ਗੀਤਕਾਰ ਪ੍ਰੀਤ ਸੰਘਰੇੜੀ

“ਲੋਕ ਸਿਆਣੇ ਆਖਦੇ, ਮਿਲੇ ਬਾਗਾਂ ‘ਚੋ ਖੁਸ਼ਬੋ,
ਨਹੀਂ ਲਿਖਦਾ ਕੋਈ ਉਸਦੇ ਵਰਗਾ, ਜੋ ਲਿਖ ਦਿੰਦਾ ਉਹ”

ਮਾਲਵੇ ਦੀ ਧਰਤੀ ਹਮੇਸ਼ਾ ਹੀ ਕਿਸੇ ਨਾ ਕਿਸੇ ਕਲਾਕਾਰ, ਗੀਤਕਾਰ ਆਦਿ ਰਾਹੀਂ ਚਰਚਾ ਦਾ ਵਿਸ਼ਾ ਬਣਦੀ ਰਹੀ ਹੈ। ਅਨੇਕਾਂ ਕਲਾਕਾਰਾਂ, ਗੀਤਕਾਰਾਂ ਨੇ ਇਸ ਧਰਤੀ ਤੇ ਜਨਮ ਲੈ ਕੇ ਆਪਣੀ ਕਲਾ ਦੇ ਬਲਬੂਤੇ ਇਸ ਧਰਤੀ ਦਾ ਨਾਂ ਦੇਸ਼ਾਂ-ਵਿਦੇਸ਼ਾਂ ਵਿੱਚ ਚਮਕਾਇਆ ਹੈ। ਅਜਿਹੇ ਕਲਾਕਾਰ ਨੇ ਆਪਣੀ ਬਹੁਪੱਖੀ ਕਲਾ ਅਤੇ ਸਖਸ਼ੀਅਤ ਦੇ ਦਮ ਤੇ ਦੇਸ਼ਾਂ-ਵਿਦੇਸ਼ਾਂ ਵਿੱਚ ਬਹੁਤ ਨਾਮ ਖੱਟਿਆ ਹੈ ਅਤੇ ਨਾਲ ਨਾਲ ਆਪਣੇ ਮਾਪਿਆਂ ਅਤੇ ਇਲਾਕੇ ਦਾ ਵੀ ਨਾਮ ਰੌਸ਼ਨ ਕੀਤਾ ਹੈ। ਅੱਜ ਮੈਂ ਇੱਕ ਅਜਿਹੇ ਗੀਤਕਾਰ ਦੀ ਜ਼ਿੰਦਗੀ ਬਾਰੇ ਤੁਹਾਨੂੰ ਦੱਸਣ ਜਾ ਰਿਹਾ ਹਾਂ ਜੋ ਕਿ ਬਿਨ੍ਹਾਂ ਸ਼ੱਕ ਹੁਣ ਤੱਕ ਦਾ ਸਭ ਤੋਂ ਵੱਧ ਪੜ੍ਹਿਆ ਲਿਖਿਆ ਗੀਤਕਾਰ ਹੋਵੇਗਾ। ਜੋ ਕਿ ਆਪਣੀ ਛੋਟੀ ਉਮਰ ਵਿੱਚ ਹੀ ਗੀਤਕਾਰੀ ਨੂੰ ਆਪਣਾ ਕਿੱਤਾ ਬਣਾ ਕੇ ਗੀਤਕਾਰੀ ਦੇ ਖੇਤਰ ਵਿੱਚ ਨਵੇਂ ਆਯਾਮ ਸਥਾਪਤ ਕਰ ਚੁੱਕਾ ਹੈ। ਨਵੇਂ-ਨਵੇਂ ਸ਼ਬਦਾਂ ਨੂੰ ਘੜ੍ਹਨ ਦੀ ਤਪੱਸਿਆ ਕਰਦੇ ਹੋਏ ਨਿਵੇਕਲੇ ਸ਼ਬਦਾਂ ਦੀ ਬਦੌਲਤ ਚੰਗੇ ਸੱਭਿਆਚਾਰਕ ਗੀਤਾਂ ਦੀ ਰਚਨਾ ਕਰਨ ਵਿੱਚ ਬਾਖੂਬੀ ਸਫਲ ਰਿਹਾ ਹੈ। ਪ੍ਰੀਤ ਸੰਘਰੇੜੀ ਨੂੰ ਗੀਤ ਲਿਖਣ ਦਾ ਸ਼ੌਕ  ਦਸਵੀਂ ਜਮਾਤ ਵਿੱਚ ਹੀ ਪੈ ਗਿਆ ਸੀ ਜਦੋਂ ਉਹ ਸ਼ਬਦਾ ਨੂੰ ਜੋੜ ਕੇ ਛੋਟੇ-ਛੋਟੇ ਮੁਖੜ੍ਹੇ ਬਣਾਇਆ ਕਰਦਾ ਸੀ ਤੇ ਇਸ ਤਰ੍ਹਾਂ ਉਹ ਇਨ੍ਹਾਂ ਮੁਖੜਿਆਂ ਨੁੰ ਇੱਕ ਗੀਤ ਦਾ ਰੂਪ ਦੇ ਦਿੰਦਾ ਸੀ। ਆਰੰਭ ਦੇ ਦਿਨਾਂ ਵਿੱਚ ਸੰਘਰਸ਼ ਕਰਦੇ ਸਮੇਂ ਇਸ ਗੀਤਕਾਰ ਨੇ ਜਨੂਨ ਦੀ ਹੱਦ ਤੱਕ ਜਾ ਕੇ ਮਿਹਨਤ ਕੀਤੀ ਅਤੇ ਕਈ ਉਸ ਸਮੇਂ ਦੇ ਨਾਮਵਰ ਕਲਾਕਾਰਾ ਤੱਕ ਪਹੁੰਚ  ਕੀਤੀ। ਇਸਦੀ ਅਣਥੱਕ ਕੋਸ਼ਿਸ਼, ਮਿਹਨਤ ਅਤੇ ਪਰਮਾਤਮਾ ਦੀ ਮੇਹਰ ਸਦਕਾ ਪ੍ਰੀਤ ਸੰਘਰੇੜੀ  ਥੋੜੇ ਸਮੇਂ ਵਿੱਚ ਹੀ ਔਕੜਾਂ ਨੂੰ ਪਿਛਾਂਹ ਧੱਕਦੇ ਹੋਏ ਆਪਣੀਆਂ ਮੰਜ਼ਿਲਾਂ ਨੂੰ ਸਰ ਕਰਨ ਵਿੱਚ ਕਾਫੀ ਹੱਦ ਤੱਕ ਸਫਲ ਹੋ ਗਿਆ ਹੈ। ਅੱਜ ਕੱਲ ਇਹ ਨਾਮਵਾਰ ਗੀਤਕਾਰ ਪੰਜਾਬ ਦੀ ਮਿਊਜਿਕ ਇੰਡਸਟਰੀ ਵਿੱਚ ਆਪਣੀ ਨਿਵੇਕਲੀ ਥਾਂ ਬਣਾ ਚੁੱਕਾ ਹੈ। ਪੰਜਾਬੀ ਸੰਗੀਤ ਅਤੇ ਪੰਜਾਬੀਅਤ ਲਈ ਇਹ ਇੱਕ ਚੰਗੀ ਉਮੀਦ ਹੈ ਕਿ ਅੱਜ ਕੱਲ੍ਹ ਦੇ ਜ਼ਿਆਦਾ ਗੀਤਕਾਰ ਕਲਾ ਦੇ ਨਾਲ ਨਾਲ ਪੜ੍ਹਾਈ ਦੇ ਖੇਤਰ ਵਿੱਚ ਵੀ ਮੱਲਾਂ ਮਾਰ ਰਹੇ ਹਨ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ “ਲਵਲੀ ਵਰਸਿਜ਼ ਪੀ ਯੂ” ਨਾਲ ਪ੍ਰਸਿੱਧੀ ਹਾਸਲ ਕਰਨ ਵਾਲੇ ਮਸ਼ਹੂਰ ਗੀਤਕਾਰ ਪ੍ਰੀਤ ਸੰਘਰੇੜੀ ਦੀ। ਪ੍ਰੀਤ ਸੰਘਰੇੜੀ ਦਾ ਜਨਮ ਪਿੰਡ ਸੰਘਰੇੜੀ ਜਿਲ੍ਹਾ ਸੰਗਰੂਰ ਵਿਖੇ ਪਿਤਾ ਸ. ਕਰਨੈਲ ਸਿੰਘ ਨੰਬਰਦਾਰ ਅਤੇ ਮਾਤਾ ਸਰਦਾਰਨੀ ਕਰਨੈਲ ਕੌਰ ਦੇ ਘਰ ਹੋਇਆ। ਪ੍ਰੀਤ ਨੂੰ ਬਚਪਨ ਤੋਂ ਹੀ ਗੀਤ ਲਿਖਣ ਦਾ ਸ਼ੌਕ ਸੀ। ਲਗਭਗ 10-12 ਸਾਲਾਂ ਦੇ ਲੰਮੇ ਸੰਘਰਸ਼ ਤੋਂ ਬਾਅਦ ਪ੍ਰੀਤ ਦਾ ਲਿਖਿਆ ਪਹਿਲਾ ਗੀਤ “ਸੱਜਣਾ ਨੇ ਹਾਂ ਕਰਤੀ” ਗਾਇਕਾ ਮੀਨੂੰ ਅਟਵਾਲ ਦੀ ਆਵਾਜ਼ ਵਿੱਚ ਸਾਲ 2008 ਵਿੱਚ ਰਿਕਾਰਡ ਹੋਇਆ। ਪ੍ਰੀਤ ਦੀ ਲਿਖੀ ਪਹਿਲੀ ਪੁਸਤਕ ‘ਮੇਰੇ ਹਾਣੀ’ ਵੀ ਇਸੇ ਸਾਲ ਰਿਲੀਜ਼ ਹੋਈ। ਇਸ ਤੋਂ ਬਾਅਦ ‘ਮੇਰੇ ਪਿੰਡ ਦੀ ਫਿਰਨੀ ਤੋਂ, ਅੰਤਿਮ ਇੱਛਾ, ਮੋਹ ਦੀਆਂ ਤੰਦਾਂ, ਕਲਮਾਂ ਦੇ ਹਲ ਅਤੇ ਲੋਹ- ਪੁਰਸ਼ ਸਮੇਤ ਪ੍ਰੀਤ ਦੀਆਂ ਲਿਖੀਆਂ 6 ਪੁਸਤਕਾਂ ਹੁਣ ਤੱਕ ਬਜ਼ਾਰ ਵਿੱਚ ਆ ਚੁੱਕੀਆਂ ਹਨ।

ਪ੍ਰੀਤ ਸੰਘਰੇੜੀ ਦੇ ਲਿਖੇ 45 ਦੇ ਕਰੀਬ ਗੀਤ ਰਿਕਾਰਡ ਹੋ ਚੁੱਕੇ ਹਨ। ਜਿੰਨ੍ਹਾਂ ਨੂੰ ਪੰਜਾਬੀ ਗਾਇਕ ਮਨਮੋਹਨ ਵਾਰਿਸ, ਕਮਲ ਹੀਰ, ਰਵਿੰਦਰ ਗਰੇਵਾਲ, ਲਖਵਿੰਦਰ ਵਡਾਲੀ, ਦੀਪ ਢਿੱਲੋਂ-ਜੈਸਮੀਨ ਜੱਸੀ, ਸ਼ੀਰਾ ਜਸਵੀਰ, ਮਿਸ ਪੂਜਾ, ਜੀ.ਐਸ. ਪੀਟਰ, ਸੁਦੇਸ਼ ਕੁਮਾਰੀ, ਗੋਲਡੀ ਬਾਵਾ, ਦੀਪ ਦਵਿੰਦਰ ਆਦਿ ਕਈ ਪ੍ਰਸਿੱਧ ਗਾਇਕਾਂ ਨੇ ਆਪਣੀ ਆਵਾਜ਼ ਦਿੱਤੀ ਹੈ।ਰਵਿੰਦਰ ਗਰੇਵਾਲ ਦੇ ਸੁਪਰਹਿੱਟ ਗੀਤ “ਵੇ ਮੈਂ ਲਵਲੀ ਜੀ ਲਵਲੀ ਚ ਪੜ੍ਹਦੀ” ਅਤੇ ਦੀਪ ਢਿੱਲੋਂ ਦੁਆਰਾ ਗਾਏ “ਨੱਢੀਏ ਤੇਰੇ ਲਈ ਗੁੱਡ ਹੋਣ ਵਾਸਤੇ ਗੁੱਡੀਆਂ ਘਸਾਤੀਆਂ ਮੈਂ ਫੋਰਡ ਦੀਆਂ” ਵਰਗੇ ਗੀਤਾਂ ਨੇ ਪ੍ਰੀਤ ਨੂੰ ਨਾਮਵਾਰ ਗੀਤਕਾਰਾਂ ਦੀ ਕਤਾਰ ਵਿੱਚ ਲਿਆ ਖੜਾ ਕੀਤਾ ਹੈ। ਇਹਨਾਂ ਗੀਤਾਂ ਤੋਂ ਇਲਾਵਾ ਪ੍ਰੀਤ ਦੀ ਕਲਮ ਚੋਂ ਉਪਜੇ “ਕਦੇ ਮਾਂ ਯਾਦ ਆਉਂਦੀ” (ਲਖਵਿੰਦਰ ਵਡਾਲੀ), “ਮਾਣ ਸ਼ਹੀਦਾਂ ਤੇ” (ਮਨਮੋਹਣ ਵਾਰਿਸ), “ਕਲੱਬ ਵਿੱਚ” (ਕਮਲ ਹੀਰ), “ਬਦਨਾਮ” (ਸ਼ੀਰਾ ਜਸਵੀਰ), “ਮੈਂ ਨੰਗੇ ਪੈਰੀ ਨੱਚੀ” (ਮਿਸ ਪੂਜਾ), “ਤੇਰਾ ਮੋਹ” (ਜੀ.ਐਸ. ਪੀਟਰ), “ਕਦੇ ਭੁੱਲ ਕੇ ਨਾ ਰੋਈ” (ਸੁਦੇਸ਼ ਕੁਮਾਰੀ), “ਰੋਜ਼-ਰੋਜ਼ ਦੀ ਪੀਣੀ” (ਦੀਪ ਢਿੱਲੋਂ/ਜੈਸਮੀਨ ਜੱਸੀ) ਆਦਿ ਦਰਜਨਾਂ ਗੀਤ ਲੋਕਾਂ ਮਨਾਂ ਵਿਚ ਘਰ ਕਰੀ ਬੈਠੇ ਹਨ।

ਸੱਭ ਤੋਂ ਵੱਡੀ ਗੱਲ ਹੈ ਕਿ ਪ੍ਰੀਤ ਸੰਘਰੇੜੀ ਬਹੁਤ ਸਾਰੇ ਪੜ੍ਹੇ ਲਿਖੇ ਗੀਤਕਾਰਾਂ ਵਿੱਚੋਂ ਇੱਕ ਹੈ। ਪ੍ਰੀਤ ਨੇ ਹੁਣ ਤੱਕ ਐਮ.ਏ. ਹਿੰਦੀ ਤੇ ਐਮ.ਏ. ਪੰਜਾਬੀ ਦੀ ਡਿਗਰੀ ਤੋਂ ਇਲਾਵਾ ਬੀ.ਐਡ., ਡੀ.ਸੀ.ਏ. ਕੰਪਿਊਟਰ, ਪੀ.ਜੀ.ਡੀ.ਸੀ.ਏ., ਐਮ.ਐਸ.ਸੀ. (ਆਈ.ਟੀ.), ਐਮ.ਸੀ.ਏ., ਐਮ.ਫਿਲ ਤੱਕ ਪੜ੍ਹਾਈ ਕੀਤੀ ਹੈ। ਇਸ ਸਮੇਂ ਪ੍ਰੀਤ ਸੰਘਰੇੜੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਪੀ.ਐਚ.ਡੀ. ਕਰ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਜਿੱਥੇ ਪੰਜਾਬ ਦੇ ਨਾਮੀ ਫ਼ਨਕਾਰ ਪ੍ਰੀਤ ਦੀ ਕਲਮ ਨੂੰ ਆਪਣੀ ਆਵਾਜ਼ ਦੇਣਗੇ ਉਥੇ ਹੀ ਪ੍ਰੀਤ ਸੰਘਰੇੜੀ ਇੱਕ ਨਵੇਂ ਪੰਜਾਬੀ ਗਾਇਕ ‘ਹੈਪੀ ਪੁੰਨਾਵਾਲ’ ਨੂੰ ਵੱਡੇ ਪੱਧਰ ਤੇ ਪੇਸ਼ ਕਰਨ ਜਾ ਰਹੇ ਹਨ। ਧਿਆਨ ਰਹੇ ਕਿ ਹੈਪੀ ਪੁੰਨਾਵਾਲ ਇੱਕ ਪ੍ਰਤਿਭਾਸ਼ਾਲੀ ਸ਼ਖਸੀਅਤ ਹੈ ਜਿਸ ਨੇ ਪ੍ਰੀਤ ਸੰਘਰੇੜੀ ਦੇ ਸੰਘਰਸ਼ ਦੇ ਦਿਨਾਂ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਹਮੇਸ਼ਾ ਸਾਥ ਦਿੱਤਾ ਤੇ ਆਪਣਾ ਰਿਆਜ਼ ਜਾਰੀ ਰੱਖਿਆ।  ਅੱਜ ਇਸ ਸ਼ਖਸੀਅਤ ਨੂੰ ਪੰਜਾਬੀ ਦਰਸ਼ਕਾਂ ਦੇ ਅੱਗੇ ਪੇਸ਼ ਕਰਨ ਦੀ ਜਿੰਮੇਵਾਰੀ ਵੀ ਵੱਡੇ ਪੱਧਰ ਤੇ ਪ੍ਰੀਤ ਸੰਘਰੇੜੀ ਨੇ ਆਪਣੀ ਪ੍ਰੋਡਕਸ਼ਨ ਤਹਿਤ ਲਈ ਹੈ। ਹੈਪੀ ਪੁੰਨਾਵਾਲ ਜਿੱਥੇ ਇੱਕ ਚੰਗਾ ਗਾਇਕ ਹੈ ਉੱਥੇ ਇਕ ਚੰਗਾ ਲਿਖਾਰੀ ਵੀ ਹੈ। ਪ੍ਰੀਤ ਸੰਘਰੇੜੀ ਇਕ ਪੰਜਾਬੀ ਫ਼ਿਲਮ ਲੈ ਕੇ ਵੀ ਆ ਰਿਹਾ ਹੈ ਜਿਸਦੀ ਕਹਾਣੀ ਅਤੇ ਗੀਤ ਵੀ ਉਸ ਦੁਆਰਾ ਹੀ ਲਿਖੇ ਗਏ ਹਨ। ਪਰਮਾਤਮਾ ਹਮੇਸ਼ਾ ਪ੍ਰੀਤ ਸੰਘਰੇੜੀ ਨੂੰ ਚੜਦੀ ਕਲਾ ‘ਚ ਰੱਖੇ ਤੇ ਉਹ ਆਪਣੀਆਂ ਮੰਜਿਲਾਂ ਵੱਲ ਲਗਾਤਾਰ ਵੱਧਦਾ ਰਹੇ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>