ਸੋਨੇ ਨਾਲ ਭਰੀ ਹੋਈ ਗਾਗਰ ਕਿਵੇਂ ਪ੍ਰਗਟ ਕੀਤੀ ਜਾਂਦੀ ਹੈ

ਕਾਤਰੋ ਧੂਰੀ ਦੇ ਨਜ਼ਦੀਕ ਇੱਕ ਕਸਬਾ ਹੈ। ਮਈ 2016 ਵਿੱਚ ਇਸ ਕਸਬੇ ਦੇ ਬੱਸ ਸਟੈਂਡ ਦੇ ਨਜ਼ਦੀਕ ਤਿੰਨ ਠੱਗ ਜੋਤਸ਼ੀਆਂ ਨੇ ਇੱਕ ਦੁਕਾਨ ਕਿਰਾਏ ਤੇ ਲਈ। ਇਸ ਵਿਚਕਾਰ ਪਰਦਾ ਕਰਕੇ ਉਨ੍ਹਾਂ ਨੇ ਦੋ ਕੈਬਨ ਤਿਆਰ ਕਰ ਲਏ ਇਸ ਤੋਂ ਬਾਅਦ ਉਨ੍ਹਾਂ ਨੇ ਚਾਰ ਸੇਬਾਂ ਦੀਆਂ ਖਾਲੀ ਪੇਟੀਆਂ ਲਈਆਂ। ਇਨ੍ਹਾਂ ਪੇਟੀਆਂ ਉੱਪਰ ਲਾਲ ਕੱਪੜਾ ਪਾ ਕੇ ਅੱਗੇ ਰੱਖਣ ਵਾਲੀਆਂ ਚੋਕੀਆਂ ਤਿਆਰ ਕੀਤੀਆਂ ਗਈਆਂ। ਜੋਤਸ਼ੀਆਂ ਨੇ ਆਪਣੀ ਕੱਚੀ ਰਿਹਾਇਸ਼ ਕਿਸੇ ਹੋਰ ਥਾਣੇ ਦੇ ਸ਼ਹਿਰ ਮਲੇਰਕੋਟਲਾ ਵਿਖੇ ਕਰ ਲਈ। ਦੁਕਾਨ ਤੇ ਇੱਕਾ-ਦੁੱਕਾ ਗਾਹਕ ਆਉਣ ਲੱਗ ਪਏ ਜੋਤਿਸ਼ੀ ਜੀ ਦੀ ਨਜ਼ਰ ਹਮੇਸ਼ਾ ਮਾਲ ਦਾਰ ਅਸਾਮੀਆਂ ਲੱਭਣ ਤੇ ਲੱਗੀ ਰਹਿੰਦੀ ਸੀ। ਇੱਕ ਦਿਨ ਉਜਾਗਰ ਸਿੰਘ ਨਾਂ ਦਾ ਇੱਕ ਵਿਅਕਤੀ ਉਨ੍ਹਾਂ ਕੋਲ ਆਇਆ ਕਹਿਣ ਲੱਗਿਆ ‘‘ਮੈਂ ਤੂੜੀ ਦਾ ਕਾਰੋਬਾਰ ਕਰਦਾ ਹਾਂ ਪਰ ਅੱਜਕੱਲ੍ਹ ਸਾਡਾ ਧੰਦਾ ਮੰਦਾ ਚੱਲ ਰਿਹਾ ਹੈ, ਜੋਤਿਸ਼ੀ ਜੀ ਕੋਈ ਉਪਾਅ ਕਰੋ।’’ ਜੋਤਿਸ਼ੀ ਜੀ ਨੇ 700 ਸੋ ਰੁਪਿਆ ਉਸ ਤੋਂ ਉਸਦਾ ਹੱਥ ਦੇਖਣ ਦੇ ਵਸੂਲ ਕਰ ਲਏ। ਹੱਥ ਦੇਖ ਕੇ ਕਹਿਣ ਲੱਗੇ ਤੈਨੂੰ ਕਾਰੋਬਾਰ ਕਰਨ ਦੀ ਕੀ ਜ਼ਰੂਰਤ ਹੈ ਤੂੰ ਤਾਂ ਪਹਿਲਾਂ ਹੀ ਬਹੁਤ ਅਮੀਰ ਆਦਮੀ ਹੈ। ਤੇਰੇ ਘਰ ਵਿੱਚ ਤਾਂ ਸੋਨੇ ਹੀਰਿਆਂ ਨਾਲ ਭਰੀ ਹੋਈ ਗਾਗਰ ਦੱਬੀ ਹੋਈ ਹੈ। ਇਹ ਪ੍ਰਗਟ ਕਰਨੀ ਪਵੇਗੀ ਚਾਰ ਕੁ ਦਿਨ ਉਸਦੇ ਘਰ ਜਾ ਕੇ ਧੂਫ਼ ਬੱਤੀ ਲਾਉਂਦੇ ਰਹੇ ਚੌਥੇ ਦਿਨ ਨਿਸ਼ਾਨ ਲਗਾ ਦਿੱਤੇ ਅਤੇ ਚਾਰੇ ਪਾਸੇ ਡੱਕੇ ਗੱਡ ਕੇ ਖੰਮਣੀ ਬੰਨ ਦਿੱਤੀ। ਅਤੇ ਪਰਿਵਾਰ ਨੂੰ ਹੁਕਮ ਦਿੱਤਾ ਗਿਆ ਕਿ ਤੁਸੀਂ ਇਸ ਸਥਾਨ ਤੇ ਤਿੰਨ ਫੁੱਟ ਡੁੰਘਾ ਟੋਆ ਪੁੱਟਣਾ ਹੈ ਪਰਿਵਾਰ ਦੇ ਤਿੰਨ ਜੀਅ ਟੋਆ ਪੁੱਟਣ ਲੱਗ ਗਏ। ਇਸ ਕੰਮ ਲਈ ਸਮਾਂ ਰਾਤੀ 12ਵਜੇਂ ਦਾ ਨਿਸ਼ਚਿਤ ਕੀਤਾ ਗਿਆ ਤਾਂ ਜੋ ਆਲੇ-ਦੁਆਲੇ ਦੇ ਹੋਰ ਲੋਕਾਂ ਨੂੰ ਇਸ ਗੱਲ ਦੀ ਭਿਣਕ ਨਾ ਪਵੇ। ਟੋਏ ਵਿੱਚ ਲੱਛਮੀ ਜੀ ਦੀ ਫੋਟੋ ਰੱਖੀ ਗਈ ਧੂਫ਼ ਬੱਤੀ ਲਾਉਣ ਦੇ ਬਹਾਨੇ ਦੋ ਦਿਨਾਂ ਵਿੱਚ 60 ਹਜ਼ਾਰ ਰੁਪਿਆ ਲੈ ਲਿਆ ਅਤੇ ਨਾਲ ਹੀ ਸਮੱਗਰੀ ਦੀ ਲਿਸਟ ਫੜਾ ਦਿੱਤੀ ਇਸ ਲਿਸਟ ਵਿੱਚ 30 ਨਾਰੀਅਲ, ਧੂਫ਼ ਬੱਤੀ ਵਾਲੀ ਸਮੱਗਰੀ ਅਤੇ ਖਾਣ-ਪੀਣ ਲਈ ਬਦਾਮ, ਆਦਿ ਲਿਖੇ ਹੋਏ ਸਨ। ਪਰਿਵਾਰ ਦਾ ਮੁੱਖ ਮੈਂਬਰ ਸਮੱਗਰੀ ਖਰੀਦ ਲਿਆਇਆ ਅਤੇ ਜੋਤਿਸ਼ੀ ਜੀ ਨੇ ਆਪਣੀ ਦੁਕਾਨ ਵਿੱਚ ਢੇਰੀ ਕਰਵਾ ਲਈ। ਮੁੱਖ ਜੋਤਿਸ਼ੀ ਪਿਛਲੇ ਕੈਬਨ ਵਿੱਚ ਬੈਠਾ ਸੀ। ਉਹ ਅੰਦਰ ਤੋਂ ਮੰਤਰ ਪੜ੍ਹਕੇ ਬਾਹਰ ਜੋਤਿਸ਼ੀ ਜੀ ਨੂੂੰ ਨਾਰੀਅਲ ਫੜਾ ਦਿੰਦਾ ਸੀ। ਉਹ ਉਹਨਾਂ ਨਾਰੀਅਲਾਂ ਨੂੰ ਇੱਕ ਪਲਾਸਟਿਕ ਦੇ ਥੈਲੇ ਵਿੱਚ ਪਾ ਦਿੰਦਾ ਸੀ। ਇਸ ਤਰ੍ਹਾਂ ਵਾਰ-ਵਾਰ ਕੀਤਾ ਜਾਂਦਾ ਸੀ। ਨਾਰੀਅਲਾਂ ਨਾਲ ਭਰੀ ਹੋਈ ਬੋਰੀ ਦੋ ਜੋਤਿਸ਼ੀ ਅਤੇ ਘਰ ਦਾ ਮਾਲਕ ਲੈ ਕੇ ਘਰ ਨੂੰ ਰਵਾਨਾ ਹੋ ਗਏ ਅਤੇ ਰਾਤੀਂ ਸਾਢੇ 8ਵਜੇਂ ਇੱਕ ਜੋਤਿਸ਼ੀ ਜੀ ਟੋਏ ਵਿੱਚ ਉਤਰ ਗਿਆ ਅਤੇ ਪਾਠ ਪੂਜਾ ਕਰਨ ਲੱਗ ਪਿਆ। ਦੂਸਰੇ ਜੋਤਿਸ਼ੀ ਜੀ ਨੇ ਪਰਿਵਾਰ ਦੇ ਜੀਆਂ ਨੂੰ ਬਿਠਾ ਕੇ ਅੰਦਰ ਪਾਠ ਪੂਜਾ ਕਰਨਾ ਸ਼ੁਰੂ ਕਰ ਦਿੱਤਾ। ਟੋਏ ਵਿਚਲੇ ਜੋਤਿਸ਼ੀ ਜੀ ਪੂਜਾ ਕਰਦੇ ਹੋਏ ਵਾਰ-ਵਾਰ ਕਹਿ ਰਹੇ ਸਨ ਕਿ ‘‘ਕਾਲੀ ਮਾਤਾ ਪ੍ਰਗਟ ਹੋ! ਕਾਲੀ ਮਾਤਾ ਪ੍ਰਗਟ ਹੋ!’’ ਇਸ ਤਰ੍ਹਾਂ ਪਾਖੰਡ ਕਾਫੀ ਰਾਤ ਤੱਕ ਚੱਲਦਾ ਰਿਹਾ ਆਖ਼ਿਰ ਉਸਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਚੀਜ਼ ਬਹੁਤ ਸਖ਼ਤ ਹੈ ਗਾਗਰ ਪ੍ਰਗਟ ਨਹੀਂ ਹੋ ਰਹੀ ਹੈ। ਅੰਦਰ ਵਾਲੇ ਜੋਤਿਸ਼ੀ ਜੀ ਨੇ ਬਾਹਰ ਆ ਕੇ ਕਿਹਾ ਕਿ ਸੋਨੇ ਦੀਆਂ 11 ਟੂੰਮਾਂ ਕੱਚੀ ਲੱਸੀ ਵਿੱਚ ਪਾ ਕੇ ਲੈ ਕੇ ਆਓ ਸਿੱਟਾ ਦੇਣਾ ਪੜੇਗਾ। ਅਜਿਹਾ ਕੀਤਾ ਗਿਆ ਟੋਏ ਵਿਚਲੇ ਜੋਤਿਸ਼ੀ ਜੀ ਨੇ ਤਿੰਨ ਨਿਸ਼ਾਨ ਲਗਾ ਦਿੱਤੇ ਪਹਿਲੇ ਦੋ ਨਿਸ਼ਾਨਾਂ ਵਿੱਚੋਂ ਕੁੱਝ ਪ੍ਰਗਟ ਨਾ ਹੋਇਆ ਤੀਸਰੇ ਨਿਸ਼ਾਨ ਵਿੱਚੋਂ ਕਾਲੇ ਰੰਗ ਦੀ ਗਾਗਰ ਪ੍ਰਗਟ ਹੋ ਗਈ। ਪਰਿਵਾਰ ਦੇ ਜੀਆਂ ਨੂੰ ਟੋਏ ਕੋਲ ਹੀ ਬਿਠਾ ਲਿਆ ਗਿਆ ਘਰ ਵਾਲੀ ਬਹੁਤ ਡਰ ਗਈ ਸੀ। ਉਸਨੂੰ ਅਰਾਮ ਕਰਨ ਲਈ ਤੇ ਟੂੰਮਾਂ ਸਾਂਭਣ ਲਈ ਅੰਦਰਲੇ ਕਮਰੇ ਵਿੱਚ ਭੇਜ ਦਿੱਤਾ ਜਿਸ ਜੋਤਿਸ਼ੀ ਜੀ ਵਿੱਚ ਕਾਲੀ ਮਾਤਾ ਆ ਗਈ ਸੀ ਉਸਨੂੰ ਵੀ ਅਰਾਮ ਕਰਨ ਲਈ ਅੰਦਰ ਭੇਜ ਦਿੱਤਾ। ਸੰਯੁਕਤ ਪਰਿਵਾਰ ਦੇ ਕੁੱਝ ਜੀਅ ਉਥੇ ਪਹਿਲਾਂ ਹੀ ਸੁੱਤੇ ਪਏ ਸਨ। ਪਰਿਵਾਰ ਨੇ ਦੇਖਿਆ ਕਿ ਗਾਗਰ ਕਾਲੇ ਰੰਗ ਦੀ ਸੀ ਉਸ ਉਪਰ ਓਮ ਲਿਖਿਆ ਹੋਇਆ ਸੀ। ਬਾਹਰਲਾ ਜੋਤਿਸ਼ੀ ਕਹਿਣ ਲੱਗਿਆ ਕਿ ਗਾਗਰ ਬਹੁਤ ਸਖ਼ਤ ਹੈ ਇਸ ਵਿੱਚੋਂ ਸੱਪ ਵੀ ਨਿਕਲ ਸਕਦਾ ਹੈ ਅਤੇ 9 ਕਰੋੜ ਦੇ ਸੋਨੇ ਤੇ ਹੀਰੇ ਜਵਾਹਰਾਤ ਭਰੇ ਹੋਏ ਹਨ ਅਤੇ ਇਸ ਗਾਗਰ ਨੂੰ ਖੋਲਣ ਲਈ ਹਰਿਦੁਆਰ ਤੋਂ ਇੱਕ ਹੋਰ ਪੁਜਾਰੀ ਬੁਲਾਉਣਾ ਪਵੇਗਾ ਅਤੇ ਸਵਾ 11 ਲੱਖ ਰੁਪਿਆ ਖਰਚ ਆਵੇਗਾ।

ਜੋਤਿਸ਼ੀ ਜੀ ਗਾਗਰ ਅੰਦਰ ਲੈ ਆਏ ਅਤੇ ਇਸ ਨੂੰ ਲਾਲ ਕੱਪੜੇ ਵਿੱਚ ਵਲੇਟ ਕੇ ਬਹੁਤ ਸਾਰੀਆਂ ਗੱਠਾਂ ਮਾਰ ਦਿੱਤੀਆਂ ਗਈਆਂ। ਗਾਗਰ ਅਲਮਾਰੀ ਵਿੱਚ ਰੱਖ ਦਿੱਤੀ ਅਤੇ ਅਲਮਾਰੀ ਨੂੰ ਜ਼ਿੰਦਾ ਲੱਗਾ ਦਿੱਤਾ ਅਤੇ ਚਾਬੀ ਜੋਤਿਸ਼ੀ ਜੀ ਨੇ ਆਪਣੇ ਪਾਸ ਰੱਖ ਲਈ। ਤਰਕਸ਼ੀਲ ਸੁਸਾਇਟੀ ਨੇ ਇਨ੍ਹਾਂ ਠੱਗਾਂ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਸਹਾਇਤਾ ਲਈ ਬੇਨਤੀ ਕੀਤੀ ਪਰ ਜਿਵੇਂ ਹੁੰਦਾ ਹੈ ਪੰਜਾਬ ਪੁਲਿਸ ਸੁਸਤ ਹੁੰਦੀ ਹੈ ਅਤੇ ਸਮਾਂ ਖੁੰਝਾਅ ਦਿੰਦੀ ਹੈ। ਇਹ ਠੱਗ ਜੋਤਿਸ਼ੀ ਸਾਡੇ ਦੁਆਰਾ ਵਿਛਾਏ ਗਏ ਜਾਲ ਵਿੱਚੋਂ ਬਚ ਕੇ ਨਿਕਲ ਗਏ ਪਰ ਪਰਿਵਾਰ ਨੂੰ ਅਤੇ ਇਲਾਕੇ ਦੇ ਹੋਰ ਵੀ ਪਰਿਵਾਰਾਂ ਨੂੰ ਅਸੀਂ ਇਸ ਵੱਡੀ ਠੱਗੀ  ਤੋਂ ਬਚਾ ਲਿਆ।

ਤਰਕਸ਼ੀਲਾਂ ਨੂੰ ਕਿਵੇਂ ਪਤਾ ਲੱਗਿਆ

ਬਹੁਤ ਸਾਰੇ ਨੋਜੁਆਨ ਕਿਤਾਬਾਂ ਅਤੇ ਮੈਗਜ਼ੀਨਾਂ ਨੂੰ ਪੜ੍ਹ ਕੇ ਤਰਕਸ਼ੀਲ ਸੋਚ ਦੇ ਮਾਲਕ ਬਣੇ ਹੋਏ ਹਨ। ਅਜਿਹਾ ਹੀ ਇੱਕ ਨੋਜੁਆਨ ਸਰਬਜੀਤ ਵੀ ਕਾਤਰੋ ਬੱਸ ਸਟੈਂਡ ਤੇ ਦੁਕਾਨ ਕਰਦਾ ਸੀ। ਜਦੋਂ ਉਸਨੇ ਦੇਖਿਆ ਕਿ ਪਿੰਡ ਦਾ ਇੱਕ ਨੋਜੁਆਨ ਵਿਅਕਤੀ ਜੋਤਿਸ਼ੀ ਜੀ ਦੀ ਦੁਕਾਨ ਤੇ ਚੱਕਰ ਲਾਉਂਦਾ ਰਹਿੰਦਾ ਹੈ ਉਸਨੇ ਪੁੱਛ ਲਿਆ ਕਿ ਜਾਗਰ ਸਿਆਂ ਤੂੰ ਕਿਉਂ ਘਬਰਾਇਆ ਹੋਇਆ ਹੈ ਉਹ ਕਹਿਣ ਲੱਗਿਆ ‘‘ਮੈਨੂੰ ਸਵਾ 11 ਲੱਖ ਰੁਪਏ ਦੀ ਲੋੜ ਹੈ। ਮੈਂ ਆਪਣਾ ਘਰ, ਟਰੈਕਟਰ, ਮੋਟਰਸਾਇਕਲ ਅਤੇ ਟੂੰਮਾਂ ਆਦਿ ਗਹਿਣੇ ਰੱਖਣ ਲਈ ਤਿਆਰ ਹਾਂ ਪਰ ਕੋਈ ਵੀ ਵਿਅਕਤੀ ਮੈਨੂੰ ਏਨੀ ਵੱਡੀ ਰਕਮ ਦੇਣ ਲਈ ਤਿਆਰ ਨਹੀਂ ਹੋ ਰਿਹਾ। ਕੁਝ ਦਿਨਾਂ ਦੀ ਖੇਡ ਹੈ ਮੈਂ ਬਹੁਤ ਅਮੀਰ ਆਦਮੀ ਬਣ ਜਾਵਾਂਗਾ ਸਭ ਦੀ ਪਾਈ-ਪਾਈ ਨਬੇੜ ਦਵਾਂਗਾ।’’ ਸਰਬਜੀਤ ਨੇ ਉਸ ਨੂੰ ਆਪਣੇ ਭਰੋਸੇ ਵਿੱਚ ਲੈ ਲਿਆ ਸਾਰਾ ਮਾਜਰਾ ਉਸ ਦੇ ਸਮਝ ਵਿੱਚ ਆ ਗਿਆ ਉਸਦੇ ਜਾਣ ਤੋਂ ਬਾਅਦ ਉਸਨੇ ਮੇਰੇ ਨਾਲ ਸੰਪਰਕ ਕਰ ਲਿਆ ਅਸੀਂ ਇਸ ਪਰਿਵਾਰ ਨੂੰ ਠੱਗੀ ਤੋਂ ਬਚਾਉਣ ਲਈ ਜੁਟ ਗਏ।

ਗਾਗਰ ਕਿਵੇਂ ਪ੍ਰਗਟ ਕੀਤੀ ਗਈ

ਜੋਤਿਸ਼ੀਆਂ ਨੇ ਮਲੇਰਕੋਟਲੇ ਤੋਂ ਇੱਕ ਗਾਗਰ ਮੁੱਲ ਲੈ ਲਈ ਉਸ ਉਪਰ ਕਾਲਾ ਰੰਗ ਫੇਰ ਦਿੱਤਾ। ਗਾਗਰ ਵਿੱਚ ਸੜਕਾਂ ਤੇ ਵਿਛਾਏ ਜਾਂਦੇ ਪੱਥਰ ਦੇ ਟੁੱਕੜੇ ਨੱਕੋ-ਨੱਕ ਭਰ ਦਿੱਤੇ ਗਏ। ਢੱਕਣ ਨੂੰ ਐਮਸੀਲ ਲਾ ਕੇ ਬੰਦ ਕਰ ਦਿੱਤਾ ਗਿਆ। ਨਾਰੀਅਲ ਘਰ ਲਿਜਾਣ ਲਈ 15 ਨਾਰੀਅਲ ਇਸ ਵਿੱਚੋਂ ਸੇਬਾਂ ਦੀਆਂ ਖਾਲੀ ਪੇਟੀਆਂ ਵਿੱਚ ਲੁਕੋ ਦਿੱਤੇ ਗਏ। ਬਾਕੀ 15 ਨਾਰੀਅਲ ਅਤੇ ਗਾਗਰ ਬੋਰੀ ਵਿੱਚ ਲੁਕਵੇ ਢੰਗ ਨਾਲ ਬੰਨ ਦਿੱਤੇ ਗਏ। ਬੋਰੀ ਟੋਏ ਵਿੱਚ ਲਿਜਾਕੇ ਰੱਖ ਦਿੱਤੀ ਗਈ। ਟੋਏ ਵਿੱਚ ਪਾਖੰਡ ਕਰਦੇ ਜੋਤਿਸ਼ੀ ਜੀ ਨੇ ਰਾਤ ਨੂੰ ਟੋਏ ਵਿੱਚ ਹੀ ਗਾਗਰ ਦੱਬ ਦਿੱਤੀ।

ਜੋਤਿਸ਼ੀਆਂ ਕੋਲ ਮੋਬਾਈਲ ਫੋਨ ਸਨ

ਉਹ ਆਏ ਹੋਰ ਗਾਹਕਾਂ ਤੋਂ ਉਨ੍ਹਾਂ ਦੀਆਂ ਫੋਟੋਆਂ ਅਤੇ ਰਿਹਾਇਸ਼ੀ ਸਬੂਤ ਆਦਿ ਲੈ ਲੈਂਦੇ ਸਨ ਅਤੇ ਇਨ੍ਹਾਂ ਦੇ ਨਾਂ ਤੇ ਸਿਮ ਜਾਰੀ ਕਰਵਾ ਲੈਂਦੇ ਸਨ। ਇਸ ਤਰ੍ਹਾਂ ਅਜਿਹੇ ਸਿਮਾਂ ਵਾਲੇ ਮੋਬਾਈਲ ਹੀ ਉਹ ਵਰਤੋਂ ਵਿੱਚ ਲਿਆਉਂਦੇ ਸਨ। ਵੱਡੀ ਵਾਰਦਾਤ ਤੋਂ ਬਾਅਦ ਇਹ ਇਨ੍ਹਾਂ ਸਿਮਾਂ ਨੂੰ ਕੱਢਕੇ ਸੁੱਟ ਦਿੰਦੇ ਸਨ।

