ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਉਸ ਵਿਚ ਝੁੰਡ ਜਾਂ ਸਮੂਹ ਵਿਚ ਰਹਿਣ ਦੀ ਕੁਦਰਤੀ ਰੁਚੀ ਹੈ। ਹਰ ਇੱਕ ਵਿਅਕਤੀ ਨੇ ਦੂਜਿਆਂ ਨਾਲ ਘਰ ਵਿੱਚ, ਮੁਹੱਲੇ ਵਿਚ, ਸਕੂਲ ਵਿੱਚ, ਦਫਤਰ ਵਿਚ, ਕੰਮ ਕਾਜ ਦੀ ਥਾਂ ਆਦਿ ਮਿਲਣਾ ਹੁੰਦਾ ਹੈ। ਹਰ ਇੱਕ ਵਿਅਕਤੀ ਦੀਆਂ ਆਪਣੀਆਂ ਲੋੜਾਂ ਅਤੇ ਇੱਛਾਵਾਂ ਹਨ, ਜਿਨ੍ਹਾਂ ਦੀ ਪੂਰਤੀ ਲਈ ਉਹ ਹਰ ਸੰਭਵ ਯਤਨ ਕਰਦਾ ਹੈ। ਕਈ ਵਾਰ ਉਸ ਵੱਲੋਂ ਕੀਤੇ ਯਤਨ ਹੋਰਨਾਂ ਨੂੰ ਪਸੰਦ ਨਹੀਂ ਹੁੰਦੇ ਜਾਂ ਹੋਰਨਾਂ ਨੂੰ ਦੁੱਖ ਤਕਲੀਫ਼ ਦਿੰਦੇ ਹਨ। ਹੋਰਨਾਂ ਨਾਲ ਪਿਆਰ, ਮਿਲਵਰਤਨ ਨਾਲ ਰਹਿਣ ਲਈ ਕੁੱਝ ਨਿਯਮ ਸਦੀਆਂ ਤੋਂ ਮਨੁੱਖੀ ਤਜ਼ਰਬੇ ਨਾਲ ਬਣੇ ਹਨ ਅਤੇ ਮੌਖਿਕ ਰੂਪ ਵਿਚ ਪੀੜ੍ਹੀ ਦਰ ਪੀੜ੍ਹੀ ਚਲੇ ਆ ਰਹੇ ਹਨ। ਇਹ ਨਿਯਮ ਕਿਸੇ ਸਰਕਾਰ ਜਾਂ ਸਮਾਜਿਕ ਨੇਤਾਵਾਂ ਵੱਲੋਂ ਨਹੀਂ ਬਣਾਏ ਹੁੰਦੇ। ਇਨ੍ਹਾਂ ਉੱਤੇ ਚੱਲਣ ਲਈ ਅਭਿਆਸ, ਮਿਹਨਤ ਅਤੇ ਅਗਵਾਈ ਦੀ ਲੋੜ ਹੁੰਦੀ ਹੈ।
ਕਈ ਵਾਰ ਤੁਸੀਂ ਫਿਲਮਾਂ ਵਿਚ ਜਾਂ ਨਾਟਕਾਂ ਵਿੱਚ ਰਾਜੇ, ਮਹਾਰਾਜਿਆਂ ਦੇ ਦਰਬਾਰ ਵਿਚ ਅਹੁਦੇ ਅਨੁਸਾਰ ਦਰਬਾਰੀ ਵੱਲੋਂ ਦਰਬਾਰ ਵਿਚ ਖਾਸ ਕਿਸਮ ਦਾ ਵਿਹਾਰ ਕਰਦੇ ਵੇਖਿਆ ਹੋਣਾ ਹੈ। ਸਿਸ਼ਟਾਚਾਰ ਤੋਂ ਭਾਵ ਹੈ ਕਿ ਕੁਝ ਖਾਸ ਮੌਕਿਆਂ ਉੱਤੇ ਤੁਸੀਂ ਕਿਹੋ ਜਿਹਾ ਦਸਤੂਰ ਕਰਨਾ ਹੈ। ਕੁਝ ਮੌਕਿਆਂ ਉਤੇ ਦਸਤੂਰ ਸਖ਼ਤ ਹੁੰਦੇ ਹਨ ਅਤੇ ਇਨ੍ਹਾਂ ਦਾ ਪਾਲਣ ਕਰਨਾ ਜ਼ਰੂਰੀ ਹੁੰਦਾ ਹੈ। ਆਮ ਤੌਰ ’ਤੇ ਇਹ ਖਾਸ ਮੌਕਿਆਂ ਉੱਤੇ ਦਸਤੂਰ ਬਦਲੇ ਨਹੀਂ ਜਾ ਸਕਦੇ ਨਾ ਹੀ ਤੁਹਾਨੂੰ ਲਾਪ੍ਰਵਾਹੀ ਕਰਨ ਦੀ ਖੁੱਲ੍ਹ ਹੁੰਦੀ ਹੈ।
ਵਿਹਾਰ ਹੋਰਨਾਂ ਦੀ ਕਦਰ, ਇੱਜ਼ਤ ਕਰਨਾ ਦੱਸਦੇ ਹਨ। ਹੋਰਨਾਂ ਨਾਲ ਸਦਭਾਵਨਾ ਨਾਲ ਕਿਵੇਂ ਵਿਚਰ ਸਕਦੇ ਹਾਂ। ਹੋਰਨਾਂ ਪ੍ਰਤੀ ਪਿਆਰ, ਸਤਿਕਾਰ ਦਰਸਾਉਣਾ, ਚਿੰਤਨਸ਼ੀਲ ਹੋਣਾ ਵਿਹਾਰ ਕਰਨ ਦੇ ਉਦੇਸ਼ ਹੁੰਦੇ ਹਨ। ਸਮਾਜ ਵਿਚ ਕਿਵੇਂ, ਕਦੋਂ, ਕਿਸ ਤਰ੍ਹਾਂ, ਕਿੱਥੇ ਆਦਿ ਉੱਤੇ ਸਲੂਕ ਕਰਨ ਦੀ ਜਾਣਕਾਰੀ ਦਿੰਦੇ ਹਨ।
ਸਿਸ਼ਟਾਚਾਰ ਅਤੇ ਵਿਹਾਰ ਬਾਰੇ ਪ੍ਰਭਾਵਿਤ ਜਾਣਕਾਰੀ ਘਰ ਵਿੱਚ, ਸਕੂਲ ਵਿੱਚ, ਮੁਹੱਲੇ ਆਦਿ ਵਿੱਚ ਮਿਲਦੀ ਹੈ। ਸਮੇਂ ਦੇ ਨਾਲ-ਨਾਲ ਗ੍ਰਹਿਣ ਕੀਤੀ ਜਾਣਕਾਰੀ ਆਦਤਾਂ ਵਿੱਚ ਬਦਲ ਜਾਂਦੀ ਹੈ।
ਹਰ ਇੱਕ ਵਿਅਕਤੀ ਭਲਾ ਆਦਮੀ ਬਣਨਾ ਚਾਹੁੰਦਾ ਹੈ। ਹਰ ਇੱਕ ਵਿਅਕਤੀ ਦੇ ਦੋ ਪਹਿਲੂ ਹਨ-ਇੱਕ ਸਿਹਤ, ਦਿੱਖ, ਬਸਤਰ ਆਦਿ। ਦੂਜੇ ਵਿਅਕਤੀ ਦੂਜਿਆਂ ਨਾਲ ਕਿਹੋ ਜਿਹਾ ਵਿਚਾਰ ਕਰਦਾ ਹੈ। ਇਹ ਗੱਲ ਵਰਣਨਯੋਗ ਹੈ ਕਿ ਜੇ ਕੋਈ ਵਿਅਕਤੀ ਸਮਾਜ ਵਿੱਚ ਉਚ ਹਸਤੀ ਅਤੇ ਭਲਾ ਬਨਣਾ ਚਾਹੁੰਦਾ ਹੈ, ਉਸਨੂੰ ਸ਼ਿਸ਼ਟਾਚਾਰ ਅਤੇ ਵਿਹਾਰ ਦੇ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ।
ਵਿਦਵਾਨ ਬਰਕ, ਅਨੁਸਾਰ ਕਾਨੂੰਨ ਨਾਲੋਂ ਵੀ ਅੱਛੇ ਵਿਹਾਰ ਦੀ ਮਹੱਤਤਾ ਵੱਧ ਹੈ।
ਸਾਡੇ ਜੀਵਨ ਵਿੱਚ ਕਈ ਵਾਰ ਅਜਿਹੇ ਮੌਕੇ ਵੀ ਆਉਂਦੇ ਹਨ, ਜਦੋਂ ਸਾਨੂੰ ਪਰੰਪਰਾ ਦੇ ਘੇਰੇ ਵਿੱਚ ਵਿਚਰਨਾ ਪੈਂਦਾ ਹੈ, ਪਰ ਜੇ ਸਾਨੂੰ ਪਰੰਪਰਾ ਦਾ ਗਿਆਨ ਹੋਵੇ ਤਦ ਕਿਸੇ ਤਰ੍ਹਾਂ ਦੀ ਔਕੜ ਨਹੀਂ ਆਵੇਗੀ ਅਤੇ ਸਾਡੇ ਵਿੱਚ ਆਤਮ ਵਿਸ਼ਵਾਸ਼ ਹੋਵੇਗਾ।