਾ ਸ਼ਰੀਫ਼ ਵੱਲੋਂ 1993 ਵਿੱਚ ਲੰਡਨ ਵਿੱਚ ਖ੍ਰੀਦੇ ਗਏ ਚਾਰ ਫਲੈਟਾਂ ਨਾਲ ਜੁੜਿਆ ਹੈ। ਐਨਏਬੀ ਅਨੁਸਾਰ ਇਹ ਫਲੈਟ ਕਾਲੇ ਧੰਨ ਨਾਲ ਖ੍ਰੀਦੇ ਗਏ ਹਨ। ਅਦਾਲਤ ਨੇ ਇਸ ਮਾਮਲੇ ਵਿੱਚ ਸ਼ਰੀਫ਼ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਬ੍ਰਿਟਿਸ਼ ਸਰਕਾਰ ਇਨ੍ਹਾਂ ਫਲੈਟਾਂ ਨੂੰ ਜ਼ਬਤ ਕਰੇ।
ਪਾਕਿਸਤਾਨ ਦੀ ਸੁਪਰੀਮ ਕੋਰਟ ਨੇ 2017 ਵਿੱਚ ਪਨਾਮਾ ਪੇਪਰ ਲੀਕ ਮਾਮਲੇ ਵਿੱਚ ਨਵਾਜ਼ ਸ਼ਰੀਫ਼ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਦੋਸ਼ੀ ਮੰਨਦੇ ਹੋਏ ਉਨ੍ਹਾਂ ਦੇ ਚੋਣ ਲੜਨ ਤੇ ਜੀਵਨਭਰ ਦੇ ਲਈ ਰੋਕ ਲਗਾ ਦਿੱਤੀ ਸੀ। ਜਿਸ ਕਰਕੇ ਉਨ੍ਹਾਂ ਨੂੰ ਪ੍ਰਧਾਨਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। ਹੁਣ ਚੋਣ ਕਮਿਸ਼ਨ ਨੇ ਉਨ੍ਹਾਂ ਦੀ ਬੇਟੀ ਮਰੀਅਮ ਦੇ ਵੀ ਚੋਣ ਲੜਨ ਤੇ ਪਾਬੰਦੀ ਲਗਾ ਦਿੱਤੀ ਹੈ। ਪਾਕਿਸਤਾਨ ਦੇ ਇੱਕ ਨਿਊਜ਼ ਚੈਨਲ ਅਨੁਸਾਰ, ਚੋਣ ਕਮਿਸ਼ਨ ਨੇ ਮਰੀਅਮ ਦਾ ਨਾਮ ਵੀ ਬੈਲਟ ਪੇਪਰ ਤੋਂ ਹਟਾ ਦਿੱਤਾ ਗਿਆ ਹੈ। ਮਰੀਅਮ ਦੇ ਪਤੀ ਸਫਦਰ ਵੀ ਚੋਣ ਨਹੀਂ ਲੜ ਸਕਣਗੇ। ਮਰੀਅਮ 2012 ਵਿੱਚ ਰਾਜਨੀਤੀ ਵਿੱਚ ਆਈ ਸੀ। ਉਸ ਨੇ ਆਪਣੀ ਸੰਪਤੀ 90 ਕਰੋੜ ਰੁਪੈ ਘੋਸਿ਼ਤ ਕੀਤੀ ਹੈ। ਉਨ੍ਹਾਂ ਨੂੰ ਲੰਡਨ ਵਿੱਚ ਬਹੁਮੁੱਲੀ ਸੰਪਤੀ ਖ੍ਰੀਦਣ ਦੇ ਲਈ ਆਪਣੇ ਪਿਤਾ ਨੂੰ ਉਕਸਾਉਣ ਦਾ ਦੋਸ਼ੀ ਮੰਨਿਆ ਗਿਆ ਹੈ।