ਗੁਰਪ੍ਰੀਤ ਸਿੰਘ ਤੂਰ ਦੀ ਪੁਸਤਕ ਅਲ੍ਹੜ ਉਮਰਾਂ ਤਲਖ਼ ਸੁਨੇਹੇ ਪੰਜਾਬ ਦੀ ਤ੍ਰਾਸਦੀ ਦਾ ਕੌੜਾ ਸੱਚ

ਗੁਰਪ੍ਰੀਤ ਸਿੰਘ ਤੂਰ ਸਮਾਜਿਕ ਸਰੋਕਾਰਾਂ ਦਾ ਲੇਖਕ ਹੈ। ਉਹ ਪੁਲਿਸ ਵਿਭਾਗ ਵਿਚ ਸੀਨੀਅਰ ਅਧਿਕਾਰੀ ਦੇ ਤੌਰ ਤੇ ਕੰਮ ਕਰ ਰਿਹਾ ਹੈ। ਕਈ ਜਿਲ੍ਹਿਆਂ ਦਾ ਮੁੱਖੀ ਰਿਹਾ ਹੈ। ਉਹ ਮਨੁੱਖਤਾਵਾਦੀ ਅਤੇ ਇਨਸਾਨੀਅਤ ਦਾ ਪੁਜਾਰੀ ਲੇਖਕ ਹੋਣ ਕਰਕੇ ਆਮ ਲੋਕਾਂ ਨਾਲ ਨੇੜੇ ਦੇ ਸੰਬੰਧ ਬਣਾਕੇ ਰੱਖਦਾ ਹੈ ਤਾਂ ਜੋ ਲੋਕਾਂ ਨੂੰ ਆਪਣੀ ਜ਼ਿੰਦਗੀ ਜਿਓਣ ਸਮੇਂ ਆ ਰਹੀਆਂ ਸਮੱਸਿਆਵਾਂ ਬਾਰੇ ਉਸਨੂੰ ਪੂਰੀ ਜਾਣਕਾਰੀ ਮਿਲ ਸਕੇ। ਹੁਣ ਤੱਕ ਉਸਦੀਆਂ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ 4 ਪੁਸਤਕਾਂ ਆਲ੍ਹਣਿਓਂ ਡਿੱਗੇ ਬੋਟ, ਸੰਭਲੋ ਪੰਜਾਬ,  ਜੀਵੇ ਜਵਾਨੀ ਅਤੇ ਕਰਮੀ ਪ੍ਰਕਾਸ਼ਤ ਹੋ ਚੁੱਕੀਆਂ ਹਨ। ਇਨ੍ਹਾਂ ਚਾਰੇ ਪੁਸਤਕਾਂ ਦੇ ਕਈ-ਕਈ ਐਡੀਸ਼ਨ ਪ੍ਰਕਾਸ਼ਤ ਹੋ ਚੁੱਕੇ ਹਨ। ਅਲ੍ਹੜ ਉਮਰਾਂ ਤਲਖ਼ ਸੁਨੇਹੇ ਉਸਦੀ 5ਵੀਂ ਪੁਸਤਕ ਹੈ, ਜੋ ਉਸ ਦੇ ਨੌਕਰੀ ਦੌਰਾਨ ਸਮਾਜਿਕ ਵਰਤਾਰੇ ਸਮੇਂ ਮਿਲੀ ਜਾਣਕਾਰੀ ਤੇ ਅਧਾਰਤ ਸਮਾਜ ਵਿਚ ਖਾਸ ਤੌਰ ਤੇ ਨਸ਼ਿਆਂ ਵਿਚ ਗ੍ਰਸਤ ਪੰਜਾਬ ਦੀ ਨੌਜਵਾਨੀ ਦੀ ਤ੍ਰਾਸਦੀ ਨੂੰ ਪ੍ਰਗਟਾਉਂਦੀ ਹੋਈ ਨੌਜਵਾਨਾ ਨੂੰ ਨਸ਼ਿਆਂ ਤੋਂ ਖਹਿੜਾ ਛੁਡਾਉਣ ਵਲ ਇੱਕ ਉਪਰਾਲਾ ਹੈ। ਪੁਸਤਕ ਪੜ੍ਹਕੇ ਮਹਿਸੂਸ ਹੁੰਦਾ ਹੈ ਕਿ ਪੁਲਿਸ ਅਧਿਕਾਰੀ ਦਾ ਦਿਲ ਪੁਲਿਸ ਵਿਭਾਗ ਦੇ ਕਿਰਦਾਰ ਤੋਂ ਨਿਵੇਕਲਾ ਹੈ। ਪੁਸਤਕ ਦੇ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਲੇਖਕ ਅੱਲ੍ਹੜ ਉਮਰ ਦੀ ਨੌਜਵਾਨੀ ਨੂੰ ਕੋਈ ਸੰਜੀਦਾ ਸੰਦੇਸ਼ ਦੇਣਾ ਚਾਹੁੰਦਾ ਹੈ। ਗੁਰਪ੍ਰੀਤ ਸਿੰਘ ਤੂਰ ਵੱਲੋਂ ਭਾਵੇਂ ਆਪਣੀ ਪੁਸਤਕ ਵਿਚ ਦਿੱਤੀ ਪੰਜਾਬੀ ਨੌਜਵਾਨੀ ਦੀ ਹਿਰਦੇਵੇਦਿਕ ਤਸਵੀਰ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਆਪਣੀ ਅਮੀਰ ਵਿਰਾਸਤ ਨਾਲੋਂ ਟੁੱਟਕੇ ਅਹਿਮੀਅਤ ਗੁਆ ਚੁੱਕਾ ਹੈ ਪ੍ਰੰਤੂ ਅਜੇ ਵੀ ਲੇਖਕ ਆਸਮੰਦ ਹੈ ਕਿ ਇਸ ਜਿਲ੍ਹਣ ਵਿਚੋਂ ਨੌਜਵਾਨੀ ਬਾਹਰ ਆ ਸਕਦੀ ਹੈ, ਜੇਕਰ ਮਾਪੇ, ਸਮਾਜ, ਪੁਲਿਸ ਅਤੇ ਲੋਕ ਆਪਸੀ ਸਹਿਯੋਗ ਨਾਲ ਕੋਸਿਸ਼ ਕਰਨ। ਜੇਕਰ ਸਰਕਾਰ ਅਤੇ ਸਿਆਸਤਦਾਨ ਲੋਕ ੍ਯਹਿੱਤਾਂ ਤੇ ਪਹਿਰਾ ਦੇਣ ਦੀ ਪਹਿਲ ਕਰਨ, ਫਿਰ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਵੇਗੀ ਕਿਉਂਕਿ ਨਸ਼ਿਆਂ ਦੇ ਕਾਰੋਬਾਰੀਆਂ ਨੂੰ ਵੀ ਨੱਥ ਪਾਈ ਜਾ ਸਕੇਗੀ। ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਪ੍ਰੰਤੂ ਬੇਰ ਹੀ ਵਿਗੜੇ ਹੋਏ ਹਨ। ਅਜੇ ਵੀ ਪੰਜਾਬੀਆਂ ਦੀ ਖੁੱਸੀ ਆਭਾ ਬਹਾਲ ਹੋ ਸਕਦੀ ਹੈ। ਪ੍ਰੰਤੂ ਸਮਾਜ ਨੂੰ ਜ਼ਮੀਨੀ ਹਕੀਕਤਾਂ ਨੂੰ ਸਮਝਣਾ ਪਵੇਗਾ। ਸਮੁੱਚਾ ਪੰਜਾਬ ਥਿੜ੍ਹਕਿਆ ਪਿਆ ਹੈ ਕਿਉਂਕਿ ਪੰਜਾਬ ਦੀ ਅਮੀਰ ਵਿਰਾਸਤ ਦਾਗ਼ਦਾਰ ਹੋ ਗਈ ਹੈ। 