ਸੋਨੇ ਦੀ ਚੋਰੀ ਕਿਵੇਂ ਰੁਕੀ

ਘਰ ਦੀਆਂ ਟੂੰਮਾਂ ਘਰ ਦੀ ਇਸਤਰੀ ਨੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਸੰਭਾਲ ਦਿੱਤੀਆਂ ਸਨ। ਇਸ ਲਈ ਉਹ ਚੋਰੀ ਹੋਣ ਤੋਂ ਬਚ ਗਈਆਂ। ਅਜਿਹੇ ਠੱਗ ਜੋਤਿਸ਼ੀ ਹਮੇਸ਼ਾਂ ਜਿਸ ਥਾਂ ਤੇ ਠੱਗੀ ਮਾਰਨੀ ਹੁੰਦੀ ਹੈ ਉਹ ਆਪਣੀ ਕੱਚੀ ਰਿਹਾਇਸ਼ ਕਿਸੇ ਹੋਰ ਥਾਣੇ ਦੇ ਇਲਾਕੇ ਵਿੱਚ ਰੱਖਦੇ ਹਨ। ਕਿਉਂਕਿ ਉਹ ਜਾਣਦੇ ਹਨ ਕਿ ਇੱਕ ਥਾਣੇ ਦੀ ਪੁਲਿਸ ਨੂੰ ਦੂਸਰੇ ਥਾਣੇ ਦੀ ਪੁਲਿਸ ਨਾਲ ਸੰਪਰਕ ਕਰਨ ਨੂੰ ਸਮਾਂ ਲੱਗਦਾ ਹੈ। ਇਹ ਗੱਲਾਂ ਉਹ ਆਪਣੇ ਆਪ ਨੂੰ ਬਚਾਉਣ ਲਈ ਕਰਦੇ ਹਨ।

ਰਾਤ ਦਾ ਸਮਾਂ ਅਨਪੜ ਪਰਿਵਾਰ ਕਾਲਾ ਰੰਗ ਅਤੇ ਕਾਲੀ ਸੁਆਹ

ਸੱਭ ਦਾ ਇਸਤੇਮਾਲ ਜੋਤਿਸ਼ੀ ਜੀ ਇਸ ਲਈ ਕਰਦੇ ਹਨ ਕਿਉਂਕਿ ਇਹ ਸਾਰੀਆਂ ਗੱਲਾਂ ਅੱਖਾਂ ਵਿੱਚ ਘੱਟਾ ਪਾਉਣ ਲਈ ਸਾਜਗਰ ਹੁੰਦੀਆਂ ਹਨ। ਗਾਗਰ ਨੂੰ ਐਮਸੀਲ ਨਾਲ ਬੰਦ ਕਰਨਾ ਲਾਲ ਕੱਪੜੇ ਦੀਆਂ ਕਾਫੀ ਸਾਰੀਆਂ ਗੱਠਾਂ ਮਰਵਾਉਣਾ ਉਨ੍ਹਾਂ ਜੋਤਿਸ਼ੀਆਂ ਨੂੰ ਸੁਰੱਖਿਅਤ ਭੱਜਣ ਲਈ ਵਕਫਾ ਵਧਾਉਂਦਾ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>