135 ਪੰਨਿਆਂ ਦੀ 120 ਰੁਪਏ ਦੀ ਕੀਮਤ ਵਾਲੀ ਇਹ ਪੁਸਤਕ ਚੇਤਨਾ ਪ੍ਰਕਾਸ਼ਨ ਲੁਧਿਆਣਾ ਨੇ ਪ੍ਰਕਾਸ਼ਤ ਕੀਤੀ ਹੈ। ਗੁਰਪ੍ਰੀਤ ਸਿੰਘ ਤੂਰ ਨੇ ਆਪਣੀ ਇਸ ਪੁਸਤਕ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਹੈ। ਪਹਿਲੇ ਹਿੱਸੇ ਵਿਚ ਪੰਜਾਬ ਦੇ ਭੱਟਕੇ ਨੌਜਵਾਨਾਂ ਦੀ ਤ੍ਰਾਸਦੀ ਦੀਆਂ ਕਹਾਣੀਆਂ ਹਨ ਜੋ ਕਿ ਪ੍ਰਭਾਵਤ ਨੌਜਵਾਨਾਂ ਦੇ ਪਰਿਵਾਰਾਂ ਦੀਆਂ ਮੁਲਾਕਾਤਾਂ ਤੇ ਅਧਾਰਤ ਹਨ। ਇਹ ਕੌੜੀਆਂ ਸਚਾਈਆਂ ਇਨਸਾਨੀ ਮਨਾਂ ਨੂੰ ਹਲੂਣਾਂ ਦਿੰਦੀਆਂ ਹੋਈਆਂ ਸੰਜੀਦਾ ਕਦਮ ਚੁੱਕਣ ਲਈ ਕੁਰੇਦਦੀਆਂ ਹਨ ਕਿਉਂਕਿ ਗੁਰੂਆਂ ਦੀ ਧਰਤੀ ਦੇ ਵਸਨੀਕਾਂ ਦੀ ਅਜਿਹੀ ਤਰਸਯੋਗ ਹਾਲਤ ਬਾਰੇ ਕਿਆਸ ਅਰਾਈਆਂ ਵੀ ਨਹੀਂ ਲਗਾਈਆਂ ਜਾ ਸਕਦੀਆਂ ਸਨ। ਪੁਸਤਕ ਦੇ ਦੂਜੇ ਭਾਗ ਵਿਚ 21 ਛੋਟੇ-ਛੋਟੇ ਲੇਖ ਹਨ, ਜਿਨ੍ਹਾਂ ਵਿਚ ਸਫਲਤਾ ਦੇ ਗੁਰ ਦੱਸੇ ਗਏ ਹਨ, ਭਾਵ ਸਿਰਜਣਾਤਮਕ ਮਸ਼ਵਰੇ ਦਿੱਤੇ ਗਏ ਹਨ। ਜੇਕਰ ਨੌਜਵਾਨ ਇਨ੍ਹਾਂ ਲੇਖਾਂ ਦੇ ਮਸ਼ਵਰਿਆਂ ਨੂੰ ਅਪਣਾ ਲੈਣ ਤਾਂ ਉਨ੍ਹਾਂ ਦੀ ਮਨੋਦਸ਼ਾ ਬਦਲ ਸਕਦੀ ਹੈ। ਜੇ ਉਨ੍ਹਾਂ ਦੀ ਮਨੋਦਸ਼ਾ ਬਦਲ ਜਾਵੇ ਤਾਂ ਮਸਲੇ ਦਾ ਹੱਲ ਹੋ ਸਕਦਾ ਹੈ। ਇਹ ਲੇਖ ਮਾਰਗ ਦਰਸ਼ਕ ਬਣ ਸਕਦੇ ਹਨ। ਲੇਖਕ ਹਰ ਨੁਕਤੇ ਨੂੰ ਬੜੇ ਸੁਚੱਜੇ ਢੰਗ ਨਾਲ ਉਦਾਹਰਣਾਂ ਦੇ ਕੇ ਦਲੀਲਾਂ ਨਾਲ ਸਮਝਾਉਂਦਾ ਹੈ। ਨੌਜਵਾਨਾ ਨੂੰ ਨਮਰਤਾ ਦਾ ਪੱਲਾ ਫੜਕੇ ਵਿਰਾਸਤ ਨੂੰ ਅਪਨਾਉਣ ਦੀ ਸਲਾਹ ਵੀ ਦਿੰਦਾ ਹੈ। ਚੰਗੇ ਸਫਲ ਵਿਅਕਤੀਆਂ ਦੀਆਂ ਸਵੈਜੀਵਨੀਆਂ ਪੜ੍ਹਨ ਲਈ ਵੀ ਕਹਿੰਦਾ ਹੈ। ਨੌਜਵਾਨੀ ਵਿਚ ਬੇਰੋਜ਼ਗਾਰੀ ਦੀ ਮਾਰ ਪੈਣ ਕਰਕੇ ਨੌਜਵਾਨੀ ਕੁਰਾਹੇ ਪੈ ਗਈ ਹੈ। ਵਿਹਲਾ ਮਨ ਸ਼ੈਤਾਨ ਦੇ ਘਰ ਵਾਲੀ ਗੱਲ ਹੋਈ ਪਈ ਹੈ। ਨੌਜਵਾਨੀ ਹੱਥੀਂ ਕੰਮ ਕਰਨ ਨੂੰ ਤਿਲਾਂਜਲੀ ਦੇ ਚੁੱਕੀ ਹੈ। ਬੇਰੋਜ਼ਗਾਰੀ ਹੋਣ ਕਰਕੇ ਅਸੰਤੁਸ਼ਟਤਾ ਵੱਧ ਗਈ ਹੈ, ਜਿਸ ਕਰਕੇ ਨੌਜਵਾਨ ਬੁਰੀ ਸੰਗਤ ਵਿਚ ਪੈ ਗਏ ਹਨ। ਪੁਸਤਕ ਦੇ ਤੀਜੇ ਭਾਗ ਵਿਚ ਇਕ ¦ਮਾ ਲੇਖ ਹੈ, ਜਿਸ ਵਿਚ ਨਸ਼ਿਆਂ ਦੇ ਕਾਰਨ ਲੱਭਣ ਦੀ ਕੋਸਿਸ਼ ਕੀਤੀ ਗਈ ਹੈ। ਲੇਖਕ ਦੀ ਪਹੁੰਚ ਨਸ਼ਾ ਕਰਨ ਵਾਲਿਆਂ ਨੂੰ ਸਜਾ ਦੇਣ ਦੀ ਨਹੀਂ ਸਗੋਂ ਉਨ੍ਹਾਂ ਦਾ ਨਸ਼ਾ ਛੁਡਾਕੇ ਸਿੱਧੇ ਰਸਤੇ ਪਾਉਣ ਦਾ ਉਪਰਾਲਾ ਹੈ। ਆਮ ਤੌਰ ਤੇ ਪੁਲਿਸ ਦੀ ਇਹ ਪਹੁੰਚ ਨਹੀਂ ਹੁੰਦੀ। ਪਹਿਲੇ ਭਾਗ ਵਿਚ ਜਿਹੜੀਆਂ ਪਰਿਵਾਰਾਂ ਦੀਆਂ ਮੁਲਾਕਾਤਾਂ ਲਿਖੀਆਂ ਗਈਆਂ ਹਨ, ਉਨ੍ਹਾਂ ਦਾ ਭਾਵ ਵੀ ਲੋਕਾਂ ਵਿਚ ਨਸ਼ਿਆਂ ਤੋਂ ਘਿਰਣਾ ਪੈਦਾ ਕਰਕੇ ਤੋਬਾ ਕਰਾਉਣ ਦਾ ਢੰਗ ਅਪਣਾਇਆ ਗਿਆ ਹੈ। ਲੇਖਕ ਅਨੁਸਾਰ ਨੌਜਵਾਨਾ ਦਾ ਨਸ਼ਿਆਂ ਵਿਚ ਪੈਣ ਦਾ ਕੋਈ ਇੱਕ ਕਾਰਨ ਨਹੀਂ ਸਗੋਂ ਬਹੁਪਰਤੀ ਕਾਰਨ ਹਨ। ਸਭ ਤੋਂ ਵੱਡਾ ਕਾਰਨ ਬੇਰੋਜ਼ਗਾਰੀ ਨੂੰ ਗਿਣਿਆਂ ਗਿਆ ਹੈ। ਪੰਜਾਬ ਦੀ ਵਿਦਿਅਕ ਪ੍ਰਣਾਲੀ ਵੀ ਸਾਰਥਿਕ ਸਾਬਤ ਨਹੀਂ ਹੋ ਰਹੀ। ਰਹੀ। ਵਿਦਿਅਕ ਪ੍ਰਣਾਲੀ ਦਾ ਵਿਓਪਾਰੀ ਕਰਨ ਹੋ ਚੁੱਕਿਆ ਹੈ। ਇਹ ਪ੍ਰਣਾਲੀ ਤਾਂ ਸਿਰਫ ਪੜ੍ਹੇ ਲਿਖੇ ਨੌਜਵਾਨ ਬਣਾਕੇ ਵਿਹਲੜਾਂ ਦੀ ਢਾਣੀ ਪੈਦਾ ਕਰ ਰਹੀ ਹੈ। ਕਿਰਤ ਕਰਨ ਦੀ ਸਿਖਿਆ ਨਹੀਂ ਦਿੰਦੀ। ਜੀਵਨ ਵਿਚ ਵਿਚਰਣ ਅਤੇ ਸਫਲ ਹੋਣ ਦਾ ਢੰਗ ਨਹੀ ਦੱਸ ਰਹੀ। ਉਨ੍ਹਾਂ ਦਾ ਮਤਲਬ ਫੀਸਾਂ ਇਕੱਠੀਆਂ ਕਰਨਾ ਹੈ। ਪੜ੍ਹਾਈ ਹੋਵੇ ਚਾਹੇ ਨਾ ਹੋਵੇ। ਅਧਿਆਪਕ ਵਿਦਿਆਰਥੀ ਸੰਬੰਧ ਸੁਚਾਰੂ ਨਹੀਂ ਹਨ। ਵਿਦਿਆਰਥੀ ਚੋਣਾਂ ਝਗੜੇ ਪੈਦਾ ਕਰਦੀਆਂ ਹਨ। ਪੁਸਤਕ ਸਿਖਿਆ ਲਾਭਦਾਇਕ ਸਾਬਤ ਨਹੀ ਹੁੰਦੀ। ਪੜ੍ਹ ਲਿਖਕੇ ਨੌਜਵਾਨ ਹੱਥੀਂ ਕੰਮ ਨਹੀਂ ਕਰਦੇ ਸਰਕਾਰੀ ਨੌਕਰੀਆਂ ਮਿਲ ਨਹੀਂ ਰਹੀਆਂ ਪ੍ਰਾਈਵੇਟ ਨੌਕਰੀ ਕਰਨ ਨੂੰ ਨੌਜਵਾਨ ਤਿਆਰ ਨਹੀਂ। ਅਸੰਤੁਸ਼ਟਤਾ ਦੇ ਮਾਹੌਲ ਵਿਚ ਨੌਜਵਾਨ ਭੱਟਕ ਕੇ ਮਾੜੀ ਸੋਹਬਤ ਵਿਚ ਫਸਕੇ ਕੁਰਾਹੇ ਪੈ ਜਾਂਦੇ ਹਨ। ਇਹ ਸਾਰਾ ਕੁਝ ਰੁਝੇਵਿਆਂ ਦੀ ਘਾਟ ਕਰਕੇ ਹੁੰਦਾ ਹੈ। ਪੈਸੇ ਕਮਾਉਣ ਦੇ ਸ਼ਾਰਟਕੱਟ ਰਾਹ ਲੱਭਦੇ ਹਨ। ਗ਼ਲਤ ਅਨਸਰ ਅਜਿਹੇ ਹਾਲਾਤ ਵਿਚ ਨੌਜਵਾਨਾ ਨੂੰ ਗੁਮਰਾਹ ਕਰ ਲੈਂਦੇ ਹਨ। ਨਸ਼ਾ ਵੰਡਣ ਲਈ ਕੋਰੀਅਰ ਬਣਾ ਲੈਂਦੇ ਹਨ। ਫਿਰ ਉਹ ਆਪ ਨਸ਼ੇ ਕਰਨ ਲੱਗ ਜਾਂਦੇ ਹਨ। ਜੇਲ੍ਹਾਂ ਵਿਚ ਵੀ ਹਾਲਾਤ ਠੀਕ ਨਹੀਂ ਹਨ। ਉਥੋਂ ਬਾਹਰ ਆ ਕੇ ਵੱਡੇ ਪੱਧਰ ਤੇ ਗ਼ਲਤ ਕੰਮ ਕਰਨ ਲੱਗ ਜਾਂਦੇ ਹਨ। ਇਹ ਅਟੱਲ ਸਚਾਈਆਂ ਪੁਸਤਕ ਵਿਚ ਦੱਸੀਆਂ ਗਈਆਂ ਹਨ। ਇਹੋ ਕੌੜੇ ਸੱਚ ਹਨ। ਲੇਖਕ ਨੇ ਨੌਜਵਾਨੀ ਲਈ ਕੁਝ ਸਾਰਥਕ ਸੁਝਾਆ ਦਿੱਤੇ ਹਨ ਜੋ ਇਸ ਪ੍ਰਕਾਰ ਹਨ। ਨੌਜਵਾਨਾ ਦੀ ਮਾਨਸਿਕਤਾ ਅਤੇ ਸੋਚ ਬਦਲਣ ਲਈ ਪੁਖ਼ਤਾ ਢੰਗ ਵਰਤਣੇ ਚਾਹੀਦੇ ਹਨ। ਪਿੰਡਾਂ ਵਿਚ ਲਾਇਬਰੇਰੀਆਂ ਖੋਲ੍ਹੀਆਂ ਜਾਣ, ਜਿਨ੍ਹਾਂ ਵਿਚ ਚੰਗੀਆਂ ਪੁਸਤਕਾਂ ਪੜ੍ਹਨ ਲਈ ਰੱਖੀਆਂ ਜਾਣ। ਸਾਦਗੀ ਅਪਨਾਉਣ ਲਈ ਪ੍ਰੇਰਿਆ ਜਾਵੇ। ਪੰਚਾਇਤੀ ਚੋਣਾਂ ਦਾ ਢੰਗ ਬਦਲਿਆ ਜਾਵੇ, ਜਿਹੜੀਆਂ ਨਸ਼ਿਆਂ ਨੂੰ ਉਤਸ਼ਾਹਤ ਕਰਦੀਆਂ ਹਨ। ਨਸ਼ਿਆਂ ਦਾ ਸਭ ਤੋਂ ਵੱਧ ਇਸਤਰੀਆਂ, ਮਾਂ, ਭੈਣ, ਪਤਨੀ ਅਤੇ ਲੜਕੀ ਦੇ ਰੂਪ ਵਿਚ ਪ੍ਰਭਾਵਤ ਹੁੰਦੀਆਂ ਹਨ। ਨਸ਼ਈ ਮਾਵਾਂ ਅਤੇ ਪਤਨੀਆਂ ਦੇ ਗਹਿਣੇ ਵੇਚ ਦਿੰਦੇ ਹਨ, ਇਥੋਂ ਤੱਕ ਕਿ ਮਾਰ ਕੁੱਟ ਵੀ ਕਰਦੇ ਹਨ। ਜ਼ਮੀਨਾਂ ਅਤੇ ਘਰਾਂ ਦੇ ਸਾਮਾਨ ਵੇਚ ਦਿੰਦੇ ਹਨ। ਮਾਂ ਬਾਪ ਨੂੰ ਧਮਕੀਆਂ ਦਿੰਦੇ ਹਨ। ਸਕੂਲ ਕਾਲਜ ਜਾਂਦੇ ਨਹੀਂ ਘਰੋਂ ਫੀਸਾਂ ਲੈ ਕੇ ਨਸ਼ੇ ਕਰਦੇ ਹਨ। ਡਿਗਰੀਆਂ ਮੁੱਲ ਖ੍ਰੀਦ ਲੈਂਦੇ ਹਨ। ਪਹਿਲੇ ਸਮੇਂ ਵਿਚ ਲੜਕੀਆਂ ਘਰੋਂ ਬਾਹਰ ਨਹੀਂ ਨਿਕਲਦੀਆਂ ਸਨ। ਹੁਣ ਘਰ ਟਿਕਦੀਆਂ ਨਹੀ। ਪੇਇੰਗ ਗੈਸਟ ਕਲਚਰ ਨੇ ਸਤਿਆਨਾਸ ਕਰ ਦਿੱਤਾ ਹੈ। ਇਸਦਾ ਬੱਚਿਆਂ ਦੇ ਭਵਿਖ ਤੇ ਮਾੜਾ ਅਸਰ ਪੈਂਦਾ ਹੈ। ਜਦੋਂ ਨੌਜਵਾਨ ਟਰੈਵਲ ਏਜੰਟਾਂ ਦੀ ਲੱਟ ਤੋਂ ਬਾਅਦ ਵੀ ਪਰਵਾਸ ਜਾਣ ਵਿਚ ਸਫਲ ਨਹੀਂ ਹੁੰਦੇ ਫਿਰ ਵੀ ਨਿਰਾਸ਼ ਹੋ ਜਾਂਦੇ ਹਨ। ਇਸ ਸਾਰੀ ਤ੍ਰਾਸਦੀ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਲਿਖਿਆ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਉਹ ਇਸਤਰੀਆਂ ਜਿਹੜੀਆਂ ਨਸ਼ਿਆਂ ਦੇ ਮਾੜੇ ਨਤੀਜਿਆਂ ਕਰਕੇ ਸਭ ਤੋਂ ਵੱਧ ਪ੍ਰਭਾਵਤ ਹਨ, ਉਹ ਵੀ ਬੇਸ਼ਰਮ ਹੋ ਕੇ ਪੰਚਾਇਤੀ ਚੋਣਾਂ ਸਮੇਂ ਉਮੀਦਵਾਰਾਂ ਕੋਲੋਂ ਕੋਲਡ ਡਰਿੰਕਸ ਦੀ ਮੰਗ ਕਰਦੀਆਂ ਹਨ ਕਿਉਂਕਿ ਉਨ੍ਹਾਂ ਦੇ ਘਰ ਵਾਲੇ ਵੋਟਾਂ ਬਦਲੇ ਸ਼ਰਾਬ ਲੈਂਦੇ ਹਨ। ਪੰਜਾਬ ਵਿਚ ਤਾਂ ਘੋੜੇ ਵਾਲਾ ਫਿਰ ਗਿਆ ਲੱਗਦਾ ਹੈ। ਤੂਰ ਸੰਕੇਤਕ ਤੌਰ ਤੇ ਪੰਜਾਬ ਦੀ ਤ੍ਰਾਸਦੀ ਲਈ ਨੌਜਵਾਨੀ, ਮਾਪੇ, ਅਧਿਆਪਕ, ਸਿਆਸਤਦਾਨ ਅਤੇ ਅਫਸਰਸ਼ਾਹੀ ਨੂੰ ਜ਼ਿੰਮੇਵਾਰ ਦਰਸਾਉਂਦਾ ਹੈ। ਉਹ ਇਹ ਵੀ ਲਿਖਦਾ ਹੈ ਕਿ ਅਫ਼ਗਾਨਿਸਤਾਨ ਨਸ਼ਾ ਭੇਜਕੇ ਪੰਜਾਬ ਤੋਂ ਪੁਰਾਤਨ ਹਾਰਾਂ ਦਾ ਬਦਲਾ ਲੈ ਰਿਹਾ ਹੈ।
ਗੁਰਪ੍ਰੀਤ ਸਿੰਘ ਤੂਰ ਨੇ ਆਪਣੀ ਇਸ ਪੁਸਤਕ ਨੂੰ ਬੜੇ ਹੀ ਸਲੀਕੇ ਨਾਲ ਲਿਖਿਆ ਹੈ। ਪਹਿਲਾਂ ਨੌਜਵਾਨੀ ਦੀ ਤ੍ਰਾਸਦੀ ਦੱਸਕੇ ਪਾਠਕਾਂ ਦੇ ਮਨਾਂ ਨੂੰ ਝੰਜੋੜਿਆ ਹੈ। ਫਿਰ ਉਸਨੂੰ ਠੀਕ ਕਰਨ ਦੇ ਉਪਰਾਲੇ ਦੱਸੇ ਹਨ। ਸਾਰੇ ਲੇਖ ਭਾਵੇ ਆਪਣੇ ਆਪ ਵਿਚ ਇਕ-ਇਕ ਵਿਸ਼ੇ ਬਾਰੇ ਹਨ ਪ੍ਰੰਤੂ ਉਨ੍ਹਾਂ ਵਿਚ ਲਗਾਤਾਰਤਾ ਹੈ ਕਿਉਂਕਿ ਇਕ ਦੂਜੇ ਨਾਲ ਸੰਬੰਧ ਜੁੜਦਾ ਹੈ। ਦਿਲਚਸਪੀ ਇਸ ਢੰਗ ਨਾਲ ਬਰਕਰਾਰ ਰੱਖੀ ਹੈ ਕਿ ਪਾਠਕ ਇਕ ਵਾਰੀ ਪੁਸਤਕ ਪੜ੍ਹਨੀ ਸ਼ੁਰੂ ਕਰਨ ਤੋਂ ਬਾਅਦ ਖਤਮ ਕਰਕੇ ਹੀ ਹੱਟਦਾ ਹੈ । ਸਾਰਾ ਵਿਵਰਣ ਉਦਾਹਰਣਾਂ ਦੇ ਕੇ ਦੱਸਿਆ ਗਿਆ ਹੈ। ਲੇਖ ਵੀ ਕਹਾਣੀਆਂ ਵਰਗੇ ਹਨ, ਜਿਨ੍ਹਾਂ ਵਿਚ ਕੋਈ ਬਨਾਵਟ ਨਹੀਂ ਅਤੇ ਨਾ ਹੀ ਘਟਨਾਵਾਂ ਕਾਲਪਨਿਕ ਲਗਦੀਆਂ ਹਨ। ਆਮ ਤੌਰ ਤੇ ਰੌਚਿਕਤਾ ਪੈਦਾ ਕਰਨ ਲਈ ਵਾਧੂ ਕਾਲਪਨਿਕ ਘਟਨਾਵਾਂ ਘੜੀਆਂ ਜਾਂਦੀਆਂ ਹਨ। ਪ੍ਰੰਤੂ ਇਸ ਪੁਸਤਕ ਵਿਚਲੀਆਂ ਘਟਨਾਵਾਂ ਸੱਚੀਆਂ ਅਤੇ ਸੱਚੇ ਮਨ ਨਾਲ ਦ੍ਰਿਸ਼ਟਾਂਤ ਕੀਤੀਆਂ ਗਈਆਂ ਹਨ ਤਾਂ ਜੋ ਪੜ੍ਹਨ ਵਾਲਿਆਂ ਨੂੰ ਸੰਜੀਦਗੀ ਨਾਲ ਸੋਚਣ ਲਈ ਮਜ਼ਬਰੂ ਹੋਣਾ ਪਵੇ। ਬਿੰਬ ਦਿਹਾਤੀ ਵਰਤੇ ਗਏ ਹਨ। ਜਦੋਂ ਪਾਠਕ ਪੜ੍ਹਦਾ ਹੈ ਤਾਂ ਦ੍ਰਿਸ਼ ਉਸਦੇ ਸਾਹਮਣੇ ਉਪਜਦਾ ਲੱਗਦਾ ਹੈ। ਸ਼ਬਦਾਵਲੀ ਅਤੇ ਸ਼ੈਲੀ ਠੇਠ ਮਲਵਈ ਵਰਤੀ ਗਈ ਹੈ। ਜੇਕਰ ਇਹ ਪੁਸਤਕ ਪ੍ਰਭਾਵਤ ਨੌਜਵਾਨਾ ਨੂੰ ਪੜ੍ਹਾਈ ਜਾਵੇ ਤਾਂ ਇਸਦੇ ਸਾਰਥਿਕ ਨਤੀਜੇ ਨਿਕਲਣ ਦੀ ਉਮੀਦ ਕੀਤੀ ਜਾ ਸਕਦੀ ਹੈ। ਗੁਰਪ੍ਰੀਤ ਸਿੰਘ ਤੂਰ ਇਸ ਵਿਲੱਖਣ ਉਦਮ ਲਈ ਵਧਾਈ ਦਾ ਪਾਤਰ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>